ਭਿ੍ਰਸ਼ਟਾਚਾਰ ਦੇ ਖਿਲਾਫ ਨੇਪਾਲ ’ਚ ਹੋ ਰਹੇ ਹਨ ਰੋਸ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਵਿਚ ਉਥੋਂ ਦੀ ਸਰਕਾਰ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ 16 ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਕਈ ਨੌਜਵਾਨ ਜ਼ਖ਼ਮੀ ਵੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨੇਪਾਲ ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ। ਭਿ੍ਰਸ਼ਟਾਚਾਰ ਖਿਲਾਫ ਹੋ ਰਹੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ 18 ਤੋਂ 30 ਸਾਲ ਦੇ ਨੌਜਵਾਨ ਕਰ ਰਹੇ ਹਨ। ਦੱਸਿਆ ਗਿਆ ਹੈ ਕਿ 12 ਹਜ਼ਾਰ ਤੋਂ ਵੀ ਜ਼ਿਆਦਾ ਨੌਜਵਾਨ ਪ੍ਰਦਰਸ਼ਨਕਾਰੀ ਅੱਜ ਸਵੇਰੇ ਸੰਸਦ ਭਵਨ ਦੇ ਵਿਹੜੇ ਵਿਚ ਦਾਖਲ ਹੋ ਗਏ ਸਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਫਾਇਰਿੰਗ ਕਰ ਦਿੱਤੀ। ਨੇਪਾਲ ਦੇ ਇਤਿਹਾਸ ਵਿਚ ਸੰਸਦ ’ਚ ਘੁਸਪੈਠ ਦਾ ਇਹ ਪਹਿਲਾ ਮਾਮਲਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੇ ਗੇਟ ਨੰਬਰ 1 ਅਤੇ 2 ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਸੰਸਦ ਭਵਨ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪੀਐਮ ਨਿਵਾਸ ਦੇ ਨੇੜਲੇ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।


