Thursday, 28 May 2026

ਨਾਭਾ ਦੀ ਜੇਲ੍ਹ ’ਚ ਬੰਦ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ

ਨਾਭਾ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹੈ। ਇਸਦੇ ਚੱਲਦਿਆਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਗਵਾਈ ’ਚ ਕੁਝ ਅਕਾਲੀ ਵਰਕਰ ਮਜੀਠੀਆ ਨੂੰ ਮਿਲਣ ਲਈ ਨਾਭਾ ਜੇਲ੍ਹ ਪਹੁੰਚੇ। ਪਰ ਨਾਭਾ ਜੇਲ੍ਹ ਦੇ ਪ੍ਰਸ਼ਾਸਨ ਨੇ ਲੰਗਾਹ ਅਤੇ ਹੋਰ ਅਕਾਲੀ ਵਰਕਰਾਂ ਨੂੰ ਗੇਟ ’ਤੇ ਹੀ ਰੋਕ ਲਿਆ ਅਤੇ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਲੰਗਾਹ ਅਤੇ ਹੋਰ ਅਕਾਲੀ ਵਰਕਰਾਂ ਨੇ ਜੇਲ੍ਹ ਦੇ ਬਾਹਰ ਨਾਅਰੇਬਾਜ਼ੀ ਕੀਤੀ। ਧਿਆਨ ਰਹੇ ਕਿ ਪੰਜਾਬ ਵਿਜੀਲੈਂਸ ਨੇ 25 ਜੂਨ ਨੂੰ ਮਜੀਠੀਆ ਨੂੰ ਉਨ੍ਹਾਂ ਦੀ ਅੰਮਿ੍ਰਤਸਰ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹੀ ਨਾਭਾ ਦੀ ਜੇਲ੍ਹ ਵਿਚ ਬੰਦ ਹੈ।

 

ਕਿਹਾ : ਇਕ ਕਿੱਲੋ ਹੈਰੋਇਨ ਬਰਾਮਦ ਕਰਨ ’ਤੇ ਮਿਲੇਗਾ ਸਵਾ ਲੱਖ ਦਾ ਇਨਾਮ

ਫਰੀਦਕੋਟ/ਬਿਊਰੋ ਨਿਊਜ਼ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵਿਚ 1600 ਨਵੇਂ ਪੁਲਿਸ ਕਰਮੀ ਭਰਤੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਲਈ ਅਸੀਂ ਇਕ ਨਵੀਂ ਪਾਲਿਸੀ ਲਾਗੂ ਕਰ ਰਹੇ ਹਾਂ। ਇਸ ਪਾਲਿਸੀ ਤਹਿਤ ਇਕ ਕਿਲੋਗਰਾਮ ਹੈਰੋਇਨ ਬਰਾਮਦ ਕਰਨ ਵਾਲੇ ਪੁਲਿਸ ਕਰਮੀ ਨੂੰ ਸਵਾ ਲੱਖ ਰੁਪਏ ਪੁਰਸਕਾਰ ਦੇ ਰੂੁਪ ਵਿਚ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਐਨ.ਡੀ.ਪੀ.ਐਸ. ਮਾਮਲਿਆਂ ਦੀ ਜਾਂਚ ਹੈਡ ਕਾਂਸਟੇਬਲਾਂ ਨੂੰ ਸੌਂਪੀ ਜਾ ਰਹੀ ਹੈ । ਸੀਐਮ ਮਾਨ ਦਾ ਕਹਿਣਾ ਸੀ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ ਅਤੇ ਮੈਂ ਭਾਈਚਾਰਾ ਬਣਾਈ ਰੱਖਣ ਲਈ ਆਖਰੀ ਸਾਹ ਤੱਕ ਮਿਹਨਤ ਕਰਦਾ ਰਹਾਂਗਾ। ਆਜ਼ਾਦੀ ਦਿਵਸ ਮੌਕੇ ਫਰੀਦਕੋਟ ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਅਤੇ ਕਾਰਗਿਲ ਯੁੱਧ ਦੇ ਹੀਰੋਜ਼ ਨੂੰ ਸਨਮਾਨਿਤ ਕੀਤਾ। ਸੀਐਮ ਮਾਨ ਨੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 26 ਹਸਤੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।

ਪੰਜਾਬੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦਿਹਾਂਤ ਹੋ ਗਿਆ ਹੈ।  ਸਿਰੀ ਰਾਮ ਅਰਸ਼ ਨੂੰ ਸੰਖੇਪ ਬਿਮਾਰੀ ਦੇ ਚੱਲਦਿਆਂ ਮੁਹਾਲੀ ਦੇ ਹਸਪਤਾਲ ’ਚ  ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਕਰਕੇ ਪੰਜਾਬੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ ਹੈ। ਲੁਧਿਆਣਾ ਵਿਚ 15 ਦਸੰਬਰ 1934 ਨੂੰ ਜਨਮੇ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਖਜ਼ਾਨਾ ਹਨ। ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗਜ਼ਲਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ। ਕਵੀ ਸਿਰੀ ਰਾਮ ਅਰਸ਼ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿਚ ਸਦਾ ਜਿਊਂਦੇ ਰਹਿਣਗੇ। 

ਭਗਤ ਸਿੰਘ, ਊਧਮ ਸਿੰਘ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਸਣੇ ਸ਼ਹੀਦਾਂ ਨੂੰ ਕੀਤਾ ਯਾਦ 

ਫਰੀਦਕੋਟ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਵਸ ਮੌਕੇ ਫਰੀਦਕੋਟ ਵਿਚ ਸੂਬਾ ਪੱਧਰੀ ਸਮਾਗਮ ਵਿਚ ਕੌਮੀ ਝੰਡਾ ਲਹਿਰਾਇਆ। ਇਸ ਸਮਾਗਮ ਵਿਚ ਮੁੱਖ ਮੰਤਰੀ ਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਵੀ ਹਾਜ਼ਰ ਰਹੇ। ਆਜ਼ਾਦੀ ਦਿਵਸ ਮੌਕੇ ’ਤੇ ਆਪਣੇ ਸੰਬੋਧਨ ਵਿਚ ਮਾਨ ਨੇ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਊਧਮ ਸਿੰਘ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਸਮੇਤ ਸ਼ਹੀਦਾਂ ਦੇ ਯੋਗਦਾਨ ਨੂੰ ਯਾਦ ਕੀਤਾ। ਆਪਣੀ ਸਰਕਾਰ ਦੇ ਕੰਮਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੋ ਆਉਂਦੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ, ਸੂਬੇ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਰੇ ਸਰਕਾਰੀ ਹਸਪਤਾਲਾਂ ਅਤੇ 552 ਨਿੱਜੀ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਲਾਜ ਦਾ ਡਾਕਟਰੀ ਖਰਚਾ ਚੁੱਕੇਗੀ। ਇਸੇ ਦੌਰਾਨ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਜ਼ਾਦੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਹੈ। 

ਵਿਰੋਧੀ ਸਿਆਸੀ ਪਾਰਟੀਆਂ ’ਤੇ ਚੁੱਕੇ ਸਵਾਲ

ਸ੍ਰੀ ਚਮਕੌਰ ਸਾਹਿਬ/ਬਿਊਰੋ ਨਿਊਜ਼ 

ਸ੍ਰੀ ਚਮਕੌਰ ਸਾਹਿਬ ਵਿਖੇ 14 ਕਰੋੜ ਦੀ ਲਾਗਤ ਨਾਲ ਉਸਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਅੰਦਰ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਸਿਆਸੀ ਪਾਰਟੀਆਂ ’ਤੇ ਸਵਾਲ ਚੁੱਕੇ। ਉਨ੍ਹਾਂ ਆਰੋਪ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਲੋਕਾਂ ਦੇ ਘਰ ਤੱਕ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਬਿਨਾ ਸਿਫਾਰਸ਼ ਤੋਂ 55 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਆਰੋਪ ਲਗਾਇਆ ਕਿ ਪੰਜਾਬ ਵਿਚ ਸਾਰੀ ਲੁੱਟ ਅਕਾਲੀਆਂ ਨੇ ਕੀਤੀ ਹੈ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਅਕਾਲੀਆਂ ਤੋਂ ਖਹਿੜਾ ਛੁਡਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਦੀ ਲੜਾਈ ਹਮੇਸ਼ਾ ਕੁਰਸੀ ਦੀ ਰਹੀ ਹੈ, ਜਦੋਂ ਕਿ ਸਾਡੀ ਲੜਾਈ ਆਮ ਲੋਕਾਂ ਦੇ ਹੱਕਾਂ ਲਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਹਲਕਾ ਵਿਧਾਇਕ ਵੀ ਹਾਜ਼ਰ ਸਨ। 

ਕਿਹਾ : ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ 

ਅੰਮਿ੍ਰਤਸਰ/ਬਿਊਰੋ ਨਿਊਜ਼   

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ। ਅੰਮਿ੍ਰਤਸਰ ’ਚ ਖਾਲਸਾ ਕਾਲਜ ਵਿਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਜਥੇਦਾਰ ਦਾ ਅਹੁਦਾ ਕਿਸੇ ਪ੍ਰਧਾਨ ਹੋਣ ਨਾਲੋਂ ਵੱਡਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕ ਤੌਰ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ, ਕਿਉਂਕਿ ਸਿੰਘ ਸਾਹਿਬ ਦੀ ਪਦਵੀ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਵੱਡੇ ਹਿੱਤਾਂ ਲਈ ਸਾਨੂੰ ਇਕਜੁੱਟ ਹੋਣ ਦਾ ਵੇਲਾ ਹੈ, ਵੱਖਰੇ ਚੁੱਲ੍ਹੇ ਬਾਲਣ ਦਾ ਨਹੀਂ। ਉਨ੍ਹਾਂ ਕਿਹਾ ਕਿ ਦੋ ਦਸੰਬਰ 2024 ਦੇ ਆਦੇਸ਼ਾਂ ਦੀ ਇਨ-ਬਿੰਨ ਪਾਲਣਾ ਨਹੀਂ ਹੋਈ। ਉਧਰ ਦੂਜੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਗੌੜੇ ਦਲ ਵਿਚੋਂ ਕਈ ਸੀਨੀਅਰ ਆਗੂ ਸਾਡੇ ਸੰਪਰਕ ਵਿਚ ਹਨ ਤੇ ਉਹ ਜਲਦ ਹੀ ਨਵੇਂ ਅਕਾਲੀ ਦਲ ਵਿਚ ਸ਼ਾਮਲ ਹੋਣਗੇ।

ਮੁਹਾਲੀ/ਬਿਊਰੋ ਨਿਊਜ਼

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਰਸਮੀ ਤੌਰ ’ਤੇ ਉਨ੍ਹਾਂ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਨੂੰ ਵੀ ਸੰਮਨ ਭੇਜੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵਿਜੀਲੈਂਸ ਨੇ ਇਹ ਕਾਰਵਾਈ ਲੰਘੀਆਂ ਸਰਕਾਰੀ ਛੁੱਟੀਆਂ ਵਿਚ ਕੀਤੀ ਹੈ। ਉਧਰ ਦੂੁਜੇ ਪਾਸੇ ਗਨੀਵ ਕੌਰ ਮਜੀਠੀਆ ਨੇ ਵਿਜੀਲੈਂਸ ਦੇ ਨੋਟਿਸ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਇਸਦੇ ਚੱਲਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਅਕਤੂਬਰ ਨੂੰ ਹੋਵੇਗੀ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਅੱਜ ਫਿਰ ਮੁਹਾਲੀ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। 

ਮੁਹਾਲੀ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹਨ। ਇਸ ਮਾਮਲੇ ’ਚ ਅੱਜ ਮੁਹਾਲੀ ਅਦਾਲਤ ਵਿਚ ਸੁਣਵਾਈ ਹੋਈ, ਜਿਸ ਦੌਰਾਨ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਵਿਚ 14 ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ। ਹੁਣ ਮਜੀਠੀਆ ਦੀ ਅਗਲੀ ਪੇਸ਼ੀ 28 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਅੱਜ ਨਿੱਜੀ ਤੌਰ ’ਤੇ ਮਜੀਠੀਆ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਵੀਡੀਓ ਕਾਨਫਰਸਿੰਗ ਰਾਹੀਂ ਪੇਸ਼ੀ ਕਰਵਾਈ ਗਈ ਹੈ। ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਉਨ੍ਹਾਂ ਦੀ ਅੰਮਿ੍ਰਤਸਰ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਜੇਲ੍ਹ ਵਿਚ ਬੰਦ ਹਨ। 

ਸਰਹੱਦ ’ਤੇ ਲਹਿਰਾਇਆ ਤਿਰੰਗਾ, ਪਾਕਿ ਨਾਲ ਨਹੀਂ ਹੋਇਆ ਮਿਠਾਈਆਂ ਦਾ ਅਦਾਨ ਪ੍ਰਦਾਨ

ਅੰਮਿ੍ਰਤਸਰ/ਬਿਊਰੋ ਨਿਊਜ਼

ਅਟਾਰੀ ਬਾਰਡਰ ’ਤੇ ਵੀ ਅੱਜ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਆਜ਼ਾਦੀ ਦਿਵਸ ਨੂੰ ਲੈ ਕੇ ਅਟਾਰੀ ਬਾਰਡਰ ’ਤੇ ਜੋਸ਼ ਬਰਕਰਾਰ ਹੈ ਅਤੇ ਲਾਈਟਾਂ ਇਸ ਤਰ੍ਹਾਂ ਲਗਾਈਆਂ ਗਈਆਂ ਹਨ ਕਿ ਪੂਰੀ ਗੈਲਰੀ ਨੂੰ ਹਰੇ, ਸਫੇਦ ਅਤੇ ਕੇਸਰੀ ਰੰਗ ਵਿਚ ਰੰਗਿਆ ਗਿਆ ਹੈ।  ਅੱਜ ਸਵੇਰੇ ਬੀ.ਐਸ.ਐਫ. ਦੇ ਕਮਾਡੈਂਟ ਐਸ.ਐਸ. ਚੰਦੇਲ ਨੇ ਸਰਹੱਦ ’ਤੇ ਤਿਰੰਗਾ ਲਹਿਰਾਇਆ ਅਤੇ ਇਸਦੇ ਨਾਲ ਹੀ ਜਵਾਨਾਂ ਨੂੰ ਮਿਠਾਈਆਂ ਦੇ ਕੇ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਹ ਵੀ ਦੱਸਣਯੋਗ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਇਸ ਵਾਰ ਵੀ ਦੋਵੇਂ ਦੇਸ਼ਾਂ ਵਿਚਾਲੇ ਮਿਠਾਈਆਂ ਦਾ ਅਦਾਨ ਪ੍ਰਦਾਨ ਨਹੀਂ ਹੋਇਆ। ਅਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਦੋਵੇਂ ਦੇਸ਼ਾਂ ਨੇ 12 ਮਈ ਤੋਂ ਰਿਟਰੀਟ ਤਾਂ ਸ਼ੁਰੂ ਕਰ ਦਿੱਤੀ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਦੇਸ਼ਾਂ ਨੇ ਗੇਟਾਂ ਨੂੰ ਨਹੀਂ ਖੋਲ੍ਹਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੈਬਨਿਟ ਨੇ ਲਿਆ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਕੈਬਨਿਟ ਮੀਟਿੰਗ ਹੋਈ ਹੈ। ਇਸ ਕੈਬਨਿਟ ਮੀਟਿੰਗ ਵਿਚ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਪ੍ਰਵਾਨਗੀ ਦੇ ਦਿੱਤੀ ਗਈ। ਇਸ ਤਰ੍ਹਾਂ ਹੁਣ ਲੈਂਡ ਪੂਲਿੰਗ ਨੀਤੀ ਨੂੰ ਅਧਿਕਾਰਤ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਸੀ ਅਤੇ ਇਸ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਦੇ 164 ਪਿੰਡਾਂ ਵਿਚ 65 ਹਜ਼ਾਰ 533 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਸੀ। ਧਿਆਨ ਰਹੇ ਕਿ ਸਰਕਾਰ ਵਲੋਂ ਇਸ ਨੀਤੀ ਸਬੰਧੀ ਐਲਾਨ ਕਰਨ ਤੋਂ ਬਾਅਦ ਪੰਜਾਬ ਭਰ ’ਚ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਸੀ। 

ਇਨ੍ਹਾਂ ਵਿਚ ਗਾਇਕ ਬੱਬੂ ਮਾਨ, ਸੁਖਵਿੰਦਰ ਸਿੰਘ ਅਤੇ ਫੌਜਾ ਸਿੰਘ ਦਾ ਨਾਮ ਵੀ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਗਣਤੰਤਰ ਦਿਵਸ 26 ਜਨਵਰੀ 2026 ਦੇ ਅਵਸਰ ਮੌਕੇ ਪਦਮ ਪੁਰਸਕਾਰਾਂ ਦੇ ਲਈ ਸੂਬੇ ’ਚੋਂ 13 ਨਾਮਾਂ ਦੀ ਸਿਫਾਰਸ਼ ਕੀਤੀ ਹੈ। ਇਹ ਸਾਰੇ ਨਾਮ ਅਜਿਹੇ ਵਿਅਕਤੀਆਂ ਦੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਕੰਮ ਕਰਕੇ ਸਮਾਜ ਅਤੇ ਦੇਸ਼ ਲਈ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਨਾਮਾਂ ਵਿਚ ਸਮਾਜ ਸੇਵਾ, ਕਲਾ, ਖੇਤੀ, ਖੇਡ, ਪੱਤਰਕਾਰਤਾ ਅਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੇ ਦਿੱਗਜ਼ ਸ਼ਾਮਲ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਯੋਗਦਾਨ ਨਾ-ਕੇਵਲ ਸੂਬੇ, ਬਲਕਿ ਪੂਰੇ ਦੇਸ਼ ਲਈ ਪ੍ਰੇਰਣਾਦਾਇਕ ਹੈ। ਪਦਮ ਪੁਰਸਕਾਰ ਦੇ ਲਈ ਸਿਫਾਰਸ਼ ਕੀਤੇ ਗਏ ਨਾਮਾਂ ਵਿਚ ਪੰਜਾਬੀ ਗਾਇਕ ਬੱਬੂ ਮਾਨ, ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, ਮੈਰਾਥਨ ਦੌੜਾਕ ਫੌਜਾ ਸਿੰਘ, ਵੱਡੇ ਕਾਰੋਬਾਰੀ ਜਵਾਹਰ ਲਾਲ ਓਸਵਾਲ ਸ਼ਾਮਲ ਹਨ। ਇਸੇ ਤਰ੍ਹਾਂ ਸਮਾਜ ਸੇਵਕ ਨਰਿੰਦਰ ਸਿੰਘ, ਕਢਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ, ਕਿਸਾਨ ਭਜਨ ਸਿੰਘ ਸ਼ੇਰਗਿੱਲ, ਸਮਾਜ ਸੇਵਕ ਬਾਬਾ ਕਸ਼ਮੀਰ ਸਿੰਘ ਭੂੁਰੀਵਾਲੇ, ਭਾਈ ਗੁਰਇਕਬਾਲ ਸਿੰਘ, ਜਤਿੰਦਰ ਪੰਨੂ, ਹਰਿਮੰਦਰ ਸਿੰਘ ਸਿੱਧੂ, ਵਰਿੰਦਰ ਸਿੰਘ ਮਸਤੀ ਅਤੇ ਸੰਤ ਬਾਬਾ ਸੁੱਖਾ ਸਿੰਘ ਦੇ ਨਾਮ ਵੀ ਪਦਮ ਪੁਰਸਕਾਰਾਂ ਲਈ ਭੇਜੇ ਗਏ ਹਨ। 

 

ਕੋਚੀ ’ਚ ਹੋਏ ਇੱਕ ਸਮਾਗਮ ਵਿੱਚ ਆਰ.ਐੱਸ.ਐੱਸ. ਦੇ ਮੁਖੀ ਸਾਹਮਣੇ ਗੱਲਬਾਤ ਕਰਨ ਦਾ ਮਾਮਲਾ 

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ।  ਪ੍ਰੋਫੈਸਰ ਕਰਮਜੀਤ ਸਿੰਘ ਨੂੰ 15 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣ ਲਈ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਰਮਜੀਤ ਸਿੰਘ ਹਾਲ ਹੀ ਵਿਚ ਆਰ.ਐਸ.ਐਸ. ਮੁਖੀ ਦੇ ਇਕ ਸਮਾਗਮ ਵਿਚ ਸ਼ਾਮਲ ਹੋਏ ਸਨ, ਜਿਸ ਨੂੰ ਲੈ ਕੇ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀਆਂ ਹਨ। ਪ੍ਰੋਫੈਸਰ ਕਰਮਜੀਤ ਸਿੰਘ ਖਿਲਾਫ ਪੱਤਰ ਵਿਚ ਕਿਹਾ ਗਿਆ ਕਿ ਕੋਚੀ ਵਿਖੇ ਆਰ.ਐਸ.ਐਸ. ਦੇ ਸਮਾਗਮ ਵਿਚ ਸ਼ਿਰਕਤ ਕਰਕੇ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਅਤੇ ਸਿੱਖਾਂ ਦੀ ਵਿਲੱਖਣ ਹੋਂਦ ਦੇ ਖਿਲਾਫ ਪ੍ਰਗਟਾਵਾ ਕੀਤਾ ਹੈ। ਸ਼ਿਕਾਇਤ ’ਚ ਕਿਹਾ ਗਿਆ ਕਿ ਪ੍ਰੋਫੈਸਰ ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਗਿਆ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.