Wednesday, 10 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਰਾਜਧਾਨੀ ਦਿੱਲੀ ਵਿਚ ਅੱਜ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਵਿਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਲੰਘੇ ਕੱਲ੍ਹ ਦੇ 151 ਤੋਂ ਵਧ ਕੇ ਅੱਜ 159 ਹੋ ਗਿਆ। ਹਾਲਾਂਕਿ ਇਹ ਅੰਕੜਾ ਅਜੇ ਵੀ ‘ਮੱਧਮ’ ਸ਼ੇ੍ਰਣੀ ਵਿਚ ਬਣਿਆ ਹੋਇਆ ਹੈ।  ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਦੇ ਕਈ ਇਲਾਕੇ ‘ਖਰਾਬ’ ਸ਼ੇ੍ਰਣੀ ਵਿਚ ਰਹੇ, ਜਿਨ੍ਹਾਂ ਵਿਚ ਅਲੀਪੁਰ, ਦਵਾਰਕਾ ਸੈਕਟਰ 8, ਜਹਾਂਗੀਰਪੁਰੀ ਅਤੇ ਵਜ਼ੀਰਪੁਰ ਸ਼ਾਮਲ ਹਨ। ਉਧਰ ਦੂਜੇ ਪਾਸੇ ਆਨੰਦ ਵਿਹਾਰ ਵਿਚ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਵਿਗੜ ਕੇ ਏਅਰ ਕੁਆਲਿਟੀ ਇੰਡੈਕਸ 404 ਦੇ ਨਾਲ ਗੰਭੀਰ ਸ਼ੇ੍ਰਣੀ ਵਿਚ ਪਹੁੰਚ ਗਈ। ਦਿੱਲੀ ਦੇ ਮੁਕਾਬਲੇ ਭਾਰਤ ਦੇ ਕਈ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਕਾਫੀ ਬਿਹਤਰ ਦਰਜ ਕੀਤੀ ਗਈ। ਇਸੇ ਦੌਰਾਨ ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਲੂ ਚੱਲਣ ਦੀ ਸੰਭਾਵਨਾ ਹੈ।

New Delhi : ਵਿਯਤਨਾਮ ਦੀ ਕੈਬ ਕੰਪਨੀ Green SM ਭਾਰਤ ਵਿੱਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ 5 ਜੂਨ 2026 ਤੋਂ ਕਰਨ ਜਾ ਰਹੀ ਹੈ। ਕੰਪਨੀ ਸਭ ਤੋਂ ਪਹਿਲਾਂ ਦਿੱਲੀ-ਐਨਸੀਆਰ ਖੇਤਰ ਵਿੱਚ ਆਪਣੀ ਸੇਵਾ ਸ਼ੁਰੂ ਕਰੇਗੀ, ਜਿਸ ਤੋਂ ਬਾਅਦ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਆਪਣਾ ਵਿਸਥਾਰ ਕਰੇਗੀ। Green SM ਭਾਰਤੀ ਬਾਜ਼ਾਰ ਵਿੱਚ ਲੰਬੇ ਸਮੇਂ ਤੋਂ ਮੌਜੂਦ ਓਲਾ ਅਤੇ ਉਬਰ ਵਰਗੀਆਂ ਕੰਪਨੀਆਂ ਨੂੰ ਸਿੱਧੀ ਟੱਕਰ ਦੇ ਸਕਦੀ ਹੈ। ਕੰਪਨੀ ਨੂੰ VinFast ਦੀ ਮਾਤਾ ਕੰਪਨੀ Vingroup ਦਾ ਸਮਰਥਨ ਪ੍ਰਾਪਤ ਹੈ। Green and Smart Mobility Joint Stock Company (Green SM) ਦੀ ਸਥਾਪਨਾ ਸਾਲ 2023 ਵਿੱਚ VinFast ਦੇ ਸੰਸਥਾਪਕ ਫਾਮ ਨਹਾਤ ਵੁਓਂਗ ਵੱਲੋਂ ਕੀਤੀ ਗਈ ਸੀ। ਇਹ ਕੰਪਨੀ ਇਸ ਵੇਲੇ ਵਿਯਤਨਾਮ, ਮਲੇਸ਼ੀਆ ਅਤੇ ਫਿਲੀਪੀਨਜ਼ ਵਿੱਚ ਆਪਣੀਆਂ ਕੈਬ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਭਾਰਤ ਵਿੱਚ Green SM ਦਾ ਕਾਰੋਬਾਰੀ ਮਾਡਲ ਰਵਾਇਤੀ ਟੈਕਸੀ ਸੇਵਾਵਾਂ ਤੋਂ ਵੱਖਰਾ ਹੋਵੇਗਾ, ਕਿਉਂਕਿ ਕੰਪਨੀ ਆਪਣੀ ਪੂਰੀ ਫਲੀਟ ਵਿੱਚ ਸਿਰਫ਼ VinFast ਦੀਆਂ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਕਰੇਗੀ। ਇਸ ਨਾਲ ਯਾਤਰੀਆਂ ਨੂੰ ਵਾਤਾਵਰਣ-ਅਨੁਕੂਲ ਅਤੇ ਆਧੁਨਿਕ ਆਵਾਜਾਈ ਦਾ ਵਿਕਲਪ ਮਿਲੇਗਾ।

ਨਵੀਂ ਦਿੱਲੀ/ਬਿਊਰੋ ਨਿਊਜ਼
ਅਡਾਨੀ ਐਨਰਜੀ ਸੋਲਿਊਸ਼ਨਜ਼ ਲਿਮਟਿਡ ਨੇ ਸਮਾਰਟ ਮੀਟਰਿੰਗ ਖੇਤਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਇੰਟੈਲਿਸਮਾਰਟ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੀ 100 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਕੰਪਨੀ ਵੱਲੋਂ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਫਾਈਲਿੰਗ ਵਿੱਚ ਸਾਂਝੀ ਕੀਤੀ ਗਈ ਹੈ। ਕੰਪਨੀ ਅਨੁਸਾਰ, ਇਸ ਲਈ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟਰਕਚਰ ਫੰਡ, ਐਨਰਜੀ ਐਫੀਸ਼ੈਂਸੀ ਸਰਵਿਸਿਜ਼ ਲਿਮਟਿਡ ਅਤੇ ਇੰਟੈਲਿਸਮਾਰਟ ਨਾਲ ਸਿਕਿਊਰਿਟੀਜ਼ ਪਰਚੇਜ਼ ਐਂਡ ਸਬਸਕਿ੍ਰਪਸ਼ਨ ਐਗਰੀਮੈਂਟ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਸੌਦੇ ਦੀ ਕੁੱਲ ਕੀਮਤ 3050 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ। ਅਡਾਨੀ ਐਨਰਜੀ ਸੋਲਿਊਸ਼ਨਜ਼ ਦਾ ਮੰਨਣਾ ਹੈ ਕਿ ਇਸ ਨਾਲ ਸਮਾਰਟ ਮੀਟਰਿੰਗ ਕਾਰੋਬਾਰ ਵਿੱਚ ਉਸਦੀ ਮੌਜੂਦਗੀ ਨੂੰ ਵੱਡਾ ਬਲ ਮਿਲੇਗਾ ਅਤੇ ਦੇਸ਼ ਵਿੱਚ ਡਿਜ਼ੀਟਲ ਬਿਜਲੀ ਪ੍ਰਬੰਧਨ ਨੂੰ ਹੋਰ ਤੇਜ਼ੀ ਮਿਲੇਗੀ। ਕੰਪਨੀ ਵੱਲੋਂ ਕੀਤੇ ਗਏ ਇਸ ਕਦਮ ਨੂੰ ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਮਹੱਤਵਪੂਰਨ ਵਿਕਾਸ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਮਾਰਟ ਮੀਟਰਿੰਗ ਦੀ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੌਦਾ ਭਵਿੱਖ ਵਿੱਚ ਕੰਪਨੀ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।  

ਆਮਿਰ ਨੇ ਕਿਹਾ : ਜ਼ਿੰਦਗੀ ਨੂੰ ਇਕ ਹੋਰ ਮੌਕਾ ਦੇ ਰਿਹਾ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬੌਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫਵਾਹਾਂ ਅਤੇ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ ਹੈ। ਆਮਿਰ ਖਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਉਂਦੀ 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਕਿਰਨ ਰਾਓ ਨਾਲ ਤਲਾਕ ਤੋਂ ਬਾਅਦ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੋਵੇਗਾ।, ਜਿਸ ਕਾਰਨ ਫਿਲਮੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਜ਼ਾਰ ਗਰਮ ਹੈ। ਆਪਣੇ ਵਿਆਹ ਬਾਰੇ ਖੁਲਾਸਾ ਕਰਦਿਆਂ 61 ਸਾਲਾ ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਇਨਸਾਨ ਅੱਗੇ ਵਧਣਾ ਛੱਡ ਦੇਵੇ। ਉਨ੍ਹਾਂ ਕਿਹਾ ਕਿ ਮੈਂ ਅਤੇ ਗੌਰੀ ਪਿਛਲੇ ਕੁਝ ਸਮੇਂ ਤੋਂ ਇਕ ਦੂਜੇ ਨੂੰ ਸਮਝ ਰਹੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬੇਹੱਦ ਖੁਸ਼ ਹਾਂ। ਆਮਿਰ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਪਿਆਰ ਅਤੇ ਖੁਸ਼ੀਆਂ ਦਾ ਇਕ ਹੋਰ ਮੌਕਾ ਦੇ ਰਿਹਾ ਹਾਂ।

ਨਵੀਂ ਦਿੱਲੀ/ਬਿਊਰੋ ਨਿਊਜ਼

ਦੁਨੀਆ ਭਰ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਕਾਰਾਂ ਵੇਚਣ ਵਾਲੀ ਚੀਨੀ ਆਟੋਮੋਬਾਈਲ ਕੰਪਨੀ BYD ਨੇ ਹੁਣ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਡੁਅਲ ਮੋਡ ਇੰਟੈਲੀਜੈਂਟ (DM-i) ਟੈਕਨਾਲੋਜੀ ਪੇਸ਼ ਕਰ ਦਿੱਤੀ ਹੈ। ਇਸ ਤਕਨਾਲੋਜੀ ਨੂੰ ਹਾਈਬ੍ਰਿਡ ਵਾਹਨ ਸੈਗਮੈਂਟ ਵਿੱਚ ਇੱਕ ਗੇਮ-ਚੇਂਜਰ ਮੰਨਿਆ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਭਾਰਤ ਵਿੱਚ ਆਪਣੀ ਨਵੀਂ ਹਾਈਬ੍ਰਿਡ SUV BYD ਸੀਲ-U ਲਾਂਚ ਕਰੇਗੀ। ਇਹ ਗੱਡੀ DM-i ਟੈਕਨਾਲੋਜੀ ਨਾਲ ਲੈਸ ਹੋਵੇਗੀ, ਜਿਸ ਨਾਲ ਵਾਹਨ ਨੂੰ ਸ਼ਾਨਦਾਰ ਮਾਈਲੇਜ ਅਤੇ ਲੰਬੀ ਰੇਂਜ ਮਿਲੇਗੀ। BYD ਸੀਲ-U ਤਿੰਨ ਵੱਖ-ਵੱਖ ਡਰਾਈਵਿੰਗ ਮੋਡਾਂ ਵਿੱਚ ਚੱਲਣ ਦੇ ਯੋਗ ਹੋਵੇਗੀ। ਇਨ੍ਹਾਂ ਵਿੱਚ EV ਮੋਡ, HEV ਸੀਰੀਜ਼ ਮੋਡ ਅਤੇ HEV ਪੈਰਲਲ ਮੋਡ ਸ਼ਾਮਲ ਹਨ। ਇਹ ਤਕਨਾਲੋਜੀ ਵਾਹਨ ਨੂੰ ਬਿਜਲੀ ਅਤੇ ਇੰਧਨ ਦੋਵਾਂ ਦੀ ਬਿਹਤਰ ਵਰਤੋਂ ਕਰਨ ਵਿੱਚ ਮਦਦ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਹਾਈਬ੍ਰਿਡ ਵਾਹਨ ਇੱਕ ਵਾਰ ਪੂਰਾ ਫਿਊਲ ਅਤੇ ਚਾਰਜ ਹੋਣ ’ਤੇ 1200 ਕਿਲੋਮੀਟਰ ਤੋਂ ਵੱਧ ਦੀ ਰੇਂਜ ਦੇ ਸਕਦਾ ਹੈ। ਇਸ ਕਾਰਨ ਲੰਬੇ ਸਫ਼ਰ ਕਰਨ ਵਾਲੇ ਗਾਹਕਾਂ ਲਈ ਇਹ ਇੱਕ ਆਕਰਸ਼ਕ ਵਿਕਲਪ ਬਣ ਸਕਦੀ ਹੈ।BYD ਦੀ DM-i ਟੈਕਨਾਲੋਜੀ ਨੂੰ ਵਿਸ਼ਵ ਪੱਧਰ ’ਤੇ ਕਾਫ਼ੀ ਪ੍ਰਸ਼ੰਸਾ ਮਿਲ ਚੁੱਕੀ ਹੈ ਅਤੇ ਹੁਣ ਭਾਰਤੀ ਗਾਹਕ ਵੀ ਇਸ ਨਵੀਂ ਹਾਈਬ੍ਰਿਡ ਤਕਨਾਲੋਜੀ ਦਾ ਲਾਭ ਲੈ ਸਕਣਗੇ। ਕੰਪਨੀ ਨੂੰ ਉਮੀਦ ਹੈ ਕਿ ਇਹ ਮਾਡਲ ਭਾਰਤ ਦੇ ਹਾਈਬ੍ਰਿਡ ਵਾਹਨ ਬਾਜ਼ਾਰ ਵਿੱਚ ਨਵਾਂ ਮਾਪਦੰਡ ਸਥਾਪਤ ਕਰੇਗਾ।

ਰੈਪੋ ਰੇਟ ਨਹੀਂ ਬਦਲਿਆ - ਕਰਜ਼ੇ ਵੀ ਨਹੀਂ ਹੋਣਗੇ ਮਹਿੰਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੇਂ ਵਿੱਤੀ ਸਾਲ ਦੀ ਦੂਜੀ ਮੀਟਿੰਗ ਵਿਚ ਰੈਪੋ ਰੇਟ ’ਚ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 5.25 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਨਾਲ ਕਰਜ਼ੇ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਨਹੀਂ ਵਧੇਗੀ। ਇਸੇ ਦੌਰਾਨ 2027 ਵਿਚ ਮਹਿੰਗਾਈ ਦੇ ਅਨੁਮਾਨ ਨੂੰ 4.6 ਫੀਸਦੀ ਤੋਂ ਵਧਾ ਕੇ 5.1 ਫੀਸਦੀ ਕਰ ਦਿੱਤਾ ਹੈ। ਆਰਬੀਆਈ  ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ 5 ਜੂਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਵਿਸ਼ਵ ਅਰਥ ਵਿਵਸਥਾ ਬੇਮਿਸਾਲ ਚੁਣੌਤੀਆਂ ਦੇ ਵਿਚਕਾਰ ਅਜੇ ਵੀ ਅਨਿਸ਼ਚਿਤਤਾ ਦੇ ਘੇਰੇ ਵਿੱਚ ਹੈ। ਸੰਜੇ ਮਲਹੋਤਰਾ ਨੇ ਭਰੋਸਾ ਦਿੱਤਾ ਕਿ ਦੇਸ਼ ਵਧਦੀਆਂ ਗਲੋਬਲ ਚਿੰਤਾਵਾਂ ਦੇ ਬਾਵਜੂਦ ਘੱਟ ਤੋਂ ਘੱਟ ਨੁਕਸਾਨ ਨਾਲ ਇਨ੍ਹਾਂ ਝਟਕਿਆਂ ਨੂੰ ਸਹਿਣ ਕਰਨ ਦੇ ਸਮਰੱਥ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਆਰ.ਬੀ.ਆਈ. ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ।

ਪਹਿਲੀ ਵਾਰ 11% ਤੋਂ ਪਾਰ ਪਹੁੰਚੀ ਹਿੱਸੇਦਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਆਟੋ-ਮੋਬਾਈਲ ਬਾਜ਼ਾਰ ਤੋਂ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ। ਮਈ 2026 ਦੌਰਾਨ ਦੇਸ਼ ਵਿੱਚ ਵਾਹਨਾਂ ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆ ਹੈ। ਖ਼ਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਇਲੈਕਟਿ੍ਰਕ ਵਾਹਨਾਂ ਦੀ ਹਿੱਸੇਦਾਰੀ 11 ਫੀਸਦੀ ਤੋਂ ਪਾਰ ਪਹੁੰਚ ਗਈ। ਇਸ ਨਾਲ ਸਾਫ਼ ਸੰਕੇਤ ਮਿਲਦਾ ਹੈ ਕਿ ਹੁਣ ਭਾਰਤੀ ਗਾਹਕ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਨਾਲ-ਨਾਲ ਇਲੈਕਟਿ੍ਰਕ ਵਾਹਨਾਂ ਵੱਲ ਵੀ ਤੇਜ਼ੀ ਨਾਲ ਰੁਖ ਕਰ ਰਹੇ ਹਨ। ਆਟੋ ਡੀਲਰਜ਼ ਸੰਸਥਾ ਫਾਡਾ ਦੇ ਅਨੁਸਾਰ, ਮਈ 2026 ਵਿੱਚ ਦੇਸ਼ ਭਰ ਵਿੱਚ ਕੁੱਲ 25 ਲੱਖ 31 ਹਜ਼ਾਰ ਤੋਂ ਵੱਧ ਵਾਹਨਾਂ ਦੀ ਰਿਟੇਲ ਵਿਕਰੀ ਹੋਈ। ਇਹ ਪਿਛਲੇ ਸਾਲ ਮਈ ਦੇ ਮੁਕਾਬਲੇ ਲਗਭਗ 9.5 ਫੀਸਦੀ ਵੱਧ ਹੈ। ਪਿਛਲੇ ਸਾਲ ਇਸੇ ਮਹੀਨੇ ਕਰੀਬ 23 ਲੱਖ 10 ਹਜ਼ਾਰ ਵਾਹਨ ਵੇਚੇ ਗਏ ਸਨ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ : ਕੈਪਟਨ ਅਮਰਿੰਦਰ ਸਾਡੇ ਸੰਪਰਕ ’ਚ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿਚ ਅਗਲੇ ਸਾਲ ਯਾਨੀ 2027 ਦੇ ਸ਼ੁਰੂਆਤੀ ਮਹੀਨਿਆਂ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਦਲਬਦਲੀ ਦਾ ਕੰਮ ਵੀ ਪੂਰੇ ਜ਼ੋਰਾਂ ’ਤੇ ਹੈ। ਇਸਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਵਿਚ ਵਾਪਸੀ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸਦੇ ਚੱਲਦਿਆਂ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਇਸ ਲਈ ਵੀ ਤੇਜ਼ ਹੋਈਆਂ ਹਨ ਕਿ ਉਹ ਹੁਣ ਲਗਾਤਾਰ ਕਾਂਗਰਸ ਪਾਰਟੀ ਦੀ ਤਾਰੀਫ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਵੀ ਕੀਤਾ ਹੈ। ਕੇਵਲ ਸਿੰਘ ਢਿੱਲੋਂ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਹੋਏ ਸਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਸੋਮਵਾਰ ਸਵੇਰੇ ਜਦੋਂ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਸ਼ੁਰੂਆਤ ਆਮ ਰਹੀ। ਨਿਵੇਸ਼ਕਾਂ ਨੂੰ ਉਮੀਦ ਸੀ ਕਿ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਤੇਜ਼ੀ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਅਜਿਹਾ ਸੋਚਣਾ ਸੁਭਾਵਿਕ ਵੀ ਸੀ, ਕਿਉਂਕਿ ਇਸੇ ਸਾਲ 2026 ਵਿੱਚ ਜਦੋਂ ਦੁਨੀਆ ਦੇ ਕਈ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖੀ ਗਈ, ਉਸ ਸਮੇਂ ਇੱਕ ਬਾਜ਼ਾਰ ਤੇਜ਼ੀ ਨਾਲ ਮੁਨਾਫ਼ਾ ਕਮਾ ਰਿਹਾ ਸੀ। ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਦੌੜਦੇ ਬਾਜ਼ਾਰਾਂ ਵਿੱਚ ਸ਼ਾਮਲ ਰਿਹਾ ਅਤੇ ਕੇਵਲ 6 ਮਹੀਨਿਆਂ ਵਿੱਚ 100 ਫੀਸਦੀ ਤੱਕ ਦਾ ਰਿਟਰਨ ਦਿੱਤਾ। ਪਰ ਕੁਝ ਹੀ ਮਿੰਟਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਨਿਵੇਸ਼ਕਾਂ ਵਿੱਚ ਘਬਰਾਹਟ ਫੈਲ ਗਈ ਅਤੇ ਸਕ੍ਰੀਨਾਂ ’ਤੇ ਲਾਲ ਰੰਗ ਛਾ ਗਿਆ। ਸੈਮਸੰਗ ਦੇ ਸ਼ੇਅਰ ਤੇਜ਼ੀ ਨਾਲ ਟੁੱਟਣ ਲੱਗੇ। ਐਸ.ਕੇ. ਹਾਈਨਿਕਸ ਵਿੱਚ ਵਿਕਰੀ ਦਾ ਦਬਾਅ ਹਰ ਮਿੰਟ ਵੱਧਦਾ ਗਿਆ। ਵਿਦੇਸ਼ੀ ਨਿਵੇਸ਼ਕ ਲਗਾਤਾਰ ਵਿਕਰੀ ਕਰ ਰਹੇ ਸਨ ਅਤੇ ਦੇਖਦੇ ਹੀ ਦੇਖਦੇ ਪੂਰਾ ਬਾਜ਼ਾਰ ਇਸ ਤਰ੍ਹਾਂ ਡਿੱਗਦਾ ਨਜ਼ਰ ਆਇਆ ਜਿਵੇਂ ਕੋਈ ਚੱਟਾਨ ਤੋਂ ਹੇਠਾਂ ਲੁੜਕ ਰਿਹਾ ਹੋਵੇ।  

ਪੰਜਾਬ ’ਚ ਕਾਨੂੰਨ ਦਾ ਰਾਜ ਮਜ਼ਬੂਤ ਕਰਨ ’ਤੇ ਜ਼ੋਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੀ ਕਮਾਨ ਸੰਭਾਲਣ ਤੋਂ ਬਾਅਦ ਅੱਜ ਦਿੱਲੀ ਪਹੁੰਚ ਕੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕਾਨੂੰਨ ਮੰਤਰੀ ਅਰਜੁਨ ਮੇਘਵਾਲ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਹੈ। ਇਸੇ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਇਸ ਲਈ ਇੱਥੇ ਸ਼ਾਂਤੀ ਬਣਾਈ ਰੱਖਣਾ ਅਤੇ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਮੇਘਵਾਲ ਨੇ ਕੇਵਲ ਸਿੰਘ ਢਿੱਲੋਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਸੁਧਾਰਨ ਲਈ ਹਰ ਸੰਭਵ ਮੱਦਦ ਕਰੇਗੀ। ਇਸੇ ਦੌਰਾਨ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪੰਜਾਬ ਵਿਚ ਭਾਜਪਾ ਦੀ ਨਵੀਂ ਟੀਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਢਿੱਲੋਂ ਨੇ ਪੰਜਾਬ ’ਚ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਵੀ ਅਪੀਲ ਕੀਤੀ ਹੈ।

ਰਣਨੀਤੀ ਨੂੰ ਮੁੜ ਉਲੀਕਣ ਲਈ ਹੋਈ ਵਿਚਾਰ-ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
‘ਇੰਡੀਆ’ ਗਠਜੋੜ ਦੇ ਸੀਨੀਅਰ ਆਗੂਆਂ ਦੀ ਅੱਜ ਦਿੱਲੀ ਵਿਚ ਅਹਿਮ ਮੀਟਿੰਗ ਹੋਈ ਹੈ। ਇਸ ਤੋਂ ਪਹਿਲਾਂ ਇੰਡੀਆ ਗਠਜੋੜ ਦੇ ਕੁਝ ਭਾਈਵਾਲਾਂ ਵਿਚ ਮੱਤਭੇਦ ਉਭਰ ਆਏ ਸਨ, ਜਿਸ ਨੂੰ ਦੇਖਦਿਆਂ ਇਹ ਮੀਟਿੰਗ ਹੋਈ ਹੈ। ਇਸ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਵਿਚ ਏਕਤਾ ਦੀ ਗੱਲ ਕੀਤੀ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕਾਂਗਰਸ ਪਾਰਟੀ ਤੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਤਿ੍ਰਣਮੂਲ ਕਾਂਗਰਸ ਪਾਰਟੀ ਤੋਂ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਤੋਂ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ ਅਤੇ ਪੀਡੀਪੀ ਤੋਂ ਮਹਿਬੂਬਾ ਮੁਫਤੀ ਸਣੇ ਵਿਰੋਧੀ ਆਗੂਆਂ ਨੇ ਖੱਬੀ ਪੱਖੀ ਆਗੂਆਂ ਦੇ ਨਾਲ ਮੀਟਿੰਗ ਵਿਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਡੀ.ਐਮ.ਕੇ. ਅਤੇ ਆਮ ਆਦਮੀ ਪਾਰਟੀ ਇਸ ਵਿਚਾਰ ਵਟਾਂਦਰੇ ਦਾ ਹਿੱਸਾ ਨਹੀਂ ਸਨ, ਕਿਉਕਿ ਇਨ੍ਹਾਂ ਨੇ ਗਠਜੋੜ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ। ਇਹ ਮੀਟਿੰਗ ਉਸ ਸਮੇਂ ਹੋਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਪਣੇ ਲਗਾਤਾਰ ਤੀਜੇ ਕਾਰਜਕਾਲ ਦੌਰਾਨ 12 ਸਾਲ ਪੂਰੇ ਕਰ ਚੁੱਕੀ  ਹੈ।

ਖਾਲਸਾ ਐਂਟਰੀ ਟੈਕਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਕੀਤੀ ਗਈ ਮੰਗ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੀ ਬਾਊਂਡਰੀ ਉਤੇ ‘ਖਾਲਸਾ ਟੈਕਸ’ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਹੈ। ਹਿਮਾਚਲ ਦੇ ਮੰਤਰੀ ਜਗਤ ਸਿੰਘ ਨੇਗੀ ਦਾ ਕਹਿਣਾ ਹੈ ਕਿ ਸੀਐਮ ਸੁੱਖੂ ਨੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ ਪੰਜਾਬ ’ਚ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਕੋਲੋਂ  ਖਾਲਸਾ ਟੈਕਸ ਵਸੂਲਿਆ ਗਿਆ ਸੀ। ਪੰਜਾਬ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਦੇ ਵਿਰੋਧ ਵਿਚ ਅਜਿਹਾ ਕੀਤਾ ਅਤੇ ਸੰਦੇਸ਼ ਦਿੱਤਾ ਕਿ ਹਿਮਾਚਲ ਦਾ ਐਂਟਰੀ ਟੈਕਸ ਗਲਤ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ ਮੰਤਰੀ ਜਗਤ ਨੇਗੀ ਨੇ ਇਸ ਨੂੰ ਅਕਾਲੀ ਦਲ ਅਤੇ ਭਾਜਪਾ ਦੀ ਸੋਚੀ ਸਮਝੀ ਸਾਜਿਸ਼ ਦੱਸਿਆ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.