Thursday, 11 June 2026

ਮਾਦੁਰੋ ਨੇ ਆਪਣੀ ਗਿ੍ਰਫਤਾਰੀ ਨੂੰ ਦੱਸਿਆ ਗੈਰਕਾਨੂੰਨੀ

ਨਿਊਯਾਰਕ/ਬਿਊਰੋ ਨਿਊਜ਼ 

ਵੈਨਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਅਦਾਲਤ ਵਿਚ ਆਪਣੇ ਖਿਲਾਫ ਲੱਗੇ ਡਰੱਗ ਅਤੇ ਹਥਿਆਰ ਤਸਕਰੀ ਨਾਲ ਜੁੜੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਮਾਦੁਰੋ ਨੇ ਅਦਾਲਤ ਵਿਚ ਆਪਣੀ ਗਿ੍ਰਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਅਤੇ ਕਿਹਾ ਹੈ ਕਿ ਮੈਨੂੰ ਕਿਡਨੈਪ ਕੀਤਾ ਗਿਆ ਹੈ। ਪਹਿਲੀ ਸੁਣਵਾਈ ਵਿਚ ਨਿਕੋਲਸ ਮਾਦੁਰੋ ਨੇ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਮੈਂ ਅਪਰਾਧੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੈਂ ਸਨਮਾਨਿਤ ਵਿਅਕਤੀ ਹਾਂ ਅਤੇ ਹੁਣ ਵੀ ਆਪਣੇ ਦੇਸ਼ ਵੈਨਜੂਏਲਾ ਦਾ ਰਾਸ਼ਟਰਪਤੀ ਹਾਂ। ਮਾਦੁਰੋ ਦੇ ਵਕੀਲਾਂ ਨੇ ਅਮਰੀਕੀ ਕਾਰਵਾਈ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ ਹੁਣ 17 ਜਨਵਰੀ ਨੂੰ ਹੋਵੇਗੀ। ਦੱਸਣਯੋਗ ਹੈ ਕਿ ਅਮਰੀਕਾ ਨੇ ਵੈਨਜੂਏਲਾ ’ਤੇ ਫੌਜੀ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗਿ੍ਰਫਤਾਰ ਕਰ ਲਿਆ ਸੀ। ਟਰੰਪ ਨੇ ਇਲਜ਼ਾਮ ਲਾਇਆ ਕਿ ਨਿਕੋਲਸ ਨੇ ਜੇਲ੍ਹਾਂ ਦੇ ਕੈਦੀਆਂ ਅਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ, ਜੋ ਮੁਆਫੀਯੋਗ ਨਹੀਂ ਹੈ। 

ਕਿਹਾ : ਅਮਰੀਕਾ ਦੀ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਹਾਲ ਹੋਵੇਗਾ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜੂਏਲਾ ਦੀ ਅੰਤਰਿਮ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਵੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੈਲਸੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨਜੂਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ। ਪਰ ਇਸ ਤੋਂ ਬਾਅਦ ਹੀ ਅੰਤਰਿਮ ਰਾਸ਼ਟਰਪਤੀ ਡੈਲਸੀ ਨੇ ਟੀਵੀ ਤੋਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਵੈਨਜੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਹੀ ਹੈ ਅਤੇ ਉਨ੍ਹਾਂ ਅਮਰੀਕਾ ਵਲੋਂ ਨਿਕੋਲਸ ਨੂੰ ਗਿ੍ਰਫਤਾਰ ਕਰਨ ਦੀ ਵੀ ਨਿਖੇਧੀ ਕੀਤੀ ਸੀ। ਇਸੇ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਵੈਨਜੂਏਲਾ ਵਿਚ ਅਮਰੀਕੀ ਫੌਜੀ ਤਾਇਨਾਤ ਨਹੀਂ ਕੀਤੇ ਜਾਣਗੇ। ਦੱਸਣਯੋਗ ਹੈ ਕਿ ਵੈਨਜੂਏਲਾ ’ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗਿ੍ਰਫਤਾਰ ਕਰ ਲਿਆ ਸੀ। ਟਰੰਪ ਨੇ ਇਲਜ਼ਾਮ ਲਾਇਆ ਕਿ ਨਿਕੋਲਸ ਨੇ ਜੇਲ੍ਹਾਂ ਦੇ ਕੈਦੀਆਂ ਅਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ, ਜੋ ਮੁਆਫੀਯੋਗ ਨਹੀਂ ਹੈ। ਇਸ ਕਰਕੇ ਹੀ ਅਮਰੀਕਾ ਨੇ ਫੌਜੀ ਕਾਰਵਾਈ ਕੀਤੀ ਹੈ। 

ਮਹਿੰਗਾਈ ਖਿਲਾਫ ਲੋਕ ਸੜਕਾਂ ’ਤੇ ਉਤਰੇ 

ਨਵੀਂ ਦਿੱਲੀ/ਬਿਊਰੋ ਨਿਊਜ਼

ਇਰਾਨ ਵਿਚ ਮਹਿੰਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ, ਜਿਸ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਸੁਰੱਖਿਆ ਕਰਮੀ ਦੀ ਜਾਨ ਵੀ ਚਲੇ ਗਈ। ਇਸ ਤੋਂ ਪਹਿਲਾਂ ਲੰਘੀ 31 ਦਸੰਬਰ ਨੂੰ ਵੀ ਇਕ ਵਿਅਕਤੀ ਦੀ ਰੋਸ ਪ੍ਰਦਰਸ਼ਨ ਦੇ ਦੌਰਾਨ ਗੋਲੀਬਾਰੀ ’ਚ ਮੌਤ ਹੋ ਗਈ ਸੀ। ਇਸ ਰੋਸ ਪ੍ਰਦਰਸ਼ਨ ਦੌਰਾਨ ਹੁਣ ਤੱਕ 6 ਆਮ ਨਾਗਰਿਕ ਅਤੇ 1 ਸੁਰੱਖਿਆ ਕਰਮੀ ਦੀ ਜਾਨ ਜਾ ਚੁੱਕੀ ਹੈ। ਇਹ ਵੀ ਦੱਸਣਯੋਗ ਹੈ ਕਿ ਇਰਾਨ ਵਿਚ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਲੰਘੀ 28 ਦਸੰਬਰ ਨੂੰ ਹੋਈ ਸੀ ਅਤੇ ਰਾਜਧਾਨੀ ਤਹਿਰਾਨ ਵਿਚ ਵਪਾਰੀਆਂ ਨੇ ਇਸਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਹ ਪ੍ਰਦਰਸ਼ਨ ਅਜੇ ਪੂਰੇ ਦੇਸ਼ ਵਿਚ ਉਸ ਪੱਧਰ ’ਤੇ ਤਿੱਖੇ ਨਹੀਂ ਹੋਏ, ਜਿੰਨੇ ਹਿਜ਼ਾਬ ਵਿਰੋਧੀ ਅੰਦੋਲਨ ਦੌਰਾਨ ਸਨ।  

ਕਰਾਂਸ ਮੋਂਟਾਨਾ ਸ਼ਹਿਰ ਨੂੰ ਨੋ-ਫਲਾਈ ਜ਼ੋਨ ਐਲਾਨਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਵਿੱਜ਼ਰਲੈਂਡ ਦੇ ਕਰਾਂਸ ਮੋਂਟਾਨਾ ਸ਼ਹਿਰ ਦੇ ‘ਅਲਪਾਈਟ ਸਕੀ ਰਿਜੌਰਟ’ ਵਿਚ ਰਾਤ ਸਮੇਂ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਧਮਾਕਾ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ਦੌਰਾਨ 40 ਵਿਅਕਤੀਆਂ ਦੀ ਮੌਤ ਦੀ ਖਬਰ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਧਮਾਕੇ ਕਾਰਨ 100 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਫਿਲਹਾਲ ਕਰਾਂਸ ਮੋਂਟਾਨਾ ਸ਼ਹਿਰ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਵਿਚ ਜੁਟ ਗਈਆਂ ਸਨ। ਇਹ ਵੀ ਦੱਸਿਆ ਗਿਆ ਹੈ ਕਿ ਨੇੜਲੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਕਈ ਜ਼ਖ਼ਮੀਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.