Wednesday, 10 June 2026

ਜੰਗ ਰੋਕਣ ਲਈ ਦੂਜੇ ਨੇਤਾਵਾਂ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਹਾਂ : ਮੋਦੀ

ਨਿਊਯਾਰਕ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨਾਲ ਵੀ ਮੁਲਾਕਾਤ ਕੀਤੀ ਅਤੇ 32 ਦਿਨਾਂ ਦੇ ਵਿਚ ਇਨ੍ਹਾਂ ਦੋਵੇਂ ਨੇਤਾਵਾਂ ਵਿਚ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਲੰਘੀ 23 ਅਗਸਤ ਨੂੰ ਯੂਕਰੇਨ ਦੌਰੇ ਦੌਰਾਨ ਜੇਲੈਂਸਕੀ ਨੂੰ ਮਿਲੇ ਸਨ। ਮੋਦੀ ਨੇ ਨਿਊਯਾਰਕ ਵਿਚ ਜੇਲੈਂਸਕੀ ਨਾਲ ਮੁਲਾਕਾਤ ਦੀ ਤਸਵੀਰ ਵੀ ਐਕਸ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਯੂਕਰੇਨ ਦੌਰੇ ਦੌਰਾਨ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹਾਂ। ਇਸੇ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਦੱਸਿਆ ਕਿ ਪੀਐਮ ਮੋਦੀ ਨੇ ਜੇਲੈਂਸਕੀ ਨੂੰ ਕਿਹਾ ਕਿ ਅਸੀਂ ਕਈ ਦੇਸ਼ਾਂ ਦੇ ਆਗੂਆਂ ਨਾਲ ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਗੱਲਬਾਤ ਕਰਦੇ ਰਹਿੰਦੇ ਹਾਂ। ਵਿਦੇਸ਼ ਸਕੱਤਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਜਲਦ ਤੋਂ ਜਲਦ ਜੰਗ ਰੋਕਣ ਸਬੰਧੀ ਰਸਤਾ ਲੱਭਣਾ ਚਾਹੀਦਾ ਹੈ। 

ਕਿਹਾ : ਕਿਸਮਤ ਮੈਨੂੰ ਰਾਜਨੀਤੀ ਵਿਚ ਲਿਆਈ 

ਵਾਸ਼ਿੰਗਟਨ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੇ ਦੂਜੇ ਦਿਨ ਨਿਊਯਾਰਕ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਇਕ ਘੰਟਾ 7 ਮਿੰਟ ਤੱਕ ਭਾਸ਼ਣ ਦਿੱਤਾ ਅਤੇ ਆਪਣੇ ਸਿਆਸੀ ਜੀਵਨ, ਭਾਰਤ ਦੀ ਤਰੱਕੀ ਅਤੇ ਪਰਵਾਸੀਆਂ ਸਬੰਧੀ ਗੱਲਬਾਤ ਕੀਤੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਦੇ ਨਸਾਓ ਵੈਟਰਨਜ਼ ਕੋਲਜ਼ੀਅਮ ਪਹੁੰਚੇ ਤਾਂ ਹਜ਼ਾਰਾਂ ਵਿਅਕਤੀਆਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਮੋਦੀ ਦੇ ਸਵਾਗਤ ਵਿਚ ਪਹਿਲਾਂ ਅਮਰੀਕਾ ਦਾ ਰਾਸ਼ਟਰ ਗਾਨ ਅਤੇ ਫਿਰ ਭਾਰਤ ਦਾ ਰਾਸ਼ਟਰ ਗਾਨ ਹੋਇਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਕਿਸਮਤ ਹੀ ਮੈਨੂੰ ਰਾਜਨੀਤੀ ਵਿਚ ਲਿਆਈ ਹੈ। ਉਨ੍ਹਾਂ ਕਿਹਾ ਕਿ ਮੇਰੇ ਜੀਵਨ ਦਾ ਬਹੁਤਾ ਹਿੱਸਾ ਅਜਿਹਾ ਰਿਹਾ, ਜਿਸ ਵਿਚ ਮੈਂ ਕਈ ਸਾਲਾਂ ਤੱਕ ਦੇਸ਼ ਵਿਚ ਭਟਕਦਾ ਵੀ ਰਿਹਾ ਹਾਂ।

 

 

ਡੋਨਾਲਡ ਟਰੰਪ ਨੇ ਦਰਾਮਦ ਅਤੇ ਟੈਕਸਾਂ ਦੇ ਮਾਮਲੇ ’ਚ ਭਾਰਤ ਦੀ ਕੀਤੀ ਆਲੋਚਨਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਹੁਣ ਫਿਰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਸ਼ਾਨਦਾਰ ਵਿਅਕਤੀ ਦੱਸਿਆ ਹੈ। ਟਰੰਪ ਨੇ ਕਿਹਾ ਕਿ ਉਹ ਅਮਰੀਕਾ ਦੇ ਦੌਰੇ ’ਤੇ ਪਹੁੰਚ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮਿਸ਼ੀਗਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਮੋਦੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਇਸ ਦੌਰਾਨ ਟਰੰਪ ਨੇ ਦਰਾਮਦ ਅਤੇ ਟੈਕਸਾਂ ਦੇ ਮਾਮਲੇ ਵਿਚ ਭਾਰਤ ਦੀ ਆਲੋਚਨਾ ਵੀ ਕੀਤੀ ਹੈ ਅਤੇ ਮੋਦੀ ਨੂੰ ਸ਼ਾਨਦਾਰ ਵਿਅਕਤੀ ਦੱਸਿਆ ਹੈ। ਦੱਸਣਯੋਗ ਹੈ ਕਿ ਪੀਐਮ ਨਰਿੰਦਰ ਮੋਦੀ 21 ਸਤੰਬਰ ਤੋਂ 3 ਦਿਨਾਂ ਦੇ ਦੌਰੇ ’ਤੇ ਅਮਰੀਕਾ ਪਹੁੰਚ ਰਹੇ ਹਨ ਅਤੇ ਉਹ ਕਵਾਡ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਦੌਰਾਨ ਪੀਐਮ ਮੋਦੀ 22 ਸਤੰਬਰ ਨੂੰ ਨਿਊਯਾਰਕ ਵਿਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਸੰਬੋਧਨ ਵੀ ਕਰਨਗੇ ਅਤੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ ਸੀ.ਈ.ਓਜ਼. ਨਾਲ ਵੀ ਮੀਟਿੰਗਾਂ ਕਰਨਗੇ।

 

ਚੰਡੀਗੜ੍ਹ/ਬਿਊਰੋ ਨਿਊਜ਼   

ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ’ਤੇ ਪਹੁੰਚੇ ਸਨ। ਅਮਰੀਕਾ ਦੇ ਟੈਕਸਾਸ ਪ੍ਰਾਂਤ ਦੇ ਡੱਲਾਸ ਵਿੱਚ ਪਰਵਾਸੀ ਭਾਰਤੀਆਂ ਵਲੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਤੇ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 4 ਹਜ਼ਾਰ ਕੁਰਸੀਆਂ ਵਾਲਾ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਵਿਚ ਪਿਆਰ, ਸਨਮਾਨ ਅਤੇ ਨਿਮਰਤਾ ਗਾਇਬ ਹਨ। ਉਨ੍ਹਾਂ ਨੇ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਭਾਰਤ ਵਿਚ ਹੁਨਰਮੰਦ ਲੱਖਾਂ ਲੋਕਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਹਰ ਉਸ ਵਿਅਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਜੋ ਭਾਰਤ ਦਾ ਨਿਰਮਾਣ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਅਤੇ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ। ਇਸੇ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਪੜ੍ਹੇ ਲਿਖੇ ਹਨ ਅਤੇ ਉਹ ਹਰ ਇਕ ਮੁੱਦੇ ’ਤੇ ਡੂੰਘੀ ਸੋਚ ਵੀ ਰੱਖਦੇ ਹਨ।  

ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਗਿਲਜ਼ੀਆਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਤੋਂ ਲਗਭਗ ਭੁੱਲ ਹੀ ਗਏ ਸੀ ਕਿ ਵਿਰੋਧੀ ਧਿਰ ਕਿੰਨੀ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਨੇ ਤਾਨਾਸ਼ਾਹੀ ਵਾਂਗ ਕੰਮ ਕੀਤਾ ਹੈ। ਗਿਲਜ਼ੀਆਂ ਹੋਰਾਂ ਨੇ ਕਿਹਾ ਕਿ  ਰਾਹੁਲ ਗਾਂਧੀ ਨੇ ਮੌਜੂਦਾ ਭਾਜਪਾ ਸਰਕਾਰ ਅਤੇ ਪੂਰੇ ਦੇਸ਼ ਨੂੰ ਯਾਦ ਦਿਵਾਇਆ ਹੈ ਕਿ ਮਜ਼ਬੂਤ ਵਿਰੋਧੀ ਧਿਰ ਹੋਣ ਦਾ ਕੀ ਮਤਲਬ ਹੈ। ਉਨ੍ਹਾਂ ਦਿਖਾਇਆ ਕਿ ਡਾਕਟਰ ਅੰਬੇਡਕਰ ਅਤੇ ਸਾਡੇ ਨੇਤਾਵਾਂ ਨੇ ਸਾਡੇ ਸੰਵਿਧਾਨ ’ਚ ਵਿਰੋਧੀ ਧਿਰ ਅਤੇ ਉਸਦੇ ਨੇਤਾ ਦੀ ਭੂਮਿਕਾ ਨੂੰ ਯਕੀਨੀ ਕਿਉਂ ਬਣਾਇਆ ਹੈ। ਮਹਿੰਦਰ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਦੇਸ਼ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰੱਖੇਗਾ। ਇਸ ਮੌਕੇ ਆਈ.ਓ.ਸੀ. ਦੇ ਨੇਤਾ ਗੁਰਦੇਵ ਸਿੰਘ ਹੇਅਰ, ਦਵਿੰਦਰਪਾਲ ਸਿੰਘ ਸਾਬ ਭੁੱਲਰ, ਬਲਦੇਵ ਸਿੰਘ ਰੰਧਾਵਾ, ਸੋਫੀਆ ਸ਼ਰਮਾ ਜਨਰਲ ਸਕੱਤਰ ਅਮਰੀਕਨ ਆਈ.ਓ.ਸੀ., ਪ੍ਰਦੀਪ ਸਮਾਲਾ ਅਤੇ ਹੋਰ ਪ੍ਰਮੁੱਖ ਭਾਰਤੀ ਪਰਵਾਸੀ ਵੀ ਸਟੇਜ ’ਤੇ ਹਾਜ਼ਰ ਸਨ।  

 

 

 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.