ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਆਈ.ਪੀ.ਐੱਲ. ਦੇ ਵਧਦੇ ਜਨੂਨ ਅਤੇ 8 ਅਪਰੈਲ ਨੂੰ ਅਰੁਣ ਜੇਟਲੀ ਸਟੇਡੀਅਮ ਵਿੱਚ ਹੋਣ ਵਾਲੇ ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਸ ਦੇ ਮੁਕਾਬਲੇ ਦੇ ਮੱਦੇਨਜ਼ਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸਾਰੀਆਂ ਲਾਈਨਾਂ ’ਤੇ ਆਖਰੀ ਟ੍ਰੇਨ ਦੇ ਸਮੇਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਦੇਰ ਰਾਤ ਮੈਚ ਦੇਖ ਕੇ ਪਰਤਣ ਵਾਲੇ ਹਜ਼ਾਰਾਂ ਪ੍ਰਸ਼ੰਸਕਾਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਘਰ ਵਾਪਸੀ ਵੇਲੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਨਵੀਂ ਸਮਾਂ-ਸਾਰਣੀ ਅਨੁਸਾਰ, ਰੈੱਡ ਲਾਈਨ (ਲਾਈਨ-1) ’ਤੇ ਸ਼ਹੀਦ ਸਥਲ ਤੋਂ ਰਿਠਾਲਾ ਲਈ ਆਖਰੀ ਟ੍ਰੇਨ ਰਾਤ 12:10 ਵਜੇ ਅਤੇ ਵਾਪਸੀ ਦੀ ਸੇਵਾ 12:15 ਵਜੇ ਤੱਕ ਉਪਲਬਧ ਹੋਵੇਗੀ। ਯੈਲੋ ਲਾਈਨ (ਲਾਈਨ-2) ’ਤੇ ਸਮੇਪੁਰ ਬਦਲੀ ਤੋਂ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਲਈ ਆਖਰੀ ਮੈਟਰੋ ਰਾਤ 12:20 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਬਲੂ ਲਾਈਨ ’ਤੇ ਵੈਸ਼ਾਲੀ ਅਤੇ ਨੋਇਡਾ ਇਲੈਕਟ੍ਰਾਨਿਕ ਸਿਟੀ ਵੱਲ ਜਾਣ ਵਾਲੀਆਂ ਸੇਵਾਵਾਂ ਨੂੰ ਵੀ ਅੱਧੀ ਰਾਤ ਤੱਕ ਵਧਾ ਦਿੱਤਾ ਗਿਆ ਹੈ।
ਦਿੱਲੀ ਮੈਟਰੋ ਦੇ ਅਧਿਕਾਰੀਆਂ ਅਨੁਸਾਰ, ਗ੍ਰੀਨ ਲਾਈਨ (ਲਾਈਨ-5) ’ਤੇ ਸੇਵਾਵਾਂ ਰਾਤ 1:00 ਵਜੇ ਤੱਕ ਚੱਲਣਗੀਆਂ, ਜਦੋਂਕਿ ਪਿੰਕ ਲਾਈਨ (ਲਾਈਨ-7) ’ਤੇ ਕੁਝ ਚੁਣੇ ਹੋਏ ਰੂਟਾਂ ’ਤੇ ਰਾਤ 1:55 ਵਜੇ ਤੱਕ ਮੈਟਰੋ ਸਹੂਲਤ ਮਿਲੇਗੀ। ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਵੀ ਨਵੀਂ ਦਿੱਲੀ ਤੋਂ ਯਸ਼ੋਭੂਮੀ ਸੈਕਟਰ-25 ਲਈ ਆਖਰੀ ਟ੍ਰੇਨ ਰਾਤ 1:00 ਵਜੇ ਰਵਾਨਾ ਹੋਵੇਗੀ। ਡੀ.ਐੱਮ.ਆਰ.ਸੀ. ਦਾ ਮੰਨਣਾ ਹੈ ਕਿ ਸਟੇਡੀਅਮ ਵਿੱਚ ਭਾਰੀ ਭੀੜ ਹੋਣ ਦੀ ਉਮੀਦ ਹੈ ਅਤੇ ਇਹ ਵਧਾਇਆ ਗਿਆ ਸਮਾਂ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।


