Friday, 17 April 2026

ਮੁਹਾਲੀ : ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਹੋਏ ਆਈ ਪੀ ਐੱਲ ਦੇ ਮੁਕਾਬਲੇ ਦਾ ਦਰਸ਼ਕਾਂ ਦੀ 38 ਹਜ਼ਾਰ ਦੀ ਸਮਰੱਥਾ ਵਾਲੇ ਖ਼ਚਾਖਚ ਭਰੇ ਸਟੇਡੀਅਮ ਨੇ ਖ਼ੂਬ ਆਨੰਦ ਮਾਣਿਆ। ਪੰਜਾਬ ਕਿੰਗਜ਼ ਦੇ ਸ਼੍ਰੇਅਸ਼ ਅਈਅਰ, ਪ੍ਰਭਸਿਮਰਨ, ਪ੍ਰਯਾਂਸ ਆਰੀਆ ਦੀ ਬੱਲੇਬਾਜ਼ੀ ’ਤੇ ਦਰਸ਼ਕਾਂ ਨੇ ਭੰਗੜਾ ਪਾਇਆ। ਪੰਜਾਬ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਮੈਚ ਵੀ ਜਿੱਤਿਆ ਅਤੇ ਦਰਸ਼ਕਾਂ ਦੇ ਦਿਲ ਵੀ ਜਿੱਤੇ। ਦਰਸ਼ਕਾਂ ਵੱਲੋਂ ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਲਾਏ ਗਏ।

ਮੈਚ ਦੇ ਆਰੰਭ ਵਿਚ ਦਰਸ਼ਕਾਂ ਨੂੰ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪਿਆ ਪਰ ਜਲਦੀ ਹੀ ਮੌਸਮ ਖੁਸ਼ਗਵਾਰ ਹੋ ਗਿਆ। ਦਰਸ਼ਕਾਂ ਵਿੱਚ ਮੈਚ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਮੈਚ ਆਰੰਭ ਹੋਣ ਤੋਂ ਦੋ ਘੰਟੇ ਪਹਿਲਾਂ ਹੀ ਗੇਟਾਂ ਅੱਗੇ ਕਤਾਰਾਂ ਲਗਾ ਦਿੱਤੀਆਂ। ਸਰਕਾਰੀ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਮੁਫ਼ਤ ਮੈਚ ਦਿਖਾਇਆ ਗਿਆ। ਪੰਜਾਬ ਕਿੰਗਜ਼ ਦੀਆਂ ਟੀ ਸ਼ਰਟ ਪਾਈ ਹਜ਼ਾਰਾਂ ਦਰਸ਼ਕ ਪਹੁੰਚੇ ਹੋਏ ਸਨ, ਜਿਸ ਕਾਰਨ ਸਟੇਡੀਅਮ ਲਾਲ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਸੀ।

ਮੈਚ ਦੀ ਪਹਿਲੀ ਪਾਰੀ ਮੁੱਕਣ ’ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਨੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਸਟੇਡੀਅਮ ਵਿੱਚ ਪੰਜਾਬੀ ਗੀਤਾਂ ਦੀਆਂ ਧੁਨਾ ਲਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਰਿਹਾ। ਵਹੀਕਲਾਂ ਦੀ ਪਾਰਕਿੰਗ ਸਟੇਡੀਅਮ ਤੋਂ ਦੂਰ ਹੋਣ ਕਰਕੇ ਵੱਡੀ ਗਿਣਤੀ ਦਰਸ਼ਕਾਂ ਪੈਦਲ ਚੱਲ ਕੇ ਸਟੇਡੀਅਮ ਵਿਚ ਪਹੁੰਚੇ। ਮੈਚ ਕਾਰਨ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਕਾਰਨ ਸਟੇਡੀਅਮ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚ ਖ਼ਤਮ ਹੋਣ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ।

ਪੁਲੀਸ ਵੱਲੋਂ ਮੈਚ ਦੇ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਲਈ ਦੋ ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ। ਮੈਚ ਤੋਂ ਬਾਅਦ ਸਟੇਡੀਅਮ ਅੱਗੇ ਲੱਗਦੀਆਂ ਰੇਹੜੀਆਂ ਅਤੇ ਆਟੋਜ਼ ਕਾਰਨ ਰਾਹਗੀਰਾਂ ਨੂੰ ਲੰਘਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੇ ਸਟੇਡੀਅਮ ਦੇ ਅੰਦਰ ਵਸਤਾਂ ਮਹਿੰਗੀਆਂ ਵੇਚੇ ਜਾਣ ਦੇ ਦੋਸ਼ ਵੀ ਲਾਏ।

ਚੇਨੱਈ : ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੌਂਟਿੰਗ ਨੇ ਟੀਮ ਦੇ ਭਾਰਤੀ ਖਿਡਾਰੀਆਂ ਨੂੰ ‘ਵਿਲੱਖਣ’ ਪ੍ਰਤਿਭਾ ਨਾਲ ਮਾਲਾਮਾਲ ਦੱਸਦਿਆਂ ਕਿਹਾ ਕਿ ਫਰੈਂਚਾਈਜ਼ੀ ਦਾ ਮੁੱਖ ਮਕਸਦ ਉੱਚ ਦਰਜੇ ਦੇ ਘਰੇਲੂ ਖਿਡਾਰੀਆਂ ਦੇ ਆਲੇ-ਦੁਆਲੇ ਨਵੀਂ ਟੀਮ ਖੜ੍ਹੀ ਕਰਨਾ ਸੀ। ਪੰਜਾਬ ਕਿੰਗਜ਼ ਨੇ ਪਿਛਲੀ ਨਿਲਾਮੀ ਤੋਂ ਪਹਿਲਾਂ ਸਿਰਫ਼ ਪ੍ਰਭਸਿਮਰਨ ਸਿੰਘ ਤੇ ਸ਼ਸ਼ਾਂਕ ਸਿੰਘ ਨੂੰ ਆਪਣੇ ਨਾਲ ਰੱਖਿਆ ਸੀ ਅਤੇ ਨਿਲਾਮੀ ਵਿੱਚ 110.5 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਸ਼੍ਰੇਅਸ ਅਈਅਰ, ਯੁਜ਼ਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਨੂੰ ਖ਼ਰੀਦਿਆ। ਇਹ ਖਿਡਾਰੀ ਆਈ ਪੀ ਐੱਲ 2025 ਤੋਂ ਟੀਮ ਦਾ ਮੁੱਖ ਆਧਾਰ ਹਨ। ਪੌਂਟਿੰਗ ਅਨੁਸਾਰ ਭਾਰਤੀ ਨੌਜਵਾਨ ਖਿਡਾਰੀ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਉਨ੍ਹਾਂ ਨਾਲ ਆਸਟਰੇਲਿਆਈ ਖਿਡਾਰੀ ਸ਼ਾਮਲ ਕਰ ਕੇ ਟੀਮ ਬਣਾਈ ਗਈ ਹੈ। ਬੀਤੀ ਰਾਤ ਚੇਪੌਕ ਸਟੇਡੀਅਮ ਵਿੱਚ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪ੍ਰਿਆਂਸ਼ ਆਰਿਆ ਨੇ 11 ਗੇਂਦਾਂ ਵਿੱਚ 39 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ ਨੀਮ ਸੈਂਕੜਾ ਜੜ ਕੇ ਜਿੱਤ ਦਾ ਰਾਹ ਪੱਧਰਾ ਕੀਤਾ। ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਯੁਜ਼ਵੇਂਦਰ ਚਾਹਲ ਦੀ ਗੇਂਦਬਾਜ਼ੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਚਾਹਲ ਛੋਟੇ ਕੱਦ ਦਾ ਫਾਇਦਾ ਉਠਾਉਂਦਿਆਂ ਗੇਂਦ ਨੂੰ ਹਵਾ ਵਿੱਚ ਉਛਾਲਦਾ (ਫਲਾਈਟ ਦਿੰਦਾ) ਹੈ। ਇਸ ਨਾਲ ਗੇਂਦ ਜ਼ਿਆਦਾ ਘੁੰਮਦੀ ਹੈ ਅਤੇ ਬੱਲੇਬਾਜ਼ ਝਕਾਨੀ ਖਾ ਜਾਂਦਾ ਹੈ।

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਆਈ.ਪੀ.ਐੱਲ. ਦੇ ਵਧਦੇ ਜਨੂਨ ਅਤੇ 8 ਅਪਰੈਲ ਨੂੰ ਅਰੁਣ ਜੇਟਲੀ ਸਟੇਡੀਅਮ ਵਿੱਚ ਹੋਣ ਵਾਲੇ ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਸ ਦੇ ਮੁਕਾਬਲੇ ਦੇ ਮੱਦੇਨਜ਼ਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸਾਰੀਆਂ ਲਾਈਨਾਂ ’ਤੇ ਆਖਰੀ ਟ੍ਰੇਨ ਦੇ ਸਮੇਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਦੇਰ ਰਾਤ ਮੈਚ ਦੇਖ ਕੇ ਪਰਤਣ ਵਾਲੇ ਹਜ਼ਾਰਾਂ ਪ੍ਰਸ਼ੰਸਕਾਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਘਰ ਵਾਪਸੀ ਵੇਲੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਨਵੀਂ ਸਮਾਂ-ਸਾਰਣੀ ਅਨੁਸਾਰ, ਰੈੱਡ ਲਾਈਨ (ਲਾਈਨ-1) ’ਤੇ ਸ਼ਹੀਦ ਸਥਲ ਤੋਂ ਰਿਠਾਲਾ ਲਈ ਆਖਰੀ ਟ੍ਰੇਨ ਰਾਤ 12:10 ਵਜੇ ਅਤੇ ਵਾਪਸੀ ਦੀ ਸੇਵਾ 12:15 ਵਜੇ ਤੱਕ ਉਪਲਬਧ ਹੋਵੇਗੀ। ਯੈਲੋ ਲਾਈਨ (ਲਾਈਨ-2) ’ਤੇ ਸਮੇਪੁਰ ਬਦਲੀ ਤੋਂ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਲਈ ਆਖਰੀ ਮੈਟਰੋ ਰਾਤ 12:20 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਬਲੂ ਲਾਈਨ ’ਤੇ ਵੈਸ਼ਾਲੀ ਅਤੇ ਨੋਇਡਾ ਇਲੈਕਟ੍ਰਾਨਿਕ ਸਿਟੀ ਵੱਲ ਜਾਣ ਵਾਲੀਆਂ ਸੇਵਾਵਾਂ ਨੂੰ ਵੀ ਅੱਧੀ ਰਾਤ ਤੱਕ ਵਧਾ ਦਿੱਤਾ ਗਿਆ ਹੈ।

ਦਿੱਲੀ ਮੈਟਰੋ ਦੇ ਅਧਿਕਾਰੀਆਂ ਅਨੁਸਾਰ, ਗ੍ਰੀਨ ਲਾਈਨ (ਲਾਈਨ-5) ’ਤੇ ਸੇਵਾਵਾਂ ਰਾਤ 1:00 ਵਜੇ ਤੱਕ ਚੱਲਣਗੀਆਂ, ਜਦੋਂਕਿ ਪਿੰਕ ਲਾਈਨ (ਲਾਈਨ-7) ’ਤੇ ਕੁਝ ਚੁਣੇ ਹੋਏ ਰੂਟਾਂ ’ਤੇ ਰਾਤ 1:55 ਵਜੇ ਤੱਕ ਮੈਟਰੋ ਸਹੂਲਤ ਮਿਲੇਗੀ। ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਵੀ ਨਵੀਂ ਦਿੱਲੀ ਤੋਂ ਯਸ਼ੋਭੂਮੀ ਸੈਕਟਰ-25 ਲਈ ਆਖਰੀ ਟ੍ਰੇਨ ਰਾਤ 1:00 ਵਜੇ ਰਵਾਨਾ ਹੋਵੇਗੀ। ਡੀ.ਐੱਮ.ਆਰ.ਸੀ. ਦਾ ਮੰਨਣਾ ਹੈ ਕਿ ਸਟੇਡੀਅਮ ਵਿੱਚ ਭਾਰੀ ਭੀੜ ਹੋਣ ਦੀ ਉਮੀਦ ਹੈ ਅਤੇ ਇਹ ਵਧਾਇਆ ਗਿਆ ਸਮਾਂ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.