Thursday, 28 May 2026

ਕਿਹਾ : ਅਕਾਲੀ ਦਲ ਦੇ ਰਾਜ ’ਚ ਪੰਜਾਬ ਸਿਰ ਚੜ੍ਹਿਆ ਹੈ ਕਰਜ਼ਾ

ਚੰਡੀਗੜ੍ਹ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਸੂਬੇ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਚੁੱਕੇ ਸਵਾਲਾ ਦਾ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਜਾਬ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ ਸੀ। ਮੀਤ ਹੇਅਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਸ ਕਰਜ਼ੇ ਦੀ ਵਰਤੋਂ ਉਨ੍ਹਾਂ ਨੇ ਆਪਣੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ  ‘ਆਪ’ ਸਰਕਾਰ ਵੱਲੋਂ ਕਿਸਾਨਾਂ ਲਈ ਨਿਰਵਿਘਨ 12-13 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਹਜ਼ਾਰਾਂ ਪਿੰਡਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੀਤ ਹੇਅਰ ਨੇ ਵਿਰੋਧੀ ਸਿਆਸੀ ਆਗੂਆਂ ਨੂੰ ਪਿੰਡਾਂ ਦਾ ਦੌਰਾ ਕਰਨ ਅਤੇ ‘ਆਪ’ ਸਰਕਾਰ ਦੁਆਰਾ ਲਿਆਂਦੀ ਗਈ ਤਬਦੀਲੀ ਨੂੰ ਦੇਖਣ ਦਾ ਸੱਦਾ ਦਿੱਤਾ ਹੈ। 

 

 

ਕਰੋਨਾ ਪੀੜਤਾਂ ਦੀ ਗਿਣਤੀ ਹੋਈ 35

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਕਰੋਨਾ ਦੇ ਹੋਰ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਪੇਂਡੂ ਅਤੇ ਇਕ ਸ਼ਹਿਰੀ ਖੇਤਰ ’ਚ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ, ਜਿੱਥੇ ਇਕ ਹਫਤਾ ਪਹਿਲਾਂ ਸੂਬੇ ਵਿਚ ਸਿਰਫ 12 ਐਕਟਿਵ ਕੇਸ ਸਨ ਅਤੇ ਹੁਣ ਇਨ੍ਹਾਂ ਦੀ ਗਿਣਤੀ 35 ਹੋ ਗਈ ਹੈ। ਦੱਸਿਆ ਗਿਆ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ ਹੀ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿਚ ਕਰੋਨਾ ਦੇ ਮਾਮਲਿਆਂ ’ਚ ਵਾਧਾ ਇਸ ਸਮੇਂ ਹੋਇਆ ਹੈ, ਜਦੋਂ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਜਲੰਧਰ ’ਚ 6, ਮੋਹਾਲੀ ’ਚ 4 ਅਤੇ ਫਿਰੋਜ਼ਪੁਰ ਵਿਚ ਕਰੋਨਾ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਧਰ ਦੂਜੇ ਪਾਸੇ ਦੇਸ਼ ਭਰ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 6800 ਤੋਂ ਟੱਪ ਚੁੱਕੀ ਹੈ।  

 

ਐਸਜੀਪੀਸੀ ਦੀ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ’ਚ ਲਿਆ ਗਿਆ ਫੈਸਲਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤਿ੍ਰੰਗ ਕਮੇਟੀ ਦੀ ਅੰਮਿ੍ਰਤਸਰ ’ਚ ਇਕੱਤਰਤਾ ਹੋਈ ਹੈ। ਇਕੱਤਰਤਾ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮ ਅਤੇ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਸਬ ਕਮੇਟੀ ਗਠਤ ਕੀਤੀ ਜਾਵੇਗੀ। ਇਹ ਸਬ ਕਮੇਟੀ ਆਏ ਸੁਝਾਵਾਂ ਦੀ ਪੜਚੋਲ ਕਰਕੇ ਅਤੇ ਜਥੇਬੰਦੀਆਂ ਦੀ ਰਾਏ ਉਪਰੰਤ ਇਕ ਸਾਂਝੀ ਰਾਏ ਬਣਾਵੇਗੀ। ਜਿਸ ਤੋਂ ਬਾਅਦ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਵੇਗੀ। ਧਾਮੀ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਬਤੌਰ ਕਾਰਜਕਾਰੀ ਜਥੇਦਾਰ ਚੰਗੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਜੋ ਅਗਾਂਹ ਵੀ ਜਾਰੀ ਰਹਿਣਗੀਆਂ। 

 

 

ਕਿਹਾ : ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕਰਵਾਓ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੰਘੇ ਦਿਨ ਅਕਾਲੀ ਦਲ ਅਤੇ ਕਾਂਗਰਸ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਦੱਸਦਿਆਂ ਦੋਹਾਂ ਹੀ ਪਾਰਟੀਆਂ ਦੇ ਆਗੂਆਂ ਦੇ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਸੀ। ਇਸਦੇ ਚੱਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੋਪ ਟੈਸਟ ਤਾਂ ਛੋਟੀ ਗੱਲ ਹੈ। ਉਨ੍ਹਾਂ ਸੀਐਮ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਚੈਲੰਜ ਕੀਤਾ ਹੈ ਕਿ ਪਹਿਲਾਂ ‘ਆਪ’ ਦੇ ਸਾਰੇ ਪ੍ਰਧਾਨਾਂ, ਨੇਤਾਵਾਂ ਅਤੇ ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕਰਵਾਓ ਅਤੇ ਇਸਦਾ ਜਿੰਮਾ ਈ.ਡੀ. ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਸਭ ਸਾਹਮਣੇ ਆ ਜਾਵੇਗਾ ਕਿ ਇਨ੍ਹਾਂ ਕੋਲ ਪੈਸਾ ਕਿੱਥੋਂ ਆਇਆ ਹੈ।  

 

ਕਿਹਾ : ਆਮ ਆਦਮੀ ਪਾਰਟੀ ਨੇ ਪੰਜਾਬ ’ਚ ਵਿੱਤੀ ਸੰਕਟ ਪੈਦਾ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਅਪਰੈਲ ਅਤੇ ਮਈ ਮਹੀਨੇ ਵਿੱਚ 11,200 ਕਰੋੜ ਰੁਪਏ ਦਾ ਕਰਜ਼ਾ ਲੈਣ ’ਤੇ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਅਪਰੈਲ ਅਤੇ ਮਈ ਮਹੀਨੇ ਵਿਚ ਸਿਰਫ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਪਹਿਲਾਂ ਹੀ ‘ਆਪ’ ਸਰਕਾਰ ਵਿਰੁੱਧ ਡਟੇ ਹੋਏ ਹਨ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕਈ ਮਹੀਨਿਆਂ ਦੀ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਕਰਜ਼ੇ ਨੂੰ ਥੋੜ੍ਹੇ ਸਮੇਂ ਵਿੱਚ ਇਕੱਠਾ ਕਰਨ ਦਾ ਇੱਕ ਮੁੱਖ ਕਾਰਨ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਦੇਣਾ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ’ਚ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ।

ਕਰਜ਼ਾ ਹੱਦ ’ਚ ਕਟੌਤੀ ਨੇ ਦਿਖਾਉਣਾ ਸ਼ੁਰੂ ਕੀਤਾ ਰੰਗ 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੀ ਕਰਜ਼ਾ ਹੱਦ ’ਚ 16 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਦਾ ਅਸਰ ਦਿਖਾਈ ਦੇਣ ਲੱਗਾ ਹੈ। ਪੰਜਾਬ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਇਕ ਪੱਤਰ ਰਾਹੀਂ ਲਿਖ ਕੇ ਉਹ ਰੁਪਏ ਵਾਪਸ ਮੰਗ ਲਏ ਹਨ ਜੋ ਉਨ੍ਹਾਂ ਦੇ ਕੰਮਕਾਜ ਤੇ ਵਿਕਾਸ ਦੇ ਕਾਰਜਾਂ ਲਈ ਬਜਟ ਪਾਸ ਹੋਣ ਮਗਰੋਂ ਦਿੱਤੇ ਗਏ ਸਨ। ਸਪੱਸ਼ਟ ਹੈ ਕਿ ਇਸ ਵੇਲੇ ਵਿੱਤ ਵਿਭਾਗ ਦੇ ਸਾਹਮਣੇ ਆਪਣੇ ਰੂਟੀਨ ਖਰਚਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਹੈ, ਇਸ ਲਈ ਵੇਤਨ, ਪੈਨਸ਼ਨ, ਬਿਜਲੀ ਸਬਸਿਡੀ ਆਦਿ ਦੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ’ਚ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਇਹ ਫੰਡ ਵਾਪਸ ਮੰਗਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਵਿਭਾਗਾਂ ਨੂੰ 15 ਜੂਨ ਦੇ ਬਾਅਦ ਇਹ ਪੈਸੇ ਵਾਪਸ ਕਰ ਦਿੱਤੇ ਜਾਣਗੇ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਸੂਬੇ ਵਿਚ ਸਾਰੇ ਵਿਕਾਸ ਕਾਰਜ ਠੱਪ ਪਏ ਹਨ। 

ਬਠਿੰਡਾ ਦੇਸ਼ ਦਾ ਸਭ ਤੋਂ ਗਰਮ ਸ਼ਹਿਰ 

ਚੰਡੀਗੜ੍ਹ/ਬਿਊਰੋ ਨਿਊਜ਼    

ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਆਮ ਜਨਜੀਵਨ ’ਤੇ ਅਸਰ ਵੀ ਪੈ ਰਿਹਾ ਹੈ। ਇਸਦੇ ਚੱਲਦਿਆਂ ਬਠਿੰਡਾ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਇੱਥੇ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 13 ਸਾਲਾਂ ਬਾਅਦ ਪੰਜਾਬ ’ਚ ਫਿਰ ਤਾਪਮਾਨ 47 ਡਿਗਰੀ ਦੇ ਪਾਰ ਪਹੁੰਚਿਆ ਹੈ। ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮਿ੍ਰਤਸਰ ਵਿਚ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਸੂਬੇ ਵਿਚ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵਲੋਂ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਰਾਤ ਸਮੇਂ ਵੀ ਗਰਮੀ ਵਧਣ ਦੀ ਸੰਭਾਵਨਾ ਹੈ। ਭਲਕੇ 12 ਜੂਨ ਨੂੰ ਵੀ ਇਸੇ ਤਰ੍ਹਾਂ ਹੀ ਗਰਮੀ ਪੈ ਸਕਦੀ ਹੈ ਅਤੇ ਇਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ। 

 

ਕਿਹਾ : ‘ਆਪ’ ਸਰਕਾਰ ਬਣੀ ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ

ਜਲੰਧਰ/ਬਿਊਰੋ ਨਿਊਜ਼  

ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ।  ਪਰਗਟ ਸਿੰਘ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਹੀ ਮਹੀਨੇ ‘ਆਪ’ ਸਰਕਾਰ ਨੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਸੀ ਕਿ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਲਗਾਤਾਰ ਪੰਜਾਬ ਸਰਕਾਰ ਦੇ ਵਿਭਾਗਾਂ ਵਿਚ ਫਿੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰੈਲ ਮਹੀਨੇ ’ਚ ਪੰਜਾਬ ਸਰਕਾਰ ਦੀ ਮੀਡੀਆ ਏਜੰਸੀ ਵਿਚੋਂ ਪੰਜਾਬੀ ਲੜਕੇ-ਲੜਕੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ। ਪਰਗਟ ਸਿੰਘ ਨੇ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਹੁਣ ਪੰਜਾਬ ਸਰਕਾਰ ਦੀ ਇਸੇ ਮੀਡੀਆ ਏਜੰਸੀ ਵਿਚ ਦਿੱਲੀ ਤੋਂ 120 ਤੋਂ ਜ਼ਿਆਦਾ ਵਿਅਕਤੀਆਂ ਦੀ ਭਰਤੀ ਕੀਤੀ ਗਈ ਹੈ।     

 

ਵਿੱਤ ਮੰਤਰਾਲੇ ਨੇ ਵੱਖ-ਵੱਖ ਵਿਭਾਗਾਂ ਨੂੰ ਭੇਜੇ ਪੱਤਰ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਐੱਚ.ਡੀ.ਐਫ.ਸੀ. ਬੈਂਕ ਨੂੰ ਡੀਇੰਪੈਨਲ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਇਹ ਕਦਮ ਉਸ ਸਮੇਂ ਚੁੱਕਿਆ, ਜਦੋਂ ਪਿਛਲੇ ਦਿਨੀਂ ਸਾਰੇ ਵਿਭਾਗਾਂ ਨੂੰ ਅਲਾਟ ਕੀਤੇ ਗਏ ਪੈਸੇ ਨੂੰ ਵਾਪਸ ਦੇਣ ਲਈ ਕਿਹਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਐੱਚ.ਡੀ.ਐਫ.ਸੀ. ਬੈਂਕ ਨੇ ਸਮੇਂ ’ਤੇ ਇਹ ਰਕਮ ਟ੍ਰਾਂਸਫਰ ਨਹੀਂ ਕੀਤੀ, ਜਿਸ ਕਾਰਨ ਸਰਕਾਰ ਦਾ ਵਿੱਤੀ ਲੈਣ-ਦੇਣ ਪ੍ਰਭਾਵਿਤ ਹੋਇਆ। ਇਸਦਾ ਸਖ਼ਤ ਨੋਟਿਸ ਲੈਂਦੇ ਹੋਏ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ.ਡੀ.ਐਫ.ਸੀ. ਬੈਂਕ ਸੂਬਾ ਸਰਕਾਰ ਨਾਲ ਉਸਦੇ ਸਮਾਂਬੱਧ ਵਿੱਤੀ ਲੈਣ-ਦੇਣ ਨੂੰ ਪੂਰਾ ਕਰਨ ਲਈ ਸਹਿਯੋਗ ਨਹੀਂ ਕਰ ਰਿਹਾ। ਇਸ ਨੂੰ ਦੇਖਦੇ ਹੋਏ ਐੱਚ.ਡੀ.ਐਫ.ਸੀ. ਬੈਂਕ ਨਾਲ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਬਿਜ਼ਨੈੱਸ ਬਣਾਈ ਰੱਖਣਾ ਔਖਾ ਹੈ। ਕਿਹਾ ਗਿਆ ਕਿ ਐੱਚ.ਡੀ.ਐਫ.ਸੀ. ਬੈਂਕ ਨੂੰ ਡੀਇੰਪੈਨਲਮੈਂਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਕੋਈ ਸਰਕਾਰੀ ਲੈਣ ਦੇਣ ਨਾ ਕੀਤਾ ਜਾਵੇ। 

ਪੰਜਾਬ ’ਚ ਹੁਣ 45 ਦਿਨਾਂ ਦੇ ਅੰਦਰ ਕੋਈ ਵੀ ਇੰਡਸਟਰੀ ਲਗਾਉਣ ਦੀ ਮਿਲ ਜਾਵੇਗੀ ਮਨਜੂਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਚੰਡੀਗੜ੍ਹ ਵਿਚ ਬੋਲਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਇੰਡਸਟਰੀ ਨੂੰ ਵੱਡਾ ਲਾਭ ਮਿਲੇਗਾ ਤੇ ਸੂਬੇ ਵਿਚ ਇੰਡਸਟਰੀ ਲਾਉਣੀ ਅਸਾਨ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹੁਣ 45 ਦਿਨਾਂ ਦੇ ਅੰਦਰ ਕੋਈ ਵੀ ਇੰਡਸਟਰੀ ਲਗਾਉਣ ਦੀ ਮਨਜੂਰੀ ਮਿਲ ਜਾਵੇਗੀ। ਇਸ ਮੌਕੇ ਮਾਨ ਨੇ ਕਿਹਾ ਕਿ ਅੱਜ ਦਾ ਫੈਸਲਾ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ ਅਤੇ ਇਸ ਫੈਸਲੇ ਨੇ ਸੂਬੇ ਵਿਚ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਇੰਡਸਟਰੀ ਲੱਗੇਗੀ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਸ਼ੇ ਖਤਮ ਹੋਣਗੇ। ਮੁੱਖ ਮੰਤਰੀ ਨੇ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਇਸ ਪੋਰਟਲ ਦਾ ਫਾਇਦਾ ਚੁੱਕਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਇੰਡਸਟਰੀ ਵਿਚ ਵੀ ਮੋਹਰੀ ਸੂਬਾ ਬਣਾਉਣਾ ਹੈ। 

 

 

ਮੰਡੀ ਗੋਬਿੰਦਗੜ੍ਹ, 10 ਜੂਨ: ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਇਸਨੂੰ ਡੈਂਟਲ ਕੌਂਸਲ ਆਫ਼ ਇੰਡੀਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਤੋਂ ਆਰਥੋਡੌਂਟਿਕਸ ਅਤੇ ਡੈਂਟੋਫੇਸ਼ੀਅਲ ਆਰਥੋਪੈਡਿਕਸ ਅਤੇ ਕੰਜ਼ਰਵੇਟਿਵ ਡੈਂਟਿਸਟਰੀ ਅਤੇ ਐਂਡੋਡੌਂਟਿਕਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਆਪਣੇ ਮਾਸਟਰ ਆਫ਼ ਡੈਂਟਲ ਸਰਜਰੀ (ਐਮਡੀਐਸ) ਪ੍ਰੋਗਰਾਮ ਲਈ ਦਾਖਲੇ ਦੀ ਸਮਰੱਥਾ ਵਧਾਉਣ ਲਈ ਅਧਿਕਾਰਤ ਮਾਨਤਾ ਪ੍ਰਾਪਤ ਹੋਈ ਹੈ। ਸਫਲ ਨਿਰੀਖਣਾਂ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੋਂ ਬਾਅਦ ਦਾਖਲੇ ਨੂੰ 2 ਸੀਟਾਂ ਤੋਂ ਵਧਾ ਕੇ 5 ਸੀਟਾਂ ਕਰ ਦਿੱਤਾ ਗਿਆ ਹੈ।

ਇਹ ਪ੍ਰਵਾਨਗੀ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੂੰ ਪੰਜਾਬ ਰਾਜ ਵਿੱਚ ਇਨ੍ਹਾਂ ਦੰਦਾਂ ਦੇ ਵਿਸ਼ਿਆਂ ਵਿੱਚ 5 ਸੀਟਾਂ ਦੀ ਪੇਸ਼ਕਸ਼ ਕਰਨ ਵਾਲੀ ਇਕਲੌਤੀ ਸੰਸਥਾ ਬਣਾਉਂਦੀ ਹੈ - ਇੱਕ ਮਹੱਤਵਪੂਰਨ ਪ੍ਰਾਪਤੀ ਜੋ ਦੰਦਾਂ ਦੀ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੰਸਥਾ ਦੀ ਵਧਦੀ ਸਾਖ ਨੂੰ ਦਰਸਾਉਂਦੀ ਹੈ।

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮੂਹਿਕ ਯਤਨਾਂ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਨੇ ਇਸ ਮੀਲ ਪੱਥਰ ਨੂੰ ਸੰਭਵ ਬਣਾਇਆ। ਉਨ੍ਹਾਂ ਨੇ ਸਿਹਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰੇ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ 'ਤੇ ਜ਼ੋਰ ਦਿੱਤਾ।

ਦੇਸ਼ ਭਗਤ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਵਿਕਰਮ ਬਾਲੀ ਅਤੇ ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ ਨੇ ਵੀ ਪ੍ਰਬੰਧਨ ਦੇ ਅਟੁੱਟ ਸਮਰਥਨ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਇਸ ਮਾਨਤਾ ਨੂੰ ਪ੍ਰਾਪਤ ਕਰਨ ਵਿੱਚ ਪੂਰੀ ਟੀਮ ਦੇ ਸਮਰਪਣ ਨੂੰ ਸਵੀਕਾਰ ਕੀਤਾ। ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਖੋਜ, ਨਵੀਨਤਾ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਮਿਆਰਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਸੰਸਥਾ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਅਤੇ ਮਰੀਜ਼ਾਂ ਦੋਵਾਂ ਦੀ ਭਲਾਈ ਨੂੰ ਤਰਜੀਹ ਦਿੰਦੀ ਰਹਿੰਦੀ ਹੈ, ਉੱਤਮਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਕਾਇਮ ਰੱਖਦੀ ਹੈ।

 

 

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੋ੍ਰਮਣੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਜਿਹੜੀ ਮੀਟਿੰਗ ਅੱਜ 9 ਜੂਨ ਨੂੰ ਅੰਮਿ੍ਰਤਸਰ ’ਚ ਹੋਣੀ ਸੀ, ਉਸ ਨੂੰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ। ਇਹ ਮੀਟਿੰਗ ਹੁਣ 12 ਜੂਨ ਨੂੰ ਅੰਮਿ੍ਰਤਸਰ ਵਿਚ ਹੀ ਹੋਵੇਗੀ। ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਸਬੰਧੀ ਦੱਸਿਆ ਕਿ ਹੁਣ ਇਹ ਮੀਟਿੰਗ 12 ਜੂਨ ਨੂੰ ਦੁਪਹਿਰੇ 12 ਵਜੇ ਐਸਜੀਪੀਸੀ ਦੇ ਮੁੱਖ ਦਫਤਰ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸੇ ਦਿਨ ਬਾਅਦ ਦੁਪਹਿਰ 3 ਵਜੇ ਧਰਮ ਪ੍ਰਚਾਰ ਕਮੇਟੀ ਦੀ ਵੀ ਇਕੱਤਰਤਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.