Wednesday, 10 June 2026

ਅਮਰੀਕੀ ਏਅਰ ਸਟਰਾਈਕ ਦੇ ਜਵਾਬ ਵਿਚ ਇਰਾਨ ਦੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਨੇ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਇਰਾਨ ਨੇ ਅਮਰੀਕੀ ਟਿਕਾਣਿਆਂ ’ਤੇ 21 ਹਮਲੇ ਕਰਨ ਦਾ ਦਾਅਵਾ ਵੀ ਕੀਤਾ ਹੈ। ਉਧਰ ਅਮਰੀਕੀ ਅਧਿਕਾਰੀਆਂ ਨੇ ਇਰਾਨ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਨੁਕਸਾਨ ਦੀ ਜਾਣਕਾਰੀ ਵਧਾ-ਚੜ੍ਹਾਅ ਕੇ ਪੇਸ਼ ਕੀਤੀ ਜਾ ਰਹੀ ਹੈ। ਇਰਾਨ ਦੀ ਇਸਲਾਮਿਕ ਰੈਵੋਲੂਸਨਰੀ ਗਾਰਡ ਕੋਰ ਦਾ ਕਹਿਣਾ ਹੈ ਕਿ ਇਹ ਹਮਲੇ ਅਮਰੀਕੀ ਕਾਰਵਾਈਆਂ ਦੇ ਜਵਾਬ ਵਿਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਇਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ, ਕੰਟਰੋਲ ਕੇਂਦਰਾਂ ਅਤੇ ਨਿਗਰਾਨੀ ਰਾਡਾਰ ਸਾਈਟਾਂ ’ਤੇ ਹਵਾਈ ਹਮਲੇ ਕੀਤੇ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਹੋਰਮੁਜ਼ ਸਟਰੇਟ ਦੇ ਨੇੜੇ ਅਮਰੀਕੀ ਫੌਜ ਦਾ ਅਪਾਚੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਲੈ ਕੇ ਇਰਾਨ ’ਤੇ ਇਲਜ਼ਾਮ ਵੀ ਲਗਾਏ ਸਨ। ਟਰੰਪ ਨੇ ਕਿਹਾ ਸੀ ਕਿ ਅਮਰੀਕਾ ਇਸ ਹਮਲੇ ਦਾ ਜਵਾਬ ਦੇਵੇਗਾ ਅਤੇ ਇਸਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਸਦੀ ਕੀਮਤ ਤਾਰਨੀ ਪਵੇਗੀ। ਹਾਲਾਂਕਿ ਇਰਾਨ ਨੇ ਅਮਰੀਕੀ ਹੈਲੀਕਾਪਟਰ ਸੁੱਟਣ ਦੀ ਜ਼ਿੰਮੇਵਾਰੀ ਨਹੀਂ ਲਈ ਸੀ।

ਕਿਹਾ : ਡੋਨਾਲਡ ਟਰੰਪ ਫੀਸ ਦੇ ਨਾਮ ’ਤੇ ਨਹੀਂ ਲੈ ਸਕਦੇ ਟੈਕਸ
ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼
ਅਮਰੀਕੀ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਚ-1ਬੀ ਵੀਜ਼ਾ ’ਤੇ 1 ਲੱਖ ਡਾਲਰ ਫੀਸ ਵਸੂਲਣ ਵਾਲੀ ਨੀਤੀ ਨੂੰ ਰੱਦ ਕਰ ਦਿੱਤਾ ਹੈ। ਬਾਸਟਨ ਅਦਾਲਤ ਨੇ ਕਿਹਾ ਕਿ ਇਹ ਫੀਸ ਨਹੀਂ ਬਲਕਿ ਇਕ ਟੈਕਸ ਹੈ ਅਤੇ ਇਸ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਨਹੀਂ, ਬਲਕਿ ਸੰਸਦ ਦੀ ਮਨਜੂਰੀ ਜ਼ਰੂਰੀ ਸੀ। ਟਰੰਪ ਨੇ ਸਤੰਬਰ 2025 ਵਿਚ ਐਲਾਨ ਕੀਤਾ ਸੀ ਕਿ ਜਿਹੜੀਆਂ ਕੰਪਨੀਆਂ ਐਚ-1ਬੀ ਵੀਜ਼ਾ ’ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦੇਣਗੀਆਂ, ਉਨ੍ਹਾਂ ਨੂੰ ਹਰ ਵੀਜ਼ੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਦੇਣੀ ਹੋਵੇਗੀ। ਇਸ ਤੋਂ ਬਾਅਦ 20 ਸੂਬਿਆਂ ਦੇ ਅਟਾਰਨੀ ਜਨਰਲ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਹੁਣ ਅਦਾਲਤ ਦੇ ਫੈਸਲੇ ਦੇ ਖਿਲਾਫ ਟਰੰਪ ਸਰਕਾਰ ਅਪੀਲ ਵੀ ਕਰ ਸਕਦੀ ਹੈ। ਧਿਆਨ ਰਹੇ ਕਿ ਐਚ-1ਬੀ ਵੀਜ਼ਾ ਇਕ ਗੈਰ-ਅਪਰਵਾਸੀ ਵੀਜ਼ਾ ਹੈ, ਜਿਸਦੇ ਜ਼ਰੀਏ ਅਮਰੀਕੀ ਕੰਪਨੀਆਂ ਕੁਝ ਸਮੇਂ ਦੇ ਲਈ ਵਿਦੇਸ਼ਾਂ ਤੋਂ ਹਾਈ ਸਕਿੱਲ ਵਾਲੇ ਪੇਸ਼ੇਵਰਾਂ ਨੂੰ ਨੌਕਰੀ ’ਤੇ ਰੱਖ ਸਕਦੀਆਂ ਹਨ। ਪਹਿਲਾਂ ਕੰਪਨੀਆਂ ਨੂੰ ਐਚ-1ਬੀ ਵੀਜ਼ਾ ਲਈ ਅਰਜ਼ੀ ਦੇਣ ਵਾਸਤੇ ਕਰੀਬ 2 ਹਜ਼ਾਰ ਤੋਂ 5 ਹਜ਼ਾਰ ਡਾਲਰ ਦੀ ਫੀਸ ਦੇਣੀ ਪੈਂਦੀ ਸੀ। ਇਸ ਵੀਜ਼ੇ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਭਾਰਤੀ ਆਈ.ਟੀ. ਅਤੇ ਟੈਕ ਪ੍ਰੋਫੈਸ਼ਨਲਜ਼ ਕਰਦੇ ਹਨ। ਅਦਾਲਤ ਦੇ ਇਸ ਫੈਸਲੇ ਨੂੰ ਭਾਰਤੀਆਂ ਦੇ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼
ਫਿਲਪੀਨਜ਼ ਵਿਚ ਅੱਜ ਸੋਮਵਾਰ ਸਵੇਰੇ 7.8 ਦੀ ਗਤੀ ਵਾਲਾ ਭੂਚਾਲ ਆਇਆ ਹੈ, ਇਸ ਦੌਰਾਨ 138 ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਕਾਰਨ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸਦੇ ਚੱਲਦਿਆਂ ਰਾਸ਼ਟਰਪਤੀ ਫਰਡੀਲੈਂਸ ਮਾਰਕੋਸ ਜੂਨੀਅਰ ਨੇ ਲੋਕਾਂ ਨੂੰ ਫਿਲਪੀਨਜ਼ ਦੇ ਉਨ੍ਹਾਂ ਇਲਾਕਿਆਂ ਵਿਚ ਉਚੇ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਹੈ, ਜੋ ਸੁਨਾਮੀ ਦੀ ਮਾਰ ਹੇਠ ਆ ਸਕਦੇ ਹਨ। ਇਸੇ ਦੌਰਾਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਅਧਿਕਾਰੀਆਂ ਨੇ ਵੀ ਆਪਣੇ ਨੇੜਲੇ ਤੱਟਵਰਤੀ ਇਲਾਕਿਆਂ ਲਈ ਚਿਤਾਵਨੀਆਂ ਜਾਰੀ ਕੀਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਫਿਲਪੀਨਜ਼ ਵਿਚ ਆਇਆ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਭੂਚਾਲ ਤੋਂ ਬਾਅਦ ਸੁਨਾਮੀ ਵੀ ਆਈ ਅਤੇ  ਸਭ ਤੋਂ ਉਚੀ ਲਹਿਰ ਦੀ ਉਚਾਈ 1.4 ਮੀਟਰ ਰਹੀ। ਸਾਵਧਾਨੀ ਵਜੋਂ, ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਵੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ, ਜਿਸ ਨੂੰ ਕੁਝ ਘੰਟਿਆਂ ਬਾਅਦ ਹੀ ਵਾਪਸ ਲੈ ਲਿਆ ਗਿਆ।

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਇਰਾਨ ਛੱਡਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਅਤੇ ਇਜ਼ਰਾਈਲ ਵਿਚਾਲੇ ਲੰਘੇ ਅਪ੍ਰੈਲ ਮਹੀਨੇ ਦੌਰਾਨ ਹੋਈ ਜੰਗਬੰਦੀ ਦੇ 2 ਮਹੀਨਿਆਂ ਬਾਅਦ ਦੁਬਾਰਾ ਫਿਰ ਜੰਗ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਇਰਾਨ ਨੇ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਇਹ ਕਾਰਵਾਈ ਲਿਬਨਾਨ ਵਿਚ ਹਿਜ਼ਬੁਲਾਹ ’ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿਚ ਕੀਤੀ ਗਈ ਹੈ। ਇਸਦੇ ਜਵਾਬ ਵਿਚ ਇਜ਼ਰਾਈਲੀ ਫੌਜ ਨੇ ਪੱਛਮੀ ਅਤੇ ਸੈਂਟਰਲ ਇਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਦੇ ਮੀਡੀਆ ਮੁਤਾਬਕ ਤਹਿਰਾਨ, ਤਬਰੀਜ਼ ਅਤੇ ਇਸਫਹਾਨ ਵਿਚ ਕਈ ਧਮਾਕੇ ਹੋਏ ਹਨ। ਇਰਾਨ ਵਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਇਜ਼ਰਾਈਲ ਨੇ ਹਮਲਿਆਂ ਵਿਚ ਏਅਰ ਲਾਂਚ ਬੈਲਿਸਟਿਕ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੈ। ਇਸ ਵਧਦੇ ਤਣਾਅ ਦੇ ਚੱਲਦਿਆਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਇਰਾਨ ਦੀ ਯਾਤਰਾ ਨਾ ਕਰਨ ਅਤੇ ਉਥੇ ਮੌਜੂਦ ਵਿਅਕਤੀਆਂ ਨੂੰ ਜਲਦ ਤੋਂ ਜਲਦ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.