Wednesday, 10 June 2026

ਡਰੱਗ ਮਾਮਲੇ ’ਚ ਸਤਕਾਰ ਕੌਰ ਗਹਿਰੀ ਦੀ ਹੋਈ ਹੈ ਗਿ੍ਰਫਤਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ’ਤੇ ਅੱਜ ਸਾਬਕਾ ਐਮ.ਐਲ.ਏ. ਸਤਕਾਰ ਕੌਰ ਗਹਿਰੀ ਨੂੰ 6 ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਇਸ ਸੰਬੰਧੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਤਕਾਰ ਕੌਰ ਗਹਿਰੀ 2017 ਤੋਂ 2022 ਤੱਕ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੇ ਹਨ। ਲੰਘੇ ਕੱਲ੍ਹ ਉਨ੍ਹਾਂ ਨੂੰ ਡਰੱਗ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਸਤਕਾਰ ਕੌਰ ਗਹਿਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। ਧਿਆਨ ਰਹੇ ਕਿ ਸਤਕਾਰ ਕੌਰ ਗਹਿਰੀ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸਨ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

 

ਹਾਈਕੋਰਟ ਨੇ ਇਕ ਸਾਲ ’ਚ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਦੇ ਪਿੰਡਾਂ ’ਚ ਸਾਰੇ ਘਰਾਂ ਨੂੰ ਨੰਬਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪੂਰੀ ਪ੍ਰਕਿਰਿਆ ਇਕ ਸਾਲ ਵਿਚ ਪੂਰੀ ਕਰਨ ਲਈ ਕਿਹਾ ਗਿਆ ਹੈ। ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਪਾਰਦਰਸ਼ੀ ਚੋਣ ਢਾਂਚੇ ਦੀ ਸਹੂਲਤ, ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਹੀ ਹਾਊਸ ਨੰਬਰ ਮਹੱਤਵਪੂਰਨ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਭਿਆਸ ਪੂਰਾ ਕਰਨ ਦੇ ਲਈ ਇਕ ਸਾਲ ਦੀ ਸਮਾਂ ਸੀਮਾ ਵੀ ਤੈਅ ਕੀਤੀ ਹੈ। ਅਦਾਲਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਹੱਤਵਪੂਰਨ ਰਿਕਾਰਡ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੰਚਾਇਤ ਸਕੱਤਰ ਦੀ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਘਰ ਦਾ ਹਿਸਾਬ ਕਿਤਾਬ ਹੋਵੇ।  

 

4 ਵਿਧਾਨ ਸਭਾ ਹਲਕਿਆਂ ’ਚ ਵੋਟਾਂ 13 ਨਵੰਬਰ ਨੂੰ 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਤੇ ਬਰਨਾਲਾ ਵਿਚ ਜ਼ਿਮਨੀ ਚੋਣ 13 ਨਵੰਬਰ ਨੂੰ ਹੋਣੀ ਹੈ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਆਪਣੇ-ਆਪਣੇ ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਜ਼ਿਮਨੀ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਐਲਾਨੀ ਹੈ, ਜਿਸ ਵਿਚ ਪੰਜਾਬ ਦੇ ਭਾਜਪਾ ਆਗੂਆਂ ਦੇ ਨਾਲ-ਨਾਲ ਕਈ ਕੇਂਦਰੀ ਆਗੂਆਂ ਤੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਸੂਚੀ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਸਭ ਤੋਂ ਉਪਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ 12ਵੇਂ ਨੰਬਰ ’ਤੇ ਦਰਜ ਹੈ। ਇਸ ਸੂਚੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਸਣੇ 40 ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੂਚੀ ਵਿਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸਣੇ ਕਈ ਆਗੂਆਂ ਦੇ ਨਾਮ ਸ਼ਾਮਲ ਹਨ।  

ਸ਼ੋ੍ਰਮਣੀ ਅਕਾਲੀ ਦਲ ਆਪਣੀ ਹੋਂਦ ਬਰਕਰਾਰ ਰੱਖਣ ਲਈ ਕਰੇਗਾ ਕੋਸ਼ਿਸ਼

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਆਉਣੇ ਹਨ। ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਆਪਣੇ ਚਾਰੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਉਮੀਦਵਾਰਾਂ ਬਾਰੇ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ। ਹਾਲਾਂਕਿ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂ ਜਿੱਤਣ ਦਾ ਦਾਅਵਾ ਕਰ ਰਹੇ ਹਨ ਪਰ ਇਹ ਚੋਣਾਂ ਜਿੱਥੇ ਹੁਕਮਰਾਨ ਧਿਰ ਆਮ ਆਦਮੀ ਪਾਰਟੀ, ਕਾਂਗਰਸ ਲਈ ਵੱਕਾਰ ਦਾ ਸਵਾਲ ਹੋਣਗੀਆਂ, ਉਥੇ ਅਕਾਲੀ ਦਲ ਦੀ ਹੋਂਦ ਦਾ ਸਵਾਲ ਵੀ ਹਨ। ਸਿਆਸੀ ਤੌਰ ’ਤੇ ਹਾਸ਼ੀਏ ’ਤੇ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦੀ ਲੜਾਈ ਲੜਨੀ ਪਵੇਗੀ। ਉਧਰ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਧਾਰ ਲਹਿਰ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ।

ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਹੈ ਤਨਖਾਹੀਆ ਕਰਾਰ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ਵਿਚ ਵਿਚਰਣ ਲਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਨਖਾਹੀਆ ਵਿਅਕਤੀ ਆਪਣੀ ਤਨਖਾਹ ਪੂਰੀ ਕੀਤੇ ਬਿਨਾ ਮੁਆਫੀ ਦਾ ਹੱਕਦਾਰ ਨਹੀਂ। ਉਸ ਨੂੰ ਕਿਸੇ ਤਰ੍ਹਾਂ ਦੀ ਵੀ ਰਿਆਇਤ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਮਿਲਿਆ ਸੀ। ਵਫਦ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਕਾਰਨ ਪਾਰਟੀ ਦੇ ਹੋ ਰਹੇ ਨੁਕਸਾਨ ਬਾਰੇ ਜਥੇਦਾਰ ਨੂੰ ਜਾਣੂ ਕਰਵਾਉਂਦਿਆਂ ਬੇਨਤੀ ਕੀਤੀ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਵਿੱਚ ਵਿਚਰਨ ਦੀ ਛੋਟ ਦਿੱਤੀ ਜਾਵੇ। ਪਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਅਜਿਹੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

 

ਮਿ੍ਰਤਕ ਗੁਰਮੀਤ ਸਿੰਘ ਬਟਾਲਾ ਨੇੜਲੇ ਪਿੰਡ ਸੱਖੋਵਾਲ ਨਾਲ ਸੀ ਸਬੰਧਤ

ਚੰਡੀਗੜ੍ਹ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੇ ਕੱਲ੍ਹ ਇਕ ਦਹਿਸ਼ਤੀ ਹਮਲੇ ਵਿਚ 7 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਦਹਿਸ਼ਤੀ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਬਟਾਲਾ ਨੇੜਲੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਸੀ। ਮਿ੍ਰਤਕਾਂ ਵਿਚ ਇਕ ਡਾਕਟਰ ਅਤੇ 7 ਕਾਮੇ ਸ਼ਾਮਲ ਸਨ। ਦੱਸਿਆ ਗਿਆ ਹੈ ਕਿ ਗੁਰਮੀਤ ਸਿੰਘ ਪਿਛਲੇ ਸਮੇਂ ਤੋਂ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਇਸ ਕੰਪਨੀ ਦਾ ਕੰਮ ਜੰਮੂ ਕਸ਼ਮੀਰ ਵਿਚ ਚੱਲ ਰਿਹਾ ਸੀ। ਗੁਰਮੀਤ ਸਿੰਘ 15 ਦਿਨ ਪਹਿਲਾਂ ਹੀ ਘਰੋਂ ਕੰਮ ’ਤੇ ਗਿਆ ਸੀ ਅਤੇ ਜਦੋਂ ਇਹ ਦਹਿਸ਼ਤੀ ਹਮਲਾ ਹੋਇਆ ਤਾਂ ਉਹ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ। ਗੁਰਮੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਗੁਰਮੀਤ ਸਿੰਘ ਦੀ ਮੌਤ ’ਤੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਸਵੇਰੇ 10 ਤੋਂ  ਦੁਪਹਿਰ 12 ਵਜੇ ਤੱਕ ਬੱਸਾਂ ਦਾ ਚੱਕਾ ਰਿਹਾ ਜਾਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ’ਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਅੱਜ ਬੁੱਧਵਾਰ ਨੂੰ ਦੋ ਘੰਟੇ ਹੜਤਾਲ ਕੀਤੀ ਅਤੇ ਸਵੇਰੇ 10 ਤੋਂ  ਦੁਪਹਿਰ 12 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਰਿਹਾ। ਇਸ ਤੋਂ ਬਾਅਦ ਹੀ ਬੱਸਾਂ ਨੂੰ ਦੁਬਾਰਾ ਚਲਾਇਆ ਗਿਆ। ਇਸੇ ਦੌਰਾਨ ਪੰਜਾਬ ਵਿਚ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਦੋ ਘੰਟੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਰੋਸ ਪ੍ਰਦਰਸ਼ਨ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਵਲੋਂ ਕੀਤਾ ਗਿਆ ਸੀ। ਇਹ ਕੱਚੇ ਕਾਮੇ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ। ਕੱਚੇ ਕਾਮਿਆਂ ਦੀ ਇਹ ਵੀ ਮੰਗ ਹੈ ਕਿ ਵਿਭਾਗ ਵਿਚ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਹੋਈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 29 ਅਕਤੂਬਰ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਇਕ ਮੀਟਿੰਗ ਰੱਖੀ ਗਈ ਹੈ। ਜੇਕਰ ਇਸ ਮੀਟਿੰਗ ਵਿਚ ਵੀ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਸੂਬੇ ਵਿਚ 4 ਵਿਧਾਨ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। 

 

ਨਵੀਆਂ ਬਣੀਆਂ ਪੰਚਾਇਤਾਂ ਨੂੰ ਵੀ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਕਰੀਬ 20 ਹਜ਼ਾਰ ਸਰਕਾਰੀ ਸਕੂਲਾਂ ਵਿਚ ਭਲਕੇ 22 ਅਕਤੂਬਰ ਨੂੰ ਪੇਰੈਂਟ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾਵੇਗੀ। ਇਸ ਮਿਲਣੀ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਮੰਤਰੀ  ਅਤੇ ਵਿਧਾਇਕ ਇਸ ਵਿਚ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਕਿਸੇ ਇਕ ਸਰਕਾਰੀ ਸਕੂਲ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਪੰਜਾਬ ਵਿਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੀ ਇਸ ਪੇਰੈਂਟ-ਅਧਿਆਪਕ ਮਿਲਣੀ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਮਿਲਣੀ ਸਵੇਰੇ 9 ਵਜੇ ਤੋਂ ਦੁਪਹਿਰੇ ਢਾਈ ਵਜੇ ਤੱਕ ਚੱਲੇਗੀ। ਇਸ ਦੌਰਾਨ ਸਕੂਲਾਂ ਵਿਚ ਪਹੁੰਚਣ ਵਾਲੇ ਮਾਪਿਆਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਜਾਵੇਗਾ। ਧਿਆਨ ਰਹੇ ਕਿ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਹੋ ਰਹੀ ਇਸ ਮਿਲਣੀ ਵਿਚ ਲੱਖਾਂ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਲ ਹੋਣਗੇ। 

ਗੁਰਦੀਪ ਸਿੰਘ ਬਾਠ ਨੇ ਧਾਲੀਵਾਲ ਖਿਲਾਫ ਚੁੱਕਿਆ ਝੰਡਾ

ਬਰਨਾਲਾ/ਬਿਊਰੋ ਨਿਊਜ਼

ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦ ਮੈਂਬਰ ਮੀਤ ਹੇਅਰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਹਰਿੰਦਰ ਸਿੰਘ ਧਾਲੀਵਾਲ ਨੂੰ ‘ਆਪ’ ਨੇ ਟਿਕਟ ਦਿੱਤੀ ਹੈ, ਜਿਸਦਾ ਵਿਰੋਧ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਕਰ ਰਹੇ ਹਨ। ਗੁਰਦੀਪ ਸਿੰਘ ਬਾਠ ਹੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਸੀ ਅਤੇ ਉਸਨੇ ਹੁਣ ‘ਆਪ’ ਉਮੀਦਵਾਰ ਦੇ ਖਿਲਾਫ ਝੰਡਾ ਚੁੱਕਿਆ ਹੈ। ਇਸਦੇ ਚੱਲਦਿਆਂ ਪਾਰਟੀ ਦੇ ਕੁਝ ਸੀਨੀਅਰ ਆਗੂ ਗੁਰਦੀਪ ਬਾਠ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਵੀ ਪਹੁੰਚੇ, ਪਰ ਬਾਠ ਆਪਣੇ ਫੈਸਲੇ ’ਤੇ ਦਿ੍ਰੜ੍ਹ ਹਨ। ਗੁਰਦੀਪ ਸਿੰਘ ਬਾਠ ਵਲੋਂ ਬਰਨਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ 13 ਨਵੰਬਰ ਨੂੰ ਹੋਣੀ ਹੈ। 

ਮੁੱਖ ਮੰਤਰੀ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਬਣੀ ਰਣਨੀਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮੰਡੀਆਂ ਵਿਚ ਚੱਲ ਰਹੀ ਝੋਨੇ ਦੀ ਖਰੀਦ ਨੂੰ ਲੈ ਕੇ ਅੱਜ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ’ਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਹਾਜ਼ਰ ਰਹੇ। ਇਸ ਦੌਰਾਨ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਇਸ ਮੌਕੇ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਸਰਕਾਰ ਨੇ ਮਿੱਲਰਾਂ ਨੂੰ ਵੱਡੀ ਰਾਹਤ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ ਕਿਸਾਨਾਂ ਅਤੇ ਮੁੱਖ ਮੰਤਰੀ ਦੀ ਮੀਟਿੰਗ ਵੀ ਹੋਈ ਸੀ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚਾਰ ਦਿਨਾਂ ਵਿਚ ਝੋਨੇ ਦੀ ਲਿਫਟਿੰਗ ਉਚਿਤ ਤਰੀਕੇ ਨਾਲ ਨਹੀਂ ਹੋਈ ਤਾਂ ਉਹ ਦੁਬਾਰਾ ਸੰਘਰਸ਼ ਦੀ ਰਾਹ ’ਤੇ ਆ ਜਾਣਗੇ।  

 

ਬਰਨਾਲਾ ਜ਼ਿਮਨੀ ਚੋਣ ਲਈ ਟਿਕਟ ਦਾ ਚਾਹਵਾਨ ਸੀ ਗੁਰਦੀਪ ਸਿੰਘ ਬਾਠ

ਬਰਨਾਲਾ/ਬਿਊਰੋ ਨਿਊਜ਼ 

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਲਕਾ ਬਰਨਾਲਾ ਵਿਚ ਬਗਾਵਤ ਦੇ ਸੁਰ ਵੀ ਉੱਠਣ ਲੱਗੇ ਹਨ। ਜ਼ਿਕਰਯੋਗ ਹੈ ਕਿ ‘ਆਪ’ ਵਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਰਿੰਦਰ ਸਿੰਘ ਧਾਲੀਵਾਲ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਮੰਨੇ ਜਾਂਦੇ ਹਨ। ਬਰਨਾਲਾ ਜ਼ਿਮਨੀ ਚੋਣ ਲਈ ਟਿਕਟ ਦੇ ਦਾਅਵੇਦਾਰ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਪਾਰਟੀ ਨੂੰ ਆਪਣੇ ਫੈਸਲੇ ’ਤੇ ਵਿਚਾਰ ਕਰਨ ਲਈ 24 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਪਰ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਮਿਲਣ ਕਰਕੇ  ਨਾਰਾਜ਼ ਚੱਲ ਰਹੇ ਬਾਠ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ।

 

ਹਾਈਕੋਰਟ ਨੇ ਇਕੋ ਸਮੇਂ 1112 ਕੇਸ ਕੀਤੇ ਖਾਰਜ

ਚੰਡੀਗੜ੍ਹ/ਬਿਊਰੋ ਨਿਊਜ਼

ਕਰੋਨਾ ਕਾਲ ਦੌਰਾਨ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਆਮ ਲੋਕਾਂ ਖ਼ਿਲਾਫ਼ ਦਰਜ 1112 ਐਫ਼.ਆਈ.ਆਰਜ਼. ਨੂੰ ਇਕੋ ਸਮੇਂ ਰੱਦ ਕਰ ਦਿੱਤਾ ਹੈ। ਪੰਜਾਬ ਵਿਚ 859, ਹਰਿਆਣਾ ਵਿਚ 169 ਅਤੇ ਚੰਡੀਗੜ੍ਹ ਵਿਚ 84 ਐਫ਼.ਆਈ.ਆਰ. ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਇਹ ਸਾਰੀਆਂ ਐਫ਼.ਆਈ.ਆਰਜ਼. 15 ਮਾਰਚ, 2020 ਤੋਂ 28 ਮਾਰਚ, 2022 ਦਰਮਿਆਨ ਦਰਜ ਕੀਤੀਆਂ ਗਈਆਂ ਸਨ। ਜਦੋਂ ਲਾਕਡਾਊਨ ਅਤੇ ਕਰੋਨਾ ਪ੍ਰੋਟੋਕੋਲ ਤੋੜਨ ਲਈ ਆਮ ਲੋਕਾਂ ’ਤੇ ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਫ਼.ਆਈ.ਆਰਜ਼. ਦਰਜ ਕੀਤੀਆਂ ਗਈਆਂ ਸਨ। ਹਾਈਕੋਰਟ ਨੇ ਕਿਹਾ, ਉਹ ਅਜਿਹੇ ਹਾਲਾਤ ਸਨ, ਜਦੋਂ ਲੋਕਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਮਜ਼ਬੂਰੀਆਂ ਕਾਰਨ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਲਈ ਇਹ ਸਾਰੇ ਕੇਸ ਰੱਦ ਕੀਤੇ ਜਾਂਦੇ ਹਨ। 

 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.