Wednesday, 27 May 2026

ਅਮਰੀਕਾ ਨਿਵਾਸੀ ਦਿਲਜੀਤ ਦੋਸਾਂਝ ਕਿਵੇਂ ਲੜ ਸਕਦਾ ਹੈ ਚੋਣ ?

 

ਫੇਰ ਤੋਂ ਚਰਚਾ ਵਿੱਚ ਹੈ ਦਿਲਜੀਤ ਦੋਸਾਂਝ।

ਇੱਕ ਪਾਸੇ ਜਾਗੋ ਪੰਜਾਬ ਮੰਚ ਦਿਲਜੀਤ ਦੋਸਾਂਝ ਨੂੰ ਆਪਣੇ ਮੰਚ ਵਿੱਚ ਸ਼ਾਮਿਲ ਕਰਕੇ ਉਸਨੂੰ ਪੰਜਾਬ ਦੀ ਰਹਿਨੁਮਾਈ ਦੀ ਤਜ਼ਵੀਜ ਪੇਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਦੋਸਾਂਝ ਦੇ ਮੈਨੇਜਰ ਦੇ ਘਰ ਤੇ ਭਾਜਪਾ ਨੇ ਗੋਲੀਆਂ ਚਲਵਾਈਆਂ ਹਨ ਤਾਂ ਜੋ ਉਸਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਮਜ਼ਬੂਰ ਕੀਤਾ ਜਾ ਸਕੇ। ਹਾਲਾਂਕਿ ਦੋਸਾਂਝ ਨੇ ਨਾ ਤਾਂ ਭਾਜਪਾ ਲਈ ਹਾਮੀ ਭਰੀ ਹੈ ਤੇ ਨਾ ਹੀ ਜਾਗੋ ਪੰਜਾਬ ਮੰਚ 'ਚ ਸ਼ਾਮਿਲ ਹੋਣ ਲਈ। ਦੋਹਾਂ ਹਾਲਾਤਾਂ ਵਿੱਚ ਉਸਦਾ ਜਵਾਬ ਨਾਂਹ ਹੀ ਹੈ। ਪਰ ਬੁਧਵਾਰ ਨੂੰ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਇਸ ਘਟਨਾ ਨੂੰ ਹੋਰ ਸੰਜੀਦਾ ਬਣਾ ਦਿੱਤਾ ਕਿ ਗੋਲੀਬਾਰੀ ਦੀ ਘਟਨਾ ਦਿਲਜੀਤ ਉੱਤੇ ਭਾਜਪਾ 'ਚ ਸ਼ਾਮਿਲ ਹੋਣ ਲਈ ਦਬਾਅ ਪਾਉਣ ਵਾਸਤੇ ਅੰਜਾਮ ਦਿੱਤੀ ਗਈ ਸੀ। ਇੱਕ ਖ਼ਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਦਿਲਜੀਤ ਤਾਂ ਚਿਰੋਕਣਾ ਅਮਰੀਕਾ ਦਾ ਬਾਸ਼ਿੰਦਾ ਹੋ ਚੁਕਾ ਹੈ ਤੇ ਫੇਰ ਉਹ ਪੰਜਾਬ ਵਿੱਚ ਚੋਣਾਂ ਕਿਵੇਂ ਲੜ ਸਕਦਾ ਹੈ ?

 

 

ਚੇਤੇ ਰਹੇ ਕਿ ਦਿਲਜੀਤ ਦੋਸਾਂਝ ਦੇ ਮੈਨੇਜਰ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਪਿੰਡ ਗੌਂਡਰਜ਼ਿਲਾ ਕਰਨਾਲ,  ਹਰਿਆਣਾ ਵਿਖੇ ਘਰ 'ਤੇ ਪਿਛਲੇ ਦਿਨੀਂ ਗੋਲੀਬਾਰੀ ਦੀ ਘਟਨਾ ਘਟੀ ਸੀ ਤੇ ਆਮ ਆਦਮੀ ਪਾਰਟੀ ਦੇ ਇੱਕ ਲਿਖਿਤ ਬਿਆਨ ਅਨੁਸਾਰ ਇਸਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇੱਕ ਪਾਸੇ ਭਾਜਪਾ ਇਸ ਗੱਲੋਂ ਹੀ ਇਨਕਾਰ ਰਹੀ ਹੈ ਕਿ ਅਜਿਹੀ ਕੋਈ ਘਟਨਾ ਘਟੀ ਵੀ ਸੀ ਤੇ ਦੂਜੇ ਪਾਸੇ "ਆਪ" ਨੇ  ਗਾਇਕ ਵੱਲੋਂ 'ਭਾਜਪਾ'  ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾਏ ਜਾਣਤੋਂ ਬਾਅਦ ਉਸਨੂੰ ਧਮਕਾਉਣਦਾ ਦੋਸ਼ ਲਗਾਇਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਘਟਨਾ ਲਈ "ਰਾਜਨੀਤਿਕ ਉਦੇਸ਼ਾਂ" ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਨੇਤਾਇੱਕ ਸੁਰ ਵਿੱਚ ਇਹ ਕਹਿਣ ਲਈ ਤਿਆਰ ਹਨ ਕਿ ਇਹ ਘਟਨਾ ਵਾਪਰੀ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸਦੀ ਜ਼ਿੰਮੇਵਾਰੀ ਲਈ ਹੈ।

 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਵਿਰੋਧੀ ਭਾਜਪਾ ਮੂਲ ਰੂਪ ਵਿੱਚ ਗੁਜਰਾਤ ਤੋਂ ਇੱਕ ਸੁਰੱਖਿਆ ਰੈਕੇਟ ਚਲਾ ਰਹੀ ਹੈ। ਜਦੋਂ ਦਿਲਜੀਤ ਦੋਸਾਂਝ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਭਾਜਪਾ ਨਾਲ ਨਹੀਂ ਰਲਣਾ ਚਾਹੁੰਦਾਉਸੇ ਸਮੇਂ ਉਸਦੇ ਮੈਨੇਜਰ ਦੇ ਘਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਿਸ਼ਾਨਾ ਬਣਾਇਆ। ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰਦਾ ਹੈ ਕਿਉਂਕਿ ਭਾਜਪਾ ਬਿਸ਼ਨੋਈ ਨੂੰ ਪੁੱਛਗਿੱਛ ਤੋਂ ਪੂਰੀ ਤਰ੍ਹਾਂ ਆਜ਼ਾਦ ਰੱਖਦੀ ਹੈ,”। ਆਪ’ ਆਗੂਆਂ ਜਿਨ੍ਹਾਂ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂਹਰਦੀਪ ਸਿੰਘ ਮੁੰਡੀਆਂ ਅਤੇ ਲਾਲ ਚੰਦ ਕਟਾਰੂਚੱਕ ਸ਼ਾਮਲ ਸਨਨੇ ਇਸ ਦੌਰਾਨ ਕਿਹਾ ਕਿ ਪੰਜਾਬੀਆਂ ਨੂੰ ਡਰਾ ਕੇ ਕਦੇ ਵੀ ਚੁੱਪ ਨਹੀਂ ਕਰਵਾਇਆ ਜਾ ਸਕਦਾ।

 

ਦੋਸਾਂਝ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਮੁੱਦਾ ਪਿਛਲੇ ਸ਼ਨੀਵਾਰ ਨੂੰ ਉੱਭਰਿਆ ਸੀਜਦੋਂ ਰਿਟਾਇਰਡ ਆਲ੍ਹਾ  ਅਧਿਕਾਰੀਆਂਫੌਜ ਦੇ ਅਧਿਕਾਰੀਆਂ ਅਤੇ ਉੱਦਮੀਆਂ ਤੇ ਅਧਾਰਿਤ ਇਕ ਨਾਗਰਿਕ ਸਮੂਹ, 'ਜਾਗੋ ਪੰਜਾਬ ਮੰਚਨੇ ਦੋਸਾਂਝ ਨੂੰ ਇੱਕ ਜਨਤਕ ਅਪੀਲ ਕੀਤੀ ਜਿਸ ਵਿੱਚ ਉਸਨੂੰ ਰਾਜ ਵਿੱਚ ਰਾਜਨੀਤਿਕ ਅਗਵਾਈ ਕਰਨ ਲਈ ਸੱਦਾ ਦਿਤਾ ਗਿਆ ਸੀ। ਉਹਨਾਂ ਨੇ ਪੇਸ਼ਕਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਸੀ, "ਕਦੇ ਵੀ ਨਹੀਂ। ਮੈਂ ਇੱਕ ਮਨੋਰੰਜਨ ਕਰਨ ਵਾਲਾ ਹਾਂ ਅਤੇ ਮੇਰਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ। ਮੈਂ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ,"

 

ਹੁਣ ਇੱਕ ਨਵੀਂ ਚਰਚਾ ਇਹ ਛਿੜ ਗਈ ਹੈ ਕਿ ਦਿਲਜੀਤ ਦੋਸਾਂਝ ਤਾਂ ਅਮਰੀਕਾ ਦਾ ਨਿਵਾਸੀ ਹੈ ਇਸ ਲਈ ਉਹ ਪੰਜਾਬ ਵਿੱਚ ਚੋਣਾਂ ਕਿਵੇਂ ਲੜ ਸਕਦਾ ਹੈ। ਉਸਨੇ 2022 ਵਿੱਚ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਲਈ ਸੀ ਅਤੇ ਉਸੇ ਸਾਲ ਸਤੰਬਰ ਤੋਂ ਅਮਰੀਕੀ ਪਾਸਪੋਰਟ 'ਤੇ ਲਗਾਤਾਰ ਭਾਰਤ ਦੀ ਯਾਤਰਾ ਕਰ ਰਿਹਾ ਹੈ। ਹੁਣ ਉਸ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ ਅਤੇ ਉਹ ਸਤੰਬਰ 2022 ਤੋਂ ਈ-ਵੀਜ਼ਾ 'ਤੇ ਭਾਰਤ ਵਿੱਚ ਦਾਖਲ ਹੋ ਰਿਹਾ ਹੈ। ਇਸ ਜਾਣਕਾਰੀ ਤੇ ਟਿੱਪਣੀ ਕਰਦੇ ਹੋਏ ਜਾਗੋ ਪੰਜਾਬ ਮੰਚ ਦੇ ਪ੍ਰਧਾਨ ਰਿਟਾਇਰਡ ਬ੍ਰਿਗੇਡੀਅਰ ਹਰਵੰਤ ਸਿੰਘ ਨੇ ਕਿਹਾ, "ਅਸੀਂ ਦੋਸਾਂਝ ਨੂੰ ਚੋਣਾਂ ਨਹੀਂ ਲੜਵਾਉਣੀਆਂਅਸੀਂ ਉਸਨੂੰ ਇੱਕ ਯੂਥ ਆਈਕਾਨ ਦੇ ਰੂਪ ਵਿੱਚ ਅੱਗੇ ਲਿਆਉਣਾ ਚਾਹੁੰਦੇ ਹਾਂਅਸੀਂ ਚਾਹੁੰਦੇ ਹਾਂ ਕਿ ਉਹ ਨੌਜਵਾਨ ਪੀੜ੍ਹੀ ਦੇ ਲਈ ਸਿਰਫ ਰੋਜ਼ਗਾਰ ਹੀ ਪੈਦਾ ਨਾ ਕਰੇ ਬਲਕਿ ਬੇਰੋਜ਼ਗਾਰਾਂ ਨੂੰ ਅਜਿਹਾ ਹਲੂਣਾ ਦੇਵੇ ਕਿ ਉਹ ਖੁਦ ਦੂਜਿਆਂ ਲਈ ਰੋਜ਼ਗਾਰ ਪੈਦਾ ਕਰਨਅਸੀਂ ਉਸ ਵਿੱਚ ਨੌਜਵਾਨਾਂ ਦਾ ਸੁਨਹਿਰਾ ਭਵਿੱਖ ਵੇਖਦੇ ਹਾਂ।"

 

ਅਮਰਜੀਤ ਸਿੰਘਚੰਡੀਗੜ੍ਹ

ਮੋਬਾਇਲ : 98728 80108

ਮੰਡੀ ਗੋਬਿੰਦਗੜ੍ਹ, 14 ਮਈ: ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਟਾ ਯੂਨੀਵਰਸਿਟੀ, ਰਾਜਸਥਾਨ ਵਿੱਚ ਕਰਵਾਏ ਗਏ ਏਆਈਯੂ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਸ਼ਾਨਦਾਰ ਸਮਰਪਣ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 11 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ।  
ਮਹਿਲਾ ਗੱਤਕਾ ਟੀਮ ਨੇ ਸਿੰਗਲ ਸੋਟੀ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਯੂਨੀਵਰਸਿਟੀ ਲਈ ਕਾਂਸੀ ਦਾ ਤਗਮਾ ਜਿੱਤਿਆ। ਟੀਮ ਮੈਂਬਰਾਂ ਵਿੱਚ ਸੋਨਮ ਬਿਸ਼ਨੋਈ (ਬੀਪੀਈਐਸ), ਅਮਨਪ੍ਰੀਤ ਕੌਰ (ਐਮਸੀਏਆਈ) ਅਤੇ ਕਲਪਨਾ (ਪੀਜੀ ਯੋਗਾ) ਸ਼ਾਮਲ ਸਨ, ਜਿਨ੍ਹਾਂ ਨੇ ਪੂਰੀ ਚੈਂਪੀਅਨਸ਼ਿਪ ਦੌਰਾਨ ਅਸਾਧਾਰਨ ਹੁਨਰ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ।
ਇਸ ਦੇ ਨਾਲ ਪੁਰਸ਼ਾਂ ਦੇ ਗੱਤਕਾ ਫੁਲ ਸਟਰਾਈਕ (ਫਰੀ ਸੋਟੀ) ਵਰਗ ਵਿੱਚ ਅਰਮਾਨ (ਪੀ.ਜੀ. ਯੋਗਾ), ਰਣਜੀਤ ਬਾਠ (ਪੀ.ਜੀ. ਯੋਗਾ), ਕਿਸ਼ਨਾ ਰਾਮ (ਪੀ.ਜੀ. ਯੋਗਾ) ਅਤੇ ਮਹੀਪਾਲ ਰੋਜ਼ (ਪੀ.ਜੀ. ਯੋਗਾ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਯੂਨੀਵਰਸਿਟੀ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦੇ ਹੋਏ, ਪੁਰਸ਼ ਸਿੰਗਲ ਸੋਟੀ ਫੁੱਲ ਸਟਰਾਈਕ ਟੀਮ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ। ਇਸ ਸ਼੍ਰੇਣੀ ਵਿੱਚ ਤਗਮਾ ਜੇਤੂ ਪਰਵੀਨ ਕੁਮਾਰ (ਪੀਜੀ ਯੋਗਾ), ਰਵਿੰਦਰ (ਪੀਜੀ ਯੋਗਾ), ਸੁਨੀਲ ਕੁਮਾਰ (ਬੀਪੀਈਐਸ), ਅਤੇ ਵਿਕਾਸ (ਬੀਪੀਈਐਸ) ਸਨ।  ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਪ੍ਰਮਾਣ ਹਨ।
ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਫੈਕਲਟੀ ਮੈਂਬਰਾਂ ਦੇ ਨਾਲ ਸਾਰੇ ਜੇਤੂਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ।  

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇੱਥੇ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜ ਭਾਰ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਤਕਨੀਕੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਕਰ ਰਹੇ ਨੌਜਵਾਨ ਮੰਤਰੀ ਦਾ ਸਥਾਨਕ ਸਰਕਾਰਾਂ ਦੇ ਪ੍ਰਬੰਧਕੀ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਵਿਸ਼ੇਸ਼ ਸਕੱਤਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ।

ਅਹੁਦਾ ਸੰਭਾਲਣ ਉਪਰੰਤ ਸ. ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।

ਉਨ੍ਹਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਰਹਿੰਦ-ਖੂੰਹਦ ਪ੍ਰਬੰਧਨ, ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਸਾਡੇ ਸ਼ਹਿਰੀ ਕੇਂਦਰ ਪੰਜਾਬ ਦੇ ਭਵਿੱਖ ਦਾ ਧੁਰਾ ਹਨ। ਸਿੱਖਿਆ ਖੇਤਰ ਦੀ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੀ ਪੂਰੀ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ।"

ਚੰਡੀਗੜ੍ਹ, 13 ਮਈ: ਪੰਜਾਬ ਸਰਕਾਰ ਦੇ ਐਨਆਰਆਈ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ “ਆਨਲਾਈਨ ਮਿਲਣੀ” ਕਰਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ ਮਿਲਣੀ ਦੌਰਾਨ ਜ਼ਮੀਨ-ਜਾਇਦਾਦੀ ਵਿਵਾਦਾਂ, ਵਿਆਹ ਸੰਬੰਧੀ ਮਾਮਲਿਆਂ, ਧੋਖਾਧੜੀ, ਕਬਜ਼ਿਆਂ ਅਤੇ ਡਰਾਉਣ-ਧਮਕਾਉਣ ਨਾਲ ਸਬੰਧਤ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਦਰਜ ਕਰਕੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਪੰਜਾਬੀ ਭਾਈਚਾਰੇ ਨੂੰ ਇਨਸਾਫ਼, ਸੁਰੱਖਿਆ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ ਭਾਈਚਾਰੇ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਆਨਲਾਈਨ ਅਤੇ ਫਿਜ਼ੀਕਲ ਮਿਲਣੀਆਂ ਨਿਯਮਿਤ ਤੌਰ ‘ਤੇ ਹਰ ਮਹੀਨੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ ਦੋ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਜਾਣਕਾਰੀ ਅਗਾਊਂ ਤੌਰ ‘ਤੇ ਸਾਂਝੀ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਪਰਵਾਸੀ ਪੰਜਾਬੀ ਇਸ ਪਹਿਲ ਦਾ ਲਾਭ ਲੈ ਸਕਣ।

ਉਨ੍ਹਾਂ ਦੱਸਿਆ ਕਿ ਅੱਜ ਦੀ ਆਨਲਾਈਨ ਮਿਲਣੀ ਦੌਰਾਨ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਕਨੇਡਾ ਆਦਿ ਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ 16 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਅਪ੍ਰੈਲ 2026 ਤੱਕ ਐਨ.ਆਰ.ਆਈ ਵਿਭਾਗ ਨੂੰ ਕੁੱਲ 590 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 430 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 160 ਮਾਮਲੇ ਕਾਰਵਾਈ ਅਧੀਨ ਹਨ। ਇਸੇ ਤਰ੍ਹਾਂ ਮਈ 2026 ਦੌਰਾਨ ਹੁਣ ਤੱਕ 56 ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ‘ਤੇ ਕਾਰਵਾਈ ਜਾਰੀ ਹੈ।

ਐਨ.ਆਰ. ਆਈ ਮੰਤਰੀ ਨੇ ਆਨਲਾਈਨ ਮਿਲਣੀ ਵਿੱਚ ਸ਼ਾਮਲ ਹੋਏ ਸਾਰੇ ਐਨ.ਆਰ.ਆਈ ਭਰਾਵਾਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਅਤੇ ਸਮੱਸਿਆਵਾਂ ਦੇ ਜਲਦ ਨਿਪਟਾਰੇ ਲਈ ਹਰ ਸੰਭਵ ਉਪਰਾਲਾ ਕਰੇਗੀ।

ਇਸ ਆਨਲਾਈਨ ਮਿਲਣੀ ਦੌਰਾਨ ਐਨ. ਆਰ.ਆਈ ਵਿਭਾਗ ਦੇ ਸਕੱਤਰ ਸ੍ਰੀ ਵੀ. ਐਨ. ਜ਼ਾਦੇ, ਏ.ਡੀ.ਜੀ.ਪੀ ਐਨ.ਆਰ.ਆਈ ਸ੍ਰੀ ਆਰ. ਕੇ. ਜੈਸਵਾਲ, ਡਵੀਜ਼ਨਲ ਕਮਿਸ਼ਨਰ ਜਲੰਧਰ ਸ੍ਰੀ ਰਾਮਵੀਰ, ਵਿਸ਼ੇਸ਼ ਸਕੱਤਰ ਐਨ.ਆਰ.ਆਈ ਸ੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਸੀਨੀਅਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

ਚੰਡੀਗੜ੍ਹ/ਪਟਿਆਲਾ : ਪੰਜਾਬ ਦੇ ਕੈਬਿਨਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ ਮੰਤਰੀ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪੋਰਟਫੋਲਿਓ ਵਿੱਚ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ਼ਾਮਲ ਹਨ।

ਅਹੁਦਾ ਸੰਭਾਲਣ ਉਪਰੰਤ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਅਤੇ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਘੱਟੋ-ਘੱਟ 8 ਘੰਟੇ ਨਿਰਵਿਘਨ ਸਪਲਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ. ਸੌਂਦ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸੂਬੇ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਖੇਤੀਬਾੜੀ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਹੋ ਸਕਣ।

ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਕਿਉਂਕਿ ਇਹ ਸੂਬੇ ਦੀ ਖੇਤੀਬਾੜੀ ਆਧਾਰਿਤ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਖਪਤਕਾਰ ਸੇਵਾਵਾਂ ਵਿੱਚ ਹੋਰ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਮੌਜੂਦਾ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਦਿਆਂ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਖਾਸ ਤੌਰ ‘ਤੇ ਪਿੰਡਾਂ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਢਾਂਚੇ ਦੇ ਅਪਗ੍ਰੇਡ ਅਤੇ ਰੱਖ-ਰਖਾਅ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਬਿਜਲੀ ਕੱਟਾਂ ਨੂੰ ਘਟਾਇਆ ਜਾ ਸਕੇ ਅਤੇ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਵਾਧਾ ਹੋਵੇ। ਉਨ੍ਹਾਂ ਵਿਭਾਗ ਨੂੰ ਜਿੱਥੇ ਵੀ ਲੋੜ ਹੋਵੇ ਟ੍ਰਾਂਸਫਾਰਮਰਾਂ, ਟ੍ਰਾਂਸਮਿਸ਼ਨ ਲਾਈਨਾਂ ਅਤੇ ਹੋਰ ਉਪਕਰਨਾਂ ਦੀ ਸਮੇਂ ਸਿਰ ਤਬਦੀਲੀ ਅਤੇ ਸਮਰੱਥਾ ਵਾਧਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੰਤਰੀ ਨੇ ਬਿਜਲੀ ਸਪਲਾਈ ਨਾਲ ਸੰਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਮੰਗ ਵਾਲੇ ਸੀਜ਼ਨ ਦੌਰਾਨ ਕਿਸੇ ਵੀ ਸਮੱਸਿਆ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਹਰ ਪੱਧਰ ‘ਤੇ ਆਪਸੀ ਤਾਲਮੇਲ ਬਣਾਈ ਰੱਖਿਆ ਜਾਵੇ।

ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਭਰੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਹਤਰ ਸੇਵਾਵਾਂ ਯਕੀਨੀ ਬਣਾਉਣ ਅਤੇ ਬਿਜਲੀ ਢਾਂਚੇ ਦੇ ਆਧੁਨਿਕੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੀਟਿੰਗ ਦੌਰਾਨ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡਾ. ਇੰਦਰਪਾਲ ਸਿੰਘ, ਡਾਇਰੈਕਟਰ ਫਾਇਨੈਂਸ ਐੱਸ.ਕੇ. ਬੇਰੀ ਅਤੇ ਡਾਇਰੈਕਟਰ ਕਮਰਸ਼ੀਅਲ ਇੰਜੀ. ਹਰਸ਼ਰਨ ਕੌਰ ਤ੍ਰੇਹਨ ਸਮੇਤ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ।

ਡਾ. ਜੋਰਾ ਸਿੰਘ ਵੱਲੋਂ ਸਿਹਤ ਸੇਵਾਵਾਂ ਵਿੱਚ ਨਰਸਾਂ ਦੀ ਦਇਆ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ
ਮੰਡੀ ਗੋਬਿੰਦਗੜ੍ਹ, 13 ਮਈ: ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਨੂੰ ਬੜੇ ਉਤਸ਼ਾਹ, ਸਮਰਪਣ ਅਤੇ ਟੀਮ ਭਾਵਨਾ ਨਾਲ ਮਨਾਇਆ ਗਿਆ। ਹਫ਼ਤਾ ਭਰ ਚੱਲੇ ਇਸ ਸਮਾਗਮ ਦਾ ਉਦੇਸ਼ ਸਮਾਜ ਅਤੇ ਸਿਹਤ ਖੇਤਰ ਲਈ ਨਰਸਾਂ ਵੱਲੋਂ ਦਿੱਤੀਆਂ ਨਿਸ਼ਕਾਮ ਸੇਵਾਵਾਂ, ਦਇਆ ਅਤੇ ਅਟੱਲ ਸਮਰਪਣ ਨੂੰ ਸਨਮਾਨਿਤ ਕਰਨਾ ਸੀ। ਇਹ ਪ੍ਰੋਗਰਾਮ ਪ੍ਰਿੰਸੀਪਲ ਪ੍ਰੋ. (ਡਾ.) ਲਵਸੰਪੂਰਨਜੋਤ ਕੌਰ, ਡਿਪਟੀ ਡਾਇਰੈਕਟਰ ਪ੍ਰੋ. (ਡਾ.) ਪ੍ਰਭਜੋਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਸਮਾਗਮ ਨੂੰ ਚਾਂਸਲਰ ਡਾ. ਜੋਰਾ ਸਿੰਘ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ, ਜਿਨ੍ਹਾਂ ਦੀ ਦੂਰਦਰਸ਼ੀ ਅਗਵਾਈ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਪੇਸ਼ੇਵਰ ਉਤਮਤਾ ਵੱਲ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਮੌਕੇ ‘ਤੇ ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਦੀ ਸਰਪ੍ਰਸਤੀ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਪ੍ਰੇਰਣਾਦਾਇਕ ਰਹਿਨੁਮਾਈ ਵੀ ਪ੍ਰਾਪਤ ਹੋਈ, ਜਿਨ੍ਹਾਂ ਦਾ ਨਿਰੰਤਰ ਉਤਸ਼ਾਹ ਸੰਸਥਾ ਵਿੱਚ ਇਮਾਨਦਾਰੀ, ਨਵੀਨਤਾ ਅਤੇ ਉਤਮਤਾ ਨੂੰ ਬਲ ਦਿੰਦਾ ਹੈ। ਇਕ ਹਫਤੇ ਤੋਂ ਮਨਾਏ ਗਏ ਨਰਸਿਜ਼ ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਕਈ ਸਿੱਖਿਆਦਾਇਕ, ਸੱਭਿਆਚਾਰਕ ਅਤੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਰੱਸਾਕਸ਼ੀ, ਨਿੰਬੂ ਦੌੜ, ਤਿੰਨ ਟੰਗੀ ਦੌੜ, ਕਬੱਡੀ ਮੁਕਾਬਲਾ, ਮਾਡਲ ਪ੍ਰਦਰਸ਼ਨੀ, ਪੋਸਟਰ ਮੇਕਿੰਗ, ਸਿਹਤ ਜਾਗਰੂਕਤਾ ਗਤੀਵਿਧੀਆਂ, ਸੱਭਿਆਚਾਰਕ ਪ੍ਰਸਤੁਤੀਆਂ ਅਤੇ ਹੋਰ ਮਨੋਰੰਜਕ ਖੇਡਾਂ ਸ਼ਾਮਲ ਸਨ। ਵਿਦਿਆਰਥੀਆਂ ਨੇ ਹਰ ਗਤੀਵਿਧੀ ਵਿੱਚ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਆਪਣੀ ਰਚਨਾਤਮਕਤਾ, ਟੀਮ ਵਰਕ, ਪ੍ਰਤਿਭਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੰਤਰਰਾਸ਼ਟਰੀ ਨਰਸ ਦਿਵਸ ਦੇ ਮੁੱਖ ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਪ੍ਰੋਗਰਾਮ ਵਿੱਚ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਰੰਗਾਰੰਗ ਪੰਜਾਬੀ ਲੋਕ ਨਾਚ, ਬਾਲੀਵੁੱਡ ਪੇਸ਼ਕਾਰੀਆਂ ਅਤੇ ਸੁਰੀਲੇ ਸੰਗੀਤਕ ਪ੍ਰੋਗਰਾਮ ਸ਼ਾਮਲ ਸਨ ਜਿਨ੍ਹਾਂ ਨੇ ਸਮਾਗਮ ਵਿੱਚ ਖੁਸ਼ੀ ਅਤੇ ਰੰਗ ਭਰ ਦਿੱਤੇ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਚਾਂਸਲਰ ਡਾ. ਜੋਰਾ ਸਿੰਘ ਨੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਨਰਸਾਂ ਦੇ ਵਡਮੁਲੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਨਰਸਿੰਗ ਪੇਸ਼ੇ ਵਿੱਚ ਦਇਆਭਾਵ, ਅਨੁਸ਼ਾਸਨ, ਪੇਸ਼ੇਵਰਤਾ ਅਤੇ ਸਮਰਪਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਇਮਾਨਦਾਰੀ, ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨਾਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਸਮਾਗਮ ਦਾ ਇੱਕ ਮੁੱਖ ਆਕਰਸ਼ਣ ਇਨਾਮ ਵੰਡ ਸਮਾਰੋਹ ਰਿਹਾ ਜਿਸ ਦੌਰਾਨ ਨਰਸਿਜ਼ ਹਫਤੇ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ ਰੱਸਾਕਸ਼ੀ, ਲੇਮਨ ਰੇਸ, ਕਬੱਡੀ, ਤਿੰਨ ਟੰਗਾਂ ਵਾਲੀ ਦੌੜ, ਮਾਡਲ ਪ੍ਰਦਰਸ਼ਨੀ ਅਤੇ ਹੋਰ ਗਤੀਵਿਧੀਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਮੂਹ ਭਾਗੀਦਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਗਈ। ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਪ੍ਰਸਤਾਵ, ਕੇਕ ਕੱਟਣ ਦੀ ਰਸਮ ਅਤੇ ਸਾਰੇ ਨਰਸਿੰਗ ਪੇਸ਼ੇਵਰਾਂ ਲਈ ਸ਼ੁਭਕਾਮਨਾਵਾਂ ਨਾਲ ਹੋਇਆ। 

ਚੰਡੀਗੜ੍ਹ  : ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀਐਸਐਫਐਫਡਬਲਯੂਸੀ) ਦਾ ਦੌਰਾ ਕੀਤਾ।

ਇਸ ਦੌਰੇ ਦੌਰਾਨ ਪ੍ਰੋਫੈਸਰ ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਅਤੇ ਸ੍ਰੀ ਨਵਜੋਤ ਸਿੰਘ ਜਰਗ, ਚੇਅਰਮੈਨ, ਜੀਈਐਨਸੀਓ ਨਾਲ ਪ੍ਰੋਫੈਸਰ ਡਾ. ਚਮਕੌਰ ਸਿੰਘ ਅਠਵਾਲ ਦੀ ਅਗਵਾਈ ਵਾਲੇ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਉੱਚ ਪੱਧਰੀ ਵਫ਼ਦ  ਵਿੱਚ ਡਾ. ਫਲੋਰੀਮੰਡ ਗੁਨੀਅਟ ਅਤੇ ਡਾ. ਸ਼ਿਸ਼ਾਂਕ, ਅਰਥਸ਼ਾਸਤਰੀ, ਡਾ. ਸੰਦੀਪ ਧੁੰਧਰਾ, ਬੀ.ਸੀ.ਯੂ., ਯੂ.ਕੇ. ਸ਼ਾਮਲ ਸਨ। ਇਸ ਤੋਂ ਇਲਾਵਾ  ਇਲਾਵਾ ਡਾ. ਵਾਈ.ਪੀ. ਵਰਮਾ, ਰਜਿਸਟਰਾਰ, ਅਤੇ ਡਾ. ਮਨਿੰਦਰ ਕੌਰ, ਪੀਯੂ, ਚੰਡੀਗੜ੍ਹ ਵੀ ਮੌਜੂਦ ਸਨ।

ਇਸ ਮੀਟਿੰਗ ਦਾ ਉਦੇਸ਼ ਸੂਬੇ ਵਿੱਚ ਊਰਜਾ ਉਤਪਾਦਨ ਲਈ ਹੋਰ ਟਿਕਾਊ ਮਾਡਲ ਲਿਆਉਣਾ ਸੀ।

ਡਾ. ਚੈਮ ਬਿਜਲੀ 'ਤੇ ਨਿਰਭਰਤਾ ਘਟਾਉਣ ਲਈ ਸੂਰਜੀ ਊਰਜਾ ਦੀ ਢੁਕਵੀਂ ਵਰਤੋਂ ਸਬੰਧੀ ਵੱਖ-ਵੱਖ ਮਾਡਲ ਵਿਕਸਤ ਕਰਨ ਵਾਲੀ ਇੱਕ ਅਥਾਰਟੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੰਗਲਾਦੇਸ਼ ਵਿੱਚ ਬਹੁਤ ਸਾਰੇ ਪ੍ਰੋਜੈਕਟ ਪਾਇਲਟ ਆਧਾਰ ‘ਤੇ ਸ਼ੁਰੂ ਕੀਤੇ ਹਨ ਅਤੇ ਤਕਨਾਲੋਜੀਆਂ ਵਿੱਚ ਵੱਡੇ ਸੁਧਾਰ ਲਿਆਂਦੇ ਹਨ, ਜਿਨ੍ਹਾਂ ਨੂੰ ਪੰਜਾਬ ਵਿੱਚ ਬਹੁਤ ਘੱਟ ਲਾਗਤ ਨਾਲ ਦੁਹਰਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਸਮਾਰਟ-ਐਸਆਈਪੀ ਮਾਡਲ ਬਾਰੇ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ, ਜੋ ਕਿ ਇੱਕ ਕਮਿਊਨਿਟੀ ਅਧਾਰਤ ਸੂਰਜੀ ਊਰਜਾ ਦੀ ਢੁਕਵੀਂ ਵਰਤੋਂ ਸਬੰਧੀ ਪ੍ਰਣਾਲੀ ਹੈ, ਜਿਸਨੂੰ ਪੰਜਾਬ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ।

ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਸੂਬੇ ਦੇ ਪਾਣੀ ਅਤੇ ਊਰਜਾ ਦ੍ਰਿਸ਼ਟੀਕੋਣ ਬਾਰੇ ਵੀ ਵਿਸਥਾਰ ਨਾਲ ਦੱਸਿਆ ਕਿ ਰਾਜ ਵਿੱਚ ਸਾਲਾਨਾ 13.27 ਬੀਸੀਐਮ ਪਾਣੀ ਦੀ ਘਾਟ ਹੈ ਅਤੇ ਏਪੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਸਪਲਾਈ ਲਈ ਹਰ ਸਾਲ ਲਗਭਗ 8000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਸਦਨ ਨੂੰ ਅੱਗੇ ਦੱਸਿਆ ਕਿ ਪੰਜਾਬ ਰਾਜ ਖੇਤੀਬਾੜੀ ਨੀਤੀ-2023 ਵਿੱਚ ਸੂਰਜੀ ਊਰਜਾ ਵਾਲੇ ਪੰਪਾਂ ਵੱਲ ਪੜਾਅਵਾਰ ਤਬਦੀਲੀ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਬਿਜਲੀ ਖਰਚੇ ਘਟਣਗੇ, ਸਗੋਂ ਰਾਜ ਸਾਲਾਨਾ ਲਗਭਗ 7000 ਕਰੋੜ ਰੁਪਏ ਦਾ ਮਾਲੀਆ ਪੈਦਾ ਕਰਨ ਦੀ ਸਥਿਤੀ ਵਿੱਚ ਆ ਜਾਵੇਗਾ।

ਡਾ. ਫਲੋਰੀਮੰਡ ਨੇ ਦੱਸਿਆ ਕਿ ਹਰਿਆਣਾ ਨੇ ਲਗਭਗ 1.80 ਲੱਖ ਸੋਲਰ ਪੰਪ ਲਗਾਏ ਹਨ, ਜਦੋਂ ਕਿ ਪੰਜਾਬ ਨੇ ਪੀਐਮ-ਕੁਸੁਮ ਯੋਜਨਾ ਅਧੀਨ ਸਿਰਫ 17000 ਲਗਾਏ ਹਨ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਬਹੁਤ ਵੱਡੇ ਪੱਧਰ 'ਤੇ ਸੂਰਜੀ ਊਰਜਾ ਦੀ ਵਰਤੋਂ ਕਰ ਰਿਹਾ ਹੈ। ਉਦਾਹਰਣ ਵਜੋਂ, ਬੰਗਲਾਦੇਸ਼ ਵਿੱਚ ਜ਼ਿਆਦਾਤਰ ਬੈਟਰੀ ਪਾਵਰ ਆਟੋ ਸੂਰਜੀ ਊਰਜਾ ਰਾਹੀਂ ਚਲਾਏ ਜਾ ਰਹੇ ਹਨ।

ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਨਵਜੋਤ ਸਿੰਘ ਜਰਗ ਨੇ ਵਫ਼ਦ ਨੂੰ ਆਪਣੇ ਪਿੰਡ ਵਿੱਚ ਪਾਇਲਟ ਪੱਧਰ 'ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਅਤੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਹੁਸ਼ਿਆਰਪੁਰ ਵਿਖੇ ਲਾਮਰਾ-ਕਾਂਗੜੀ ਐਮਪੀਸੀਐਸ ਦਾ ਸੁਝਾਅ ਦਿੱਤਾ, ਜੋ ਕਿ 4 ਨਾਲ ਲੱਗਦੇ ਪਿੰਡਾਂ ਨੂੰ ਲਗਭਗ 14 ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪ੍ਰੋਫੈਸਰ ਚੈਮ ਨੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਕਿਹਾ ਕਿ ਉਹ ਪਿੰਡਾਂ ਵਿੱਚ ਹੋਰ ਖੁਸ਼ਹਾਲੀ ਲਿਆਉਣ ਲਈ ਪੀਐਸਐਫਸੀ ਨਾਲ ਕੰਮ ਕਰਨਗੇ। ਇਹ ਮੀਟਿੰਗ ਪਾਇਲਟ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ, ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਸਾਫ਼ ਸੁਥਰੀ ਵਾਤਾਵਰਣ ਪੱਖੀ ਊਰਜਾ ਨਾਲ ਟਿਕਾਊ ਖੇਤੀਬਾੜੀ ਲਈ ਪ੍ਰਮਾਣਿਤ ਨੀਤੀਗਤ ਦਖਲ ਨੂੰ ਉਤਸ਼ਾਹਿਤ ਕਰਨ 'ਤੇ ਸਹਿਮਤੀ ਨਾਲ ਸਮਾਪਤ ਹੋਈ। ਡਾ. ਆਰ.ਐਸ. ਬੈਂਸ ਨੇ ਸਾਰੇ ਪਤਵੰਤਿਆਂ ਅਤੇ ਪੀਐਸਐਫਸੀ ਦੇ ਸਾਥੀ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀਆਂ ਦਾ ਸਿਲਸਿਲਾ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼    
ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਸੀਨੀਅਰ ਆਗੂ ਤੇ ਮੋਢੀ ਸੁਰਜੀਤ ਸਿੰਘ ਰੱਖੜਾ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਆਪਣੇ ਪਿਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੇ ਰੌਂਅ ਵਿੱਚ ਹਨ। ਇਸ ਮੁੱਦੇ ’ਤੇ ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੰਦਰੂਨੀ ਲਿਹਾਜ਼ ਉੱਤੇ ਸਾਰੀ ਗੱਲ ਤੈਅ ਹੋ ਚੁੱਕੀ ਹੈ। ਸਿਆਸੀ ਹਲਕਿਆਂ ਵਿੱਚ ਇਸ ਬਾਰੇ ਵੱਡੀ ਚਰਚਾ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ 2027 ਦੇ ਸ਼ੁਰੂਆਤੀ ਮਹੀਨਿਆਂ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸ ਦੇ ਚੱਲਦਿਆਂ ਸਿਆਸੀ ਪਾਰਟੀਆਂ ਦੇ ਆਗੂ ਇਕ ਪਾਰਟੀ ਛੱਡ ਕੇ ਦੂਜੀ  ਸਿਆਸੀ ਪਾਰਟੀ ਵਿਚ ਜਾ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੀਟ ਪੇਪਰ ਲੀਕ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਇਸ ਨੂੰ ਲੱਖਾਂ ਵਿਦਿਆਰਥੀਆਂ ਨਾਲ ਵਿਸ਼ਵਾਸਘਾਤ ਦੱਸਿਆ ਜਿਨ੍ਹਾਂ ਦੇ ਸੁਪਨੇ ਪ੍ਰੀਖਿਆ ਪ੍ਰਣਾਲੀ ਵਿੱਚ ਵਾਰ-ਵਾਰ ਅਸਫਲਤਾਵਾਂ ਕਾਰਨ ਚੂਰ-ਚੂਰ ਹੋ ਗਏ ਹਨ। ਕਈ ਮੁੱਦਿਆਂ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਭਾਜਪਾ ਦੇ ਇਸ਼ਾਰੇ 'ਤੇ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ, ਉਨ੍ਹਾਂ ਵਿਰੁੱਧ ਡਰਾਉਣ-ਧਮਕਾਉਣ ਦੀ ਮੁਹਿੰਮ ਵਿੱਢੀ ਗਈ  ਹੈ।
ਪੰਜਾਬ ਚੋਣਾਂ ਤੋਂ ਪਹਿਲਾਂ ਲੋਕ ਪੱਖੀ ਸ਼ਾਸਨ ਅਤੇ ਭਲਾਈ ਨੂੰ 'ਆਪ' ਦੇ ਕੇਂਦਰੀ ਚੋਣ ਮੁੱਦੇ ਵਜੋਂ ਪੇਸ਼ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ "ਰੰਗਲਾ ਪੰਜਾਬ" ਦੇ ਮੁੱਦੇ 'ਤੇ ਨਵੇਂ ਸਿਰੇ ਤੋਂ ਫਤਵਾ ਮੰਗੇਗੀ, ਜਿਸ ਵਿੱਚ ਮੁਫਤ ਬਿਜਲੀ, ਨਕਦੀ ਰਹਿਤ ਸਿਹਤ ਸੰਭਾਲ ਅਤੇ ਵਿਕਾਸ-ਮੁਖੀ ਸ਼ਾਸਨ ਨੂੰ ਪ੍ਰਮੁੱਖ ਰੂਪ ਵਿਚ ਉਜਾਗਰ ਕੀਤਾ ਜਾਵੇਗਾ।
ਮੀਡੀਆ ਨਾਲ ਗੱਲਬਾਤ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੀਟ ਪਰਚਾ ਲੀਕ ਹੋਣ ਦੀ ਘਟਨਾ ਨੇ ਲੱਖਾਂ ਉਮੀਦਵਾਰਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ਅਤੇ ਨਿਰਪੱਖ ਪ੍ਰੀਖਿਆ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿੱਚ ਕੇਂਦਰ ਦੀ ਅਸਫਲਤਾ ਨੂੰ ਜਗ ਜ਼ਾਹਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, "ਵਿਦਿਆਰਥੀਆਂ ਨੇ ਅਣਥੱਕ ਮਿਹਨਤ ਕੀਤੀ ਅਤੇ ਪ੍ਰੀਖਿਆ ਪਾਸ ਕਰਨ ਦੀ ਉਮੀਦ ਵਿੱਚ ਰਾਤਾਂ ਜਾਗ ਕੇ ਲੰਘਾਈਆਂ , ਪਰ ਪੇਪਰ ਲੀਕ ਨੇ ਉਨ੍ਹਾਂ ਦੀਆਂ ਰੀਝਾਂ ਵਲੂੰਧਰ ਦਿੱਤੀਆਂ ਹਨ।"
ਮੁੱਖ ਮੰਤਰੀ ਨੇ ਕਿਹਾ, "ਪ੍ਰੀਖਿਆਰਥੀ ਡੂੰਘੇ ਸਦਮੇ ਵਿੱਚ ਹਨ ਕਿਉਂਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਭਵਿੱਖੀ ਆਸਾਂ ਨਾਲ ਹੋਈ ਇਸ ਧੋਖਾਧੜੀ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਇਸ ਪੇਪਰ ਲੀਕ ਕਾਰਨ ਲੱਖਾਂ ਉਮੀਦਾਂ ਟੁੱਟ ਗਈਆਂ ਹਨ। ਕੇਂਦਰ ਨੂੰ ਪ੍ਰੀਖਿਆ ਸੁਤੰਤਰ ਅਤੇ ਨਿਰਪੱਖ ਰੂਪ ਵਿਚ ਕਰਵਾਉਣ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ, ਜਿਸ ਨਾਲ ਲੱਖਾਂ ਵਿਦਿਆਰਥੀਆਂ ਦੀ ਕਿਸਮਤ ਬਦਲ ਸਕਦੀ ਸੀ।"

*ਦਿਲਜੀਤ ਦੋਸਾਂਝ ਵੱਲੋਂ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਧਮਕਾਉਣ ਦੀ ਰਾਜਨੀਤੀ ਹੋਈ ਸ਼ੁਰੂ*

ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ, ਭਾਜਪਾ ਨੇ ਉਨ੍ਹਾਂ ਵਿਰੁੱਧ ਡਰਾਉਣ-ਧਮਕਾਉਣ ਦੀਆਂ ਚਾਲਾਂ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ "ਤਾਮਿਲਨਾਡੂ ਦੇ ਰਾਜਨੀਤਿਕ ਪਿੜ ਵਿੱਚ ਅਭਿਨੇਤਾ ਵਿਜੇ ਦੀ ਸਫਲਤਾ ਤੋਂ ਬਾਅਦ, ਭਾਜਪਾ ਨੂੰ ਅਹਿਸਾਸ ਹੋਇਆ ਕਿ ਕਲਾਕਾਰਾਂ ਨੂੰ ਵਧੇਰੇ ਜਨਤਕ ਮਾਨਤਾ ਮਿਲਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ,"
ਉਨ੍ਹਾਂ  ਕਿਹਾ ਕਿ "ਜਦੋਂ ਤੋਂ ਦਿਲਜੀਤ ਸਿੰਘ ਨੇ ਭਾਜਪਾ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ, ਉਨ੍ਹਾਂ ਵਿਰੁੱਧ ਧਮਕਾਉਣ ਦੀ ਸਿਆਸਤ ਸ਼ੁਰੂ ਹੋ ਗਈ ਹੈ, ਜੋ ਕਿ ਮੂਲੋਂ ਗਲਤ ਹੈ। ਉਨ੍ਹਾਂ ਦੇ ਮੈਨੇਜਰ ਦੇ ਘਰ 'ਤੇ ਹਮਲਾ ਕਰਨਾ ਧਮਕੀ ਦੀ ਇਸ ਰਾਜਨੀਤੀ ਨੂੰ ਦਰਸਾਉਂਦਾ ਹੈ,"

*ਵਿਕਾਸ ਅਤੇ ਭਲਾਈ ਏਜੰਡਾ 'ਆਪ' ਨੂੰ ਸੱਤਾ ਵਿੱਚ ਵਾਪਸ ਲਿਆਵੇਗਾ*

ਇਸ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ "ਰੰਗਲਾ ਪੰਜਾਬ" ਬਣਾਉਣਾ ਪੰਜਾਬ ਵਿੱਚ 'ਆਪ' ਦਾ ਇੱਕੋ ਇੱਕ ਚੋਣ ਮੁੱਦਾ ਰਹੇਗਾ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਆਪ' ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਲੋਕ-ਪੱਖੀ ਅਤੇ ਵਿਕਾਸ-ਮੁਖੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ  ਕਿ  "ਪੰਜਾਬ ਦੇ ਵਿਦਿਆਰਥੀ ਨੀਟ, ਜੇ.ਈ.ਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਲਗਭਗ 90% ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਅਤੇ ਲੋਕ 10 ਲੱਖ ਰੁਪਏ ਦਾ ਨਕਦੀ ਰਹਿਤ ਡਾਕਟਰੀ ਇਲਾਜ ਕਰਵਾ ਰਹੇ ਹਨ,"
ਮੁੱਖ ਮੰਤਰੀ ਨੇ ਜੋਰ ਦਿੰਦਿਆਂ ਕਿਹਾ ਕਿ "ਅਸੀਂ ਵਿਕਾਸ, ਭਲਾਈ ਅਤੇ ਇਮਾਨਦਾਰ ਸ਼ਾਸਨ ਦੇ ਏਜੰਡੇ ਨਾਲ ਲੋਕਾਂ ਕੋਲ ਜਾਵਾਂਗੇ। ਪੰਜਾਬ ਵਿੱਚ ਸਰਬਪੱਖੀ ਵਿਕਾਸ ਹੋ ਰਿਹਾ ਹੈ ਅਤੇ ਲੋਕ ਇਨ੍ਹਾਂ ਪਹਿਲਕਦਮੀਆਂ ਦਾ ਦਿਲੋਂ ਸਮਰਥਨ ਕਰ ਰਹੇ ਹਨ। ਅਸੀਂ ਵੱਡੇ ਫਤਵੇ ਨਾਲ ਦੁਬਾਰਾ ਸਰਕਾਰ ਬਣਾਵਾਂਗੇ,"

ਮੁਹਾਲੀ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 13 ਮਈ ਨੂੰ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਮੈਰਿਟ ਸੂਚੀ ਵਿੱਚ ਕੁੜੀਆਂ ਨੇ ਮੁੜ ਆਪਣਾ ਦਬਦਬਾ ਬਣਾਇਆ ਹੈ। ਸੂਬੇ ਦੇ ਪਹਿਲੇ ਤਿੰਨੋਂ ਸਥਾਨਾਂ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਵਿਚ ਮਾਨਸਾ ਦੀ ਸੁਪਨੀਤ ਕੌਰ, ਲੁਧਿਆਣਾ ਦੀ ਸੁਹਾਨੀ ਚੌਹਾਨ ਅਤੇ ਲੁਧਿਆਣਾ ਦੀ ਦਿਵਵਾਂਸੀ ਸ਼ਾਮਲ ਹੈ। ਬੋਰਡ  ਦੇ ਚੇਅਰਮੈਨ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਖੇਡ ਕੋਟੇ ਦੇ ਵਾਧੂ ਅੰਕ ਵੀ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ ਜਮਾਤ ਵਿਚ ਟੌਪ ਕੀਤਾ ਹੈ, ਉਨ੍ਹਾਂ ਦੇ ਘਰਾਂ ਅਤੇ ਸਕੂਲਾਂ ਵਿਚ ਖੁਸ਼ੀ ਮਨਾਈ ਜਾ ਰਹੀ ਹੈ।

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਮਹੱਤਵਪੂਰਨ ਮੀਟਿੰਗ ਉਪਰੰਤ ਕੇਂਦਰ ਨੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇਅ ਅਤੇ ਫਲਾਈਓਵਰ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਭਰੋਸਾ ਦਿੱਤਾ, ਜਿਸ ਨਾਲ ਮੱਖੂ, ਆਦਮਪੁਰ ਅਤੇ ਭਵਾਨੀਗੜ੍ਹ ਵਿਖੇ ਰੁਕੇ ਹੋਏ ਬੁਨਿਆਦੀ ਢਾਂਚੇ ਸਬੰਧੀ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਸੂਬੇ ਭਰ ਦੇ ਮੁੱਖ ਸੜਕੀ ਮਾਰਗਾਂ ਦੇ ਵੱਡੇ ਪੱਧਰ 'ਤੇ ਵਿਸਥਾਰ ਅਤੇ ਚਹੁੰ-ਮਾਰਗੀ ਹੋਣ ਦੀ ਸੰਭਾਵਨਾ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸੜਕਾਂ, ਜਿਨ੍ਹਾਂ ਵਿੱਚ ਕੌਮਾਂਤਰੀ ਸਰਹੱਦ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਗਲਿਆਰਾ ਵੀ ਸ਼ਾਮਲ ਹੈ, ਨੂੰ ਕੌਮੀ ਰਾਜਮਾਰਗ ਐਲਾਨਣ ਦੀ ਪੰਜਾਬ ਦੀ ਮੰਗ ਵੀ ਉਠਾਈ। ਉਨ੍ਹਾਂ ਨੇ ਦੇਰੀ ਅਤੇ ਰੁਕਾਵਟਾਂ ਕਾਰਨ ਸਾਲਾਂ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੁਨਾਮ, ਚੀਮਾ ਮੰਡੀ, ਭੀਖੀ, ਮਾਨਸਾ ਅਤੇ ਮੌੜ ਰਾਹੀਂ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਾਰ-ਮਾਰਗੀ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਬਰਨਾਲਾ-ਬਾਜਾਖਾਨਾ ਅਤੇ ਮਲੇਰਕੋਟਲਾ-ਬਰਨਾਲਾ ਗਲਿਆਰਿਆਂ ਦਾ ਵਿਸਥਾਰ ਵੀ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਦੇ ਸੜਕੀ ਸੰਪਰਕ, ਆਰਥਿਕ ਆਵਾਜਾਈ ਅਤੇ ਜਨਤਕ ਸੁਰੱਖਿਆ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੂਬੇ ਭਰ ਵਿੱਚ ਜਾਨਾਂ ਦੀ ਰਾਖੀ ਅਤੇ ਸੁਰੱਖਿਅਤ ਹਾਈਵੇਅ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ 'ਸੜਕ ਸੁਰਖਿਆ ਫੋਰਸ' ਦੇ ਕੰਮਕਾਜ ਦੀ ਭਰਪੂਰ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਸ੍ਰੀ ਨਿਤਿਨ ਗਡਕਰੀ ਨਾਲ ਅੱਜ ਮੀਟਿੰਗ ਕਰਕੇ ਵਡੇਰੇ ਜਨਤਕ ਹਿੱਤ ਵਿੱਚ ਅੰਮ੍ਰਿਤਸਰ ਦੇ ਵੱਲ੍ਹਾ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਐਨ.ਐਚ.ਏ.ਆਈ. ਵੱਲੋਂ ਐਵਾਰਡ ਕੀਤਾ ਗਿਆ ਸੀ ਜੋ 15 ਸਤੰਬਰ, 2023 ਤੱਕ ਮੁਕੰਮਲ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਮੁਕੰਮਲ ਹੋਣ ਦੀ ਮਿਆਦ ਵਿੱਚ ਵਾਰ-ਵਾਰ ਵਾਧਾ ਹੋਣ ਦੇ ਬਾਵਜੂਦ ਇਹ ਕੰਮ ਅਜੇ ਵੀ ਅਧੂਰਾ ਹੈ ਅਤੇ ਇਸ ਨੂੰ ਮੁਕੰਮਲ ਕਰਨ ਦੀ ਤਰੀਕ ਵਧਾ ਕੇ 30 ਅਪ੍ਰੈਲ, 2026 ਤੱਕ ਤੈਅ ਕੀਤੀ ਗਈ ਸੀ ਪਰ ਅਜੇ ਤੱਕ 76 ਫੀਸਦੀ ਕੰਮ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਲਾਂਘੇ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਇਹ ਲਾਂਘਾ ਅੰਮ੍ਰਿਤਸਰ ਏਅਰਪੋਰਟ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੋੜਦਾ ਹੈ ਅਤੇ ਵੀ.ਆਈ.ਪੀਜ਼ ਦੀ ਨਿਰੰਤਰ ਆਵਾਜਾਈ ਸਮੇਤ ਭਾਰੀ ਟ੍ਰੈਫਿਕ ਨਾਲ ਵੀ ਨਜਿੱਠਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਲਗਾਤਾਰ ਦੇਰੀ ਹੋਣ ਨਾਲ ਭੀੜ-ਭੜੱਕਾ ਵਧਦਾ ਹੈ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਐਨ.ਐਚ.ਏ.ਆਈ. ਨੂੰ ਵੱਲ੍ਹਾ ਫਲਾਈਓਵਰ ਦੇ ਬਾਕੀ ਰਹਿੰਦੇ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਤੁਰੰਤ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਨਿਰਧਾਰਤ ਸਮੇਂ ਵਿੱਚ ਪ੍ਰਾਜੈਕਟ ਪੂਰਾ ਕੀਤਾ ਜਾ ਸਕੇ।

ਜਲੰਧਰ-ਹੁਸ਼ਿਆਰਪੁਰ-ਮਨਾਲੀ ਰੋਡ ਐਨ.ਐਚ.-70 ਦੇ ਚਾਰ ਮਾਰਗੀ ਦੇ ਇਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਧਾਰਮਿਕ, ਸੈਰ-ਸਪਾਟਾ, ਆਰਥਿਕ ਅਤੇ ਰਣਨੀਤਿਕ ਨਜ਼ਰੀਏ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਮਾਤਾ ਚਿੰਤਪੁਰਨੀ ਜੀ ਮੰਦਰ, ਮਾਤਾ ਜਵਾਲਾ ਜੀ ਮੰਦਰ, ਮਾਤਾ ਚਮੁੰਡਾ ਦੇਵੀ ਜੀ ਮੰਦਿਰ, ਧਰਮਸ਼ਾਲਾ, ਮਨਾਲੀ ਅਤੇ ਪਾਲਮਪੁਰ ਸਮੇਤ ਹਿਮਾਚਲ ਪ੍ਰਦੇਸ਼ ਵਿੱਚ ਪ੍ਰਸਿੱਧ ਧਾਰਮਿਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੋੜਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਨਾਲ ਲਗਦੇ ਆਦਮਪੁਰ ਏਅਰਪੋਰਟ ਕਰਕੇ ਰਣਨੀਤਿਕ ਪੱਖ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿਉਂ ਜੋ ਇਹ ਏਅਰਪੋਰਟ ਦੋਆਬਾ ਖੇਤਰ ਅਤੇ ਇਸ ਖਿੱਤੇ ਵਿੱਚ ਵੀ.ਵੀ.ਆਈ.ਪੀਜ਼ ਦੇ ਦੌਰਿਆਂ ਲਈ ਵਰਤਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਨੂੰ ਚਾਰ ਮਾਰਗੀ ਕਰਨ ਦੇ ਪ੍ਰਾਜੈਕਟ ਨੂੰ ਸਾਲ 2016 ਵਿੱਚ ਪ੍ਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਠੇਕੇਦਾਰ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਦੇ ਬਾਕੀ ਰਹਿੰਦੇ ਕੰਮ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਸੂਬਾ ਸਰਕਾਰ ਨੇ ਮੰਤਰਾਲੇ ਕੋਲ ਜਮ੍ਹਾਂ ਕਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਲਈ ਬਹੁਤ ਅਹਿਮੀਅਤ ਰੱਖਦਾ ਹੈ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਮੰਤਰਾਲੇ ਪਾਸੋਂ ਪ੍ਰਵਾਨਗੀ ਦੇਣ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕੀਤਾ ਜਾ ਸਕੇ।

ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਹ ਸੜਕ ਐਸਏਐਸ ਨਗਰ ਜ਼ਿਲ੍ਹੇ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਜੋੜਨ ਵਾਲੀ ਸੂਬੇ ਦੀ ਮਹੱਤਵਪੂਰਨ ਸੜਕ ਹੈ, ਜਿਸਦੀ ਵਧੇਰੇ ਇਤਿਹਾਸਕ ਮਹੱਤਤਾ ਹੈ। "ਇਹ ਸੜਕ ਸੋਹਾਣਾ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੁੰਦੀ ਹੈ ਅਤੇ ਲਖਨੌਰ, ਲਾਂਡਰਾਂ, ਝੰਝੇੜੀ ਅਤੇ ਚੁੰਨੀ ਵਿੱਚੋਂ ਲੰਘਦਿਆਂ ਫਤਿਹਗੜ੍ਹ ਸਾਹਿਬ ਵਿਖੇ ਖਤਮ ਹੁੰਦੀ ਹੈ। ਮੌਜੂਦਾ ਸਮੇਂ ਇਹ ਮੁੱਖ ਤੌਰ 'ਤੇ 10-ਮੀਟਰ ਕੈਰੇਜਵੇਅ ਚੌੜਾਈ ਦੇ ਨਾਲ ਦੋ-ਮਾਰਗੀ ਹੈ, ਹਾਲਾਂਕਿ ਕੁਝ ਹਿੱਸਿਆਂ ਨੂੰ ਪਹਿਲਾਂ ਹੀ ਚਾਰ ਮਾਰਗੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ "ਭਾਰਤਮਾਲਾ ਪ੍ਰੋਜੈਕਟ ਅਧੀਨ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ ਵੀ ਪਿੰਡ ਝੰਝੇੜੀ ਵਿਖੇ ਇਸ ਸੜਕ ਨੂੰ ਪਾਰ ਕਰਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਸਾਲ ਦਸੰਬਰ ਦੇ ਮਹੀਨੇ ਦੌਰਾਨ, ਲੱਖਾਂ ਸ਼ਰਧਾਲੂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਆਉਂਦੇ ਹਨ। ਇਸ ਸਮੇਂ ਦੌਰਾਨ 37.26 ਕਿਲੋਮੀਟਰ ਲੰਬੀ ਇਸ ਸੜਕ ’ਤੇ  ਭਾਰੀ ਆਵਾਜਾਈ ਰਹਿੰਦੀ ਹੈ। ਇਸ ਸੜਕ ਦੀ ਰਣਨੀਤਕ ਅਤੇ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਇਸਨੂੰ ਕੌਮੀ ਰਾਜਮਾਰਗ ਘੋਸ਼ਿਤ ਕੀਤਾ ਜਾਵੇ।

ਇਕ ਹੋਰ ਏਜੰਡੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਕੋਲ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਰੋਡ ਨੂੰ ਕੌਮੀ ਮਾਰਗ ਐਲਾਨਣ ਲਈ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਇਹ ਰੋਡ ਸੂਬੇ ਵਿੱਚ ਕੌਮੀ ਮਾਰਗਾਂ ਨਾਲ ਜੁੜਦਾ ਹੈ ਅਤੇ ਇਹ ਰੋਡ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਵੀ ਨੇੜੇ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਂਘਾ ਰੱਖਿਆ ਤੇ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਸਥਿਤ ਫੌਜ ਦੀ ਅਥਾਰਟੀ ਵੀ ਇਸ ਰੋਡ ਨੂੰ ਚੌੜਾ ਕਰਕੇ ਚਾਰ ਮਾਰਗੀ ਬਣਾਉਣ ਲਈ ਲਗਾਤਾਰ ਜ਼ੋਰ ਪਾ ਰਹੀ ਹੈ ਤਾਂ ਕਿ ਫੌਜ ਦੇ ਵਾਹਨਾਂ ਦੀ ਤੇਜ਼ੀ ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਦੱਸਿਆ ਕਿ ਸੜਕ ਦੀ ਕੁੱਲ ਲੰਬਾਈ 144.555 ਕਿਲੋਮੀਟਰ ਹੈ ਅਤੇ ਇਸ ਸੜਕ 'ਤੇ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਔਸਤ ਗਿਣਤੀ ਰਾਸ਼ਟਰੀ ਰਾਜ ਮਾਰਗਾਂ ਦੇ ਮੁਕਾਬਲੇ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਕੌਰੀਡੋਰ (ਸੜਕੀ ਮਾਰਗ) ਵਿੱਚ ਪਛਾਣ ਕੀਤੇ ਗਏ 11 ਬਲੈਕ ਸਪਾਟ ਹਨ ਅਤੇ ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਵਿੱਚ 2020 ਤੋਂ 2022 ਦੌਰਾਨ 162 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 138 ਹਾਦਸੇ ਕਾਫ਼ੀ ਘਾਤਕ ਸਨ, ਜੋ ਇਸ ਦੀ ਸਮਰੱਥਾ ਵਧਾਉਣ ਅਤੇ ਸੁਰੱਖਿਆ ਵਿੱਚ ਸੁਧਾਰ ਦੀ ਫੌਰੀ ਲੋੜ ਨੂੰ ਦਰਸਾਉਂਦਾ ਹੈ।

ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਸੜਕ ਦੇ ਅੰਤਰ-ਕੌਮੀ ਮਾਰਗ ਸੰਪਰਕ, ਰਣਨੀਤਕ ਤੇ ਸੁਰੱਖਿਆ ਮਹੱਤਤਾ, ਜ਼ਿਆਦਾ ਆਵਾਜਾਈ ਅਤੇ ਸੜਕ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਵਿੱਚ ਇਸ ਸੜਕ ਨੂੰ ਕੌਮੀ ਰਾਜ ਮਾਰਗ ਐਲਾਨਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਸੂਬੇ ਵਿੱਚ 'ਬਲਾਚੌਰ-ਹੁਸ਼ਿਆਰਪੁਰ-ਦਸੂਹਾ' ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਕੁੱਲ ਲੰਬਾਈ 104.96 ਕਿਲੋਮੀਟਰ ਹੈ ਅਤੇ ਇਹ ਫਗਵਾੜਾ-ਰੂਪਨਗਰ ਰਾਸ਼ਟਰੀ ਰਾਜਮਾਰਗ ਨੂੰ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ਨਾਲ ਜੋੜਦੀ ਹੈ ਅਤੇ ਚੰਡੀਗੜ੍ਹ/ਮੋਹਾਲੀ ਅਤੇ ਪਠਾਨਕੋਟ/ਜੰਮੂ ਤੇ ਕਸ਼ਮੀਰ ਦਰਮਿਆਨ ਅਹਿਮ ਲਿੰਕ ਵਜੋਂ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਰਣਨੀਤਕ ਸੰਪਰਕ ਅਤੇ ਖੇਤਰੀ ਮਹੱਤਤਾ ਦੇ ਕਾਰਨ ਇਸ ਸੜਕ ‘ਤੇ ਯਾਤਰੂ ਤੇ ਟਰਾਂਸਪੋਰਟ ਵਾਹਨਾਂ ਅਤੇ ਵਪਾਰਕ ਆਵਾਜਾਈ ਕਾਫ਼ੀ ਰਹਿੰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੜਕ ਦਾ ਜ਼ਿਆਦਾਤਰ ਹਿੱਸਾ ਬਿਨਾਂ ਡਿਵਾਇਡਰ ਵਾਲਾ ਹੈ, ਜਿਸ ਦੇ ਨਤੀਜੇ ਵਜੋਂ ਕਈ ਥਾਵਾਂ 'ਤੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹੈ, ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਰਾਹਗੀਰਾਂ ਨੂੰ ਕਾਫ਼ੀ ਦੇਰੀ ਹੁੰਦੀ ਹੈ, ਜਿਸ ਕਾਰਨ ਇਸ ਨੂੰ ਰਾਸ਼ਟਰੀ ਰਾਜਮਾਰਗ ਐਲਾਨਿਆ ਜਾਣਾ ਚਾਹੀਦਾ ਹੈ।

ਇਕ ਹੋਰ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਬਠਿੰਡਾ-ਮਲੋਟ ਰੋਡ 'ਤੇ ਹੁਸਨਰ ਚੌਕ, ਗਿੱਦੜਬਾਹਾ ਵਿਖੇ ਫਲਾਈਓਵਰ 'ਤੇ ਵਿਊ ਕਟਰ (ਸੁਰੱਖਿਆ ਬੈਰੀਅਰ) ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਐਨ.ਐਚ.ਏ.ਆਈ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਦੋਵੇਂ ਪਾਸੇ ਸੰਘਣੀ ਵਸੋਂ ਵਾਲੇ ਰਿਹਾਇਸ਼ੀ ਅਤੇ ਵਪਾਰਕ ਅਦਾਰੇ ਹਨ, ਜਿਸ ਕਾਰਨ ਹੁਸਨਰ ਚੌਕ, ਗਿੱਦੜਬਾਹਾ ਵਿਖੇ ਵਿਊ ਕਟਰ ਲਾਉਣਾ ਜ਼ਰੂਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਨਾਲ-ਨਾਲ ਰਾਹਗੀਰਾਂ ਦੀ ਸੁਰੱਖਿਆ ਅਤੇ ਟਰੈਫਿਕ ਦੀ ਨਿਰਵਿਘਨ ਤੇ ਮੁਸ਼ਕਲ ਰਹਿਤ ਆਵਾਜਾਈ ਸਮੇਂ ਦੀ ਮੁੱਖ ਲੋੜ ਹੈ।

ਮੁੱਖ ਮੰਤਰੀ ਨੇ 53.76 ਕਿਲੋਮੀਟਰ ਲੰਬੀ ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਰੋਡ ਨੂੰ ਚਹੁੰ-ਮਾਰਗੀ ਕਰਨ ਅਤੇ ਇਸ ਦੀ ਰਣਨੀਤਕ ਮਹੱਤਤਾ ਦੇ ਮੱਦੇਨਜ਼ਰ ਇਸ ਨੂੰ ਕੌਮੀ ਮਾਰਗ ਐਲਾਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਬਠਿੰਡਾ, ਮਾਨਸਾ, ਤਲਵੰਡੀ ਸਾਬੋ, ਸਿਰਸਾ ਅਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਨਾਲ ਲੱਗਦੇ ਹੋਰ ਪ੍ਰਮੁੱਖ ਸਥਾਨਾਂ ਨਾਲ ਜੋੜਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੜਕ 'ਤੇ ਰੋਜ਼ਾਨਾ ਆਵਾਜਾਈ ਕਾਫ਼ੀ ਰਹਿੰਦੀ ਹੈ ਅਤੇ ਇਹ ਯਾਤਰੀਆਂ ਅਤੇ ਮਾਲ, ਦੋਵਾਂ ਦੀ ਆਵਾਜਾਈ ਲਈ ਅਹਿਮ ਕੜੀ ਵਜੋਂ ਕੰਮ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਮਾਰਗ-7 ਦੇ ਪਟਿਆਲਾ-ਭਵਾਨੀਗੜ੍ਹ ਹਿੱਸੇ ਨੂੰ ਪਹਿਲਾਂ ਹੀ ਚਾਰ-ਮਾਰਗੀ ਹਾਈਵੇਅ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਭਵਾਨੀਗੜ੍ਹ ਤੱਕ ਨਿਰਵਿਘਨ ਅਤੇ ਉੱਚ-ਸਮਰੱਥਾ ਕੁਨੈਕਟੀਵਿਟੀ ਨੂੰ ਯਕੀਨੀ ਬਣਾਉਂਦਾ ਹੈ। ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਸੜਕ ਕੋਟਸ਼ਮੀਰ ਤੱਕ ਦੋ-ਮਾਰਗੀ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਚਾਰ-ਮਾਰਗੀ ਕੌਮੀ ਰਾਜਮਾਰਗ ਤੋਂ ਦੋ-ਮਾਰਗੀ ਰਾਜਮਾਰਗ ਵਿੱਚ ਇਸ ਅਚਾਨਕ ਤਬਦੀਲੀ ਨਾਲ ਕੇਵਲ ਆਵਾਜਾਈ ਲਈ ਗੰਭੀਰ ਰੁਕਾਵਟਾਂ ਪੈਦਾ ਕਰਦੀ ਹੈ ਸਗੋਂ ਭੀੜ-ਭੜੱਕਾ ਵਧਣ ਨਾਲ ਹਾਦਸਿਆਂ ਦਾ ਜ਼ੋਖਮ ਵੀ ਵਧਦਾ ਹੈ।

ਉਨ੍ਹਾਂ ਕਿਹਾ ਕਿ ਸੜਕ ਦੀ ਕਾਫ਼ੀ ਲੰਬਾਈ ਦੇ ਨਾਲ-ਨਾਲ ਢੁਕਵਾਂ ਰਾਈਟ ਆਫ਼ ਵੇ (ਆਰ.ਓ.ਡਬਲਿਊ.) ਪਹਿਲਾਂ ਹੀ ਉਪਲਬਧ ਹੈ ਅਤੇ ਸੁਨਾਮ, ਚੀਮਾ ਅਤੇ ਭੀਖੀ ਸਮੇਤ ਕੁਝ ਹਿੱਸਿਆਂ ਨੂੰ ਚਾਰ-ਮਾਰਗੀ ਬਣਾਉਣ ਲਈ ਪਹਿਲਾਂ ਹੀ ਚੌੜਾ ਕੀਤਾ ਜਾ ਚੁੱਕਾ ਹੈ। ਇਸ ਸੜਕ ਨੂੰ ਚਾਰ-ਮਾਰਗੀ ਬਣਾਉਣ ਅਤੇ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨਾ ਸਿਰਫ਼ ਇਕਸਾਰ ਕੌਰੀਡੋਰ ਸਮਰੱਥਾ, ਸੁਚਾਰੂ ਆਵਾਜਾਈ , ਭੀੜ-ਭੜੱਕਾ ਘਟਾਉਣ ਨੂੰ ਯਕੀਨੀ ਬਣਾਏਗਾ ਬਲਕਿ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਖੇਤਰੀ ਆਰਥਿਕ ਵਿਕਾਸ ਵਿੱਚ ਸਹਿਯੋਗ ਵੀ ਦੇਵੇਗਾ।

ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਸਮੇਤ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਅਤੇ ਆਰਥਿਕ, ਸੈਰ-ਸਪਾਟਾ ਅਤੇ ਧਾਰਮਿਕ ਉਦੇਸ਼ਾਂ ਲਈ ਹਿਮਾਚਲ ਪ੍ਰਦੇਸ਼ ਨੂੰ ਹੋਰ ਜੋੜਦੀ ਹੈ। ਘਰੇਲੂ ਅਤੇ ਵਿਦੇਸ਼ੀ ਸੈਲਾਨੀ ਨਿਯਮਿਤ ਤੌਰ 'ਤੇ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਆਉਂਦੇ ਹਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਨੈਣਾ ਦੇਵੀ ਜੀ ਮੰਦਰ ਦੀ ਯਾਤਰਾ ਕਰਦੇ ਹਨ ਜਿਸ ਕਾਰਨ ਇਸ ਸੜਕ ਨੂੰ ਕੌਮੀ ਰਾਜਮਾਰਗ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।

ਇੱਕ ਹੋਰ ਅਹਿਮ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਬਰਨਾਲਾ-ਬਾਜਾਖਾਨਾ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਬਰਨਾਲਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਲਈ ਆਵਾਜਾਈ ਦੀ ਸਹੂਲਤ ਲਈ ਮਹੱਤਵਪੂਰਨ ਹੈ ਜੋ ਮਾਲਵਾ ਖੇਤਰ ਅਤੇ ਨਾਲ ਲੱਗਦੇ ਰਾਜਸਥਾਨ ਦੇ ਪ੍ਰਮੁੱਖ ਵਪਾਰਕ, ਖੇਤੀਬਾੜੀ ਅਤੇ ਉਦਯੋਗਿਕ ਕੇਂਦਰਾਂ ਨੂੰ ਸੰਪਰਕ ਪ੍ਰਦਾਨ ਕਰਦੀ ਹੈ। ਮੌਜੂਦਾ ਦੋ-ਮਾਰਗੀ ਸੜਕ ਮੌਜੂਦਾ ਅਤੇ ਭਵਿੱਖੀ ਆਵਾਜਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਹੈ, ਜਿਸ ਕਾਰਨ ਇਸ ਨੂੰ ਕੌਮੀ ਰਾਜਮਾਰਗ ਐਲਾਨਣਾ ਅਤੇ ਚਾਰ-ਮਾਰਗੀ ਕਰਨਾ ਬੇਹੱਦ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਬਰਨਾਲਾ-ਮਾਲੇਰਕੋਟਲਾ ਵਾਇਆ ਸ਼ੇਰਪੁਰ ਸੜਕ ਨੂੰ ਚਾਰ-ਮਾਰਗੀ ਕਰਨ ਅਤੇ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ, "ਇਹ ਸੜਕ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਲਈ ਆਵਾਜਾਈ ਦੀ ਸਹੂਲਤ ਦਿੰਦਾ ਹੈ ਅਤੇ ਮਾਲਵਾ ਖੇਤਰ ਦੇ ਪ੍ਰਮੁੱਖ ਖੇਤੀਬਾੜੀ, ਉਦਯੋਗਿਕ ਅਤੇ ਵਪਾਰਕ ਕੇਂਦਰਾਂ ਨੂੰ ਵੀ ਜੋੜਦਾ ਹੈ। ਇਹ ਪ੍ਰਾਜੈਕਟ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਦਰਮਿਆਨ ਸੰਪਰਕ ਵਿੱਚ ਅਹਿਮ ਸੁਧਾਰ ਕਰੇਗਾ ਅਤੇ ਭੀੜ-ਭੜੱਕਾ, ਸਮਾਂ, ਵਾਹਨਾਂ ਦੇ ਸੰਚਾਲਨ ਖਰਚੇ ਅਤੇ ਦੁਰਘਟਨਾ ਦੇ ਜੋਖਮਾਂ ਨੂੰ ਘਟਾਏਗਾ।"

ਇੱਕ ਹੋਰ ਮੁੱਦੇ ਚੁੱਕਦਿਆਂ ਮੁੱਖ ਮੰਤਰੀ ਨੇ ਭਵਾਨੀਗੜ੍ਹ ਵਿੱਚ ਭਾਰੀ ਆਵਾਜਾਈ ਅਤੇ ਭੀੜ-ਭੜੱਕੇ ਜਿਹੀਆਂ ਸਮੱਸਿਆਵਾਂ ਕਾਰਨ ਐਲੀਵੇਟਿਡ ਕੋਰੀਡੋਰ/ਫਲਾਈਓਵਰ ਦੇ ਨਿਰਮਾਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ, ਜਿਸ ਦੇ ਰਾਸ਼ਟਰੀ ਰਾਜਮਾਰਗ ਦੇ ਦੋਵੇਂ ਪਾਸੇ ਸਾਰੇ ਵਪਾਰਕ ਅਦਾਰੇ ਅਤੇ ਦੁਕਾਨਾਂ ਮੌਜੂਦ ਹਨ ਅਤੇ ਸ਼ਹਿਰ ਦੇ ਦੋਵੇਂ ਪਾਸੇ ਫਲਾਈਓਵਰ ਹੋਣ ਕਾਰਨ ਇਸ ਵਿੱਚ ਤੇਜ਼ੀ ਨਾਲ ਆਵਾਜਾਈ ਦਾਖਲ ਹੁੰਦੀ ਹੈ, ਜਿਸ ਕਾਰਨ ਹਾਦਸੇ ਵਾਪਰਦੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਐਨ.ਐਚ.ਏ.ਆਈ. ਨੂੰ ਲੋਕਾਂ ਦੀ  ਸੁਰੱਖਿਆ, ਭੀੜ-ਭੜੱਕੇ ਨੂੰ ਘਟਾਉਣ ਅਤੇ  ਸੁਚਾਰੂ ਆਵਾਜਾਈ ਦੇ ਹਿੱਤਾਂ ਲਈ ਭਵਾਨੀਗੜ੍ਹ ਸ਼ਹਿਰ ਵਿੱਚੋਂ ਇੱਕ ਐਲੀਵੇਟਿਡ ਕੋਰੀਡੋਰ/ਫਲਾਈਓਵਰ ਦੀ ਉਸਾਰੀ ਦੀ ਜਾਂਚ ਕਰਨ ਅਤੇ ਕੰਮ ਸ਼ੁਰੂ ਕਰਨ ਬੇਨਤੀ ਕੀਤੀ ਹੈ।

ਇਸ ਦੌਰਾਨ ਇੱਕ ਹੋਰ ਅਹਿਮ ਮੁੱਦੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਸੈਂਟਰਲ ਰੋਡ ਐਂਡ ਇਨਫਰਾਸਟ੍ਰਕਚਰ ਫੰਡ (ਸੀ.ਆਰ.ਆਈ.ਐਫ.) ਸਕੀਮ ਦੇ ਸੇਤੂ ਬੰਧਨ ਪ੍ਰੋਗਰਾਮ ਤਹਿਤ ਬਕਾਇਆ ਭੁਗਤਾਨ ਜਾਰੀ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਚੱਲ ਰਹੇ ਕੰਮਾਂ ਲਈ ਬਕਾਇਆ ਦੇਣਦਾਰੀਆਂ/ਠੇਕੇਦਾਰ ਦੇ ਭੁਗਤਾਨਾਂ ਨੂੰ ਪੂਰਾ ਕਰਨ ਲਈ ਫੰਡਾਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੰਤਰਾਲੇ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਵੱਖ-ਵੱਖ ਨਿਰਮਾਣ ਕਾਰਜਾਂ ਦੀ ਪ੍ਰਗਤੀ ਪ੍ਰਭਾਵਿਤ ਹੋ ਰਹੀ ਹੈ ਜਿਸ ਕਾਰਨ ਫੰਡ ਤੁਰੰਤ ਜਾਰੀ ਕਰਨਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਨਐਚ-54 'ਤੇ ਮੱਖੂ ਕਸਬੇ ਵਿਖੇ ਰੇਲਵੇ ਓਵਰ ਬ੍ਰਿਜ ਨੂੰ ਜਲਦ ਮੁਕੰਮਲ ਕਰਨ ਦੀ ਮੰਗ ਵੀ ਕੀਤੀ।

ਆਪਣੇ ਐਕਸ ਹੈਂਡਲ 'ਤੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅੱਜ ਦਿੱਲੀ ਵਿੱਚ ਮੈਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ, ਅਸੀਂ ਐਨਐਚਏਆਈ ਨਾਲ ਸਬੰਧਤ ਕਈ ਅਹਿਮ ਪ੍ਰਾਜੈਕਟਾਂ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਖਾਸ ਤੌਰ 'ਤੇ, 'ਸੜਕ ਸੁਰਖਿਆ ਫੋਰਸ (ਐਸਐਸਐਫ)' ਬਾਰੇ ਗੱਲਬਾਤ ਕੀਤੀ ਗਈ। ਗਡਕਰੀ ਜੀ ਨੇ ਸਾਡੀ ਸਰਕਾਰ ਵੱਲੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸ਼ੁਰੂ ਕੀਤੇ ਗਏ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।"

ਚੋਣ ਜ਼ਾਬਤੇ ਦੌਰਾਨ ਪ੍ਰਸ਼ਾਸਨਿਕ ਫੇਰਬਦਲ - ਰਾਮਵੀਰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨਿਯੁਕਤ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿੱਚ ਸਥਾਨਕ ਚੋਣਾਂ ਨੂੰ ਲੈ ਕੇ ਲੱਗੇ ਚੋਣ ਜ਼ਾਬਤੇ ਦੇ ਬਾਵਜੂਦ ਪੰਜਾਬ ਸਰਕਾਰ ਨੇ ਅੱਜ ਬੁੱਧਵਾਰ ਨੂੰ ਚਾਰ ਆਈ.ਏ.ਐਸ. ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ ਨੂੰ ਡਿਵੀਜ਼ਨਲ ਕਮਿਸ਼ਨਰ ਜਲੰਧਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਈ.ਏ.ਐਸ. ਅਧਿਕਾਰੀ ਘਨਸ਼ਿਆਮ ਥੋਰੀ ਨੂੰ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਸਿਹਤ ਮਿਸ਼ਨ ਪੰਜਾਬ ਦਾ ਮਿਸ਼ਨ ਡਾਇਰੈਕਟਰ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ। ਇਸਦੇ ਚੱਲਦਿਆਂ ਪੁਨੀਤ ਗੋਇਲ ਨੂੰ ਵਿਸ਼ੇਸ਼ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਕਸ਼ਿਤਾ ਗੁਪਤਾ ਨੂੰ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਲਗਾਇਆ ਗਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.