Monday, 20 April 2026

ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਕੀਤੀ ਗਈ ਦਰਜ

ਜਲੰਧਰ/ਬਿਊਰੋ ਨਿਊਜ਼

ਮਸ਼ਹੂਰ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਨੇ ਪੰਜਾਬ ਦੇ ਡੀ.ਜੀ.ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਹਨੀ ਸਿੰਘ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਲੰਧਰ ਤੋਂ ਪੰਜਾਬ ਭਾਜਪਾ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਹਾਲ ਹੀ ਵਿਚ ਰਿਲੀਜ਼ ਹੋਏ ਪੰਜਾਬੀ ਗੀਤ ‘ਨਾਗਿਨ’ ਨੂੰ ਅਸ਼ਲੀਲ ਦੱਸਿਆ ਹੈ। ਭਾਜਪਾ ਆਗੂ ਨੇ ਕਿਹਾ ਹੈ ਕਿ ਹਨੀ ਸਿੰਘ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਇਸ ਗੀਤ ਨੂੰ ਯੂ ਟਿਊਬ ਸਮੇਤ ਸਾਰੇ ਡਿਜ਼ੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ। ਡੀਜੀਪੀ ਨੂੰ ਦਿੱਤੀ ਸ਼ਿਕਾਇਤ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਗੀਤ ਅਸ਼ਲੀਲ ਨਾਚ ਅਤੇ ਇਤਰਾਜ਼ਯੋਗ ਦਿ੍ਰਸ਼ਾਂ ਨੂੰ ਦਰਸਾਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਪੰਜਾਬੀ ਸਭਿਆਚਾਰ ਦੇ ਵਿਰੁੱਧ ਹੈ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦਾ ਸਭਿਆਚਾਰ ਮਹਿਲਾਵਾਂ ਦੀ ਇੱਜ਼ਤ ਅਤੇ ਸਤਿਕਾਰ ਲਈ ਜਾਣਿਆ ਜਾਂਦਾ ਹੈ, ਪਰ ਅਜਿਹੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। 

30 ਦਸੰਬਰ ਨੂੰ 11 ਵਜੇ ਸ਼ੁਰੂ ਹੋਵੇਗਾ ਇਜਲਾਸ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਦਾ ਨਾਮ ਬਦਲਣ ਅਤੇ ਬੁਨਿਆਦੀ ਢਾਂਚੇ ਵਿਚ ਕੀਤੇ ਬਦਲਾਅ ਖਿਲਾਫ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਇਜਲਾਸ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵਿਸ਼ੇਸ਼ ਇਜਲਾਸ ਆਉਂਦੀ 30 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 

ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਵਿਚ ਗੁਰਮੁਖੀ ਵਰਣਮਾਲਾ ਲਈ ਸਮਰਪਿਤ ਪੰਨਾ ਕੀਤਾ ਜਾਵੇਗਾ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੇ ਗੁਰਮੁਖੀ ਲਿੱਪੀ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ।  ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ-ਪੁਸਤਕਾਂ ਵਿਚ ਗੁਰਮੁਖੀ ਲਿੱਪੀ ਦੀ ਵਰਣਮਾਲਾ ਦਾ ਇਕ ਪੰਨਾ ਸ਼ਾਮਲ ਕੀਤਾ ਜਾ ਰਿਹਾ ਹੈ। ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿਚ ਪਹਿਲੀ ਤੋਂ ਬਾਹਰਵੀਂ ਜਮਾਤ ਤੱਕ ਪੜ੍ਹਦੇ ਕਰੀਬ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੀ ਇਸ ਕਵਾਇਦ ਦਾ ਉਦੇਸ਼ ਗੁਰਮੁਖੀ ਲਿੱਪੀ ਪੜ੍ਹਨ ਦੀ ਸਮਰੱਥਾ ਵਿਚ ਸੁਧਾਰ ਕਰਨਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਨੂੰ ਤੇਜ਼ ਕਰਨ ਦੀ ਲੋੜ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਹੈ ਅਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਕਿਤਾਬਾਂ ਵਿਚ ਇਹ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਵੇਗੀ। 

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਵੀਰ ਬਾਲ ਦਿਵਸ’ ਨਾਂ ਉਤੇ ਸਵਾਲ ਚੁੱਕੇ ਹਨ। ਖਹਿਰਾ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਮਾਗਮ ਨੂੰ ‘ਵੀਰ ਬਾਲ ਦਿਵਸ’ ਦੇ ਨਾਂ ਨਾਲ ਸੰਬੋਧਨ ਕਰਨ ਦੇ ਫੈਸਲੇ ’ਤੇ ਸਖਤ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾਮ ਸਾਹਿਬਜ਼ਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਅਤੇ ਇਤਿਹਾਸਕ ਮਹੱਤਤਾ ਦੀ ਤੌਹੀਨ ਹੈ, ਜਿਨ੍ਹਾਂ ਨੇ ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਡਟ ਕੇ ਮੁਕਾਬਲਾ ਕੀਤਾ। ਖਹਿਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਮ ’ਤੇ ਤੁਰੰਤ ਪੁਨਰ ਵਿਚਾਰ ਕੀਤਾ ਜਾਵੇ ਅਤੇ ਐਸਾ ਨਾਮ ਅਪਣਾਇਆ ਜਾਵੇ, ਜੋ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਵਿਸ਼ਵ ਭਰ ਦੀ ਸਿੱਖ ਕੌਮ ਦੀ ਸਾਂਝੀ ਭਾਵਨਾ ਦੇ ਅਨੁਕੂਲ ਹੋਵੇ। ਖਹਿਰਾ ਨੇ ਕਿਹਾ ਕਿ ਸ਼ਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਘਟਾਉਣ ਅਤੇ ਨਿਮਾਣਾ ਕਰਨ ਦੀ ਕੋਈ ਵੀ ਕੋਸ਼ਿਸ਼ ਕਬੂਲਯੋਗ ਨਹੀਂ ਹੋਵੇਗੀ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੇਗੀ।   

 

 

 

  

ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ ਐਜ਼ੂਕੇਸ਼ਨ ਵੱਲੋਂ ਬੀ.ਐਸ.ਸੀ. ਕਲੀਨਿਕਲ ਮਨੋਵਿਗਿਆਨ (ਆਨਰਜ਼), ਐਮ.. ਕਲੀਨਿਕਲ ਮਨੋਵਿਗਿਆਨ, ਆਈ.ਐਸ.ਆਈ.ਟੀ..ਪੀ. ਸੀਨੀਅਰ ਸੈਕੰਡਰੀ ਪੱਧਰ ਦੀ ਆਈ.ਡੀ. ਅਤੇ ਐਮ.ਐੱਡ. ਸਪੈਸ਼ਲ ਐਜੂਕੇਸ਼ਨ (ਸੁਣਨ ਸ਼ਕਤੀ ਕਮਜ਼ੋਰੀ) ਸਮੇਤ ਵੱਕਾਰੀ ਪ੍ਰੋਗਰਾਮਾਂ ਲਈ ਰੀਹੈਬਲੀਟੇਸ਼ਨ ਕੌਂਸਲ ਆਫ਼ ਇੰਡੀਆ (ਆਰ.ਸੀ.ਆਈ.) ਤੋਂ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਇੱਕ ਇਤਿਹਾਸਕ ਅਕਾਦਮਿਕ ਪ੍ਰਾਪਤੀ ਲਈ ਇੱਕ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ
ਇਹ ਸਮਾਰੋਹ ਦੇਸ਼ ਭਗਤ ਯੂਨੀਵਰਸਿਟੀ ਦੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਨ ਲਈ ਆਯੋਜਿਤ ਕੀਤਾ ਗਿਆ, ਜਿਨ੍ਹਾਂ ਦੇ ਅਟੁੱਟ ਸਮਰਥਨ ਨੇ ਇਸ ਮੀਲ ਪੱਥਰ ਨੂੰ ਸੰਭਵ ਬਣਾਇਆ ਇਸ ਸਮਾਗਮ ਦੀ ਸ਼ੁਰੂਆਤ ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਮੌਜੂਦਗੀ ਵਿੱਚ ਰਿਬਨ ਕੱਟਣ ਦੀ ਰਸਮ ਨਾਲ ਹੋਈ
ਇਸ ਮੌਕੇ ਐਮਏ ਕਲੀਨਿਕਲ ਮਨੋਵਿਗਿਆਨ ਦੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪੇਸ਼ਕਾਰੀਆਂ ਨੇ ਇਸ ਮੌਕੇ ਨੂੰ ਹੋਰ ਵੀ ਰੌਚਕ ਬਣਾਇਆ
ਇਸ ਦੌਰਾਨ ਸਨਬੋਰਡ ਦਾ ਉਦਘਾਟਨ ਮੁੱਖ ਆਕਰਸ਼ਣ ਸੀ, ਜਿਸ ਨਾਲ ਨਵੇਂ ਪ੍ਰਵਾਨਿਤ ਪ੍ਰੋਗਰਾਮਾਂ ਦੀ ਅਧਿਕਾਰਤ ਸ਼ੁਰੂਆਤ ਕੀਤੀ ਗਈ ਇਹ ਪ੍ਰਾਪਤੀ ਡਾ. ਪ੍ਰੀਸ਼ੀਅਸ ਦੀ ਅਗਵਾਈ ਦਾ ਪ੍ਰਮਾਣ ਹੈ
ਇਨ੍ਹਾਂ ਪ੍ਰਵਾਨਗੀਆਂ ਦੇ ਨਾਲ, ਦੇਸ਼ ਭਗਤ ਯੂਨੀਵਰਸਿਟੀ ਮਾਣ ਨਾਲ ਪੰਜਾਬ ਦੀ ਪਹਿਲੀ ਸੰਸਥਾ ਬਣ ਗਈ ਹੈ ਜਿਸ ਨੂੰ ਇਸ ਵਿਆਪਕ ਪ੍ਰੋਗਰਾਮਾਂ ਲਈ ਆਰਸੀਆਈ ਪ੍ਰਵਾਨਗੀ ਪ੍ਰਾਪਤ ਹੋਈ ਹੈ
ਇਹ ਸਮਾਰੋਹ ਕੇਕ ਕੱਟਣ ਅਤੇ ਪਤਵੰਤਿਆਂ ਦੇ ਸਨਮਾਨ ਨਾਲ ਸਮਾਪਤ ਹੋਇਆ ਆਪਣੇ ਸੰਬੋਧਨਾਂ ਵਿੱਚ ਯੂਨੀਵਰਸਿਟੀ ਲੀਡਰਸ਼ਿਪ ਨੇ ਫੈਕਲਟੀ ਆਫ ਐਜ਼ੂਕੇਸ਼ਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਮਾਜ ਦੀ ਸੇਵਾ ਅਤੇ ਮਾਨਸਿਕ ਸਿਹਤ ਸੰਭਾਲ ਵਿੱਚ ਨਿਰੰਤਰ ਉੱਤਮਤਾ ਨੂੰ ਉਤਸ਼ਾਹਿਤ ਕੀਤਾ

ਔਨਲਾਈਨ ਫਰਾਡ ਅਤੇ ਮਾਨਸਿਕ ਪ੍ਰੇਸ਼ਾਨੀ ਵਾਲਾ ਮਿਲਿਆ ਨੋਟ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸਾਬਕਾ ਆਈ.ਪੀ.ਐਸ. ਅਧਿਕਾਰੀ ਅਮਰ ਸਿੰਘ ਚਾਹਲ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਅਮਰ ਸਿੰਘ ਚਾਹਲ ਦਾ ਪਟਿਆਲਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਇਕ ਔਨਲਾਈਨ ਫਰਾਡ ਕਾਰਨ ਹੋਏ ਆਰਥਿਕ ਨੁਕਸਾਨ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਹੈ। ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੁਰੰਤ ਅਮਰ ਸਿੰਘ ਚਾਹਲ ਦੇ ਘਰ ਪਹੁੰਚੀਆਂ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰ ਸਿੰਘ ਚਾਹਲ 2015 ਦੇ ਬਹੁ-ਚਰਚਿਤ ਫਰੀਦਕੋਟ ਗੋਲੀਕਾਂਡ ਦੇ ਮੁਲਜ਼ਮਾਂ ਵਿਚੋਂ ਵੀ ਇਕ ਹੈ ਅਤੇ ਉਸ ਸਮੇਂ ਉਹ ਡੀ.ਆਈ.ਜੀ. ਵਜੋਂ ਤਾਇਨਾਤ ਸੀ।

ਪਟਿਆਲਾ/ਬਿਊਰੋ ਨਿਊਜ਼ 

ਪੰਜਾਬ ਵਿਚ ਅੰਮਿ੍ਰਤਸਰ ਤੇ ਜਲੰਧਰ ਤੋਂ ਬਾਅਦ ਹੁਣ ਪਟਿਆਲਾ ਵਿਚ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲਾਂ ਅਤੇ ਹੋਰ ਥਾਵਾਂ ’ਤੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਤਾਂ ਤੁਰੰਤ ਹੀ ਪੁਲਿਸ ਨੇ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮਿ੍ਰਤਸਰ ਅਤੇ ਜਲੰਧਰ ਦੇ ਨਾਮੀ ਸਕੂਲਾਂ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਵੀ ਧਮਕੀ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗਾਇਕਾ ਅਮਰ ਨੂਰੀ ਨੂੰ ਵੀ ਅਜਿਹੀ ਧਮਕੀ ਮਿਲੀ ਹੈ।

ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਨਾਲ ਜੁੜਿਆ ਹੈ ਮਾਮਲਾ
ਫਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਮਾਨ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੀ ਜ਼ਮਾਨਤ ਦੀ ਖਬਰ ਸੁਣਦਿਆਂ ਹੀ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਰਦੇਵ ਸਿੰਘ ਮਾਨ ਦੇ ਭਰਾ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਮਾਨਯੋਗ ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਦੇ ਮਾਮਲੇ ਵਿਚ ਜ਼ਮਾਨਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀ.ਡੀ.ਪੀ.ਓ. ਦਫਤਰ ਵਿਖੇ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਗੋਲੀ ਚੱਲਣ ਦੇ ਮਾਮਲੇ ਵਿਚ ਨਰਦੇਵ ਸਿੰਘ ਬੌਬੀ ਮਾਨ ਅਤੇ ਉਨ੍ਹਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਨਰਦੇਵ ਸਿੰਘ ਬੌਬੀ ਮਾਨ ਕਾਫੀ ਸਮੇਂ ਤੋਂ ਜੇਲ੍ਹ ਵਿਚ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਵੀ ਇਸ ਸਮੇਂ ਜੇਲ੍ਹ ਵਿਚ ਹਨ।  

ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜਨਵਰੀ ਨੂੰ ਹੋਵੇਗੀ

ਮੁਹਾਲੀ/ਬਿਊਰੋ ਨਿਊਜ਼

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜੇਲ੍ਹ ’ਚ ਹਨ। ਮੁਹਾਲੀ ਦੀ ਅਦਾਲਤ ਵਿਚ ਇਸ ਮਾਮਲੇ ’ਤੇ ਸੁਣਵਾਈ ਹੋਈ, ਪਰ ਮਜੀਠੀਆ ਖਿਲਾਫ ਦੋਸ਼ ਤੈਅ ਨਹੀਂ ਹੋ ਸਕੇ। ਹੁਣ ਮਜੀਠੀਆ ਖਿਲਾਫ ਅਗਲੇ ਸਾਲ 2026 ਵਿਚ ਦੋਸ਼ ਤੈਅ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਅਦਾਲਤ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜਨਵਰੀ ਨੂੰ ਹੋਵੇਗੀ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਖਿਲਾਫ 22 ਅਗਸਤ ਨੂੰ ਮੁਹਾਲੀ ਅਦਾਲਤ ਵਿਚ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂੁਨ ਨੂੰ ਅੰਮਿ੍ਰਤਸਰ ਤੋਂ ਗਿ੍ਰਫਤਾਰ ਕੀਤਾ ਸੀ। ਮਜੀਠੀਆ ਖਿਲਾਫ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ।

ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਏ ਕੁਝ ਨੌਜਵਾਨ ਮਿਲੇ ਹਨ। ਇਸ ਸਬੰਧੀ ਇਕ ਵੀਡੀਓ ਗੁਰਜੀਤ ਸਿੰਘ ਔਜਲਾ ਨੇ ਸਾਂਝੀ ਕੀਤੀ ਹੈ। ਇਹ ਨੌਜਵਾਨ ਟੂਰਿਸਟ ਅਤੇ ਰੁਜ਼ਗਾਰ ਵੀਜ਼ਿਆਂ ’ਤੇ ਮਲੇਸ਼ੀਆ ਗਏ ਹੋਏ ਸਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਲੇਸ਼ੀਆ ਸਰਕਾਰ ਅਤੇ ਏਅਰਪੋਰਟ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਬਹੁਤ ਹੀ ਅਪਮਾਨਜਨਕ ਵਿਵਹਾਰ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਵਿਅਕਤੀਆਂ ਨਾਲ ਬਹੁਤ ਹੀ ਅਪਮਾਨਜਨਕ ਵਿਵਹਾਰ ਕੀਤਾ ਜਾਂਦਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ਾਂ ਦੀ ਧਰਤੀ ’ਤੇ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਨੌਜਵਾਨਾਂ ਦੀ ਸੁਰੱਖਿਆ ਅਤੇ ਹੱਕਾਂ ਲਈ ਹਮੇਸ਼ਾ ਖੜ੍ਹੇ ਰਹਾਂਗੇ। ਔਜਲਾ ਨੇ ਕਿਹਾ ਕਿ ਇਹ ਮਾਮਲਾ ਜਲਦ ਹੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ।

ਕਈ ਕਲਾਕਾਰ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ ਮੌਕੇ ਪਹੁੰਚੇ

ਜਲੰਧਰ/ਬਿਊਰੋ ਨਿਊਜ਼ 

ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਧਿਆਨ ਰਹੇ ਕਿ ਪੂਰਨ ਸ਼ਾਹਕੋਟੀ ਦਾ ਲੰਘੇ ਕੱਲ੍ਹ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਪੂਰਨ ਸ਼ਾਹਕੋਟੀ ਨੂੰ ਉਨ੍ਹਾਂ ਦੀ ਇੱਛਾ ਦੇ ਮੁਤਾਬਕ ਉਨ੍ਹਾਂ ਦੇ ਘਰ ਦੇ ਨੇੜੇ ਅੰਤਿਮ ਵਿਦਾਈ ਦਿੱਤੀ ਗਈ। ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਇਹੀ ਸੀ ਕਿ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਸ਼ਮਸ਼ਾਨ ਘਾਟ ਨਾ ਲਿਜਾਇਆ ਜਾਵੇ। ਪੂਰਨ ਸ਼ਾਹਕੋਟੀ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਤੋਂ ਇਲਾਵਾ ਕਲਾਕਾਰ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਵਿਅਕਤੀ ਵੀ ਪਹੁੰਚੇ ਹੋਏ ਸਨ। ਇਸੇ ਦੌਰਾਨ ਮਾਸਟਰ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਅਤੇ ਸਪੁਰਦ-ਏ-ਖਾਕ ਕਰਨ ਦੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ। 

ਜਲੰਧਰ/ਬਿਊਰੋ ਨਿਊਜ਼
ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 72 ਸਾਲ ਸੀ। ਮਰਹੂਮ ਉਸਤਾਦ ਪੂਰਨ ਸ਼ਾਹਕੋਟੀ ਸੂਬੇ ਦੇ ਰਾਜ ਗਾਇਕ ਹੰਸ ਰਾਜ ਹੰਸ ਦੇ ਸੰਗੀਤ ਗੁਰੂ ਸਨ। ਉਸਤਾਦ ਪੂਰਨ ਸ਼ਾਹਕੋਟੀ ਦੀ ਮੌਤ ’ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕ ਅਤੇ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸਤਾਦ ਪੂਰਨ ਸ਼ਾਹਕੋਟੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਆਦਰ ਅਤੇ ਮਾਣ ਹਾਸਲ ਸੀ। ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੌਰਾਨ ਮਾਸਟਰ ਸਲੀਮ, ਹੰਸ ਰਾਜ ਹੰਸ ਅਤੇ ਸਾਬਰਕੋਟੀ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਤਰਾਸ਼ ਕੇ ਪੰਜਾਬੀ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ। ਉਨ੍ਹਾਂ ਦੀ ਸਾਦਗੀ, ਰਿਆਜ਼ ਅਤੇ ਸੰਗੀਤ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.