Wednesday, 10 June 2026

ਯੂਕਰੇਨੀ ਲੋਕਾਂ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ : ਜੋਅ ਬਾਈਡਨ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ’ਤੇ ਹੋਏ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਈਡਨ ਨੇ ਆਰੋਪ ਲਗਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਜ਼ਰੀਏ ਯੂਕਰੇਨ ਦੀ ਐਨਰਜੀ ਗਰਿਡ ਨੂੰ ਨਿਸ਼ਾਨਾ ਬਣਾਇਆ ਹੈ। ਇਸਦੇ ਜ਼ਰੀਏ ਰੂਸ ਸਰਦੀ ਦੇ ਮੌਸਮ ਵਿਚ ਯੂਕਰੇਨੀ ਲੋਕਾਂ ਦੀ ਬਿਜਲੀ ਸਪਲਾਈ ਕੱਟਣਾ ਚਾਹੁੰਦਾ ਹੈ। ਇਸਦੇ ਚੱਲਦਿਆਂ ਜੋਅ ਬਾਈਡਨ ਨੇ ਯੂਕਰੇਨ ਨੂੰ ਮੱਦਦ ਦੇਣ ਦੀ ਗੱਲ ਵੀ ਦੁਹਰਾਈ। ਬਾਈਡਨ ਦੇ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਵਿਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਤੇ ਯੂਕਰੇਨ ਨੂੰ ਜਲਦ ਹੀ ਮਿਜ਼ਾਈਲਾਂ ਦੀ ਨਵੀਂ ਖੇਪ ਦਿੱਤੀ ਜਾਵੇਗੀ। ਜੋਅ ਬਾਈਡਨ ਨੇ ਕਿਹਾ ਕਿ ਇਸ ਸਭ ਲਈ ਅਮਰੀਕੀ ਰੱਖਿਆ ਵਿਭਾਗ ਨੂੰ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਵੀ ਯੂਕਰੇਨ ਦੀ ਮੱਦਦ ਕਰਨ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਜੀਣ ਦਾ ਅਧਿਕਾਰ ਹੈ।

ਆਈ.ਸੀ.ਸੀ. ਨੇ ਨਿਊਟਰਲ ਵੈਨਯੂ ਦੁਬਈ ਚੁਣਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਚੈਂਪੀਅਨਜ਼ ਟਰਾਫੀ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮਹਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੈਂਪੀਅਨਜ਼ ਟਰਾਫੀ 2025 ਵਿਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਦੇ ਲਈ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ ਨੂੰ ਨਿਊਟਰਲ ਵੈਨਯੂ ਦੇ ਰੂਪ ਵਿਚ ਚੁਣਿਆ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 19 ਫਰਵਰੀ ਨੂੰ ਮੇਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਕਰਾਚੀ ਵਿਚ ਖੇਡਿਆ ਜਾਵੇਗਾ। ਉਧਰ ਦੂਜੇ ਪਾਸੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਮੈਚਾਂ ’ਚੋਂ ਸੰਨਿਆਸ ਲੈ ਲਿਆ ਹੈ। ਇਸੇ ਤਰ੍ਹਾਂ ਆਰ. ਅਸ਼ਵਿਨ ਅਤੇ ਦਿਨੇਸ਼ ਕਾਰਤਿਕ ਨੇ ਵੀ ਕ੍ਰਿਕਟ ਦੇ ਸਾਰੇ ਫਾਰਮਿਟਾਂ ਵਿਚੋਂ ਸੰਨਿਆਸ ਲੈ ਲਿਆ ਹੈ। 

 

ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਕਰੇਗਾ ਰੂਸ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਦੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਮਰੀਜ਼ਾਂ ਵਿਚ ਇਕ ਉਮੀਦ ਜਾਗੀ ਹੈ। ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕਾਪਰਿਨ ਦੇ ਮੁਤਾਬਕ, ਰੂਸ ਦੀ ਇਸ ਕੈਂਸਰ ਵੈਕਸੀਨ ਨੂੰ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਦੇ ਲਈ ਵੱਖ-ਵੱਖ ਬਣਾਇਆ ਜਾਏਗਾ। ਇਸ ਖਾਸੀਅਤ ਦੀ ਵਜ੍ਹਾ ਕਰਕੇ ਇਸ ਵੈਕਸੀਨ ਦੀ ਕੀਮਤ ਢਾਈ ਲੱਖ ਰੁਪਏ ਹੋਵੇਗੀ, ਪਰ ਰੂਸ ਦੇ ਨਾਗਰਿਕਾਂ ਨੂੰ ਇਹ ਵੈਕਸੀਨ ਮੁਫਤ ਮਿਲੇਗੀ। ਹਾਲਾਂਕਿ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਇਹ ਵੈਕਸੀਨ ਕਦੋਂ ਮਿਲੇਗੀ, ਇਸਦੇ ਬਾਰੇ ਵਿਚ ਕਾਪਰਿਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਵੀ ਕਰੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੈਂਸਰ ਵੈਕਸੀਨ 2025 ਤੋਂ ਰੂਸ ਦੇ ਨਾਗਰਿਕਾਂ ਲਈ ਮੁਫਤ ਵਿਚ ਉਪਲਬਧ ਕਰਵਾਈ ਜਾਵੇਗੀ।  

ਪੂਤਿਨ ਸਰਕਾਰ ਦਾ ਦਾਅਵਾ : 2025 ’ਚ ਮੁਫਤ ਲਗਾਵਾਂਗੇ ਵੈਕਸੀਨ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਇਸਦੀ ਜਾਣਕਾਰੀ ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕੁਪਰਿਨ ਨੇ ਰੇਡੀਓ ’ਤੇ ਦਿੱਤੀ ਹੈ। ਰੂਸ ਦੀ ਨਿਊਜ਼ ਏਜੰਸੀ ਦੇ ਮੁਤਾਬਕ ਇਹ ਵੈਕਸੀਨ ਅਗਲੇ ਸਾਲ ਯਾਨੀ ਕਿ 2025 ਤੋਂ ਰੂਸ ਦੇ ਨਾਗਰਿਕਾਂ ਨੂੰ ਮੁਫਤ ਵਿਚ ਲਗਾਈ ਜਾਵੇਗੀ। ਡਾਇਰੈਕਟਰ ਆਂਦ੍ਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਦੇ ਖਿਲਾਫ ਆਪਣੀ ਵੈਕਸੀਨ ਵਿਕਸਿਤ ਕਰ ਲਈ ਹੈ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਵੈਕਸੀਨ ਦੇ ਕਲੀਨੀਕਲ ਟਰਾਇਲ ਤੋਂ ਪਤਾ ਲੱਗਿਆ ਹੈ ਕਿ ਇਸ ਨਾਲ ਟਿਊਮਰ ਦੇ ਵਿਕਾਸ ਨੂੰ ਰੋਕਣ ਵਿਚ ਮੱਦਦ ਮਿਲਦੀ ਹੈ। ਧਿਆਨ ਰਹੇ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੱਸਿਆ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਨੇੜੇ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.