Friday, 17 April 2026

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪਵਿੱਤਰ ਤਿਉਹਾਰ ਹੋਲਾ ਮੁਹੱਲਾ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇਸ ਧਾਰਮਿਕ ਸਮਾਗਮ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ।

ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ  ਸਾਲਾਨਾ  ਹੋਲਾ ਮੁਹੱਲਾ 2 ਮਾਰਚ ਤੋਂ 4 ਮਾਰਚ, 2026 ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੂਪਨਗਰ ਰੇਂਜ ਨਾਨਕ ਸਿੰਘ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਮਨਿੰਦਰ ਸਿੰਘ ਨਾਲ ਇੱਕ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਨਿਰਦੇਸ਼ ਦਿੱਤੇ ਕਿ ਦੁਨੀਆ ਭਰ ਤੋਂ ਖਾਲਸੇ ਦੇ ਜਨਮ ਸਥਾਨ ’ਤੇ ਨੱਤਮਤਸਕ ਹੋਣ ਵਾਲੀਆਂ ਲੱਖਾਂ ਸੰਗਤਾਂ  ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣ।


ਦੱਸਣਯੋਗ ਹੈ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ 12 ਖੇਤਰਾਂ ਵਿੱਚ ਵੰਡਿਆ ਗਿਆ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਭਗ 5000 ਪੁਲਿਸ ਕਰਮੀਆਂ ਦੀ ਨਫ਼ਰੀ ਤਾਇਨਾਤ ਕੀਤੀ ਗਈ ਹੈ। ਹਵਾਈ ਨਿਗਰਾਨੀ ਅਤੇ ਭੀੜ ਦੀ ਨਿਗਰਾਨੀ ਲਈ ਛੇ ਡਰੋਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਲਾਈਵ ਫੀਡ ਦੀ ਨਿਗਰਾਨੀ ਕੇਂਦਰੀ ਕੰਟਰੋਲ ਰੂਮ ’ਤੇ ਕੀਤੀ ਜਾਵੇਗੀ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਸੈਕਟਰ ਇੰਚਾਰਜਾਂ ਅਤੇ ਤਾਇਨਾਤ ਪੁਲਿਸ ਫੋਰਸ ਨੂੰ ਸੰਗਤ ਨਾਲ ਬਹੁਤ ਹੀ ਨਿਮਰਤਾ ਨਾਲ ਪੇਸ਼ ਆਉਣ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਹੋਲਾ ਮੁਹੱਲਾ ਦੇ ਸ਼ਾਂਤੀਪੂਰਨ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਰੂਪਨਗਰ ਪੁਲਿਸ ਵੱਲੋਂ ਕਈ ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਮਰੱਥਾ ਅਨੁਸਾਰ ਕੁੱਲ 21 ਪਾਰਕਿੰਗ ਖੇਤਰ ਨਿਰਧਾਰਤ ਕੀਤੇ ਗਏ ਹਨ ਅਤੇ ਸੰਗਤਾਂ ਦੇ ਮਾਰਗਦਰਸ਼ਨ ਲਈ ਪਾਰਕਿੰਗ ਅਤੇ ਰੂਟਾਂ ਲਈ ਇੱਕ ਕਲਰ-ਕੋਡਿੰਗ ਯੋਜਨਾ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 100 ਈ-ਰਿਕਸ਼ਾ ਅਤੇ 50 ਮਿੰਨੀ-ਬੱਸਾਂ ਸਮੇਤ 24 ਘੰਟੇ ਸ਼ਟਲ ਸੇਵਾਵਾਂ ਪਾਰਕਿੰਗ ਖੇਤਰਾਂ ਤੇ ਉਪਲਬਧ ਰਹਿਣਗੀਆਂ।

ਉਨ੍ਹਾਂ ਅੱਗੇ ਕਿਹਾ ਕਿ ਸੰਗਤਾਂ ਨੂੰ ਸ਼ਟਲ ਬੱਸ ਸੇਵਾਵਾਂ, ਪਾਰਕਿੰਗ ਪੁਆਇੰਟਾਂ, ਡਾਕਰਟਰੀ ਸਹੂਲਤਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਵੇਰਵਿਆਂ ਵਿੱਚ ਮਦਦ ਕਰਨ ਲਈ ਵੱਖ-ਵੱਖ ਥਾਵਾਂ ’ਤੇ ਕਿਊਆਰ-ਕੋਡ ਅਧਾਰਤ ਜਾਣਕਾਰੀ ਪ੍ਰਣਾਲੀਆਂ ਸਥਾਪਤ ਕੀਤੀਆਂ ਗਈਆਂ ਹਨ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸ਼ਹਿਰ ਦੀਆਂ ਪਹੁੰਚ ਸੜਕਾਂ ਨੂੰ ਕਵਰ ਕਰਨ ਲਈ ਪੀਟੀਜ਼ੈਡ ਅਤੇ ਏਐਨਪੀਆਰ ਕੈਮਰੇ ਸਮੇਤ ਲਗਭਗ 200 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਟ੍ਰੈਫਿਕ ਦੀ ਆਮਦ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ਆਨੰਦਪੁਰ ਸਾਹਿਬ ਵਿਖੇ ਸੀਸੀਟੀਵੀ ਕੰਟਰੋਲ ਰੂਮ ਰਾਹੀਂ 24 ਘੰਟੇ ਲਾਈਵ ਨਿਗਰਾਨੀ ਵੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਚਰਨ ਗੰਗਾ ਸਟੇਡੀਅਮ ਵਿਖੇ ਪ੍ਰਭਾਵਸ਼ਾਲੀ ਭੀੜ ਪ੍ਰਬੰਧਨ ਲਈ ਤਿੰਨ-ਪਰਤੀ ਬੈਰੀਕੇਡਿੰਗ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹੋਲਾ ਮੁਹੱਲਾ ਦਾ ਤਿਉਹਾਰ ਸਿੱਖ ਭਾਈਚਾਰੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ, ਜਿਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ  ਹੁੰਦੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਹੁਣ ਕਰਜ਼ਾ ਰਿਕਵਰੀ ਦੇ ਨਾਂ ’ਤੇ ਬੈਂਕ ਜਾਂ ਉਨ੍ਹਾਂ ਦੇ ਏਜੰਟ ਗਾਹਕਾਂ ਨੂੰ ਡਰਾ-ਧਮਕਾ ਨਹੀਂ ਸਕਣਗੇ। ਭਾਰਤੀ ਰਿਜ਼ਰਵ ਬੈਂਕ ਨੇ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਅਤੇ ਹਾਊਸਿੰਗ ਫਾਇਨੈਂਸ ਕੰਪਨੀਆਂ ਲਈ ਕਰਜ਼ਾ ਰਿਕਵਰੀ ਸੰਬੰਧੀ ਨਵੇਂ ਡ੍ਰਾਫਟ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ ਰਿਕਵਰੀ ਏਜੰਟਾਂ ਦੀ ਹਰ ਕਾਲ ਰਿਕਾਰਡ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗਾਹਕਾਂ ਨਾਲ ਸਲੀਕੇ ਅਤੇ ਤਮੀਜ਼ ਨਾਲ ਗੱਲ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਗਮੀ, ਵਿਆਹ ਜਾਂ ਤਿਉਹਾਰ ਵਰਗੇ ਮੌਕਿਆਂ ’ਤੇ ਰਿਕਵਰੀ ਲਈ ਫੋਨ ਕਰਨਾ ਜਾਂ ਘਰ ਜਾਣਾ ਹੁਣ ਮਨ੍ਹਾਂ ਹੋਵੇਗਾ। ਇਨ੍ਹਾਂ ਨਿਯਮਾਂ ਅਧੀਨ ਹੁਣ ਰਿਕਵਰੀ ਏਜੰਟਾਂ ਲਈ ਖ਼ਾਸ ਟ੍ਰੇਨਿੰਗ ਲੈਣਾ ਵੀ ਲਾਜ਼ਮੀ ਹੋਵੇਗਾ। ਇਹ ਨਵੇਂ ਨਿਰਦੇਸ਼ ਇਸੇ ਸਾਲ 1 ਜੁਲਾਈ ਤੋਂ ਲਾਗੂ ਹੋਣਗੇ। ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਕਵਰੀ ਏਜੰਟ ਵੱਲੋਂ ਕੀਤੀ ਗਈ ਹਰ ਕਾਲ ਰਿਕਾਰਡ ਹੋਵੇ। ਨਾਲ ਹੀ, ਕੇਂਦਰੀ ਬੈਂਕ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਏਜੰਟ ਹਮੇਸ਼ਾ ਗਾਹਕਾਂ ਨਾਲ ਸੱਭਿਆਚਾਰਕ ਅਤੇ ਸਹੀ ਢੰਗ ਨਾਲ ਗੱਲ ਕਰੇ।

ਕਿਹਾ : ਅਸੀਂ ਸਭ ਤੋਂ ਵੱਡੇ ਤਸਕਰ ਨੂੰ ਫੜ ਕੇ ਭੇਜਿਆ ਹੈ ਜੇਲ੍ਹ

ਸੁਨਾਮ/ਬਿਊਰੋ ਨਿਊਜ਼ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਅੱਜ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿਚ ‘ਆਪ’ ਸੁਮਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।  ਇਸ ਮੌਕੇ ਭਵਾਨੀਗੜ੍ਹ-ਸੁਨਾਮ ਰੋਡ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਰੱਖਿਆ ਗਿਆ ਅਤੇ ਇਸ ਤੋਂ ਇਲਾਵਾ 85 ਕਰੋੜ ਰੁਪਏ ਦੀਆਂ ਹੋਰ ਯੋਜਨਾਵਾਂ ਦਾ ਵੀ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ’ਤੇ ਸਿਆਸੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਸਭ ਤੋਂ ਵੱਡੇ ਤਸਕਰ ਨੂੰ ਫੜ ਕੇ ਜੇਲ੍ਹ ਅੰਦਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਨਸ਼ਾ ਖਤਮ ਹੋਣ ਲੱਗਿਆ ਹੈ ਅਤੇ ਜਿਹੜੇ ਪਰਿਵਾਰ ਨਸ਼ੇ ਕਾਰਨ ਬਰਬਾਦ ਹੋ ਗਏ ਸਨ ਉਨ੍ਹਾਂ ਅੰਦਰ ਵੀ ਪੰਜਾਬ ’ਚੋਂ ਨਸ਼ੇ ਖਤਮ ਹੋਣ ਦੀ ਉਮੀਦ ਜਾਗੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ ਹੈ, ਬਲਕਿ ਇਹ ਸਾਡਾ ਫਰਜ਼ ਹੈ ਅਤੇ ਇਸੇ ਫਰਜ਼ ਨੂੰ ਅੱਜ ਅਸੀਂ ਨਿਭਾਅ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦੋਂ ਕੀ ਚਿਤਾਓਂ ਪਰ ਹਰ ਬਰਸ ਚੜ੍ਹੇਂਗੇ ਫੂਲ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਨਿਸ਼ਾਨ ਹੋਗਾ।

  

ਕਿਹਾ : ਭਾਰਤ ਭੁਗਤ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ ਦਾ ਨਤੀਜਾ

ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ 1 ਅਗਸਤ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕਸਿਆ ਹੈ। ਉਨ੍ਹਾਂ ਲਿਖਿਆ ਕਿ ਦੁਸ਼ਮਨ ਨਾ ਕਰੇ, ਦੋਸਤ ਨੇ ਵੋ ਕਾਮ ਕੀਆ ਹੈ। ਵੜਿੰਗ ਨੇ ਅੱਗੇ ਲਿਖਿਆ ਕਿ ਮੋਦੀ ਜੀ ਕੇ ਮਿੱਤਰ ਟਰੰਪ ਨੇ ਭਾਰਤ ’ਤੇ 25 ਫੀਸਦੀ ਟੈਰਿਫ ਅਤੇ ਪੈਨਲਟੀ ਲਗਾਈ ਹੈ। ਇਸ ਤੋਂ ਇਲਾਵਾ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਮਾਮਲੇ ’ਚ ਵੀ ਭਾਰਤ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਦੋਸਤ ਦੱਸ ਕੇ ਖੁਸ਼ ਹੁੰਦੇ ਰਹਿੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਰੰਪ ਨਾਲ ਨਿਭਾਈ ਜਾ ਰਹੀ ਦੋਸਤੀ ਦਾ ਨਤੀਜਾ ਭੁਗਤ ਰਿਹਾ ਹੈ।

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.