ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸੰਕਲਪ ਚੰਡੀਗੜ੍ਹ ’ਚ ਸਿਖਲਾਈ ਪ੍ਰਾਪਤ ਸਿਵਲ ਸੇਵਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਕਟਾਰੀਆ ਨੇ ਸੰਕਲਪ ਚੰਡੀਗੜ੍ਹ ਦੇ ਸਫਰ ਅਤੇ ਪ੍ਰਾਪਤੀਆਂ ਨੂੰ ਦਰਸਾਉਂਦੀ ‘ਸਥਿਤ ਪ੍ਰਗਿਆ’ ਮੈਗਜ਼ੀਨ ਦਾ ਪਹਿਲਾ ਐਡੀਸ਼ਨ ਵੀ ਰਿਲੀਜ਼ ਕੀਤਾ। ਇਸ ਮੌਕੇ ਵੱਖ-ਵੱਖ ਅਹੁਦਿਆਂ ’ਤੇ ਕਾਬਜ਼ ਕੁੱਲ 37 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 2 ਆਈ.ਏ. ਏ.ਐਸ., 4 ਆਈ.ਏ.ਐਸ., 3 ਆਈ.ਪੀ.ਐਸ., 11 ਪੀ.ਸੀ.ਐਸ., 5 ਐਚ.ਸੀ.ਐਸ., 1 ਪੀ.ਆਈ.ਐਸ., 6 ਆਈ.ਆਰ.ਐਸ., 3 ਡੀ.ਐਸ.ਪੀ., 1 ਏ.ਈ.ਟੀ.ਸੀ ਅਤੇ 1 ਪੀ.ਓ. ਸ਼ਾਮਲ ਹਨ। ਇਹਨਾਂ ਵਿੱਚੋਂ ਕੁਝ ਅਫਸਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਸੰਕਲਪ ਚੰਡੀਗੜ੍ਹ ਨੇ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ।
ਪ੍ਰੋਗਰਾਮ ਦੌਰਾਨ ਯੰਗ ਪ੍ਰੋਗਰੈਸਿਵ ਸਿੱਖ ਮੰਚ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਸ਼ਬਦ ਪੇਸ਼ ਕੀਤਾ ਗਿਆ। ਚਰਨਜੀਤ ਰਾਏ, ਸੰਕਲਪ ਚੰਡੀਗੜ੍ਹ ਦੇ ਸਰਪ੍ਰਸਤ ਅਤੇ ਸਾਬਕਾ ਚੀਫ ਇੰਜੀਨੀਅਰ, ਚੰਡੀਗੜ੍ਹ ਨੇ ਸੰਕਲਪ ਕੇਂਦਰ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰ ਨਿਰਮਾਣ ਵਿੱਚ ਸਿਵਲ ਸਰਵੈਂਟਸ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰੀ ਨੀਤੀਆਂ ਦੇ ਲਾਭ ਆਮ ਲੋਕਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸਿਵਲ ਸੇਵਕਾਂ ਦਾ ਸਿਧਾਂਤਕ ਅਤੇ ਦੂਰਦਰਸ਼ੀ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਸੰਕਲਪ ਚੰਡੀਗੜ੍ਹ ਵੱਲੋਂ ਅਧਿਕਾਰੀਆਂ ਵਿੱਚ ਉੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਸਨਮਾਨਿਤ ਕੀਤੇ ਜਾ ਰਹੇ ਸਰਕਾਰੀ ਕਰਮਚਾਰੀ ਸਿਰਫ ਸਰਕਾਰੀ ਕਰਮਚਾਰੀ ਨਹੀਂ ਹਨ, ਉਹ ਸਾਡੇ ਸਮਾਜ ਦੇ ਆਗੂ, ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੀ ਸਖ਼ਤ ਮਿਹਨਤ, ਸੱਚੀ ਲਗਨ ਅਤੇ ਇਮਾਨਦਾਰੀ ਸਦਕਾ ਹੀ ਸਾਡਾ ਪ੍ਰਸ਼ਾਸਨ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਅਤੇ ਦੇਸ਼ ਤਰੱਕੀ ਵੱਲ ਵਧਦਾ ਹੈ। ਇਸ ਲਈ ਰਾਸ਼ਟਰ ਨਿਰਮਾਣ ਵਿੱਚ ਸੰਕਲਪ ਚੰਡੀਗੜ੍ਹ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਸੰਕਲਪ ਦੀ ਸਥਾਪਨਾ 1986 ਵਿੱਚ ਦਿੱਲੀ ਵਿੱਚ ਕੀਤੀ ਗਈ ਸੀ, ਜਦੋਂ ਕਿ ਸੰਕਲਪ ਦੀ ਚੰਡੀਗੜ੍ਹ ਸ਼ਾਖਾ ਵਿੱਚ ਕੋਚਿੰਗ ਅਤੇ ਮਾਰਗਦਰਸ਼ਨ ਪ੍ਰੋਗਰਾਮ 2007 ਵਿੱਚ ਸ਼ੁਰੂ ਹੋਇਆ ਸੀ। ਚੰਡੀਗੜ੍ਹ ਸੰਕਲਪ ਕੇਂਦਰ ਪਿਛਲੇ 16 ਸਾਲਾਂ ਤੋਂ ਯੂਪੀਐਸਸੀ ਅਤੇ ਪੀਸੀਐਸ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਦਦ ਕਰ ਰਿਹਾ ਹੈ ਅਤੇ ਪਿਛਲੇ ਸਾਲਾਂ ਵਿੱਚ ਸੰਕਲਪ ਚੰਡੀਗੜ੍ਹ ਦੇ 108 ਵਿਦਿਆਰਥੀਆਂ ਨੇ ਵੱਕਾਰੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ, ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਰਾਜ ਸਭਾ, ਸ਼੍ਰੀ ਸੰਜੇ ਟੰਡਨ ਸਹਿ-ਇੰਚਾਰਜ ਭਾਜਪਾ ਹਿਮਾਚਲ ਪ੍ਰਦੇਸ਼, ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸ਼੍ਰੀ ਚਰਨਜੀਤ ਰਾਏ ਪ੍ਰਧਾਨ ਸੰਕਲਪ ਚੰਡੀਗੜ੍ਹ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ।


