ਤਾਲਿਮਨਾਡੂ ’ਚ ਵੀ ਪਟਾਖਾ ਫੈਕਟਰੀ ’ਚ ਹੋਏ ਧਮਾਕੇ ਕਾਰਨ 5 ਵਿਅਕਤੀਆਂ ਦੀ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ਵਿਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਲੰਘੇ ਕੱਲ੍ਹ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 44 ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਸੰਗਾਰੈਡੀ ਦੇ ਐਸ.ਪੀ. ਪਰਿਤੋਸ਼ ਪੰਕਜ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਨੈਸ਼ਨਲ ਰਿਲੀਫ ਫੰਡ ਵਿਚੋਂ ਇਸ ਧਮਾਕੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਤਾਮਿਲਨਾਡੂ ਦੇ ਸ਼ਿਵਕਾਸ਼ੀ ’ਚ ਅੱਜ ਮੰਗਲਵਾਰ ਨੂੰ ਇਕ ਪਟਾਖਾ ਫੈਕਟਰੀ ਵਿਚ ਵੀ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਪੰਜ ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ।


