Saturday, 18 April 2026

 

 

ਪੰਜਾਬ ਦਾ ਹਰ ਕਿਸਾਨ ਪਰਿਵਾਰ 2 ਲੱਖ ਰੁਪਏ ਤੋਂ ਵੱਧ ਦਾ ਕਰਜ਼ਈ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਹਰੇਕ ਕਿਸਾਨ ਪਰਿਵਾਰ ਦੇ ਸਿਰ ਉੱਤੇ 2 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਖੇਤੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਸੰਸਦ ਮੈਂਬਰ ਰਚਨਾ ਬੈਨਰਜੀ ਵੱਲੋਂ ਪੁੱਛੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦਿੱਤੀ। ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਹਰਿਆਣਾ ਵਿੱਚ ਹਰੇਕ ਕਿਸਾਨ ਪਰਿਵਾਰ ਸਿਰ ਔਸਤਨ 1.83 ਲੱਖ ਰੁਪਏ ਦਾ ਕਰਜ਼ਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਹ ਕਰਜ਼ 85,825 ਰੁਪਏ ਅਤੇ ਜੰਮੂ ਕਸ਼ਮੀਰ ਵਿੱਚ 30,435 ਰੁਪਏ ਹੈ। ਕੌਮੀ ਪੱਧਰ ’ਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦੀ ਔਸਤ 74,121 ਰੁਪਏ ਹੈ। ਸੰਸਦ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡਿਜੀਟਲ ਖੇਤੀਬਾੜੀ ਮਿਸ਼ਨ ਤਹਿਤ 2 ਕਰੋੜ ਤੋਂ ਵੱਧ ਕਿਸਾਨ ਪਛਾਣ ਪੱਤਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਫਸਲਾਂ ’ਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵਲੋਂ ਸਰਕਾਰ ਕੋਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਅਤੇ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। 

ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ਵਿਚ ਹਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਦੱਸਦੀਆਂ ਹਨ ਕਿ ਕੇਜਰਵਾਲ, ਭਗਵੰਤ ਮਾਨ ਨੂੰ ਅਯੋਗ ਦੱਸ ਕੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਦੇ ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਚੋਣ ਜਿੱਤਣ ਵਾਲੇ ਸਿਰਸਾ ਨੇ ਭਗਵੰਤ ਮਾਨ ਨੂੰ ਅਜਿਹਾ ਕੁਝ ਵਾਪਰਨ ਤੋਂ ਪਹਿਲਾਂ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਵਿਅਕਤੀ ਨਹੀਂ ਚਾਹੁੰਦੇ ਜਿਸ ਨੇ ਦਿੱਲੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਹੋਰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਕੇਜਰੀਵਾਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।   

ਕਿਸਾਨ ਜਥੇਬੰਦੀਆਂ ਵਿਚਕਾਰ ਏਕੇ ਦਾ ਫੈਸਲਾ ਟਲਿਆ

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫਦ ਵਿਚਕਾਰ ਲੰਬੀ ਵਿਚਾਰ ਚਰਚਾ ਹੋਈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਹੈ ਪਰ ਇੱਕਜੁੱਟਤਾ ਦਾ ਫੈਸਲਾ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅੱਜ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਇਆ ਅਤੇ ਜਲਦ ਹੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਜਿਸ ਤੋਂ ਬਾਅਦ ਅਗਲੀ ਰਣਨੀਤੀ ਤੇ ਅਗਲੇ ਸੰਘਰਸ਼ ਦਾ ਐਲਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਦੇ ਰਹੀ ਹੈ, ਜਿਸ ਕਰਕੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਬਾਰਡਰਾਂ ਉੱਤੇ ਅੰਦੋਲਨ ਕਰ ਰਹੇ ਹਨ। 

11 ਨੂੰ ਰਤਨਪੁਰਾ, 12 ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਹੋਣਗੇ ਇਕੱਠ

ਰਾਜਪੁਰਾ/ਬਿਊਰੋ ਨਿਊਜ਼  

ਸ਼ੰਭੂ ਬੈਰੀਅਰ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਵਲੋਂ ਲਾਏ ਮੋਰਚੇ ਨੂੰ ਲੱਗਿਆਂ 13 ਫਰਵਰੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਇਸ ਲਈ 11 ਫਰਵਰੀ ਨੂੰ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਵੱਡੇ ਇਕੱਠ ਕੀਤੇ ਜਾਣਗੇ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਇਨ੍ਹਾਂ ਮੋਰਚਿਆਂ ਵਿਚ ਪੁੱਜਣ ਦੀ ਅਪੀਲ ਕੀਤੀ ਹੈ। ਪੰਧੇਰ ਨੇ ਅਮਰੀਕਾ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਲੀਲ ਭਰੇ ਤਰੀਕੇ ਨਾਲ ਭੇਜਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਮੋਰਚਾ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੇ ਮਤਭੇਦ ਹਨ ਤਾਂ ਉਸ ਲਈ ਇਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪੱਤਰ ਵਿਚ ਲਿਖਿਆ ਗਿਆ ਹੈ ਕਿ ਐਸ.ਕੇ.ਐਮ. ਸਾਫ ਕਰੇ ਕਿ ਕਿਨ੍ਹਾਂ ਮੰਗਾਂ ਦੇ ਉੱਪਰ ਸਹਿਮਤੀ ਕੀਤੀ ਜਾਣੀ ਹੈ। 

ਪੰਜਾਬ ਨੂੰ ਮਾਡਲ ਸੂਬਾ ਬਣਾ ਕੇ ਦੇਸ਼ ਸਾਹਮਣੇ ਰੱਖਾਂਗੇ : ਭਗਵੰਤ ਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਚੇਅਰਮੈਨਾਂ ਨਾਲ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ। ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਕੇਜਰੀਵਾਲ ਨੇ ਇਹ ਮੀਟਿੰਗ ਸੱਦੀ ਸੀ। ਕੇਜਰੀਵਾਲ ਨੇ ਦਿੱਲੀ ਚੋਣਾਂ ਵਿਚ ਕੰਮ ਕਰਨ ਵਾਲੇ ਆਮ ਆਦਮੀ ਪਾਰਟੀ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਵੀ ਕੀਤਾ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕੀਤਾ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਿੱਲੀ ਵਿਚ ਬਹੁਤ ਉਸਾਰੂ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਬਹੁਤ ਮਿਹਨਤ ਕੀਤੀ ਅਤੇ ਹੁਣ ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ। ਉਨ੍ਹਾਂ ਕਿਹਾ ਕਿ ਹਾਰ -ਜਿੱਤ ਤਾਂ ਬਣੀ ਰਹਿੰਦੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਬਹੁਤ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਮਾਡਲ ਸੂਬਾ ਬਣਾ ਕੇ ਦੇਸ਼ ਦੇ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਉਹ ਸਾਡੇ ਸਿਰ ਮੱਥੇ ਹੈ।    

 

ਆਰਟ ਦੇ ਖੇਤਰ ਵਿਚ ਕਈ ਇਨਾਮ ਜਿੱਤੇ ਸਨ ਜਰਨੈਲ ਆਰਟਿਸਟ ਨੇ

ਚੰਡੀਗੜ੍ਹ/ਬਿਊਰੋ ਨਿਊਜ਼ 

ਦੁਨੀਆ ਭਰ ਦੇ ਪੰਜਾਬੀਆਂ ਲਈ ਬੇਹੱਦ ਸੋਗ ਦੀ ਖਬਰ ਹੈ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਏ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਜਰਨੈਲ ਸਿੰਘ ਚਿੱਤਰਕਾਰ ਦਾ ਜਨਮ ਜ਼ੀਰਾ ਵਿੱਚ 12 ਜੂਨ 1956 ਨੂੰ ਕਿਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਪਾਸ ਕੀਤੀ ਸੀ।  1975 ਤੋਂ ਉਹ ਪੰਜਾਬ ਕਲਾ ਅਕੈਡਮੀ ਵੱਲੋਂ ਲਗਾਈਆਂ ਜਾਂਦੀਆਂ ਸਲਾਨਾ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲੱਗੇ  ਅਤੇ 1979 ਤੇ 1980 ਵਿੱਚ ਉਨ੍ਹਾਂ ਨੇ ਪੰਜਾਬ ਲਲਿਤ ਅਕੈਡਮੀ ਦੇ ਕਈ ਇਨਾਮ ਜਿੱਤੇ। 

ਪੰਜਾਬ ਪੁਲਿਸ ਵੱਲੋਂ 8 ਟਰੈਵਲ ਏਜੰਟਾਂ ਖਿਲਾਫ ਕੇਸ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਪੁਲਿਸ ਨੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਵਾਲੇ ਗੈਰਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਅਤੇ ਮਨੁੱਖੀ ਤਸਕਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 8 ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕੀਤੇ ਹਨ। ਇਹ ਕੇਸ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕੀਤੇ ਗਏ ਹਨ। ਇਸ ਸਬੰਧੀ ਦੋ ਕੇਸ ਜ਼ਿਲ੍ਹਾ ਪੁਲਿਸ ਜਦੋਂਕਿ 6 ਕੇਸ ਐੱਨਆਰਆਈ ਵਿੰਗ ਨੇ ਦਰਜ ਕੀਤੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ 104 ਭਾਰਤੀ ਨੌਜਵਾਨਾਂ ਨੂੰ ਪਿਛਲੇ ਦਿਨੀਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ ਅਤੇ ਇਨ੍ਹਾਂ ਡਿਪੋਰਟ ਹੋਏ ਨੌਜਵਾਨਾਂ ਵਿਚ ਕਈ ਨੌਜਵਾਨ ਪੰਜਾਬ ਦੇ ਵੀ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਰਕਾਨੂੰਨੀ ਪਰਵਾਸ ਤੇ ਮਨੁੱਖੀ ਤਸਕਰੀ ਦੀ ਜਾਂਚ ਲਈ ਚਾਰ ਮੈਂਬਰੀ ਸਿਟ ਕਾਇਮ ਕੀਤੀ ਸੀ। ਇਸੇ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈੱਟਵਰਕ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।

ਸੋਨੂੰ ਸੂਦ ਨੇ ਕਿਹਾ : ਮਸ਼ਹੂਰ ਹਸਤੀਆਂ ਜਲਦੀ ਬਣਦੀਆਂ ਹਨ ਨਿਸ਼ਾਨਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਫਿਲਮ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਘੁੰਮ ਰਹੀਆਂ ਖਬਰਾਂ ਬਹੁਤ ਹੀ ਸਨਸਨੀਖੇਜ਼ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ਦੁਆਰਾ ਇਕ ਤੀਜੀ ਧਿਰ ਨਾਲ ਸੰਬੰਧਿਤ ਮਾਮਲੇ ਵਿਚ ਗਵਾਹ ਵਜੋਂ ਤਲਬ ਕੀਤਾ ਗਿਆ ਸੀ, ਜਿਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡੇ ਵਕੀਲਾਂ ਨੇ ਜਵਾਬ ਦਿੱਤਾ ਹੈ ਅਤੇ ਆਉਂਦੀ 10 ਫਰਵਰੀ ਨੂੰ ਅਸੀਂ ਇਕ ਬਿਆਨ ਦੇਵਾਂਗੇ, ਜੋ ਇਸ ਮਾਮਲੇ ਵਿਚ ਸਾਡੀ ਗੈਰ-ਸ਼ਾਮਲਤਾ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਹੈ ਕਿ ਮਸ਼ਹੂਰ ਹਸਤੀਆਂ ਅਸਾਨੀ ਨਾਲ ਨਿਸ਼ਾਨਾ ਬਣ ਜਾਂਦੀਆਂ ਹਨ ਅਤੇ ਅਸੀਂ ਇਸ ਮਾਮਲੇ ਵਿਚ ਕਾਨੂੰਨੀ ਰਸਤਾ ਅਖਤਿਆਰ ਕਰਾਂਗੇ। ਧਿਆਨ ਰਹੇ ਕਿ ਲੁਧਿਆਣਾ ਅਦਾਲਤ ’ਚ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਸੋਨੂੰ ਸੂਦ ਦੇ ਇੱਕ ਅਪਰਾਧਿਕ ਮਾਮਲੇ ਵਿੱਚ ਗਵਾਹ ਵਜੋਂ ਕਈ ਵਾਰ ਸੰਮਨ ਕੀਤੇ ਜਾਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਅਗਲੀ ਸੁਣਵਾਈ ਹੁਣ 10 ਫਰਵਰੀ ਨੂੰ ਹੋਣੀ ਹੈ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ। 

ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ

ਅੰਮਿ੍ਰਤਸਰ/ਬਿਊਰੋ ਨਿਊਜ਼   

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਹੋਈ ਬੈਠਕ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਸਦੇ ਚੱਲਦਿਆਂ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੰਭਾਲੀ ਗਈ ਹੈ। ਇਹ ਮੀਟਿੰਗ ਅੰਮਿ੍ਰਤਸਰ ਸਥਿਤ ਸ਼ੋ੍ਰਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਅਤੇ ਇਸ ਮੀਟਿੰਗ ਦੀ ਪ੍ਰਧਾਨਗੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਹੈ। ਇਸਦੇ ਚੱਲਦਿਆਂ ਕੁਝ ਐਸਜੀਪੀਸੀ ਮੈਂਬਰਾਂ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਲੱਗੇ ਆਰੋਪਾਂ ਨੂੰ ਲੈ ਕੇ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਅਤੇ ਕਮੇਟੀ ਦੀ ਜਾਂਚ ਨੂੰ ਅਧਾਰ ਬਣਾ ਕੇ ਹੀ ਇਹ ਕਾਰਵਾਈ ਕੀਤੀ ਗਈ ਹੈ। 

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦੀ ਪ੍ਰਕਿਰਿਆ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਾਮਜ਼ਦ ਕੀਤੀ ਹੋਈ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਣੀ ਚਾਹੀਦੀ ਹੈ। ਧਿਆਨ ਰਹੇ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਕੱਲ੍ਹ ਆਪਣੇ ਇੰਗਲੈਂਡ ਦੌਰੇ ’ਤੇ ਹਨ ਅਤੇ ਉਹ ਉਥੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ। ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਤੱਕ ਭਰਤੀ ਮੁਹਿੰਮ ਮੁਕੰਮਲ ਕਰਨ ਤਾਂ ਕਿ ਜਥੇਬੰਦਕ ਚੋਣਾਂ ਤੈਅ ਪ੍ਰੋਗਰਾਮ ਮੁਤਾਬਕ ਮੁਕੰਮਲ ਕਰਵਾਈਆਂ ਜਾ ਸਕਣ।  

ਕਿਹਾ : ਭਾਜਪਾ ਇਕੱਲਿਆਂ ਬਣਾਏਗੀ ਪੰਜਾਬ ਵਿੱਚ ਵੀ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਨਕਾਰ ਦਿੱਤਾ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਇਕੱਲਿਆਂ ਲੜੇਗੀ ਤੇ ਸੂਬੇ ਵਿਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ‘ਆਪ’ ਦਿੱਲੀ ਵਾਂਗ ਕੁਫਰ ਤੋਲਦੀ ਆ ਰਹੀ ਹੈ। ਜਿਹੜੇ ਵਾਅਦੇ ਕਰਕੇ ‘ਆਪ’ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਦੀ ਪੂਰਤੀ ਕਰਨ ’ਚ ਅਸਫਲ ਰਹੀ ਹੈ। ਬਿੱਟੂ ਦਾ ਕਹਿਣਾ ਸੀ ਕਿ 2027 ਦੀਆਂ ਚੋਣਾਂ ’ਚ ਭਾਜਪਾ ਪੰਜਾਬ ਵਿੱਚ ਕਿਸਾਨੀ ਕਰਜ਼ਿਆਂ ਦਾ ਮੁੱਦਾ ਉਠਾਏਗੀ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਏਗੀ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ’ਚ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਦਿੱਲੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। 

ਗੈਰਕਾਨੂੰਨੀ ਟਰੈਵਲ ਏਜੰਸੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਵੀ ਕੀਤੀ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਿ੍ਰਟੇਨ ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਬੇਟ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਹੈ। ਕੈਰੋਲੀਨ ਰੋਬੇਟ ਨੇ ਪੰਜਾਬ ਦੀ ਰਾਜਨੀਤਕ ਕਾਰਜ ਪ੍ਰਣਾਲੀ ਨੂੰ ਸਮਝਿਆ ਅਤੇ ਉਸ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਧਿਆਨ ਰਹੇ ਕਿ ਕੈਰੋਲੀਨ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਦੇਸ਼ਾਂ ਵਿਚ ਕੰਮ ਕਰ ਚੁੱਕੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਰੋਲੀਨ ਨਾਲ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਨਿਰਯਾਤ ਦੇ ਮੁੱਦੇ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਕੋਲੋਂ ਸਹਿਯੋਗ ਵੀ ਮੰਗਿਆ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਸਵਾਦ ਦੁਨੀਆ ਵਿਚ ਕਿਤੇ ਵੀ ਨਹੀਂ ਮਿਲ ਸਕਦਾ। ਇਨ੍ਹਾਂ ਦੋਵਾਂ ਨੇ ਗੈਰਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਵੀ ਚਰਚਾ ਕੀਤੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.