Friday, 17 April 2026

ਮੁਲਤਾਨ ਦੇ ਹਾਮਿਦਪੁਰ ਕਨੋਰਾ ਖੇਤਰ ’ਚ ਵਾਪਰਿਆ ਹਾਦਸਾ

ਲਾਹੌਰ/ਬਿਊਰੋ ਨਿਊਜ਼

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ (ਐਲਪੀਜੀ) ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਨਾਬਾਲਗ ਲੜਕੀ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ ਹਨ। ਰਾਹਤ ਕਾਰਜਾਂ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੁਲਤਾਨ ਦੇ ਹਾਮਿਦਪੁਰ ਕਨੋਰਾ ਖੇਤਰ ਦੇ ਇੰਡਸਟਰੀਅਲ ਅਸਟੇਟ ’ਚ ਵਾਪਰੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ ਅਤੇ ਟੁੱਟੇ ਹੋਏ ਵਾਹਨ ਦਾ ਮਲਬਾ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਜਾ ਡਿੱਗਿਆ। ਦੱਸਿਆ ਗਿਆ ਕਿ ਮਿ੍ਰਤਕਾਂ ਵਿਚ ਇਕ ਨਾਬਾਲਗ ਲੜਕੀ ਅਤੇ ਦੋ ਔਰਤਾਂ ਵੀ ਸ਼ਾਮਲ ਹਨ।   

ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਹੁਕਮਾਂ ’ਤੇ ਕੀਤੇ ਸਨ ਦਸਤਖਤ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੀ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਫੈਸਲੇ ’ਤੇ 14 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਫੈਡਰਲ ਅਦਾਲਤ ਦੇ ਜੱਜ ਜੌਨ ਕਫਨੌਰ ਨੇ ਵਾਸ਼ਿੰਗਟਨ, ਏਰੀਜੋਨਾ, ਇਲੀਨੋਇਸ ਅਤੇ ਓਰੇਗਨ ਸੂਬਿਆਂ ਦੀ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ 22 ਸੂਬਿਆਂ ਅਤੇ ਵੱਡੀ ਗਿਣਤੀ ਪਰਵਾਸੀ ਹੱਕਾਂ ਬਾਰੇ ਜਥੇਬੰਦੀਆਂ ਵਲੋਂ ਪੰਜ ਕੇਸ ਦਾਖਲ ਕੀਤੇ ਗਏ ਹਨ। ਟਰੰਪ ਵਲੋਂ ਪਿਛਲੇ ਦਿਨੀਂ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਨ੍ਹਾਂ ਹੁਕਮਾਂ ’ਤੇ ਦਸਤਖਤ ਕੀਤੇ ਗਏ ਸਨ, ਜੋ ਕਿ 19 ਫਰਵਰੀ ਤੋਂ ਲਾਗੂ ਹੋਣੇ ਹਨ। ਟਰੰਪ ਦੇ ਇਨ੍ਹਾਂ ਹੁਕਮਾਂ ਨਾਲ ਅਮਰੀਕਾ ਵਿਚ ਜਨਮੇ ਲੱਖਾਂ ਲੋਕਾਂ ’ਤੇ ਅਸਰ ਪੈ ਸਕਦਾ ਹੈ।  ਇਸ ਮਾਮਲੇ ’ਤੇ ਹੁਣ 5 ਫਰਵਰੀ ਨੂੰ ਸੁਣਵਾਈ ਹੋਵੇਗੀ।

ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ : ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਹਾਂ ਤਿਆਰ 

ਵਾਸ਼ਿੰਗਟਨ/ਬਿਊਰੋ ਨਿਊਜ਼   

ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ 18 ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਹੋ ਜਾਵੇਗੀ। ਅਮਰੀਕਾ ਦੀ ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਇਨ੍ਹਾਂ 18 ਹਜ਼ਾਰ ਭਾਰਤੀਆਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਨਾਗਰਿਕਤਾ ਹਾਸਲ ਕਰਨ ਦੇ ਲਈ ਸਹੀ ਦਸਤਾਵੇਜ਼ ਵੀ ਨਹੀਂ ਹਨ। ਅਮਰੀਕਾ ਵਿਚ ਪਿਛਲੇ ਮਹੀਨੇ ਗੈਰਕਾਨੂੰਨੀ ਪਰਵਾਸੀਆਂ ਨਾਲ ਡੀਲ ਕਰਨ ਵਾਲੀ ਸਰਕਾਰੀ ਸੰਸਥਾ (ਆਈ.ਸੀ.ਈ.) ਨੇ ਕਰੀਬ 15 ਲੱਖ ਵਿਅਕਤੀਆਂ ਦੀ ਇਕ ਸੂਚੀ ਬਣਾਈ ਹੈ, ਜੋ ਗੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ ਹਨ ਅਤੇ 18 ਹਜ਼ਾਰ ਭਾਰਤੀ ਵੀ ਇਸ ਸੂਚੀ ਦਾ ਹਿੱਸਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੀ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਵਿਚ 3 ਲੱਖ 86 ਹਜ਼ਾਰ ਵਿਅਕਤੀਆਂ ਨੂੰ ਐਚ-1ਬੀ ਵੀਜ਼ਾ ਦਿੱਤਾ ਗਿਆ ਸੀ, ਜਿਨ੍ਹਾਂ ’ਚ ਕਰੀਬ ਤੀਜਾ ਹਿੱਸਾ ਭਾਰਤੀ ਨਾਗਰਿਕ ਹਨ। ਧਿਆਨ ਰਹੇ ਕਿ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਹਨ। ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਅਸੀਂ ਤਿਆਰ ਹਾਂ।  

ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਸੰਪੰਨ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪਾਕਿਸਤਾਨ ਦੇ ਲਾਹੌਰ ਵਿਖੇ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਅਤੇ ਇਸਦੇ ਪ੍ਰਚਾਰ ਤੇ ਪਸਾਰ ਲਈ ਸੁਹਿਰਦ ਯਤਨ ਕਰਨ ਦੇ ਅਹਿਦ ਨਾਲ ਸੰਪੰਨ ਹੋ ਗਈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਵਜ਼ੀਰ ਫਖਰ ਜ਼ਮਾਨ ਨੇ ਬੁੱਧਵਾਰ ਨੂੰ ਸਮਾਪਤੀ ਸੈਸ਼ਨ ਦੌਰਾਨ ਵਫਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਫਖਰ ਜ਼ਮਾਨ, ਡਾ. ਦੀਪਕ ਮਨਮੋਹਨ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਸਿਲਸਿਲੇ ਨੂੰ ਕਾਮਯਾਬ ਕਰਨ ਲਈ ਉਪਰਾਲੇ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਉਣ ਵਾਲੇ ਸਮੇਂ ’ਚ ਕਾਨਫਰੰਸ ਦਾ ਦਾਇਰਾ ਵਧਾਉਣ ਤੇ ਨਿਰੰਤਰ ਕਰਵਾਉਣ ’ਤੇ ਵੀ ਚਰਚਾ ਕੀਤੀ। ਸੰਗੀਤਕ ਪ੍ਰੋਗਰਾਮ ਦੌਰਾਨ ਦੋਵੇਂ ਪੰਜਾਬਾਂ ਦੇ ਫਨਕਾਰਾਂ ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ ਲੋਹਾਰ, ਇਮਰਾਨ ਸ਼ੌਕਤ ਅਲੀ ਤੇ ਸਤਨਾਮ ਨੇ ਪੇਸ਼ਕਾਰੀਆਂ ਦਿੱਤੀਆਂ। ਸਮਾਪਤੀ ਸੈਸ਼ਨ ਦੌਰਾਨ ਲਹਿੰਦੇ ਪੰਜਾਬ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਦਾ ਗੁਰਮੁਖੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.