Friday, 17 April 2026

ਰਾਹੁਲ ਗਾਂਧੀ ਵਲੋਂ ਸਪੀਕਰ ’ਤੇ ਵਾਅਦਾ ਖਿਲਾਫੀ ਦੇ ਇਲਜ਼ਾਮ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਿਆਸੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਭਾਰਤ-ਅਮਰੀਕਾ ਅੰਤਰਿਮ ਵਪਾਰ ਢਾਂਚੇ ’ਤੇ ਚਰਚਾ ਦੀ ਮੰਗ ਕਰ ਰਹੇ ਸਨ। ਸਦਨ ਦੀ ਕਾਰਵਾਈ ਅੱਜ ਸੋਮਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਬਾਅਦ ਤਿੰਨ ਵਾਰ ਮੁਲਤਵੀ ਕਰਨੀ ਪਈ। ਵਿਰੋਧੀ ਧਿਰਾਂ ਦੇ ਹੰਗਾਮੇ ਦੇ ਚੱਲਦਿਆਂ ਸਦਨ ਦੀ ਕਾਰਵਾਈ ਨੂੰ ਅਗਲੇ ਦਿਨ ਤੱਕ ਰੋਕ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਭਰੋਸਾ ਦਿੱਤਾ ਗਿਆ ਸੀ ਕਿ ਬਜਟ ’ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ, ਪਰ ਹੁਣ ਸਦਨ ਦੇ ਚੇਅਰਮੈਨ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ। ਉਧਰ ਦੂਜੇ ਪਾਸੇ ਰਾਜ ਸਭਾ ਵਿਚ ਵੀ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੇ ਨੂੰ ਬੋਲਣ ਦੀ ਆਗਿਆ ਨਾ ਦੇਣ ਦੇ ਮਾਮਲੇ ’ਤੇ ਰੋਸ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ।

ਕਿਹਾ : ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਰਾਹਤ, ਕਿਸਾਨਾਂ ਨੂੰ ਸਿਰਫ ਦਿਲਾਸੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵਾਤਾਵਰਨ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ਵਿਚ ਮੁੱਦਾ ਚੁੱਕਿਆ ਗਿਆ ਹੈ। ਸੀਚੇਵਾਲ ਨੇ ਕਿਹਾ ਕਿ ਬਜਟ ਵਿਚ ਨਰਿੰਦਰ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਕੜੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀ ਨੂੰ ਸਪੱਸ਼ਟ ਤੌਰ ’ਤੇ ਬੇਨਕਾਬ ਕਰਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਦੋਂ ਵੱਡੇ ਕਾਰਪੋਰੇਟ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਉਂਦੇ ਤਾਂ ਉਸ ਨੂੰ ਨੀਤੀ ਦੇ ਨਾਂਅ ’ਤੇ ‘ਰਿਟਨ-ਆਫ’ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਕਿਸਾਨ ਮੌਸਮ ਦੀ ਮਾਰ, ਫਸਲਾਂ ਦੇ ਨੁਕਸਾਨ ਅਤੇ ਘੱਟ ਸਮਰਥਨ ਮੁੱਲ ਕਾਰਨ ਕਰਜ਼ੇ ਦੇ ਬੋਝ ਹੇਠ ਦੱਬਦਾ ਹੈ, ਤਾਂ ਉਸ ਨੂੰ ਕਰਜ਼ਾ ਮੁਆਫੀ ਨਹੀਂ ਮਿਲਦੀ, ਸਗੋਂ ਸਵਾਲਾਂ ਅਤੇ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚ ਕੇਂਦਰੀ ਮੰਤਰੀ ਪੰਕਜ ਚੌਧਰੀ ਵਲੋਂ ਪੇਸ਼ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਲੈ ਕੇ 30 ਸਤੰਬਰ 2025 ਤੱਕ ਸਿਰਫ ਵੱਡੇ ਉਦਯੋਗਾਂ ਦੇ ਲਗਭਗ 7.21 ਲੱਖ ਕਰੋੜ ਰੁਪਏ ਦੇ ਕਰਜ਼ੇ ‘ਰਿਟਨ-ਆਫ’ ਕੀਤੇ ਗਏ ਹਨ। ਸੀਚੇਵਾਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਸਦੇ ਮੁਕਾਬਲੇ ਖੇਤੀਬਾੜੀ ਖੇਤਰ ਲਈ ਕਰਜ਼ਾ ਮੁਆਫੀ ਦੀ ਰਕਮ ਬਹੁਤ ਘੱਟ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ ਬੈਠਕ ਤੋਂ ਬਾਅਦ ਐਮ.ਐਸ.ਐਮ.ਈ. ਸੈਕਟਰ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਹੁਣ ਬਿਨਾ ਗਾਰੰਟੀ ਵਾਲੇ ਕਰਜ਼ੇ ਦੀ ਸੀਮਾ ਦੁੱਗਣੀ ਕਰਕੇ 20 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪਹਿਲਾਂ ਇਹ ਸੀਮਾ 10 ਲੱਖ ਰੁਪਏ ਸੀ। ਇਸ ਫੈਸਲੇ ਨਾਲ ਛੋਟੇ ਕਾਰੋਬਾਰੀਆਂ ਨੂੰ ਵਰਕਿੰਗ ਕੈਪੀਟਲ, ਮਸ਼ੀਨਰੀ ਖਰੀਦਣ ਅਤੇ ਬਿਜਨਸ ਵਧਾਉਣ ਲਈ ਅਸਾਨ ਫੰਡਿੰਗ ਮਿਲੇਗੀ। ਨਾਲ ਹੀ ਬੈਂਕਾਂ ਨੂੰ ਵੀ ਵਧੇਰੇ ਭਰੋਸੇ ਨਾਲ ਕਰਜ਼ਾ ਦੇਣ ਦਾ ਮੌਕਾ ਮਿਲੇਗਾ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਅਤੇ ਰੋਜ਼ਗਾਰ ’ਤੇ ਵੀ ਸਕਾਰਾਤਮਕ ਅਸਰ ਪਵੇਗਾ।

ਕਿਹਾ : ਸਿੱਖ ਕਦੇ ਵੀ ਗੱਦਾਰ ਨਹੀਂ ਹੋ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਭਾਜਪਾ ਸਰਕਾਰ ਵਿਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਵਲੋਂ ਰਵਨੀਤ ਸਿੰਘ ਬਿੱਟੂ ਖਿਲਾਫ ਕੀਤੀ ਗਈ ਟਿੱਪਣੀ ਦੀ ਸਖਤ ਨਿੰਦਾ ਕੀਤੀ ਹੈ। ਰਾਹੁਲ ਗਾਂਧੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਕਿਹਾ ਹੈ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਬਿੱਟੂ ਦਾ ਪੱਖ ਲੈਂਦਿਆਂ ਇਸ ਨੂੰ ਬਹੁਤ ਹੀ ਸ਼ਰਮਨਾਕ ਦੱਸਿਆ। ਸਿਰਸਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਇਕ ਸਿੱਖ ਹੈ ਅਤੇ ਸਿੱਖ ਕਦੇ ਵੀ ਗੱਦਾਰ ਨਹੀਂ ਹੋ ਸਕਦਾ। ਸਿਰਸਾ ਨੇ ਕਿਹਾ ਕਿ ਜੇ ਕੋਈ ਗੱਦਾਰ ਹੈ ਅਤੇ ਉਹ ਗਾਂਧੀ ਪਰਿਵਾਰ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਸੀ। ਮੰਤਰੀ ਸਿਰਸਾ ਨੇ ਕਿਹਾ ਕਿ ਮੈਂ ਮਾਨਯੋਗ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਰਾਹੁਲ ਗਾਂਧੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਅਤੇ ਰਾਹੁਲ ਗਾਂਧੀ ਵਿਚਾਲੇ ਹੋਈ ਤਿੱਖੀ ਬਹਿਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਸ਼ੇਅਰ ਬਜ਼ਾਰ ਵਿਚ ਐਫ ਐਂਡ ਓ ਰਾਹੀਂ ਕਮਾਈ ਕਰਨ ਵਾਲੇ ਰਿਟੇਲ ਨਿਵੇਸ਼ਕਾਂ ਲਈ ਸੇਬੀ ਨੇ ਇਕ ਮਹੱਤਵਪੂਰਨ ਨਿਯਮ ਵਿਚ ਬਦਲਾਅ ਕੀਤਾ ਹੈ। ਹੁਣ ਸਟਾਫ ਡੈਰੀਵੇਟਿਵਜ਼ ਵਿਚ ਐਕਸਪਾਇਰੀ ਵਾਲੇ ਦਿਨ ਕੈਲੰਡਰ ਸਪਰੈਡ ’ਤੇ ਮਿਲਣ ਵਾਲੀ ਮਾਰਜਿਨ ਛੋਟ ਖਤਮ ਕਰ ਦਿੱਤੀ ਜਾਵੇਗੀ। ਇਸ ਬਦਲਾਅ ਦਾ ਸਿੱਧਾ ਅਸਰ ਐਕਸਪਾਇਰੀ ਡੇਅ ਟ੍ਰੇਡਿੰਗ, ਮਾਰਕੀਟ ਦੀ ਲਿਕਵਿਡਿਟੀ ਅਤੇ ਛੋਟੇ ਟਰੇਡਰਾਂ ਦੀ ਰਣਨੀਤੀ ’ਤੇ ਪਵੇਗਾ। ਖਾਸ ਗੱਲ ਇਹ ਹੈ ਕਿ ਹੁਣ ਇਹ ਨਿਯਮ ਇੰਡਕੈਸ ਡੈਰੀਵੇਟਿਵਜ਼ ਵਰਗਾ ਬਣਾ ਦਿੱਤਾ ਗਿਆ ਹੈ ਅਤੇ ਇਹ ਤਿੰਨ ਮਹੀਨੇ ਬਾਅਦ ਲਾਗੂ ਕੀਤਾ ਜਾਵੇਗਾ। 

ਅਮਰੀਕੀ ਬਜ਼ਾਰ ਵਿਚ ਭਾਰਤ ਦੀ ਬਰਾਮਦ ਵਧਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਸਬੰਧੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸੰਸਦ ਵਿਚ ਗੱਲਬਾਤ ਕੀਤੀ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਫਰਵਰੀ 2025 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਦੋਵੇਂ ਦੇਸ਼ ਇਸ ਸਮਝੌਤੇ ਨੂੰ ਪੂਰਾ ਕਰਨ ਲਈ ਲਗਾਤਾਰ ਚਰਚਾ ਕਰ ਰਹੇ ਹਨ। ਦੋਵੇਂ ਪਾਸਿਆਂ ਦੇ ਵਾਰਤਾਕਾਰਾਂ ਨੇ ਵੱਖ-ਵੱਖ ਪੱਧਰਾਂ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਗੋਇਲ ਨੇ ਕਿਹਾ ਕਿ ਇਹ ਸਮਝੌਤਾ ਇਤਿਹਾਸਕ ਹੈ ਅਤੇ ਅਮਰੀਕੀ ਬਜ਼ਾਰ ਵਿਚ ਭਾਰਤ ਦੀ ਬਰਾਮਦ ਵਧੇਗੀ। ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਖੇਤਰ ਦੀ ਰੱਖਿਆ ਕਰਨ ਵਿਚ ਸਫਲ ਰਹੇ ਹਾਂ। ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਸਾਂਝੇਦਾਰੀ ਉਦਯੋਗਾਂ, ਛੋਟੇ ਤੇ ਵੱਡੇ ਕਾਰੋਬਾਰਾਂ ਲਈ ਲਾਭਦਾਇਕ ਸਾਬਤ ਹੋਵੇਗੀ। ਧਿਆਨ ਰਹੇ ਕਿ ਜਦੋਂ ਕੇਂਦਰੀ ਮੰਤਰੀ ਗੋਇਲ ਅਮਰੀਕਾ ਤੇ ਭਾਰਤ ਵਿਚਾਲੇ ਹੋਈ ਡੀਲ ਸਬੰਧੀ ਸੰਸਦ ’ਚ ਗੱਲ ਕਰ ਰਹੇ ਸਨ ਤਾਂ ਵਿਰੋਧੀ ਧਿਰਾਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਸੀ।

ਰੈਪੋ ਰੇਟ ਵਿਚ ਬਦਲਾਅ ਨਹੀਂ- ਕਰਜ਼ਾ ਵੀ ਮਹਿੰਗਾ ਨਹੀਂ ਹੋਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿਆਜ਼ ਦਰ 5.25 ਫੀਸਦੀ ’ਤੇ ਬਰਕਰਾਰ ਰੱਖੀ ਹੈ। ਇਸ ਵਾਰ ਰੈਪੋ ਰੇਟ ਵਿਚ ਬਦਲਾਅ ਨਹੀਂ ਕੀਤਾ ਗਿਆ ਅਤੇ ਕਰਜ਼ੇ ਵੀ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਵੀ ਨਹੀਂ ਵਧੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ 6 ਫਰਵਰੀ ਨੂੰ ਮੌਨੀਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੰਘੇ ਦਸੰਬਰ ਮਹੀਨੇ ਵਿਆਜ਼ ਦਰ 0.25 ਫੀਸਦੀ ਘਟਾ ਕੇ 5.25 ਫੀਸਦੀ ਕੀਤੀ ਸੀ। ਆਰਬੀਆਈ ਜਿਸ ਰੇਟ ’ਤੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਜਦੋਂ ਰਿਜ਼ਰਵ ਬੈਂਕ ਰੈਪੋ ਰੇਟ ਘਟਾਉਂਦਾ ਹੈ ਤਾਂ ਬੈਂਕਾਂ ਨੂੰ ਸਸਤਾ ਕਰਜ਼ਾ ਮਿਲਦਾ ਹੈ ਅਤੇ ਉਹ ਇਸ ਫਾਇਦੇ ਨੂੰ ਗ੍ਰਾਹਕਾਂ ਤੱਕ ਪਹੁੰਚਾਉਂਦੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਐਮ.ਪੀ.ਸੀ. ਦੀ ਤਿੰਨ ਦਿਨਾਂ ਸਮੀਖਿਆ ਮੀਟਿੰਗ 4 ਫਰਵਰੀ ਨੂੰ ਸ਼ੁਰੂ ਹੋ ਕੇ ਅੱਜ 6 ਫਰਵਰੀ ਤੱਕ ਚੱਲੀ ਹੈ ਅਤੇ ਇਸਦੀ ਪ੍ਰਧਾਨਗੀ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕੀਤੀ। 

ਇਕ ਦਿਨ ਵਿਚ ਹੀ 7 ਲੱਖ ਕਰੋੜ ਰੁਪਏ ਦਾ ਹੋਇਆ ਇਜ਼ਾਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੁੱਲ ਜਾਇਦਾਦ 850 ਬਿਲੀਅਨ ਡਾਲਰ (ਕਰੀਬ 77 ਲੱਖ ਕਰੋੜ ਰੁਪਏ) ਦਾ ਅੰਕੜਾ ਪਾਰ ਕਰ ਗਈ ਹੈ। ਇਕ ਦਿਨ ਵਿਚ ਮਸਕ ਦੀ ਕੁੱਲ ਜਾਇਦਾਦ ਵਿਚ 84 ਬਿਲੀਅਨ ਡਾਲਰ, ਕਰੀਬ 7 ਲੱਖ ਕਰੋੜ ਦਾ ਇਜ਼ਾਫਾ ਹੋਇਆ ਹੈ। ਫੋਰਬਸ ਦੇ ਮੁਤਾਬਕ ਮਸਕ ਹੁਣ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮਸਕ ਦੀ ਜਾਇਦਾਦ ਵਿਚ ਇਹ ਵਾਧਾ ਉਸਦੀ ਰਾਕੇਟ ਬਣਾਉਣ ਵਾਲੀ ਕੰਪਨੀ ਜ਼ਰੀਏ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਰਫ ਚਾਰ ਮਹੀਨਿਆਂ ਵਿਚ ਮਸਕ ਦੀ ਦੌਲਤ 70 ਫੀਸਦੀ ਵਧ ਗਈ ਹੈ। ਅਕਤੂਬਰ 2025 ਵਿਚ ਇਹ 500 ਬਿਲੀਅਨ ਡਾਲਰ ’ਤੇ ਪਹੁੰਚ ਗਈ ਸੀ। ਹੁਣ ਉਸਦੀ ਨੈਟਵਰਥ ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਦੀ ਜੀਡੀਪੀ ਤੋਂ ਜ਼ਿਆਦਾ ਹੈ। ਦੱਸਿਆ ਗਿਆ ਕਿ ਇਹ ਭਾਰਤ ਦੇ ਟੌਪ 40 ਸਭ ਤੋਂ ਅਮੀਰ ਵਿਅਕਤੀਆਂ ਦੀ ਕੁੱਲ ਦੌਲਤ ਤੋਂ ਵੀ ਜ਼ਿਆਦਾ ਹੈ। 

1 ਮਾਰਚ 2026 ਤੋਂ ਨਿਯਮ ਹੋ ਜਾਵੇਗਾ ਲਾਗੂ

ਸ਼ਿਮਲਾ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਣ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਆਉਂਦੀ 1 ਮਾਰਚ 2026 ਤੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੇ ਮੋਬਾਇਲ ਫੋਨ ਵਰਤਣ ’ਤੇ ਮੁਕੰਮਲ ਪਾਬੰਦੀ ਹੋਵੇਗੀ। ਸੀਐਮ ਨੇ ਇਹ ਐਲਾਨ ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਵਿਖੇ ਨੈਸ਼ਨਲ ਖੇਡਾਂ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੋਬਾਈਲ ਰੱਖਣ ਵਾਲੇ ਵਿਦਿਆਰਥੀ ਨੂੰ 500 ਰੁਪਏ ਜੁਰਮਾਨਾ ਲਾਇਆ ਜਾਵੇਗਾ ਤੇ ਮੋਬਾਈਲ ਵੀ ਜ਼ਬਤ ਕਰ ਲਿਆ ਜਾਵੇਗਾ। ਸੀਐਮ ਸੁੱਖੂ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

 

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਯਾਨੀ 4 ਫਰਵਰੀ ਨੂੰ ਫਿਰ ਵਾਧਾ ਹੋਇਆ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਅੱਜ ਸਰਾਫਾ ਬਜ਼ਾਰ ਵਿਚ 10 ਗਰਾਮ 24 ਕੈਰੇਟ ਸੋਨੇ ਦਾ ਭਾਅ 6,629 ਰੁਪਏ ਵਧ ਕੇ 1 ਲੱਖ 58 ਹਜ਼ਾਰ 158 ਰੁਪਏ ਹੋ ਗਿਆ ਹੈ।  ਇਸੇ ਤਰ੍ਹਾਂ ਚਾਂਦੀ ਦੀ ਕੀਮਤ ਅੱਜ 9573 ਰੁਪਏ ਵਧ ਕੇ 2 ਲੱਖ 73 ਹਜ਼ਾਰ 538 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਕੁਝ ਗਿਰਾਵਟ ਆਈ ਸੀ ਅਤੇ ਹੁਣ ਫਿਰ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਖੁਦਕੁਸ਼ੀ ਕਰਨ ਵਾਲੀਆਂ ਇਹ ਤਿੰਨ ਭੈਣਾਂ ਕੋਰੀਅਨ ਪੌਪ ਸਭਿਆਚਾਰ ਤੋਂ ਸਨ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਲੰਘੇ ਕੱਲ੍ਹ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲਿਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਕੋਰੀਅਨ ਨਾਂ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਖਾਤਾ ਬਣਾਇਆ ਹੋਇਆ ਸੀ, ਜਿਨ੍ਹਾਂ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੋਂ ਭੈਣਾਂ ਸਾਂਝੇ ਤੌਰ ’ਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀਆਂ ਸਨ, ਜਿੱਥੇ ਉਹ ਆਪਣੀ ਪਛਾਣ ਕੋਰੀਆਈ ਨਾਵਾਂ ਨਾਲ ਕਰਦੀਆਂ ਸਨ ਅਤੇ ਨਿਯਮਿਤ ਤੌਰ ’ਤੇ ਕੋਰੀਆਈ ਨਾਟਕਾਂ, ਸੰਗੀਤ ਅਤੇ ਫੈਸ਼ਨ ਤੋਂ ਪ੍ਰੇਰਿਤ ਸਮੱਗਰੀ ਪੋਸਟ ਕਰਦੀਆਂ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਲੜਕੀਆਂ ਦੇ ਮਾਪਿਆਂ ਨੇ ਜਦੋਂ ਇਨ੍ਹਾਂ ਨੂੰ ਫੋਨ ਚਲਾਉਣ ਤੋਂ ਰੋਕਿਆ ਤਾਂ ਇਨ੍ਹਾਂ ਨੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ।  

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਕ ਕੋਰੀਅਨ ਗੇਮ ਖੇਡਣ ਤੋਂ ਰੋਕਣ ਕਾਰਨ ਤਿੰਨ ਨਾਬਾਲਗ ਭੈਣਾਂ ਨੇ ਆਪਣੀ ਅਪਾਰਟਮੈਂਟ ਇਮਾਰਤ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮੰਦਭਾਗੀ ਘਟਨਾ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ ‘ਭਾਰਤ ਸਿਟੀ’ ਵਿਚ ਵਾਪਰੀ ਹੈ। ਪੁਲਿਸ ਦੇ ਮੁਤਾਬਕ ਇਹ ਕਦਮ 3 ਨਾਬਾਲਗ ਭੈਣਾਂ ਨੇ ਮਾਪਿਆਂ ਵਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ ਗੇਮਿੰਗ ਆਦਤਾਂ ’ਤੇ ਇਤਰਾਜ਼ ਕਰਨ ਤੋਂ ਬਾਅਦ ਚੁੱਕਿਆ। ਮਿ੍ਰਤਕਾਂ ਦੀ ਪਹਿਚਾਣ 12 ਸਾਲਾਂ ਦੀ ਪਾਖੀ, 14 ਸਾਲਾਂ ਦੀ ਪ੍ਰਾਚੀ ਅਤੇ 16 ਸਾਲਾਂ ਦੀ ਵਿਸ਼ਿਕਾ ਵਜੋਂ ਹੋਈ ਹੈ। ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਇਹ ਲੜਕੀਆਂ ਕੋਵਿਡ ਮਹਾਮਾਰੀ ਦੌਰਾਨ ਆਨਲਾਈਨ ਗੇਮਿੰਗ ਦੀਆਂ ਆਦੀ ਹੋ ਗਈਆਂ ਸਨ ਅਤੇ ਆਨਲਾਈਨ ਟਾਸਕ-ਅਧਾਰਿਤ ‘ਕੋਰੀਅਨ ਲਵ ਗੇਮ’ ਖੇਡ ਰਹੀਆਂ ਸਨ। ਦੱਸਿਆ ਗਿਆ ਹੈ ਕਿ ਇਨ੍ਹਾਂ ਲੜਕੀਆਂ ਨੇ ਸਕੂਲ ਜਾਣਾ ਵੀ ਛੱਡ ਦਿੱਤਾ ਸੀ ਅਤੇ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.