Saturday, 18 April 2026

ਵਿਲੀਅਮਜ਼ ਦੀ ਸੇਵਾਮੁਕਤੀ ਲੰਘੇ ਦਸੰਬਰ ਮਹੀਨੇ ਤੋਂ ਅਮਲ ਵਿਚ ਆਏਗੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਹੀਨਿਆਂ ਤੱਕ ਫਸੇ ਰਹੇ ਦੋ ਪੁਲਾੜ ਯਾਤਰੀਆਂ ਵਿਚ ਸ਼ੁਮਾਰ ਨਾਸਾ ਦੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਸੇਵਾਮੁਕਤੀ ਹੁਕਮ ਲੰਘੇ ਦਸੰਬਰ ਮਹੀਨੇ ਦੇ ਅਖੀਰ ਵਿਚ ਅਮਲ ’ਚ ਆ ਗਏ ਸਨ। ਬੋਇੰਗ ਦੀ ਕੈਪਸੂਲ ਟੈਸਟ ਉਡਾਣ ਦੌਰਾਨ ਵਿਲੀਅਮਜ਼ ਨਾਲ ਪੁਲਾੜ ਵਿਚ ਫਸੇ ਰਹੇ ਬੁੱਚ ਵਿਲਮੋਰ ਨੇ ਪਿਛਲੀਆਂ ਗਰਮੀਆਂ ਵਿਚ ਨਾਸਾ ਛੱਡ ਦਿੱਤਾ ਸੀ। ਸੁਨੀਤਾ ਵਿਲੀਅਮਰਜ਼ ਅਤੇ ਵਿਲਮੋਰ ਨੂੰ 2024 ਵਿਚ ਪੁਲਾੜ ਸਟੇਸ਼ਨ ’ਤੇ ਭੇਜਿਆ ਗਿਆ ਸੀ ਅਤੇ ਉਹ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ ਉਡਾਣ ਭਰਨ ਵਾਲੇ ਪਹਿਲੇ ਪੁਲਾੜ ਯਾਤਰੀ ਸਨ। ਧਿਆਨ ਰਹੇ ਕਿ ਸੁਨੀਤਾ ਵਿਲੀਅਮਜ਼ ਨੇ ਕਰੀਬ 27 ਸਾਲ ਨਾਸਾ ਨਾਲ ਕੰਮ ਕੀਤਾ ਹੈ।

ਕਿਹਾ : ਇਹ ਦੁਨੀਆ ਦੀ ਸੁਰੱਖਿਆ ਦੇ ਲਈ ਬੇਹੱਦ ਜ਼ਰੂਰੀ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਰੀਨਲੈਂਡ ਨੂੰ ਲੈ ਕੇ ਇਕ ਵਾਰ ਫਿਰ ਸਖਤ ਰੁਖ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਪਿੱਛੇ ਹਟਣ ਦਾ ਕੋਈ ਸਵਾਲ ਹੀ ਨਹੀਂ ਹੈ। ਸ਼ੋਸ਼ਲ ਮੀਡੀਆ ’ਤੇ ਪੋਸਟ ਕਰਕੇ ਟਰੰਪ ਨੇ ਕਿਹਾ ਕਿ ਗਰੀਨਲੈਂਡ ਰਾਸ਼ਟਰੀ ਸੁਰੱਖਿਆ ਦੇ ਲਈ ਬੇਹੱਦ ਜ਼ਰੂਰੀ ਹੈ। ਟਰੰਪ ਨੇ ਦੱਸਿਆ ਕਿ ਇਸ ਮੁੱਦੇ ’ਤੇ ਨਾਟੋ (ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ) ਚੀਫ ਮਾਰਕ ਰੂਟੇ ਨਾਲ ਫੋਨ ’ਤੇ ਉਨ੍ਹਾਂ ਦੀ ਗੱਲਬਾਤ ਹੋਈ ਹੈ। ਇਸ ਗੱਲਬਾਤ ਤੋਂ ਬਾਅਦ ਵੱਖ-ਵੱਖ ਪੱਖਾਂ ਤਹਿਤ ਸਵਿੱਟਜ਼ਰਲੈਂਡ ਦੇ ਦਾਵੋਸ ਵਿਚ ਬੈਠਕ ਦੌਰਾਨ ਸਹਿਮਤੀ ਬਣੀ ਹੈ। ਡੋਨਾਲਡ ਟਰੰਪ ਨੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਦੱਸਿਆ। ਉਨ੍ਹਾਂ ਕਿਹਾ ਕਿ ਤਾਕਤ ਦੇ ਜ਼ਰੀਏ ਹੀ ਦੁਨੀਆ ਵਿਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ ਅਤੇ ਇਹ ਸਮਰੱਥਾ ਸਿਰਫ ਅਮਰੀਕਾ ਕੋਲ ਹੀ ਹੈ। 

 

ਵੈਨੇਜ਼ੁਏਲਾ ਦੀ ਪ੍ਰਮੁੱਖ ਆਗੂ ਨੇ ਟਰੰਪ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਕੀਤਾ ਭੇਂਟ

ਵਾਸ਼ਿੰਗਟਨ/ਬਿਊਰੋ ਨਿਊਜ਼ 

ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਪ੍ਰਮੁੱਖ ਆਗੂ ਮਾਰੀਆ ਕੋਰੀਨਾ ਮਚਾਡੋ ਨੇ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਮੈਡਲ ਟਰੰਪ ਨੂੰ ਭੇਂਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਮਚਾਡੋ ਨੇ ਵ੍ਹਾਈਟ ਹਾਊਸ ਤੋਂ ਬਾਹਰ ਨਿਕਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਸਨਮਾਨ ਟਰੰਪ ਦੀ ‘ਆਜ਼ਾਦੀ ਪ੍ਰਤੀ ਵਿਲੱਖਣ ਵਚਨਬੱਧਤਾ’ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਸੌਂਪਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਮਚਾਡੋ ਨੇ ਮੈਡਲ ਉਨ੍ਹਾਂ ਕੋਲ ਰੱਖਣ ਲਈ ਛੱਡ ਦਿੱਤਾ ਹੈ ਅਤੇ ਉਨ੍ਹਾਂ ਨੇ ਮਚਾਡੋ ਨੂੰ ਇੱਕ ‘ਸ਼ਾਨਦਾਰ ਮਹਿਲਾ’ ਦੱਸਦੇ ਹੋਏ ਇਸ ਨੂੰ ਆਪਸੀ ਸਤਿਕਾਰ ਦਾ ਪ੍ਰਤੀਕ ਦੱਸਿਆ। 

ਗਰੀਨਲੈਂਡ ਦੀ ਵਿਦੇਸ਼ ਮੰਤਰੀ ਬੋਲੀ - ਅਸੀਂ ਅਮਰੀਕਾ ਦੇ ਗੁਲਾਮ ਨਹੀਂ ਬਣਾਂਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਤੋਂ ਗਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀ ਆਪਣੀ ਇੱਛਾ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੁਝ ਨਾ ਕੁਝ ਹੱਲ ਨਿਕਲ ਆਵੇਗਾ। ਟਰੰਪ ਨੇ ਗਰੀਨਲੈਂਡ ਨੂੰ ਗੋਲਡਨ ਡੋਮ ਨਾਮਕ ਵੱਡੇ ਰੱਖਿਆ ਪ੍ਰੋਜੈਕਟ ਦੇ ਲਈ ਬਹੁਤ ਮਹੱਤਵਪੂਰਨ ਦੱਸਿਆ ਹੈ। ਜ਼ਿਕਰਯੋਗ ਹੈ ਕਿ ਗੋਲਡਨ ਡੋਮ ਅਮਰੀਕਾ ਦਾ ਮਿਜ਼ਾਈਲ ਰੱਖਿਆ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਇਜ਼ਰਾਈਲ ਦੇ ਆਇਰਨ ਡੋਮ ਤੋਂ ਪ੍ਰੇਰਿਤ ਹੈ। ਗੋਲਡਨ ਡੋਮ ਦਾ ਮਕਸਦ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਖਤਰੇ ਤੋਂ ਅਮਰੀਕਾ ਨੂੰ ਬਚਾਉਣਾ ਹੈ। ਉਧਰ ਦੂਜੇ ਪਾਸੇ ਗਰੀਨਲੈਂਡ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ, ਪਰ ਗਰੀਨਲੈਂਡ ’ਤੇ ਅਮਰੀਕਾ ਦਾ ਰਾਜ ਸਵੀਕਾਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਗੁਲਾਮ ਨਹੀਂ ਬਣਾਂਗੇ।  

 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.