Sunday, 19 April 2026

ਸੰਜੀਵ ਅਰੋੜਾ ਦੀ ਥਾਂ ਰਾਜ ਸਭਾ ਮੈਂਬਰ ਬਣੇ ਹਨ ਗੁਪਤਾ
ਚੰਡੀਗੜ੍ਹ/ਬਿਊਰੋ ਨਿਊਜ਼
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਪੰਜਾਬ ’ਚ ਖਾਲੀ ਹੋਈ ਰਾਜ ਸਭਾ ਸੀਟ ਲਈ ਮੈਂਬਰ ਚੁਣਿਆ ਗਿਆ ਹੈ। ਰਾਜ ਸਭਾ ਦੀ ਚੋਣ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਚੋਣ ਬਿਨਾ ਵਿਰੋਧ ਹੀ ਹੋ ਗਈ ਹੈ। ਰਾਜਿੰਦਰ ਗੁਪਤਾ ਨੇ ਆਮ ਆਦਮੀ ਪਾਰਟੀ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਹਾਲਾਂਕਿ ਇਕ ਅਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਵਲੋਂ ਵੀ ਨਾਮਜ਼ਦਗੀ ਦਾਖਲ ਕੀਤੀ ਗਈ ਸੀ, ਪਰ ਉਸਦੀ ਨਾਮਜ਼ਦਗੀ ਰੱਦ ਹੋ ਗਈ ਸੀ। ਧਿਆਨ ਰਹੇ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲੜੀ ਸੀ ਅਤੇ ਉਨ੍ਹਾਂ ਨੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਚੱਲਦਿਆਂ ਇਸ ਖਾਲੀ ਹੋਈ ਰਾਜ ਸਭਾ ਸੀਟ ਲਈ ਆਮ ਆਦਮੀ ਪਾਰਟੀ ਨੇ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਸੀ।

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮਜੀਠੀਆ ਹਨ ਜੇਲ੍ਹ ’ਚ

ਚੰਡੀਗੜ੍ਹ/ਬਿਊਰੋ ਨਿਊਜ਼   

ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਜੇ ਤੱਕ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਰਾਹਤ ਨਹੀਂ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿਚ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਹੈ ਅਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਨੇ ਦੁਬਾਰਾ ਹੋਰ ਸਮਾਂ ਮੰਗਿਆ ਹੈ। ਇਸੇ ਦੌਰਾਨ ਅਦਾਲਤ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਇਸ ਲਈ ਹੋਰ ਦਲੀਲਾਂ ਬੇਲੋੜੀਆਂ ਹਨ। ਹੁਣ ਇਸ ਮਾਮਲੇ ਵਿਚ ਅੰਤਿਮ ਦਲੀਲਾਂ 29 ਅਕਤੂਬਰ ਨੂੰ ਹੋਣਗੀਆਂ। ਇਸੇ ਦੌਰਾਨ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ। ਉਨ੍ਹਾਂ ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਵੇਂ ਪੱਧਰ ਦੀ ਰਾਜਨੀਤੀ ਦੱਸਿਆ ਹੈ। 

ਸਬਸਿਡੀ ਵਾਲੀ ਖਾਦ ਨਾਲ ਮਹਿੰਗੇ ਬੂਸਟਰ ਵੇਚਣ ਦਾ ਮਾਮਲਾ ਚੁੱਕਿਆ

ਰੂਪਨਗਰ/ਬਿਊਰੋ ਨਿਊਜ਼ 

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਨਾਲ ਹੋ ਰਹੇ ਸ਼ੋਸ਼ਣ ਦਾ ਮਾਮਲਾ ਚੁੱਕਿਆ ਹੈ। ਕੰਗ ਨੇ ਨਰਿੰਦਰ ਮੋਦੀ ਸਰਕਾਰ ਨੂੰ ਇਕ ਚਿੱਠੀ ਲਿਖੀ ਹੈ ਅਤੇ ਇਸ ਚਿੱਠੀ ਵਿਚ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਵਾਲੀ ਖਾਦ ਦੇ ਨਾਲ ਮਹਿੰਗੇ ਬੂਸਟਰ ਖਰੀਦਣ ਲਈ ਮਜਬੂਰ ਕੀਤੇ ਜਾਣ ਦਾ ਮੁੱਦਾ ਚੁੱਕਿਆ ਹੈ। ਮਾਲਵਿੰਦਰ ਸਿੰਘ ਕੰਗ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਅਜਿਹੇ ਬੂਸਟਰ ਖਰੀਦਣ ਨਾਲ ਕਿਸਾਨਾਂ ਨੂੰ ਲਾਭ ਦੀ ਥਾਂ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਅਜਿਹੀ ਧੱਕੇਸ਼ਾਹੀ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਨਿਗਰਾਨੀ ਦੀ ਲੋੜ ਹੈ। ਕੰਗ ਨੇ ਕਿਹਾ ਕਿ ਕਿਸਾਨਾਂ ਨੂੰ ਖਾਦ ਦੇ ਨਾਲ-ਨਾਲ ਜਬਰੀ ਅਜਿਹੇ ਬੂਸਟਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਦੀ ਜਿੱਤ ਤੈਅ

ਚੰਡੀਗੜ੍ਹ/ਬਿਊਰੋ ਨਿਊਜ਼ 

ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਨਾਮਜ਼ਦਗੀ ਭਰਨ ਵਾਲੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਚਤੁਰਵੇਦੀ ਦੀ ਨਾਮਜ਼ਦਗੀ ਰੱਦ ਹੋਣ ਨਾਲ 24 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਹੁਣ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਮਧੂ ਹੀ ਰਹਿ ਗਏ ਹਨ। ਮਧੂ ਵਲੋਂ ਵੀ ਭਲਕੇ ਆਪਣੀ ਨਾਮਜ਼ਦਗੀ ਵਾਪਸ ਲਏ ਜਾਣ ਦੀ ਉਮੀਦ ਹੈ। ਇਸਦੇ ਚੱਲਦਿਆਂ ‘ਆਪ’ ਉਮੀਦਵਾਰ ਰਾਜਿੰਦਰ ਗੁਪਤਾ ਦੀ ਜਿੱਤ ਤੈਅ ਹੈ। ਦੱਸਣਯੋਗ ਹੈ ਕਿ ਨਵਨੀਤ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰਾਂ ਨਾਲ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਵੀ ਦਾਖਲ ਕੀਤਾ ਸੀ। ਉਧਰ ਦੂਜੇ ਪਾਸੇ ਇਨ੍ਹਾਂ 10 ਵਿਧਾਇਕਾਂ ਨੇ ਅਜਿਹੀ ਕਿਸੇ ਵੀ ਹਮਾਇਤ ਤੋਂ ਇਨਕਾਰ ਕੀਤਾ ਸੀ ਅਤੇ ਪੱਤਰ ਵਿਚ ਕੀਤੇ ਗਏ ਦਸਤਖਤਾਂ ਨੂੰ ਜਾਅਲੀ ਦੱਸਿਆ ਸੀ। ਇਨ੍ਹਾਂ 10 ਵਿਧਾਇਕਾਂ ਨੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। 

ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਦੌਰੇ ’ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫਲੇ ਨਾਲ ਹਾਦਸਾ ਵਾਪਰ ਗਿਆ। ਦੱਸਿਆ ਗਿਆ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਕਸਬਾ ਕਲਾਨੌਰ ਦੇ ਨੇੜੇ ਹਰਭਜਨ ਸਿੰਘ ਈਟੀਓ ਦੇ ਕਾਫਲੇ ਦੀ ਪਾਇਲਟ ਗੱਡੀ ਨਾਲ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਟੱਕਰ ਹੋ ਗਈ। ਇਸ ਸੜਕ ਹਾਦਸੇ ’ਚ ਚਾਰ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ ਅਤੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਸੇ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਖੁਦ ਜ਼ਖ਼ਮੀਆਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

ਕਿਹਾ : ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਕੀਤੀ ਮੇਰੀ ਹਮਾਇਤ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚੋਂ ਰਾਜ ਸਭਾ ਦੀ ਇਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ  ਨੇ ਇਕ ਵੱਡਾ ਦਾਅਵਾ ਕਰ ਦਿੱਤਾ ਹੈ। ਚਤੁਰਵੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਬਕਾਇਦਾ ਉਸਦੇ ਨਾਮ ਦੀ ਤਾਈਦ ਕੀਤੀ ਹੈ। ਚਤੁਰਵੇਦੀ ਨੇ ਨਾਮਜ਼ਦਗੀ ਪੱਤਰ ਦੇ ਨਾਲ ‘ਆਪ’ ਦੇ 10 ਵਿਧਾਇਕਾਂ ਦੀ ਤਾਈਦ ਵਾਲਾ ਦਸਤਾਵੇਜ਼ ਵੀ ਵਿਧਾਨ ਸਭਾ ਦੇ ਸਕੱਤਰੇਤ ਨੂੰ ਸੌਂਪਿਆ ਹੈ। ਇਨ੍ਹਾਂ 10 ਵਿਧਾਇਕਾਂ ਵਿਚ  ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਸਿੰਘ ਭੁੱਲਰ ਅਤੇ ਗੁਰਲਾਲ ਸਿੰਘ ਘਨੌਰ ਸ਼ਾਮਲ ਹਨ। ਇਸੇ ਤਰ੍ਹਾਂ ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਵੀ ਇਨ੍ਹਾਂ ਵਿਧਾਇਕਾਂ ਵਿਚ ਸ਼ਾਮਲ ਦੱਸੇ ਗਏ ਹਨ। ਉਧਰ ਦੂਜੇ ਪਾਸੇ ਇਨ੍ਹਾਂ ਵਿਧਾਇਕਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦੇ ਨਾਮ ਦੀ ਤਾਈਦ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦੇ ਜਾਅਲੀ ਦਸਤਖਤ ਕੀਤੇ ਗਏ ਹਨ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਇਕ ਰਾਜ ਸਭਾ ਸੀਟ ਲਈ ਰਾਜਿੰਦਰ ਗੁਪਤਾ ਨੂੰ ਬਣਾਇਆ ਹੈ ਉਮੀਦਵਾਰ।  

 

ਅਕਾਲੀ ਦਲ ਦੀ ਉਮੀਦਵਾਰ ਪਿ੍ਰੰਸੀਪਲ ਸੁਖਵਿੰਦਰ ਕੌਰ ਨੇ ਵੀ ਭਰੀ ਨਾਮਜ਼ਦਗੀ
ਤਰਨਤਾਰਨ/ਬਿਊਰੋ ਨਿਊਜ਼  
ਵਿਧਾਨ ਸਭਾ ਹਲਕਾ ਤਰਨਤਾਰਨ ਲਈ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਗੁਰਮੀਤ ਸਿੰਘ ਕੋਲ ਦਾਖਲ ਕਰਾ ਦਿੱਤੇ ਹਨ। ਇਸ ਮੌਕੇ ਕਰਨਵੀਰ ਸਿੰਘ ਬੁਰਜ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਈ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ। ਇਸ ਮੌਕੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਹੀ ਜਿੱਤੇਗੀ ਅਤੇ 2027 ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸੇ ਦੌਰਾਨ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਕਿਹਾ ਕਿ ਉਹ ਹਰ ਦਰਵਾਜ਼ੇ ਤੱਕ ਜਾ ਕੇ ਵੋਟ ਦੀ ਮੰਗ ਕਰਨਗੇ ਅਤੇ ਇਹ ਜ਼ਿਮਨੀ ਚੋਣ ਜਿੱਤਣਗੇ। ਇਸ ਮੌਕੇ ਹਾਜ਼ਰ ਕਾਂਗਰਸੀ ਆਗੂੁਆਂ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਵੀ ਕੀਤੀ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪਿ੍ਰੰਸੀਪਲ ਸੁਖਵਿੰਦਰ ਕੌਰ ਨੇ ਵੀ ਤਰਨਤਾਰਨ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾ ਦਿੱਤੇ ਹਨ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਈ ਅਕਾਲੀ ਆਗੂ ਹਾਜ਼ਰ ਰਹੇ।  

ਅੰਮਿ੍ਰਤਸਰ/ਬਿਊਰੋ ਨਿਊਜ਼

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਕਿ੍ਰਕਟਰ ਨਵਜੋਤ ਸਿੰਘ ਸਿੱਧੂ ਉੱਤੇ ਵਿਅੰਗ ਕਸਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਘੁੰਮਦਾ ਰਹਿੰਦਾ ਹੈ। ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਦੌਰਾਨ ਕਾਂਗਰਸੀਆਂ ਤੇ ਹੋਰਨਾਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ ਕਿ ਹੁਣ ਨਵਜੋਤ ਸਿੱਧੂ ਵੀ ਸਿਆਸੀ ਦਿ੍ਰਸ਼ ਵਿੱਚ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਿਆਹ ਵਾਲਾ ਅਜਿਹਾ ਸੂਟ ਹੈ ਜੋ ਬਿਨਾਂ ਖੋਲ੍ਹਿਆਂ ਹੀ, ਕਿਸੇ ਨੂੰ ਅਗਾਂਹ ਅਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਹੈ। ਸੀਐਮ ਨੇ ਕਿਹਾ ਕਿ ਕਾਂਗਰਸ ਨੇ ਇਹ ਲਿਫਾਫਾ ਖੋਲ੍ਹ ਲਿਆ ਹੈ ਅਤੇ ਹੁਣ ਉਹ ਨਾ ਤਾਂ ਇਸ ਸੂਟ ਨੂੰ ਲਿਫਾਫੇ ਵਿੱਚ ਰੱਖ ਸਕਦੀ ਹੈ ਅਤੇ ਨਾ ਹੀ ਬਾਹਰ ਕੱਢ ਸਕਦੀ ਹੈ।

ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਹੋਈ ਆਹਮੋ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਚੋਣ ਲਈ ਧੋਖਾਧੜੀ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਈ ਸੀ। ਇਸ ਦੌਰਾਨ ਪੰਜਾਬ ਪੁਲਿਸ ਨੇ ਹੁਣ ਚਤੁਰਵੇਦੀ ਦੀ ਹਿਰਾਸਤ ਲਈ ਚੰਡੀਗੜ੍ਹ ਪੁਲਿਸ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਨਵਨੀਤ ਚਤੁਰਵੇਦੀ ਇਸ ਵੇਲੇ ਚੰਡੀਗੜ੍ਹ ਪੁਲਿਸ ਦੀ ਹਿਰਾਸਤ ’ਚ ਹੈ, ਜਦੋਂ ਕਿ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 3 ਦੇ ਪੁਲਿਸ ਥਾਣੇ ਦੇ ਬਾਹਰ ਡੇਰਾ ਲਗਾਇਆ ਹੋਇਆ ਹੈ। ਪੰਜਾਬ ਪੁਲਿਸ ਨੇ ਹਾਈਕੋਰਟ ਵਿਚ ਤਰਕ ਦਿੱਤਾ ਹੈ ਕਿ ਨਵਨੀਤ ਦੇ ਖਿਲਾਫ ਰੋਪੜ ਵਿਚ ਵਿਧਾਇਕਾਂ ਦੇ ਫਰਜ਼ੀ ਦਸਤਖਤ ਦਾ ਕੇਸ ਦਰਜ ਹੈ। ਉਥੇ ਹੀ ਨਵਨੀਤ ਚਤੁਰਵੇਦੀ ਨੇ ਵੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰਨਾ ਹੈ ਤਾਂ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਧਿਆਨ ਰਹੇ ਕਿ ਨਵਨੀਤ ਚਤੁਰਵੇਦੀ ਨੇ ਪੰਜਾਬ ਵਿਚ ਖਾਲੀ ਹੋਈ ਰਾਜ ਸਭਾ ਦੀ ਸੀਟ ਲਈ ਨਾਮਜ਼ਦਗੀ ਭਰੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਸ ਨੂੰ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਉਸ ਨੇ ‘ਆਪ’ ਦੇ 10 ਵਿਧਾਇਕਾਂ ਦੇ ਦਸਤਖਤ ਵੀ ਦਿਖਾਏ ਸਨ। ਹਾਲਾਂਕਿ ਵਿਧਾਇਕਾਂ ਨੇ ਇਨ੍ਹਾਂ ਦਸਤਖਤਾਂ ਨੂੰ ਫਰਜ਼ੀ ਦੱਸਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਚਤੁਰਵੇਦੀ ਦੇ ਰਾਜ ਸਭਾ ਲਈ ਕਾਗਜ਼ ਵੀ ਰੱਦ ਹੋ ਗਏ ਸਨ।  

 

 

20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਗਿਆ ਮੁਆਵਜ਼ਾ

ਅਜਨਾਲਾ/ਬਿਊਰੋ ਨਿਊਜ਼   

ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਅੱਜ ਸੋਮਵਾਰ ਨੂੰ ਸਰਕਾਰ ਵੱਲੋਂ ਅੰਮਿ੍ਰਤਸਰ ਜ਼ਿਲ੍ਹੇ ਵਿਚ ਪੈਂਦੇ ਅਜਨਾਲਾ ਹਲਕੇ ਤੋਂ ਸ਼ੁਰੂ ਕੀਤਾ ਗਿਆ ਹੈ। ਇੱਥੇ 52 ਪਿੰਡਾਂ ਦੇ ਵਿਅਕਤੀਆਂ ਨੂੰ 5 ਕਰੋੜ, 70 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ ਹੈ, ਜਿਸ ਵਿੱਚ ਘਰਾਂ, ਫਸਲਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸ਼ਾਮਲ ਹੈ। ਇੱਥੇ ਭਲਾ ਪਿੰਡ ਨੇੜੇ ਸ਼ੂਗਰ ਮਿਲ ਵਿੱਚ ਕੀਤੇ ਗਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਨਾਲਾ ਹਲਕੇ ਦੇ ਕਰੀਬ 52 ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਨੁਕਸਾਨੀਆਂ ਗਈਆਂ ਫਸਲਾਂ ਲਈ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ। ਇਹ ਮੁਆਵਜ਼ਾ ਰਾਸ਼ੀ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਤਬਦੀਲ ਕਰ ਦਿੱਤੀ ਗਈ ਹੈ ਅਤੇ ਵਧੇਰੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਇਹ ਮੁਆਵਜ਼ਾ ਰਕਮ ਮਿਲ ਗਈ ਹੈ।

ਬਲਵਿੰਦਰ ਸਿੰਘ ਭੂੰਦੜ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਲਿਆ ਨਿਸ਼ਾਨੇ ’ਤੇ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼   

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿੱਚ ਪੰਜਾਬ ਦੀ ਹਿੱਸੇਦਾਰੀ ਲਗਾਤਾਰ ਘਟਾਉਣ ’ਤੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਹੱਕ ਖੋਹੇ ਜਾ ਰਹੇ ਹਨ। ਭੂੰਦੜ ਨੇ ਇਲਜ਼ਾਮ ਲਗਾਇਆ ਕਿ ਹੁਣ ਕੇਂਦਰ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਬੀਬੀਐੱਮਬੀ ਵਿੱਚ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬ ਲਈ ਇਕ ਹੋਰ ਝਟਕਾ ਹੈ। ਅਕਾਲੀ ਆਗੂ ਨੇ ਇਸ ਮਾਮਲੇ ’ਤੇ ਸੂਬਾ ਸਰਕਾਰ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਆਉਂਦੀ 3 ਨਵੰਬਰ ਨੂੰ ਐਸਜੀਪੀਸੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ, ਜਿਸ ਵਿਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਵੇਗੀ। ਇਹ ਜਾਣਕਾਰੀ ਸ਼ੋ੍ਰਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਅੱਜ ਅੰਮਿ੍ਰਤਸਰ ’ਚ ਇਕੱਤਰਤਾ ਹੋਈ ਹੈ, ਜਿਸ ਵਿਚ ਪ੍ਰਧਾਨ ਦੀ ਚੋਣ ਸਣੇ ਹੋਰ ਵੀ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਇਕੱਤਰਤਾ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ। ਧਾਮੀ ਨੇ ਦੱਸਿਆ ਕਿ ਆਉਂਦੀ 3 ਨਵੰਬਰ ਨੂੰ ਸ਼ੋ੍ਰਮਣੀ ਕਮੇਟੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ, ਜਿਸ ਵਿਚ ਐਸਜੀਪੀਸੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤਿ੍ਰੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਹੋਰ ਵੀ ਮੁੱਦਿਆਂ ਸਬੰਧੀ ਵੱਡੇ ਫੈਸਲੇ ਲਏ ਜਾ ਸਕਦੇ ਹਨ।   

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.