Wednesday, 10 June 2026

ਗੈਰਕਾਨੂੰਨੀ ਪਰਵਾਸੀਆਂ ਦੀ ਅਮਰੀਕਾ ’ਚ ਐਂਟਰੀ ਹੋਵੇਗੀ ਬੰਦ

ਵਾਸ਼ਿੰਗਟਨ/ਬਿਊਰੋ ਨਿਊਜ਼

ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਚ 47ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਯੂਐਸ ਕੈਪੀਟਲ ’ਚ ਹੋਏ ਸਮਾਗਮ ਦੌਰਾਨ ਚੀਫ ਜਸਟਿਸ ਜੌਹਨ ਰੌਬਰਟਸ ਨੇ ਟਰੰਪ ਨੂੰ ਅਹੁਦੇ ਦੀ ਸਹੁੰ ਚੁਕਾਈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ ਲੈਣ ’ਤੇ ਟਰੰਪ ਨੂੰ ਤੋਪਾਂ ਨਾਲ ਸਲਾਮੀ ਦਿੱਤੀ ਗਈ। ਅਮਰੀਕਾ ਦੇ ਸਿਖਰਲੇ ਅਹੁਦੇ ’ਤੇ ਟਰੰਪ ਦਾ ਇਹ ਦੂਜਾ ਕਾਰਜਕਾਲ ਹੈ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਸਮੇਂ ਬਾਅਦ ਹੀ ਜੋਅ ਬਾਈਡਨ ਪ੍ਰਸ਼ਾਸਨ ਦੇ 78 ਫੈਸਲਿਆਂ ਨੂੰ ਪਲਟ ਦਿੱਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖਤਮ ਕਰਨ, ਡਬਲਿਊ.ਐਚ.ਓ. ਅਤੇ ਪੈਰਿਸ ਜਲਵਾਯੂ ਸਮਝੌਤੇ ’ਚੋਂ ਅਮਰੀਕਾ ਨੂੰ ਬਾਹਰ ਕਰਨ ਜਿਹੇ ਫੈਸਲੇ ਸ਼ਾਮਲ ਹਨ। ਟਰੰਪ ਨੇ ਅਮਰੀਕਾ ਫਸਟ ਪਾਲਿਸੀ ਦੇ ਤਹਿਤ ਦੂਜੇ ਦੇਸ਼ਾਂ ’ਤੇ ਟੈਰਿਫ ਲਗਾਉਣ ਦੀ ਗੱਲ ਵੀ ਕਹੀ। ਉਨ੍ਹਾਂ ਨੇ ਅਮਰੀਕਾ ਵਿਚ ਸਿਰਫ ਮਹਿਲਾ ਅਤੇ ਪੁਰਸ਼ ਜੈਂਡਰ ਨੂੰ ਮਾਨਤਾ ਦੇਣ ਦਾ ਐਲਾਨ ਵੀ ਕੀਤਾ ਹੈ।  

ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਲੈਣਗੇ ਅਹਿਮ ਫੈਸਲੇ

ਵਾਸ਼ਿੰਗਟਨ/ਬਿਊਰੋ ਨਿਊਜ਼

ਚਾਈਨਜ਼ ਸ਼ਾਰਟ ਵੀਡੀਓ ਐਪ ਟਿਕਟੌਕ ’ਤੇ ਫਿਲਹਾਲ ਅਮਰੀਕਾ ਪਾਬੰਦੀ ਨਹੀਂ ਲਗਾ ਰਿਹਾ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਟਿਕਟੌਕ ਨੂੰ ਹੋਰ ਸਮਾਂ ਦੇਣ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਯੂ.ਐਸ. ਦੀ ਫੈਡਰਲ ਅਦਾਲਤ ਨੇ ਟਿਕਟੌਕ ਨੂੰ ਆਪਣੀ ਪੇਰੈਂਟ ਕੰਪਨੀ ਬਾਈਟਡਾਂਸ ਦੀ ਹਿੱਸੇਦਾਰੀ ਵੇਚਣ ਲਈ ਕਿਹਾ ਸੀ। ਜਿਸ ਤੋਂ ਬਾਅਦ ਅਮਰੀਕਾ ਵਿਚ ਜ਼ਿਆਦਾਤਰ ਯੂਜਰਜ਼ ਦੇ ਫੋਨ ’ਚ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਕੰਪਨੀ ਨੇ ਕਿਹਾ ਸੀ ਕਿ ਸਰਵਿਸ ਨੂੰ ਰੀਸਟੋਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਮਰੀਕਾ ਵਿਚ ਟਿਕਟੌਕ ਨੂੰ ਬਣਾਈ ਰੱਖਣ ਦੇ ਲਈ ਰਾਸ਼ਟਰਪਤੀ ਟਰੰਪ ਦੇ ਨਾਲ ਮਿਲ ਕੇ ਕੰਮ ਕਰਾਂਗੇ। ਇਸੇ ਦੌਰਾਨ ਟਰੰਪ ਨੇ ਆਪਣੇ ਹਲਫਦਾਰੀ ਸਮਾਗਮ ਤੋਂ ਪਹਿਲਾਂ ਆਪਣੇ ਹਮਾਇਤੀਆਂ ਅਤੇ ਅਮਰੀਕਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। 

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ

ਇਸਲਾਮਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਨੂੰ 14 ਸਾਲ ਅਤੇ ਬੁਸ਼ਰਾ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ’ਤੇ ਰਾਸ਼ਟਰੀ ਖਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਆਰੋਪ ਹੈ। ਧਿਆਨ ਰਹੇ ਕਿ ਇਮਰਾਨ ਖਾਨ ਤੋਸ਼ਾਖਾਨਾ ਨਾਲ ਜੁੜੇ ਇਕ ਮਾਮਲੇ ਵਿਚ ਅਗਸਤ 2023 ਤੋਂ ਪਹਿਲਾਂ ਹੀ ਅਡਿਆਲਾ ਜੇਲ੍ਹ ਵਿਚ ਬੰਦ ਹਨ।

ਵਾਸ਼ਿੰਗਟਨ ਡੀਸੀ ’ਚ 20 ਜਨਵਰੀ ਨੂੰ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਉਂਦੀ 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਵਿਚ ਅਮਰੀਕਾ ਦੇ ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਧਿਆਨ ਰਹੇ ਕਿ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਆਪਣੀ ਇਸ ਫੇਰੀ ਦੌਰਾਨ ਜੈਸ਼ੰਕਰ ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ। ਪਿਛਲੇ ਸਾਲ ਨਵੰਬਰ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ’ਚ ਟਰੰਪ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਇਸ ਤੋਂ ਪਹਿਲਾਂ ਉਹ ਜਨਵਰੀ 2017 ਤੋਂ ਜਨਵਰੀ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.