Friday, 17 April 2026

ਚੰਡੀਗੜ੍ਹ : ਦੁਨੀਆ ’ਚ ਕਰੀਬ 400 ਤਰ੍ਹਾਂ ਦੇ ਕੈਂਸਰ ਹਨ ਅਤੇ ਕੈਂਸਰ ਦੇ ਇਲਾਜ ਵਿਚ ਸਭ ਤੋਂ ਮਹੱਤਵਪੂਰਨ ਇਹ ਪਤਾ ਲਗਾਉਣਾ ਹੈ ਕਿ ਮਰੀਜ਼ ਨੂੰ ਕਿਸ ਤਰ੍ਹਾਂ ਦਾ ਕੈਂਸਰ ਹੈ। ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਪੰਜਾਬ ਦੇ ਨਿਰਦੇਸ਼ਕ ਡਾ. ਆਸ਼ੀਸ਼ ਗੁਲੀਆ ਨੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਵਲੋਂ ਆਯੋਜਿਤ ਇਕ ਵਰਕਸ਼ਾਪ ਵਿਚ ਦੱਸਿਆ ਕਿ ਇਸ ਲਈ ਕੈਂਸਰ ਜਾਂਚ ਬਹੁਤ ਅਹਿਮ ਹੈ ਅਤੇ ਇਸ ਵਿਚ ਕਰੀਬ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਤੇ ਖਰਚਾ ਵੀ ਵਧ ਜਾਂਦਾ ਹੈ। 50 ਏਕੜ ਵਿਚ ਫੈਲਿਆ ਹੋਮੀ ਭਾਭਾ ਕੈਂਸਰ ਹਸਪਤਾਲ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਖਰਚ ਨੂੰ ਘੱਟ ਕੀਤਾ ਜਾਏ। ਉਨ੍ਹਾਂ ਦੱਸਿਆ ਕਿ ਹੋਮੀ ਭਾਭਾ ਹਸਪਤਾਲ ਨਿਊ ਚੰਡੀਗੜ੍ਹ ਅਤੇ ਇਸਦੇ ਸੰਗਰੂਰ ਕੇਂਦਰ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਨਾਲ ਪੰਜਾਬ ਤੋਂ ਰਾਜਸਥਾਨ ਨੂੰ ਕੈਂਸਰ ਰੋਗੀਆਂ ਨੂੰ ਲੈ ਕੇ ਜਾਣ ਵਾਲੀ ਟਰੇਨ ਹੁਣ ਰਾਜਸਥਾਨ ਤੋਂ ਕੈਂਸਰ ਰੋਗੀਆਂ ਨੂੰ ਪੰਜਾਬ ਲਿਆਉਂਦੀ ਹੈ। ਉਨ੍ਹਾਂ ਦੱਸਿਆ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਦਰਵਾਜ਼ੇ ਤੋਂ ਕੋਈ ਵੀ ਮਰੀਜ਼ ਬਿਨਾ ਇਲਾਜ ਦੇ ਵਾਪਸ ਨਹੀਂ ਪਰਤਦਾ, ਚਾਹੇ ਉਸਦੀ ਜੇਬ ਵਿਚ ਇਕ ਵੀ ਪੈਸਾ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਸਪਤਾਲ ਨੂੰ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਲੋਕਾਂ ਖਾਸ ਕਰ ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਲਈ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਸਕਰੀਨਿੰਗ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪੁਰਸ਼ਾਂ ਦੇ ਨਾਲ-ਨਾਲ ਪੰਜ ਲੱਖ ਤੋਂ ਜ਼ਿਆਦਾ ਮਹਿਲਾਵਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਕਿਉਂਕਿ ਕੈਂਸਰ ਨੂੰ ਰੋਕਣ ਦਾ ਸਭ ਤੋਂ ਪ੍ਰਭਾਵੀ ਉਪਾਅ ਇਸਦੇ ਬਾਰੇ ਵਿਚ ਜਾਗਰੂਕਤਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਇਲਾਜ ਵਿਚ ਹੁਣ ਆਯੁਰਵੈਦ ਅਤੇ ਯੋਗ ਆਸਣਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਤੀਜੇ ਵੀ ਚੰਗੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੇ ਲਈ ਉਨ੍ਹਾਂ ਨੇ ਹਸਪਤਾਲ ਲਈ 10 ਤੋਂ 15 ਏਕੜ ਹੋਰ ਜ਼ਮੀਨ ਸਰਕਾਰ ਤੋਂ ਮੰਗੀ ਹੈ। ਇਸ ਹਸਪਤਾਲ ਦਾ ਇਕ ਕੇਂਦਰ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਕੰਮ ਕਰ ਰਿਹਾ ਹੈ। ਹੁਣ ਤੱਕ ਭਾਰਤ ਵਿਚ ਕੈਂਸਰ ਦੇ ਰੋਗੀਆਂ ਨੂੰ ਇਲਾਜ ਦੀਆਂ ਸਹੂਲਤਾਂ ਸਰਕਾਰੀ ਖੇਤਰ ਦੇ ਚੋਣਵੇਂ ਹਸਪਤਾਲਾਂ ਤੋਂ ਇਲਾਵਾ ਕਾਰਪੋਰੇਟ ਹਸਪਤਾਲਾਂ ਵਿਚ ਹੁੰਦੀਆਂ ਸਨ, ਜਿਸਦਾ ਮੁੱਖ ਟੀਚਾ ਇਲਾਜ ਨਹੀਂ, ਸਿਰਫ ਮੁਨਾਫਾ ਹੈ। ਟਾਟਾ ਮੈਮੋਰੀਅਲ ਸੈਂਟਰ ਅਤੇ ਇਸਦੇ ਖੇਤਰੀ ਹਸਪਤਾਲਾਂ ’ਚ 3,000 ਬਿਸਤਰਿਆਂ ਦੀ ਸਮਰੱਥਾ ਹੈ। ਇਨ੍ਹਾਂ ਹਸਪਤਾਲਾਂ ਵਿਚ ਪੇਪਰਲੈਸ, ਫਿਲਮਲੈਸ ਅਤੇ ਕੈਸ਼ਲੈਸ ਚਿਕਿਤਸਾ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। 

ਇਸ ਵਰਕਸ਼ਾਪ ਵਿੱਚ ਚੰਡੀਗੜ੍ਹ, ਪੰਜਾਬ, ਦਿੱਲੀ, ਰਾਜਸਥਾਨ, ਹਿਮਾਚਲ ਦੇ ਪੱਤਰਕਾਰਾਂ, ਕੈਂਸਰ ਦੇ ਇਲਾਜ ਨਾਲ ਸਬੰਧਤ ਡਾਕਟਰਾਂ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਭਾਭਾ ਪਰਮਾਣੂ ਖੋਜ ਕੇਂਦਰ, ਮੁੰਬਈ ਦੇ ਵਿਗਿਆਨੀ ਡਾ.ਐਸ.ਟੀ. ਮਹਿਤਰੇ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਪ੍ਰਮਾਣੂ ਊਰਜਾ ਦੀ ਵਰਤੋਂ ਲਈ ਦੇਸ਼ ਭਰ ਵਿੱਚ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖੇਤੀ ਖੇਤਰ ਵਿੱਚ ਰੇਡੀਏਸ਼ਨ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਤਕਾਲ ਰਾਹੀਂ ਉਨ੍ਹਾਂ ਨੇ ਅਜਿਹੇ ਬੀਜ ਤਿਆਰ ਕੀਤੇ ਹਨ ਜੋ ਕਿਸਾਨ ਦੀ ਆਮਦਨ ਦੁੱਗਣੀ ਕਰ ਸਕਦੇ ਹਨ। ਮਿੱਟੀ ਪਰਖ ਲਈ ਇੱਕ ਕਿੱਟ ਵੀ ਤਿਆਰ ਕੀਤੀ ਗਈ ਹੈ, ਜਿਸਦੀ ਵਰਤੋਂ ਕਿਸਾਨ ਖੁਦ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਨ ਲਈ ਕਰ ਸਕਦਾ ਹੈ। ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਨਾਥ ਵਸ਼ਿਸ਼ਟ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਮਾਣੂ ਊਰਜਾ ’ਤੇ ਐਸੋਸੀਏਸ਼ਨ ਦਾ ਇਹ ਦੂਜਾ ਪ੍ਰੋਗਰਾਮ ਹੈ, ਜਿਸ ਵਿੱਚ 50 ਤੋਂ ਵੱਧ ਪੱਤਰਕਾਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਵਿਗਿਆਨਕ ਵਿਸ਼ਿਆਂ ’ਤੇ ਪੱਤਰਕਾਰਾਂ ਦੀ ਸਮਰੱਥਾ ਨੂੰ ਵਧਾਉਣ ਲਈ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਹੈ।   

 

 

 

 

  

 

ਕਿਹਾ : ‘ਆਪ’ ਵਿਚ ਨਹੀਂ ਹੋਇਆ ਮੇਰਾ ਸਨਮਾਨ

ਜਲੰਧਰ/ਬਿਊਰੋ ਨਿਊਜ਼  

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ’ਤੇ ਬੇਇੱਜ਼ਤ ਕਰਨ ਦੇ ਆਰੋਪ ਲਗਾਏ ਹਨ। ਧਿਆਨ ਰਹੇ ਕਿ ਅੰਗੁਰਾਲ ‘ਆਪ’ ਦੇ ਹੀ ਵਿਧਾਇਕ ਸਨ ਅਤੇ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਜ਼ਿਮਨੀ ਚੋਣ ਵੀ ਲੜੀ, ਪਰ ਉਹ ਹਾਰ ਗਏ ਅਤੇ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਜੇਤੂ ਰਹੇ। ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ‘ਆਪ’ ਵਿਚ ਉਨ੍ਹਾਂ ਦਾ ਸਨਮਾਨ ਨਹੀਂ ਹੋਇਆ ਅਤੇ ਇਸ ਕਰਕੇ ਹੀ ਉਹ ‘ਆਪ’ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਅੰਗੁਰਾਲ ਨੇ ਕਿਹਾ ਕਿ ਮੈਂ ਹਮੇਸ਼ਾ ਸੱਚਾਈ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਮਹਿੰਦਰ ਭਗਤ ਨੇ ਨਹੀਂ ਲੜੀ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲੜੀ ਹੈ।  

 

ਸੀਐਮ ਮਾਨ ਨੇ ਗੁਲਾਬ ਚੰਦ ਕਟਾਰੀਆ ਦੀ ਨਿਯੁਕਤੀ ਦਾ ਕੀਤਾ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਨੂੰ ਨਵਾਂ ਰਾਜਪਾਲ ਮਿਲ ਗਿਆ ਹੈ। ਗੁਲਾਬ ਚੰਦ ਕਟਾਰੀਆ ਹੁਣ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ ਅਤੇ ਉਨ੍ਹਾਂ ਨੂੰ 31 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਲੋਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਹੋਣ ਦੇ ਨਾਲ-ਨਾਲ ਯੂਟੀ ਦੇ ਪ੍ਰਸ਼ਾਸਕ ਵੀ ਹੋਣਗੇ ਅਤੇ ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ। ਧਿਆਨ ਰਹੇ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜੂਰ ਹੋ ਚੁੱਕਾ ਹੈ, ਜਿਸ ਤੋਂ ਬਾਅਦ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਪੰਜਾਬ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਅਕਸਰ ਹੀ ਮਨ ਮੁਟਾਅ ਰਿਹਾ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਬਨਵਾਰੀ ਲਾਲ ਪੁਰੋਹਿਤ ਹੋਰਾਂ ਨਾਲ ਮੇਰੀ ਕੋਈ ਨਿੱਜੀ ਲੜਾਈ ਨਹੀਂ ਸੀ, ਸਿਰਫ ਸਿਲੈਕਟਿਡ ਅਤੇ ਇਲੈਕਟਿਡ ਦੇ ਦਾਇਰੇ ਨੂੰ ਲੈ ਕੇ ਮਨ ਮੁਟਾਅ ਸਨ। ਭਗਵੰਤ ਮਾਨ ਨੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਨਿਯੁਕਤੀ ਦਾ ਸਵਾਗਤ ਵੀ ਕੀਤਾ ਹੈ। 

 

‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਹਰਭਜਨ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅੰਮਿ੍ਰਤਸਰ ਦੇ ਹਵਾਈ ਅੱਡੇ ਦੇ ਵਿਸਥਾਰ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮਿ੍ਰਤਸਰ ਤੋਂ ਅਮਰੀਕਾ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਹਰਭਜਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਿਆ ਹੈ ਕਿ ਅੰਮਿ੍ਰਤਸਰ ਦਾ ਹਵਾਈ ਅੱਡਾ ਛੋਟਾ ਹੈ ਅਤੇ ਇਸਦੇ ਵਿਸਥਾਰ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕ ਇਹੋ ਜਿਹਾ ਸੂਬਾ ਹੈ, ਜਿਥੋਂ ਜ਼ਿਆਦਾਤਰ ਯਾਤਰੀ ਕੈਨੇਡਾ ਜਾਂ ਅਮਰੀਕਾ ਜਾਂਦੇ ਹਨ। ਇਸ ਲਈ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਜੇਕਰ ਕੈਨੇਡਾ ਜਾਂ ਅੰਮਿ੍ਰਤਸਰ ਨੂੰ ਸਿੱਧੀ ਫਲਾਈਟ ਚੱਲਦੀ ਹੈ ਤਾਂ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕਾਫੀ ਲਾਭ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਹੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਵੀ ਅੰਮਿ੍ਰਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਬਰਤਾਨੀਆ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮਾਮਲਾ ਸੰਸਦ ਵਿਚ ਉਠਾਇਆ ਗਿਆ ਸੀ।

 

ਐਨ.ਐਸ.ਏ. ਦੀ ਮਿਆਦ ਵਧਾਉਣ ਖਿਲਾਫ ਹਾਈਕੋਰਟ ’ਚ ਪਾਈ ਸੀ ਪਟੀਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਐਨ.ਐਸ.ਏ. ਨਾਲ ਸਬੰਧਤ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਹੈ। ਅੰਮਿ੍ਰਤਪਾਲ ਸਿੰਘ ਨੇ ਆਪਣੇ ’ਤੇ ਲੱਗੇ ਐਨਐਸਏ ਦੀ ਮਿਆਦ ਵਧਾਉਣ ਖਿਲਾਫ ਹਾਈਕੋਰਟ ’ਚ ਪਟੀਸ਼ਨ ਪਾਈ ਸੀ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਾਗਜ਼ਾਤ ਵਿਚ ਖਾਮੀਆਂ ਕਾਰਨ 31 ਜੁਲਾਈ ਤੱਕ ਟਾਲ ਦਿੱਤੀ ਹੈ। ਸਰਕਾਰੀ ਵਕੀਲ ਨੇ ਸੁਣਵਾਈ ਦੌਰਾਨ ਅੰਮਿ੍ਰਤਪਾਲ ਸਿੰਘ ਦੇ ਮਾਪਿਆਂ ਦੀ ਉਮਰ ਤੇ ਰਿਹਾਇਸ਼ ਸਬੰਧੀ ਕੁਝ ਖਾਮੀਆਂ ਬਾਰੇ ਦੱਸਿਆ ਜਿਸ ’ਤੇ ਅਦਾਲਤ ਨੇ ਇਹ ਖਾਮੀਆਂ ਦਰੁਸਤ ਕਰਕੇ ਲਿਆਉਣ ਲਈ ਕਿਹਾ। ਇਸ ਵੇਲੇ ਅੰਮਿ੍ਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ। ਦੂਜੇ ਪਾਸੇ ਅੰਮਿ੍ਰਤਪਾਲ ਸਿੰਘ ਦੇ ਵਕੀਲ ਨੇ ਜਾਣਕਾਰੀ ਦਰੁਸਤ ਕਰਨ ਲਈ ਸਮਾਂ ਮੰਗਿਆ ਹੈ। ਅੰਮਿ੍ਰਤਪਾਲ ਸਿੰਘ ਨੇ ਕੌਮੀ ਸੁਰੱਖਿਆ ਐਕਟ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਤੇ ਨਜ਼ਰਬੰਦੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਬੰਧੀ ਅਦਾਲਤ ਨਿਰਦੇਸ਼ ਜਾਰੀ ਕਰੇ। ਪਟੀਸ਼ਨ ਵਿਚ ਅੰਮਿ੍ਰਤਪਾਲ ਸਿੰਘ ਨੇ ਕਿਹਾ ਕਿ ਐੱਨਐੱਸਏ ਤਹਿਤ ਉਸਦੀ ਨਜ਼ਰਬੰਦੀ ਗੈਰ-ਕਾਨੂੰਨੀ ਹੈ ਅਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।  

  

 

ਚੰਡੀਗੜ੍ਹ : ਡਬਲਯੂਟੀਸੀ (ਨੋਏਡਾ) ਡਿਵੈਲਪਮੈਂਟ ਕੰਪਨੀ ਦੇ ਚਾਲਕ ਬਿਲਡਰ ਆਸ਼ੀਸ਼ ਭੱਲਾ ਦੇ ਖਿਲਾਫ ਕਈ ਨਿਵੇਸ਼ਕਾਂ ਨੇ ਅਰਬਾਂ ਰੁਪਏ ਹੜਪਣ ਦੇ ਦੋਸ਼ ਲਗਾਏ ਹਨ। ਬਿਲਡਰ ਨੇ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕੀਤੇ ਤੇ ਗਮਾਡਾ ਨੂੰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ। ਇਸ ’ਤੇ ਗਮਾਡਾ ਨੇ ਇਸ ਪ੍ਰੋਜੈਕਟ ਨੂੰ ਮੁੜ ਕਬਜਾ ਲੈ ਲਿਆ ਅਤੇ ਹੁਣ ਨਿਲਾਮੀ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਨਿਲਾਮੀ ਤੋਂ ਪਹਿਲਾਂ ਆਪਣੇ ਹਿੱਤਾਂ ਦੀ ਸੰਭਾਲ ਕਰਨ ਦੀ ਮੰਗ ਕੀਤੀ ਹੈ। ਨਿਵੇਸ਼ਕਾਂ ਨੇ ਦੋਸ਼ ਲਗਾਇਆ ਹੈ ਕਿ ਡਬਲਯੂਟੀਸੀ ਦਾ ਮੁਲਕ ਭਰ ਦੇ 17 ਹੋਰ ਪ੍ਰੋਜੈਕਟਾਂ ’ਚ ਵੀ ਨਿਧੀਆਂ ਦੀ ਹੇਰਾਫੇਰੀ ਦਾ ਇਤਿਹਾਸ ਹੈ ਅਤੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ’ਚ ਆਯੋਜਿਤ ਇਕ ਪ੍ਰੈਸ ਵਾਰਤਾ ’ਚ ਨਿਵੇਸ਼ਕਾਂ ਦੁਆਰਾ ਗਠਿਤ ਡਬਲਯੂਟੀਸੀ (ਨੋਏਡਾ) ਚੰਡੀਗੜ੍ਹ ਅਲੌਟੀਸ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸੰਸਥਾ ਦੇ ਪ੍ਰਧਾਨ ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਦੀ ਅਗਵਾਈ ਹੇਠ ਕੰਪਨੀ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਕੰਪਨੀ ਨੇ 2015 ’ਚ ਗਮਾਡਾ, ਐਸਏਐਸ ਨਗਰ (ਮੋਹਾਲੀ) ਦੁਆਰਾ ਆਯੋਜਿਤ ਨਿਲਾਮੀ ’ਚ 8 ਏਕੜ ਜ਼ਮੀਨ ਖਰੀਦੀ। ਭੂਮੀ ਅਲਾਟਮੈਂਟ ’ਤੇ ਡਬਲਯੂਟੀਸੀ ਨੇ ਨਿਲਾਮੀ ਮੁੱਲ ਦੀ 22 ਫੀਸਦੀ ਰਕਮ ਦੇਣ ਦੇ ਬਾਅਦ ਕਬਜ਼ਾ ਕਰ ਲਿਆ। ਗਮਾਡਾ ਦੁਆਰਾ ਜਾਰੀ ਅਲਾਟਮੈਂਟ ਪੱਤਰ ’ਚ ਡਬਲਯੂਟੀਸੀ ਨੂੰ ਅਲਾਟ ਕੀਤੀ ਜ਼ਮੀਨ ਦੇ ਕਿਸੇ ਵੀ ਹਿੱਸੇ ਨੂੰ ਵਿਕਸਿਤ ਕਰਨ ਅਤੇ ਵੇਚਣ ਦੀ ਆਜ਼ਾਦੀ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਡਬਲਯੂਟੀਸੀ ਨੇ ਉਕਤ ਅਲਾਟ ਕੀਤੀ ਜ਼ਮੀਨ ’ਤੇ ਵੱਖ-ਵੱਖ ਆਕਾਰ ਦੇ ਦਫ਼ਤਰ ਸਥਾਨਾਂ ਅਤੇ ਵਪਾਰਕ ਖੇਤਰ ਦੀ ਪੇਸ਼ਕਸ਼ ਕਰਦਿਆਂ ਇਕ ਵਪਾਰਕ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਨਿਵੇਸ਼ ’ਤੇ 10 ਫੀਸਦੀ ਦੀ ਨਿਸ਼ਚਿਤ ਵਾਪਸੀ ਦੀ ਪੇਸ਼ਕਸ਼ ਕੀਤੀ। ਇਹ ਵੀ ਯਕੀਨੀ ਬਣਾਇਆ ਗਿਆ ਕਿ ਵਪਾਰਕ ਪ੍ਰੋਜੈਕਟ ਮਾਰਚ 2021 ਤੱਕ ਪੂਰਾ ਹੋ ਜਾਵੇਗਾ ਅਤੇ ਸਬੰਧਤ ਇਕਾਈਆਂ ਦਾ ਭੌਤਿਕ ਕਬਜ਼ਾ ਵੱਖ-ਵੱਖ ਅਲੌਟੀਆਂ ਨੂੰ ਸੌਂਪ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰਤੀਵੇਦਨ ਨੂੰ ਸਹੀ ਮੰਨਦੇ ਹੋਏ ਲਗਭਗ 1200 ਨਿਵੇਸ਼ਕਾਂ ਨੇ ਦਫ਼ਤਰ ਸਥਾਨ ਜਾਂ ਵਪਾਰਕ ਖੇਤਰ ਲਈ ਵੱਖ-ਵੱਖ ਆਕਾਰ ਦੀਆਂ ਇਕਾਈਆਂ ਲਈ ਬੁਕਿੰਗ ਕੀਤੀ। ਜ਼ਿਆਦਾਤਰ ਨਿਵੇਸ਼ਕਾਂ ਨੇ 70 ਤੋਂ 90 ਫੀਸਦੀ ਤੱਕ ਦੀ ਵਿਕਰੀ ਰਕਮ ਪ੍ਰਾਪਤ ਕਰ ਲਈ ਸੀ ਪਰ ਡਬਲਯੂਟੀਸੀ ਨੇ ਅਲੌਟੀਆਂ ਤੋਂ ਇਕੱਠੀ ਕੀਤੀ ਰਕਮ ਦੇ ਅਨੁਪਾਤ ’ਚ ਨਿਰਮਾਣ ਕੰਮ ਨਹੀਂ ਕੀਤਾ ਅਤੇ ਅੰਤ ਵਿੱਚ ਮਾਰਚ 2022 ’ਚ ਨਿਰਮਾਣ ਕੰਮ ਅਤੇ ਨਿਸ਼ਚਿਤ ਵਾਪਸੀ ਦਾ ਭੁਗਤਾਨ ਬੰਦ ਕਰ ਦਿੱਤਾ। ਦੋਸ਼ ਹੈ ਕਿ ਡਬਲਯੂਟੀਸੀ ਨੇ ਵੱਖ-ਵੱਖ ਨਿਵੇਸ਼ਕਾਂ ਤੋਂ ਲਗਭਗ 432 ਕਰੋੜ ਰੁਪਏ ਇਕੱਠੇ ਕੀਤੇ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ ਤੋਂ 176 ਕਰੋੜ ਰੁਪਏ ਦਾ ਕਰਜ਼ ਵੀ ਲਿਆ। ਡਬਲਯੂਟੀਸੀ ਕੋਲ ਉਪਲਬਧ ਰਕਮ ਨੂੰ ਧਿਆਨ ’ਚ ਰੱਖਦੇ ਹੋਏ, ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਸੀ ਪਰ ਕੰਪਨੀ ਨੇ ਨਾ ਤਾਂ ਗਮਾਡਾ ਨੂੰ ਬਾਕੀ ਭੂਮੀ ਲਾਗਤ ਦਾ ਭੁਗਤਾਨ ਕੀਤਾ ਅਤੇ ਨਾ ਹੀ ਨਿਰਮਾਣ ਪੂਰਾ ਕੀਤਾ। ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਨੇ ਗਮਾਡਾ ਅਤੇ ਪੰਜਾਬ ਰੇਰਾ ਦੀਆਂ ਵੀ ਗਲਤੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਗਮਾਡਾ ਨੇ 2015 ’ਚ ਨਿਲਾਮੀ ਮੁੱਲ ਦੇ 131.33 ਕਰੋੜ ਰੁਪਏ ’ਚ 8 ਏਕੜ ਭੂਮੀ ਡਬਲਯੂਟੀਸੀ ਨੂੰ ਅਲਾਟ ਕੀਤੀ ਸੀ ਅਤੇ 25 ਫੀਸਦੀ ਭੁਗਤਾਨ ਪ੍ਰਾਪਤ ਕਰਨ ’ਤੇ ਕਬਜ਼ਾ ਦਿੱਤਾ। ਅਲਾਟਮੈਂਟ ਪੱਤਰ ’ਚ ਡਬਲਯੂਟੀਸੀ ਨੂੰ ਪ੍ਰੋਜੈਕਟ ਵੇਚਣ ਦੀ ਆਗਿਆ ਦਿੱਤੀ ਗਈ ਸੀ। ਬਾਅਦ ’ਚ ਗਮਾਡਾ ਨੇ ਨਾ ਤਾਂ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਅਤੇ ਨਾ ਹੀ ਜਨਹਿੱਤ ਦੀ ਸੁਰੱਖਿਆ ਲਈ ਕੋਈ ਸ਼ਰਤਾਂ ਰੱਖੀਆਂ। ਅੱਠ ਸਾਲ ਬਾਅਦ, ਜਦੋਂ ਡਬਲਯੂਟੀਸੀ ਨੇ ਈਐਮਆਈ ਦਾ ਭੁਗਤਾਨ ਨਹੀਂ ਕੀਤਾ, ਤਾਂ ਗਮਾਡਾ ਨੇ ਅਚਾਨਕ ਪਲਾਟ ਜ਼ਬਤ ਕਰ ਲਿਆ। ਉਹਨਾਂ ਦੱਸਿਆ ਕਿ ਪ੍ਰੋਜੈਕਟ ਪੰਜਾਬ ਰੇਰਾ ਨਾਲ ਰਜਿਸਟਰ ਹੈ। ਮਾਰਚ 2022 ਤੱਕ, ਡਬਲਯੂਟੀਸੀ ਨੇ 77.02 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਸੀ ਪਰ ਰੇਰਾ ਨੇ ਡਬਲਯੂਟੀਸੀ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ। ਡਬਲਯੂਟੀਸੀ ਨੇ ਸਮੇਂ-ਸਮੇਂ ’ਤੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੂੰ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਰਿਪੋਰਟਾਂ ਸੌਂਪੀਆਂ। ਇੱਥੋਂ ਤੱਕ ਕਿ 06.04.2023 ਦੀ ਰਿਪੋਰਟ ’ਚ ਵੀ ਪੁਸ਼ਟੀ ਕੀਤੀ ਗਈ ਕਿ 31.03.2022 ਤੱਕ 77.04 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਗਈ ਸੀ।   

 

 

 

 

  

‘ਇੰਡੀਆ’ ਬਲਾਕ 30 ਜੁਲਾਈ ਨੂੰ ਕੇਜਰੀਵਾਲ ਦੇ ਸਮਰਥਨ ’ਚ ਕਰੇਗਾ ਰੈਲੀ

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਅੱਜ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਸੰਦੀਪ ਪਾਠਕ ਨੇ ਕਿਹਾ ਕਿ ਜੇਲ੍ਹ ਵਿਚ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ 50 ਹੋ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ ਹਨ, ਉਨ੍ਹਾਂ ’ਤੇ ਕਈ ਲੋਕਾਂ ਦਾ ਭਰੋਸਾ ਟਿਕਿਆ ਹੋਇਆ ਹੈ ਅਤੇ ਅਜਿਹੇ ਵਿਅਕਤੀ ਨੂੰ ਜੇਲ੍ਹ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ। ਪਾਠਕ ਨੇ ਕਿਹਾ ਕਿ ਲੈਫਟੀਨੈਂਟ ਗਵਰਨਰ ਕਹਿ ਰਹੇ ਹਨ ਕਿ ਕੇਜਰੀਵਾਲ ਜਾਣ ਬੁੱਝ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪਾਠਕ ਨੇ ਕਿਹਾ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਰਾਜਪਾਲ ਨੂੰ ਕਿਸੇ ਡਾਕਟਰ ਜਾਂ ਜਾਣਕਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਸੰਦੀਪ ਪਾਠਕ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਅਤੇ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ‘ਇੰਡੀਆ’ ਬਲਾਕ 30 ਜੁਲਾਈ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ ਇਕ ਰੈਲੀ ਕਰੇਗਾ। 

-ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਬਾਰੇ ਸਿੱਖਿਅਤ ਕਰਨ ਲਈ ਆਪਣੀ ਕਿਸਮ ਦੀ ਅਨੂਠੀ ਡਿਜੀਟਲ ਮੁਹਿੰਮ ਹੈ

ਲੁਧਿਆਣਾ: ਜਿਵੇਂ-ਜਿਵੇਂ ਸਾਡੀ ਜ਼ਿੰਦਗੀ ਬਦਲਦੀ ਹੈ, ਉਸੇ ਤਰ੍ਹਾਂ ਸਾਡੇ ਟੀਚੇ, ਜੀਵਨਸ਼ੈਲੀ, ਖਰਚੇ, ਰਹਿਣ-ਸਹਿਣ ਦੀ ਲਾਗਤ ਅਤੇ ਸੁਪਨੇ ਵੀ ਬਦਲਦੇ ਹਨ। ਪਰ ਸਾਡੇ ਵਿੱਚੋਂ ਕਿੰਨੇ ਅਸਲ ਵਿੱਚ ਆਪਣੇ ਪੈਸੇ ਨੂੰ ਉਹ ਪ੍ਰਮੋਸ਼ਨ ਦੇਣ ਬਾਰੇ ਸੋਚਦੇ ਹਨ ਜਿਸਦਾ ਇਹ ਹੱਕਦਾਰ ਹੈ? ਅਜਿਹਾ ਪੈਸਾ ਜੋ ਸਾਡੀ ਦੌਲਤ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਸਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ।

ਸਾਰਿਆਂ ਨੂੰ ਜ਼ਿੰਦਗੀ ਵਿੱਚ ਗ੍ਰੋਥ ਚਾਹੀਦੀ ਹੈ, ਸਾਰਿਆਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਚਾਹੀਦੀ ਹੈ,

ਉਸੇ ਤਰ੍ਹਾਂ ਦੌਲਤ ਸਿਰਜਣ ਲਈ ਤੁਹਾਡੇ ਸਿਪ ਨੂੰ ਵੀ ਪ੍ਰਮੋਸ਼ਨ ਚਾਹੀਦੀ ਹੈ!

ਇਸ ਗੱਲ ਨੂੰ ਪਛਾਣਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਜਾਗਰੂਕਤਾ ਪੈਦਾ ਕਰਨ ਅਤੇ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਅਤੇ ਲੰਬੇ ਸਮੇਂ ਦੌਰਾਨ ਉਹਨਾਂ ਦੀ ਦੌਲਤ ਵਧਾਉਣ ਵਿੱਚ ਇਸਦੀ ਭੂਮਿਕਾ ਬਾਰੇ ਸਿੱਖਿਅਤ ਲਈ ਇੱਕ ਵਿਲੱਖਣ ਡਿਜੀਟਲ ਮੁਹਿੰਮ ਹੈ। ਇਹ ਮੁਹਿੰਮ 30 ਸਕਿੰਟਾਂ ਦੀਆਂ ਤਿੰਨ ਛੋਟੀਆਂ ਫਿਲਮਾਂ ਦੀ ਇੱਕ ਲੜੀ ਹੈ, ਜਿਸਦਾ ਮਕਸਦ ਨਿਵੇਸ਼ਕਾਂ ਨੂੰ ਉਹਨਾਂ ਦੇ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) 'ਤੇ ਇੱਕ ਟੌਪ-ਅੱਪ ਸਹੂਲਤ ਦੀ ਚੋਣ ਕਰਕੇ ਆਪਣੇ ਪੈਸੇ ਨੂੰ ਸਹੀ ਪ੍ਰਮੋਸ਼ਨ ਦੇਣ ਦੀ ਧਾਰਨਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।

ਸਿਪਾਂ, ਨਿਵੇਸ਼ ਦੇ ਪ੍ਰਸਿੱਧ ਸਾਧਨ ਹਨ ਜੋ ਨਿਵੇਸ਼ਕਾਂ ਨੂੰ ਨਿਯਮਿਤ ਅੰਤਰਾਲਾਂ (ਮਹੀਨਾਵਾਰ, ਤਿਮਾਹੀ, ਆਦਿ) 'ਤੇ ਕਿਸੇ ਮਿਉਚੁਅਲ ਫੰਡ ਸਕੀਮ ਵਿੱਚ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਨ ਦੀ ਸਹੂਲਤ ਦਿੰਦੀਆਂ ਹਨ। ਸਿਪ ਟੌਪ-ਅੱਪ ਇਸ ਧਾਰਨਾ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦਾ ਹੈ। ਇਸ ਸਹੂਲਤ ਨਾਲ ਨਿਵੇਸ਼ਕ ਪਹਿਲਾਂ ਤੋਂ ਪਰਿਭਾਸ਼ਿਤ ਅੰਤਰਾਲਾਂ 'ਤੇ, ਆਪਣੀ ਸਿਪ ਨੂੰ ਇੱਕ ਨਿਸ਼ਚਿਤ ਰਕਮ ਜਾਂ ਪ੍ਰਤਿਸ਼ਤ ਦੁਆਰਾ ਵਧਾ ਸਕਦੇ ਹਨ। ਸਿਪ ਟੌਪ-ਅੱਪ ਵਿੱਚ ਮਹਿੰਗਾਈ, ਬਦਲਦੀਆਂ ਜੀਵਨ ਸ਼ੈਲੀਆਂ, ਖਰਚਿਆਂ ਆਦਿ ਨੂੰ ਧਿਆਨ ਵਿੱਚ ਰੱਖ ਸਕਦਾ ਹੈ, ਅਤੇ ਇਸ ਤਰ੍ਹਾਂ ਨਿਵੇਸ਼ਕਾਂ ਦੀ ਨਿਯਮਿਤ ਆਮਦਨ ਦੇ ਅਨੁਸਾਰ ਬਚਤ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।

ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਅਸਲ ਜੀਵਨ ਦੀਆਂ ਸਥਿਤੀਆਂ ਦੀ ਵਰਤੋਂ ਕਰਦੇ ਹੋਏ, ਨਿਵੇਸ਼ਕਾਂ ਨੂੰ ਉਹਨਾਂ ਦੇ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਵਾਸਤੇ ਟੌਪ-ਅੱਪ ਯੋਜਨਾ ਦੀ ਚੋਣ ਕਰਨ ਲਈ ਪ੍ਰੇਰਿਤ ਕਰਦਾ ਹੈ। ਮਕਸਦ ਸਿਪ ਟੌਪ-ਅੱਪ ਦੀ ਸ਼ਕਤੀ ਦਾ ਪ੍ਰਚਾਰ ਕਰਕੇ ਵੱਧਦੀਆਂ ਇੱਛਾਵਾਂ ਅਤੇ ਨਿਵੇਸ਼ ਰਣਨੀਤੀਆਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦਾ ਮਕਸਦ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਵਿੱਚ ਨਿਵੇਸ਼ ਕਰਨ, ਇਸ ਨੂੰ ਉਹਨਾਂ ਦੇ ਬਦਲਦੇ ਟੀਚਿਆਂ, ਜੀਵਨ ਸ਼ੈਲੀ, ਖਰਚਿਆਂ, ਸੁਪਨਿਆਂ ਆਦਿ ਦੇ ਬਰਾਬਰ ਲਿਆਉਣ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਸ਼ੁਰੂਆਤ 'ਤੇ ਟਿੱਪਣੀ ਕਰਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਦੇ ਸੀਈਓ, ਕੈਲਾਸ਼ ਕੁਲਕਰਨੀ ਨੇ ਕਿਹਾ, “ਸਿਪਾਂ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਿਟੇਲ ਨਿਵੇਸ਼ਕਾਂ ਦਾ ਮਨਪਸੰਦ ਤਰੀਕਾ ਬਣ ਰਹੀਆਂ ਹਨ। ਸਾਡੀ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਮੁਹਿੰਮ ਦੇ ਜ਼ਰੀਏ, ਅਸੀਂ ਸਿਪ ਟੌਪ-ਅੱਪ ਦੀ ਕੰਪਾਉਂਡਿੰਗ ਦੀ ਸ਼ਕਤੀ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ, ਜਿਸ ਨਾਲ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਿਵੇਸ਼ਕਾਂ ਨੂੰ ਪਤਾ ਹੋਵੇ ਕਿ ਟੌਪ-ਅੱਪ ਉਹਨਾਂ ਨੂੰ ਉਹਨਾਂ ਦੇ ਨਿਵੇਸ਼ਾਂ ਨੂੰ ਉਹਨਾਂ ਦੇ ਮੌਜੂਦਾ ਆਮਦਨੀ ਪੱਧਰਾਂ ਦੇ ਬਰਾਬਰ ਲਿਆਉਣ ਅਤੇ ਇਸ ਤਰ੍ਹਾਂ ਉਹਨਾਂ ਦੇ ਵਿੱਤੀ ਭਵਿੱਖ ਨੂੰ ਨਿਯੰਤਰਣ ਵਿੱਚ ਰੱਖਣ ਦੇ ਸਮਰੱਥ ਬਣਾ ਸਕਦਾ ਹੈ।"

ਇਸ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਬੋਰਨਹਾਈ ਡਿਜੀਟਲ ਦੇ ਵਾਈਸ ਪ੍ਰੈਜ਼ੀਡੈਂਟ ਸੰਦੀਪ ਸ਼੍ਰੀਕੁਮਾਰ ਨੇ ਕਿਹਾ, "ਉਦਯੋਗ ਦਾ ਡਾਟਾ ਦਰਸਾਉਂਦਾ ਹੈ ਕਿ 31 ਮਾਰਚ, 2024 ਤੱਕ ਭਾਰਤ ਵਿੱਚ 4,846 ਲੱਖ ਤੋਂ ਵੱਧ ਲੋਕਾਂ ਕੋਲ ਸਿਪਾਂ ਹਨ, ਪਰ ਸਿਰਫ 0.50% (ਲਗਭਗ 240,000 ਸਿਪਾਂ), ਟੌਪ-ਅੱਪ ਵਿਸ਼ੇਸ਼ਤਾ ਦੀ ਵਰਤੋਂ ਕਰਦੀਆਂ ਹਨ। ਇਸ ਡੇਟਾ ਤੋਂ ਮਿਲੀ ਸੂਝ ਨੇ ਇਸ ਮੁਹਿੰਮ ਲਈ ਚੰਗਿਆੜੀ ਨੂੰ ਜਗਾਇਆ। ਸਾਡਾ ਮੰਨਣਾ ਹੈ ਕਿ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਰਾਹੀਂ ਆਪਣੀ ਸਿਪ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਬਾਰੇ ਸਿੱਖਿਅਤ ਕਰਕੇ ਵਿੱਤੀ ਜ਼ਿੰਮੇਵਾਰੀ ਅਤੇ ਨਿਵੇਸ਼ ਬਾਰੇ ਧਾਰਨਾ ਨੂੰ ਨਵਾਂ ਆਕਾਰ ਦੇ ਸਕਦਾ ਹੈ।"

ਤੁਸੀਂ ਡਿਜੀਟਲ ਫਿਲਮਾਂ ਇੱਥੇ ਦੇਖ ਸਕਦੇ ਹੋ: YT link

 

ਕਿਹਾ : ਟੈਕਸ ਚੋਰੀ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਵਿਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਾਅਲੀ ਬਿੱਲਾਂ ਰਾਹੀਂ ਫੇਕ ਆਈ.ਡੀ. ਬਣਾ ਕੇ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਟੈਕਸ ਚੋਰੀ ਨੂੰ ਰੋਕਣ ਦੀ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਵਿਭਾਗ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਲਗਾਤਾਰ ਸਖਤੀ ਵਰਤ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਟੈਕਸ ਗ੍ਰੋਥ ਕਰੀਬ 6 ਫੀਸਦੀ ਸੀ, ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਗ੍ਰੋਥ 13 ਫੀਸਦੀ ਤੋਂ ਉਪਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਟੈਕਸ ਵਿਚ ਧੋਖਾਧੜੀ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਜੇਕਰ ਵਿਭਾਗ ਦਾ ਕੋਈ ਵੀ ਅਧਿਕਾਰੀ ਸ਼ਾਮਲ ਪਾਇਆ ਗਿਆ ਤਾਂ ਉਸਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।  

 

 

 

 

ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਜਤਾਇਆ ਇਤਰਾਜ਼

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਡੀਜੀਪੀ ਵੱਲੋਂ ਕਿਸਾਨਾਂ ਦੇ ਰੋਸ ਮਾਰਚ ਨੂੰ ਰੋਕਣ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੇ ਫੈਸਲੇ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਦੋ ਪੰਨਿਆਂ ਦੇ ਪੱਤਰ ਵਿਚ ਸੰਧਵਾਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਜਦੋਂਕਿ ਕਿਸਾਨ ਆਪਣੇ ਹੱਕਾਂ ਲਈ ਪੰਜਾਬ ’ਚ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ। ਸੰਧਵਾਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਵੱਲੋਂ ਸ਼ੰਭੂ ਸਰਹੱਦ ’ਤੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਵਿਚ ਭੂਮਿਕਾ ਨਿਭਾਉਣ ਵਾਲੇ ਛੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਹਾਦਰੀ ਦੇ ਮੈਡਲ ਦੇਣ ਦੀ ਸਿਫ਼ਾਰਸ਼ ’ਤੇ ਸਖ਼ਤ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਇੱਕ ਖ਼ਤਰਨਾਕ ਮਿਸਾਲ ਕਾਇਮ ਕਰ ਸਕਦਾ ਹੈ।

 

 

ਕਿਹਾ : ਮੈਨੂੰ ਸਰਕਾਰਾਂ ਨੇ ਫਸਾਇਆ, ਮਾਮਲੇ ਦੀ ਹੋਵੇ ਸੀਬੀਆਈ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਨੇ ਸੂਬਾ ਸਰਕਾਰਾਂ ’ਤੇ ਆਰੋਪ ਲਗਾਏ ਹਨ। ਜਗਦੀਸ਼ ਭੋਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ਨੇ ਡਰੱਗ ਤਸਕਰੀ ਦੇ ਝੂਠੇ ਕੇਸ ਵਿਚ ਫਸਾਇਆ ਹੈ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਜਗਦੀਸ਼ ਭੋਲਾ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਜਗਦੀਸ਼ ਭੋਲਾ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣੇ ਪਿਤਾ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਜ਼ਮਾਨਤ ਦਿੱਤੀ ਸੀ। ਇਸ ਦੌਰਾਨ ਜਗਦੀਸ਼ ਭੋਲਾ ਆਪਣੇ ਪਿਤਾ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਬਠਿੰਡਾ ਦੇ ਪਿੰਡ ਰਾਏਕੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਸਰਕਾਰਾਂ ’ਤੇ ਸਵਾਲ ਖੜ੍ਹੇ ਕੀਤੇ। 

 

ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮਰਥਨ ਲਈ ਕੀਤੀ ਅਪੀਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬਠਿੰਡਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਫਸਲਾਂ ’ਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣ ਦੇ ਲਈ ਇਕ ਪ੍ਰਾਈਵੇਟ ਬਿੱਲ ਸੰਸਦ ਨੂੰ ਭੇਜਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸਮੇਂ ਕਰਜ਼ੇ ਤੋਂ ਬਚਾਉਣਾ ਸਮੇਂ ਦੀ ਜ਼ਰੂਰਤ ਹੈ ਅਤੇ ਇਹ ਸਭ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੁਤਾਬਿਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਪਰੇਸ਼ਾਨ ਹੈ ਕਿਉਂਕਿ ਉਨ੍ਹਾਂ ਨੂੰ ਖਪਤਕਾਰ ਵਲੋਂ ਅਦਾ ਕੀਤੀ ਕੀਮਤ ਦਾ ਸਿਰਫ ਤੀਹ ਫੀਸਦੀ ਹੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਕੋਲੋਂ ਇਸ ਬਿੱਲ ਦੇ ਸਮਰਥਨ ਲਈ ਅਪੀਲ ਕਰਦੇ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੋਮਵਾਰ ਨੂੰ ਦਿੱਲੀ ਵਿਚ ਹਰਸਿਮਰਤ ਕੌਰ ਬਾਦਲ ਸਣੇ ਹੋਰ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਰ ਕਦਮ ’ਤੇ ਉਨ੍ਹਾਂ ਦੇ ਨਾਲ ਹਨ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਕਰਨਾ ਪਵੇ।

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.