Thursday, 28 May 2026

ਅੰਮਿ੍ਰਤਸਰ ’ਚ ਹੋਵੇਗੀ ਕਮੇਟੀ ਦੀ ਮੀਟਿੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਹੁਣ 15 ਅਪਰੈਲ ਦੀ ਥਾਂ 16 ਅਪਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤਿ੍ਰੰਗ ਕਮੇਟੀ ਦੀ ਇਹ ਇਕੱਤਰਤਾ 15 ਅਪਰੈਲ ਲਈ ਸੱਦੀ ਗਈ ਸੀ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪਰੈਲ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਅੰਮਿ੍ਰਤਸਰ ’ਚ ਸਥਿਤ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਮੀਟਿੰਗ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ। 

 

ਜਾਖੜ ਨੇ ਵੀ ਸੀਐਮ ਮਾਨ ’ਤੇ ਜਾਸੂਸੀ ਦੇ ਲਗਾਏ ਇਲਜ਼ਾਮ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ ਹਨ। ਬਾਜਵਾ ਨੇ ਤਰਨਤਾਰਨ ’ਚ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਬਾਜਵਾ ਨੇ ਸੂਬਾ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਵਲੋਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਗਈ। ਉੁਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਕੰਟਰੋਲ ਵਿਚ ਕੁਝ ਵੀ ਨਹੀਂ ਹੈ ਅਤੇ ਸੂਬੇ ਦਾ ਪੂਰਾ ਸਿਸਟਮ ਹੀ ਫੇਲ੍ਹ ਹੋ ਗਿਆ ਹੈ। ਉਧਰ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਜਾਸੂਸੀ ਲਈ ਸੂਬੇ ਦੀ ਖੁਫੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਆਰੋਪ ਲਗਾਇਆ ਹੈ। ਇਸ ਸਬੰਧੀ ਜਾਖੜ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।   

 

 

ਪੰਜਾਬੀ ਯੂਨੀਵਰਸਿਟੀ ਪੁੱਜੇ ਮੁੱਖ ਮੰਤਰੀ ਨੇ ਬਾਜਵਾ ਦੀ ਕੀਤੀ ਆਲੋਚਨਾ

ਪਟਿਆਲਾ/ਬਿਊਰੋ ਨਿਊਜ਼

ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ’ਚ ਪਹੁੰਚੇ। ਸੀਐਮ ਨੇ ਡਾ. ਅੰਬੇਡਕਰ ਦੀ ਸਮਾਜ ਨੂੰ ਦੇਣ, ਸਬੰਧੀ ਵਿਸਥਾਰ ’ਚ ਦੱਸਿਆ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਜ਼ਿੰਮੇਵਾਰ ਭੂਮਿਕਾ ਨਿਭਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬੰਬਾਂ ਵਾਲੀ ਕੋਈ ਗੱਲ ਹੁੰਦੀ ਤਾਂ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਇਕ ਦੂਜੇ ਨਾਲ ਰਾਬਤਾ ਜ਼ਰੂਰ ਕਰਦੀਆਂ, ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਾਜਵਾ ਨੇ ਦਹਿਸ਼ਤ ਫੈਲਾਉਣ ਲਈ ਅਜਿਹਾ ਕੀਤਾ ਹੈ ਜਾਂ ਫਿਰ ਉਹ ਕੋਈ ਰਾਜ਼ ਛੁਪਾ ਰਹੇ ਹਨ।

ਇਕ ਪਾਸੇ ਦਾ ਕਿਰਾਇਆ ਪ੍ਰਤੀ ਵਿਅਕਤੀ ਚਾਰ ਹਜਾਰ ਰੁਪਏ ਰੱਖਿਆ

ਅੰਮਿ੍ਰਤਸਰ/ਬਿਊਰੋ ਨਿਊਜ਼ 

ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸੁਰੂ ਹੋ ਗਈ ਹੈ ਜਿਸ ਤਹਿਤ ਪਹਿਲੀ ਬੱਸ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ। ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਬੱਸ ਹਫਤੇ ਵਿੱਚ ਚਾਰ ਦਿਨ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਚੱਲੇਗੀ ਅਤੇ ਚਾਰ ਦਿਨ ਨਾਂਦੇੜ ਤੋਂ ਅੰਮਿ੍ਰਤਸਰ ਲਈ ਚੱਲੇਗੀ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ। ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਮੈਨੇਜਰ ਅਪਰੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਸੇਵਾ ਤਹਿਤ ਬੱਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮਿ੍ਰਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਅੰਮਿ੍ਰਤਸਰ ਵਾਸਤੇ ਹਫਤੇ ਵਿੱਚ ਚਾਰ ਵਾਰ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ।

 

ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਸੰਭਾਲਣਗੇ ਕਮਾਨ

ਲੁਧਿਆਣਾ/ਬਿਊਰੋ ਨਿਊਜ਼  

ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਹੋਣੀ ਹੈ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜਲਦੀ ਹੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਜ਼ਿਮਨੀ ਚੋਣ ਲਈ ਰਣਨੀਤੀ ਬਣਾ ਲਈ ਹੈ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਦੋ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਗੂਆਂ ਦੀ ਦੇਖ ਰੇਖ ਵਿਚ ਕਾਂਗਰਸ ਪਾਰਟੀ ਇਹ ਜ਼ਿਮਨੀ ਚੋਣ ਲੜੇਗੀ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੋਈ ਹੈ ਅਤੇ ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ।  

 

 

ਸਕੂਲਾਂ ਵਿਚ ਟਾਇਲਟ ਬਲਾਕ ਲਈ ਨਹੀਂ ਲੱਗਣਗੇ ਨੀਂਹ ਪੱਥਰ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਲੈ ਕੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ। ਇਸਦੇ ਚੱਲਦਿਆਂ ਸੂਬੇ ਦੇ ਸਿੱਖਿਆ ਵਿਭਾਗ ਨੇ ਸਕੂਲ ਪਖਾਨਿਆਂ ਦੇ ਉਦਘਾਟਨੀ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਤੜਕਸਾਰ ਇਕ ਟਵੀਟ ਕਰਕੇ ਸਕੂਲ ਮੁਖੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਵਿਚ ਲਿਖਿਆ ਗਿਆ ਸੀ ਕਿ ਸਕੂਲਾਂ ਵਿੱਚ ਅੱਜ ਹੋਣ ਵਾਲੇ ਬਾਕੀ ਈਵੈਂਟ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਨਹੀਂ ਲਗਾਏ ਜਾਣਗੇ। ਧਿਆਨ ਰਹੇ ਕਿ ਵਿਰੋਧੀ ਧਿਰਾਂ, ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਆਗੂ ਅਨਿਲ ਸਰੀਨ ਸਮੇਤ ਹੋਰਨਾਂ ਆਗੂਆਂ ਨੇ ਸਰਕਾਰ ਦੀ ਇਸ ਸਿੱਖਿਆ ਕ੍ਰਾਂਤੀ ਨੂੰ ਉਦਘਾਟਨ ਕ੍ਰਾਂਤੀ ਦਾ ਨਾਮ ਦਿੰਦਿਆਂ ‘ਆਪ’ ਸਰਕਾਰ ਦੀ ਘੇਰਾਬੰਦੀ ਕੀਤੀ ਸੀ। ਇਸ ਕਿਰਕਿਰੀ ਨੂੰ ਭਾਂਪਦਿਆਂ ਸਿੱਖਿਆ ਵਿਭਾਗ ਨੇ ਹੁਣ ਪਖਾਨਿਆਂ ਦੇ ਉਦਘਾਟਨ ਮਾਮਲੇ ਵਿਚ ਯੂ-ਟਰਨ ਲੈ ਲਿਆ ਹੈ। 

ਕਾਂਗਰਸ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਕਰੇਗੀ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਬੰਬਾਂ ਬਾਰੇ ਬਿਆਨ’ ਮਾਮਲੇ ਵਿਚ ਅੱਜ ਮੁਹਾਲੀ ਥਾਣੇ ਵਿਚ ਕੀਤੀ ਜਾਣ ਵਾਲੀ ਪੁੱਛ ਪੜਤਾਲ ਵਿਚ ਸ਼ਾਮਲ ਨਹੀਂ ਹੋਏ। ਧਿਆਨ ਰਹੇ ਕਿ ਮੁਹਾਲੀ ਦੇ ਐਸ.ਪੀ. ਹਰਬੀਰ ਸਿੰਘ ਅਟਵਾਲ ਨੇ ਬਾਜਵਾ ਨੂੰ ਸੰਮਨ ਭੇਜ ਕੇ ਅੱਜ ਸੋਮਵਾਰ ਦੁਪਹਿਰੇ 12 ਵਜੇ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਥਾਣਾ ਫੇਜ਼-7 ਵਿਚ ਜਾਂਚ ’ਚ ਸ਼ਾਮਲ ਹੋਣ ਲਈ ਸੱਦਿਆ ਸੀ। ਹੁਣ ਪ੍ਰਤਾਪ ਸਿੰਘ ਬਾਜਵਾ ਭਲਕੇ ਮੰਗਲਵਾਰ ਬਾਅਦ ਦੁਪਹਿਰ 2 ਵਜੇ ਮੁਹਾਲੀ ਦੇ ਥਾਣੇ ਵਿਚ ਪਹੁੰਚ ਕੇ ਜਾਂਚ ਵਿਚ ਸ਼ਾਮਲ ਹੋਣਗੇ। ਧਿਆਨ ਰਹੇ ਕਿ ਬਾਜਵਾ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਤੱਕ ਚਲਣੇ ਬਾਕੀ ਹਨ। ਇਸ ਮਾਮਲੇ ਨੂੰ ਲੈ ਕੇ ਬਾਜਵਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਬਾਜਵਾ ਖਿਲਾਫ ਦਰਜ ਹੋਏ ਕੇਸ ਦੇ ਮਾਮਲੇ ਵਿਚ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਵਿਰੋਧ ਪ੍ਰਦਰਸ਼ਨ ਵੀ ਕਰੇਗੀ। 

 

ਚੰਡੀਗੜ੍ਹ : ਪੰਜਾਬ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਵਿੱਚ ਹੀ ਦਿਖਾਈ ਦਿੰਦਾ ਹੈ, ਜ਼ਮੀਨੀ ਪੱਧਰ 'ਤੇ ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਪਖਾਨਿਆਂ ਦੀ ਮੁਰੰਮਤ ਅਤੇ ਸੜਕਾਂ 'ਤੇ ਪਏ ਟੋਇਆਂ ਨੂੰ ਭਰਨ ਦਾ ਉਦਘਾਟਨ ਕਰ ਰਹੇ ਹਨ। ਇਹ ਗੱਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਹੀ। ਉਨ੍ਹਾਂ ਨੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਆਮ ਆਦਮੀ ਨੂੰ ਪਾਰਟੀ ਨੂੰ ਖੂਬ ਖਰੀ ਖੋਟੀ ਸੁਣਾਈ | ਸਰੀਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪੀ ਸੀ, ਪਰ ਅੱਜ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। 9 ਅਪ੍ਰੈਲ 2025 ਨੂੰ, ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਿਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਏ ਗਏ ਉਦਘਾਟਨੀ ਤਖ਼ਤੀ ਦੇ ਅਨੁਸਾਰ, ਟਾਇਲਟ (ਪਖਾਨਾ) ਦੀ ਮੁਰੰਮਤ ਪੂਰੀ ਹੋਣ ਤੋਂ ਬਾਅਦ ਜਨਤਾ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਤਰਹ ਦਾ ਸਾਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਜਨਰਲ ਸਕੱਤਰ ਜਗਮੋਹਨ ਰਾਜੂ, ਪਾਰਟੀ ਬੁਲਾਰੇ ਐਸ ਐਸ ਚੰਨੀ ਅਤੇ ਪੰਜਾਬ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਮੌਜੂਦ ਸਨ।

ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਇੰਨੀ ਨਿਕਮੀ ਅਤੇ ਬੇਅਸਰ ਹੈ ਕਿ ਇਹ ਕੇਂਦਰ ਵੱਲੋਂ ਭੇਜੇ ਗਏ ਪੈਸੇ ਨੂੰ ਖਰਚ ਨਹੀ ਕਰ ਪਾ ਰਹੀ ਹੈ| ਆਲਮ ਇਹ ਹਨ ਕਿ ਪਹਿਲਾ ਤੋਂ ਬਿਹਤਰ ਤੋਂ ਵਧੀਆ ਸਕੂਲਾਂ ਨੂੰ ਪੇਂਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਨਾਮ ਸਕੂਲ ਆਫ਼ ਐਮੀਨੈਂਸ ਰੱਖਿਆ ਜਾ ਰਿਹਾ ਹੈ । ਜ਼ਮੀਨੀ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਨੇ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਨੂੰ ਸਾਲ 2022-23 ਵਿੱਚ 1127.37 ਕਰੋੜ ਰੁਪਏ, ਸਾਲ 2023-24 ਵਿੱਚ 1298.30 ਕਰੋੜ ਅਤੇ ਸਾਲ 2024-25 ਵਿੱਚ 1240 ਕਰੋੜ ਭੇਜੇ | ਇਹ ਪੈਸਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ, ਨਵੇਂ ਸਕੂਲ ਖੋਲ੍ਹਣ ਅਤੇ ਡਿਜੀਟਲ ਸਿੱਖਿਆ ਪ੍ਰਦਾਨ ਕਰਨ 'ਤੇ ਖਰਚ ਕੀਤਾ ਜਾਣਾ ਸੀ। ਇਹ ਪੈਸਾ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਵਰਤਿਆ ਜਾਣਾ ਚਾਹੀਦਾ ਸੀ, ਪਰ 'ਆਪ' ਸਰਕਾਰ ਇਸ਼ਤਿਹਾਰਬਾਜ਼ੀ 'ਤੇ ਜ਼ਿਆਦਾ ਅਤੇ ਸਿਰਜਣਾ 'ਤੇ ਘੱਟ ਖਰਚ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀਐਮ ਸ਼੍ਰੀ ਦੇ ਅਧੀਨ 198.82 ਕਰੋੜ ਰੁਪਏ ਪੰਜਾਬ ਭੇਜੇ ਗਏ ਸਨ, ਪਰ ਪੰਜਾਬ ਸਰਕਾਰ ਸਿਰਫ 66.80 ਕਰੋੜ ਰੁਪਏ ਹੀ ਖਰਚ ਕਰ ਸਕੀ। ਹੁਣ ਤੁਸੀਂ ਦੱਸੋ, ਜੇ ਕੇਂਦਰ ਸਰਕਾਰ ਅਜਿਹੀ ਬੇਅਸਰ ਸਰਕਾਰ ਲਈ ਫੰਡ ਨਹੀਂ ਰੋਕਦੀ, ਤਾਂ ਉਹ ਇਸਦੀ ਪ੍ਰਸ਼ੰਸਾ ਕਰੇਗੀ। ਇਸੇ ਤਰ੍ਹਾਂ ਦੀ ਚਾਲਾਕੀ 'ਆਪ' ਸਰਕਾਰ ਨੇ ਦਿਖਾਈ ਜਦੋਂ ਇਸਨੇ ਆਯੁਸ਼ਮਾਨ ਅਰੋਗਿਆ ਕੇਂਦਰ ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲ ਦਿੱਤਾ। ਜਦੋਂ ਕੇਂਦਰ ਨੇ ਗ੍ਰਾਂਟ ਬੰਦ ਕਰ ਦਿੱਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ।

ਸਰੀਨ ਨੇ ਕਿਹਾ ਕਿ ਇਸ ਸਮੇਂ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਤਿੱਕੜੀ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੀ ਕਠਪੁਤਲੀ ਬਣੇ ਹੋਏ ਹਨ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਹਰ ਫਰੰਟ 'ਤੇ ਅਸਫਲ ਰਹੀ ਆਮ ਆਦਮੀ ਪਾਰਟੀ ਨੂੰ ਇਸਦਾ ਜਵਾਬ ਜ਼ਰੂਰ ਦੇਣਗੇ।

 

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ

ਪਟਿਆਲਾ/ਬਿਊਰੋ ਨਿਊਜ਼

ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਟਿਆਲਾ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਹੁਣ ਪਰਿਵਾਰ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਕਰਨਲ ਬਾਠ ਦੇ ਪਰਿਵਾਰ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ 4 ਸਸਪੈਂਡਿਡ ਪੁਲਿਸ ਇੰਸਪੈਕਟਰਾਂ ਦਾ ਪਟਿਆਲਾ ਜ਼ੋਨ ਤੋਂ ਬਾਹਰ ਤਬਾਦਲਾ ਕੀਤਾ ਜਾਵੇ। ਇਹ ਅਪੀਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਡੀਜੀਪੀ ਨੂੰ ਕੀਤੀ ਹੈ। ਜਸਵਿੰਦਰ ਕੌਰ ਬਾਠ ਦਾ ਦਾਅਵਾ ਹੈ ਕਿ ਇਹ ਪੁਲਿਸ ਇੰਸਪੈਕਟਰ ਉਨ੍ਹਾਂ ਦੇ ਪਰਿਵਾਰ ’ਤੇ ਜਾਨਲੇਵਾ ਹਮਲੇ ਦੇ ਦੋਸ਼ੀ ਹਨ, ਜਿਸ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਲੰਘੀ 13 ਅਤੇ 14 ਮਾਰਚ ਦੀ ਰਾਤ ਨੂੰ ਪਟਿਆਲਾ ਵਿਚ ਇਨ੍ਹਾਂ ਚਾਰ ਪੁਲਿਸ ਇੰਸਪੈਕਟਰਾਂ ਨੇ ਉਨ੍ਹਾਂ ਦੇ ਪਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ ਸੀ।  

 

ਡਾ. ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਖਿਲਾਫ ਸਾਜਿਸ਼ ਰਚਣ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼ 

ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਾਸਤੇ 12 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਧਿਆਨ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਦਾ 12 ਅਪ੍ਰੈਲ ਨੂੰ ਅੰਮਿ੍ਰਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਡੈਲੀਗੇਟ ਇਜਲਾਸ ਹੋਣਾ ਹੈ। ਰੰਧਾਵਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਗਲਿਆਰੇ ਵਿਚ ਧਾਰਮਿਕ ਸਥਾਨ ’ਤੇ ਡੈਲੀਗੇਟ ਇਜਲਾਸ ਕਰਨਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਰੰਧਾਵਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ’ਚ ਪਾਰਦਰਸ਼ਤਾ ਨਾ ਹੋਣ ਸਬੰਧੀ ਵੀ ਉਂਗਲ ਚੁੱਕੀ ਹੈ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਮਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨੂੰ ਆਪਣਾ ਦੁਸ਼ਮਣ ਨੰਬਰ ਇਕ ਮੰਨ ਕੇ ਚੱਲਦੇ ਆ ਰਹੇ ਹਾਂ। ਚੀਮਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਢਾਹ ਲਗਾਉਣ ਲਈ ਵੀ ਸਾਜਿਸ਼ ਕੀਤੀ ਜਾ ਰਹੀ ਹੈ।

 

ਜਲੰਧਰ ਦੇ ਇਕ ਸਕੂਲ ਵਿਚ ਲੜਕੇ-ਲੜਕੀਆਂ ਲਈ ਇੱਕ ਹੀ ਪਖਾਨਾ

ਜਲੰਧਰ/ਬਿਊਰੋ ਨਿਊਜ਼

ਪੰਜਾਬ ਦੇ ਸਕੂਲਾਂ ਵਿਚ ਸੂਬਾ ਸਰਕਾਰ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਜਲੰਧਰ ਜ਼ਿਲ੍ਹੇ ਵਿਚ ਪੈਂਦੇ ਲੋਹੀਆਂ ਬਲਾਕ ਦੇ ਪਿੰਡ ਮੰਡਲਾ ਛੰਨਾ ਵਿਚ ਸਥਿਤ ਇਕ ਸਕੂਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਜਲੰਧਰ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ 80 ਵਿਦਿਆਰਥੀ ਹਨ ਅਤੇ ਸਾਰੇ ਇੱਕ ਹੀ ਪਖਾਨੇ ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ 2023 ਦੇ ਹੜ੍ਹਾਂ ਦੌਰਾਨ ਇਹ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਸਕੂਲ ਸਟਾਫ ਦੇ ਅਨੁਸਾਰ ਕੰਧਾਂ ਵਿਚ ਤਰੇੜਾਂ ਅਤੇ ਫਰਸ਼ ਖਰਾਬ ਹੋਣ ਕਾਰਨ ਤਿੰਨ ਵਿਚੋਂ ਦੋ ਪਖਾਨੇ ਵਰਤੋਂ ਦੇ ਯੋਗ ਨਹੀਂ ਰਹੇ ਅਤੇ ਉਹ ਹੁਣ ਬੰਦ ਹਨ। ਇਨ੍ਹਾਂ ਵਿਚ ਕੁੜੀਆਂ ਲਈ ਦੋ ਪਖਾਨੇ ਅਤੇ ਮੁੰਡਿਆਂ ਲਈ ਇਕ ਪਖਾਨਾ ਸੀ। ਉਦੋਂ ਤੋਂ ਪਖਾਨਾ ਜਾਣਾ ਇਸ ਸਕੂਲ ਦੇ ਵਿਦਿਆਰਥੀਆਂ ਲਈ ਇਕ ਸਜ਼ਾ ਦੀ ਤਰ੍ਹਾਂ ਬਣ ਗਿਆ ਹੈ ਅਤੇ ਇਹ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਵੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਸਕੂਲ ਦਾ ਹਿੱਸਾ ਬਣੀ ਹੋਈ ਹੈ।  

ਅਧਿਆਪਕਾਂ ਨੂੰ ਸਤਿਕਾਰਯੋਗ ਤੇ ਸੇਧ ਦੇਣ ਵਾਲੇ ਗੁਰੂ ਦੱਸਿਆ

ਚੰਡੀਗੜ੍ਹ/ਬਿਉੂਰੋ ਨਿਊਜ਼   

ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਸਮੁੱਚੇ ਅਧਿਆਪਕ ਜਗਤ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ। ਪਿਛਲੇ ਦਿਨੀ  ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜੌੜਾਮਾਜਰਾ ਨੇ ਅਧਿਆਪਕਾਂ ਖਿਲਾਫ ‘ਅਪਸ਼ਬਦ’ ਬੋਲ ਦਿੱਤੇ ਸਨ। ਦੱਸਿਆ ਗਿਆ ਕਿ ਜੌੜਾਮਾਜਰਾ ਸਕੂਲ ਵਿਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ। ਉਨ੍ਹਾਂ ਨੇ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਡੀਟੀਐੱਫ ਨੇ ਪਿਛਲੇ ਦਿਨੀਂ ਮੰਗ ਕੀਤੀ ਸੀ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ। ਸੋ ਹੁਣ ਵਿਧਾਇਕ ਜੌੜਾਮਾਜਰਾ ਨੇ ਆਪਣੀ ਗਲਤੀ ਲਈ ਸਮੁੱਚੇ ਅਧਿਆਪਕ ਜਗਤ ਕੋਲੋਂ ਮਾਫੀ ਮੰਗ ਲਈ ਹੈ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.