Thursday, 11 June 2026

ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀਆਂ ਦੀ ਚਿੰਤਾ ਵਧਾਈ
ਬਿ੍ਰਸਬਨ/ਬਿਊਰੋ ਨਿਊਜ਼
ਆਸਟਰੇਲੀਆ ਵਿੱਚ ਵਧ ਰਹੇ ਨਸਲਵਾਦ ਅਤੇ ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀ, ਖਾਸਕਰ ਕੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਨਿਊਜ਼ੀਲੈਂਡ ਦੇ ਜੰਮਪਲ ਕੱਟੜ ਸੱਜੇ ਪੱਖੀ ਕਾਰਕੁਨ ਥਾਮਸ ਸੇਵਲ ਨੇ ਹਾਲ ਹੀ ਵਿੱਚ ਭੜਕਾਊ ਇੰਟਰਵਿਊ ਦੌਰਾਨ ਕਿਹਾ ਸੀ ਕਿ ਇਹ ਗੋਰਿਆਂ ਦਾ ਦੇਸ਼ ਹੈ ਅਤੇ ਭਾਰਤੀਆਂ ਨੂੰ ਦੇਸ਼ ਛੱਡਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਉਹ ‘ਮਾਰਚ ਫਾਰ ਆਸਟਰੇਲੀਆ’ ਨਾਂ ਦੇ ਪਰਵਾਸ ਵਿਰੋਧੀ ਮੁਜ਼ਾਹਰਿਆਂ ਵਿੱਚ ਵੀ ਹਾਜ਼ਰ ਰਿਹਾ, ਜਿਸ ਵਿਚ ਹਜ਼ਾਰਾਂ ਵਿਅਕਤੀ ਸ਼ਾਮਲ ਹੋਏ ਅਤੇ ਕੁਝ ਥਾਵਾਂ ’ਤੇ ਹਿੰਸਾ ਵੀ ਦੇਖਣ ਨੂੰ ਮਿਲੀ। ਹੁਣ ਭਾਰਤੀ ਅਤੇ ਖਾਸਕਰ ਪੰਜਾਬੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਭਾਰਤੀ ਹਾਈ ਕਮਿਸ਼ਨ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵੀ ਇਸ ਮਾਮਲੇ ’ਤੇ ਨਜ਼ਰ ਰੱਖੀ ਹੋਈ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਤੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।  

ਕਰਨੈਲ ਸਿੰਘ ਦਾ ਦਾਅਵਾ - ਸਰਬਜੀਤ ਕੌਰ ਨਾਲ ਉਸਦਾ ਤਲਾਕ ਨਹੀਂ ਹੋਇਆ
ਅੰਮਿ੍ਰਤਸਰ/ਬਿਊਰੋ ਨਿਊਜ਼
ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਵਿਅਕਤੀ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦਾ ਭਾਰਤੀ ਪਤੀ ਕਰਨੈਲ ਸਿੰਘ ਲਾਹੌਰ ਹਾਈਕੋਰਟ ਪਹੁੰਚ ਗਿਆ ਹੈ। ਕਰਨੈਲ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸਰਬਜੀਤ ਕੌਰ ਨੂੰ ਪਾਕਿਸਤਾਨ ਵਿਚੋਂ ਕੱਢਣ ਅਤੇ ਭਾਰਤ ਭੇਜਣ ਦੀ ਮੰਗ ਕੀਤੀ ਹੈ। ਕਰਨੈਲ ਸਿੰਘ ਨੇ ਦਾਅਵਾ ਕੀਤਾ ਕਿ ਸਰਬਜੀਤ ਕੌਰ ਨੇ ਉਸ ਕੋਲੋਂ ਅਜੇ ਤੱਕ ਤਲਾਕ ਨਹੀਂ ਲਿਆ ਹੈ ਅਤੇ ਇਸਦੇ ਬਾਵਜੂਦ ਸਰਬਜੀਤ ਨੇ ਦੂਜਾ ਵਿਆਹ ਕਰਵਾ ਲਿਆ। ਕਰਨੈਲ ਸਿੰਘ ਨੇ ਕਿਹਾ ਹੈ ਕਿ ਸਰਬਜੀਤ ਕੌਰ ਨੇ ਤੀਰਥ ਯਾਤਰਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਨੇ ਇਸਲਾਮੀ ਕਾਨੂੰਨ ਵੀ ਤੋੜਿਆ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਉਥੇ ਅਚਾਨਕ ਉਹ ਗਾਇਬ ਹੋ ਗਈ ਸੀ। ਇਸਦੇ ਚੱਲਦਿਆਂ ਉਸ ਨੇ ਧਰਮ ਪਰਿਵਰਤਨ ਕਰ ਲਿਆ ਅਤੇ ਮੁਸਲਿਮ ਬਣ ਕੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਹੈ। ਇਸ ਤੋਂ ਬਾਅਦ ਉਸ ਨੇ ਨਾਸਿਰ ਹੁਸੈਨ ਨਾਮ ਦੇ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ। ਇਸੇ ਦੌਰਾਨ ਸਰਬਜੀਤ ਕੌਰ ਦਾ ਕਹਿਣਾ ਸੀ ਕਿ ਉਹ ਨਾਸਿਰ ਹੁਸੈਨ ਨਾਲ ਨਿਕਾਹ ਕਰਕੇ ਬਹੁਤ ਖੁਸ਼ ਹੈ।

ਕਿਹਾ : ਜੇ ਮੈਂ ਦਖਲ ਨਾ ਦਿੰਦਾ ਤਾਂ ਹੋਣੀ ਹੀ ਪ੍ਰਮਾਣੂ ਜੰਗ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕਾਂਗਰਸ ਨੂੰ ਆਪਣੇ ਦੂਜੇ ਕਾਰਜਕਾਲ ਦਾ ਦੂਜਾ ਸਟੇਟ ਆਫ ਦ ਯੂਨੀਅਨ ਭਾਸ਼ਣ ਦਿੱਤਾ। ਇਸੇ ਸਾਲ ਦੇ ਸਟੇਟ ਆਫ ਦ ਯੂਨੀਅਨ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਆਪਣੇ ਪਹਿਲੇ 10 ਮਹੀਨਿਆਂ ਵਿਚ ਮੈਂ ਅੱਠ ਜੰਗਾਂ ਖਤਮ ਕਰਵਾਈਆਂ। ਟਰੰਪ ਨੇ ਕਿਹਾ ਕਿ ਜੇ ਮੈਂ ਦਖਲ ਨਾ ਦਿੰਦਾ ਤਾਂ ਪਾਕਿਸਤਾਨ ਅਤੇ ਭਾਰਤ ਵਿਚ ਪ੍ਰਮਾਣੂ ਯੁੱਧ ਹੁੰਦਾ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਦਾਅਵਾ ਕੀਤਾ ਹੈ ਕਿ 35 ਮਿਲੀਅਨ ਲੋਕਾਂ ਨੇ ਕਿਹਾ ਸੀ ਕਿ ਜੇਕਰ ਮੇਰੀ ਸ਼ਮੂਲੀਅਤ ਨਾ ਹੁੰਦੀ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ। ਇਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਗਾਜ਼ਾ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਸਫਲ ਰਿਹਾ ਹੈ। ਟਰੰਪ ਨੇ ਦੁਹਰਾਇਆ ਕਿ ਉਨ੍ਹਾਂ ਨੇ ਅਹੁਦੇ ’ਤੇ ਵਾਪਸ ਆਉਣ ਤੋਂ ਬਾਅਦ 8 ਯੁੱਧ ਖਤਮ ਕਰਵਾ ਦਿੱਤੇ ਹਨ। ਇਰਾਨ ਸਬੰਧੀ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਈਰਾਨ ਅਜਿਹੀਆਂ ਮਿਜ਼ਾਈਲਾਂ ਵਿਕਸਤ ਕਰ ਰਿਹਾ ਹੈ, ਜੋ ਸੰਯੁਕਤ ਰਾਜ ਅਮਰੀਕਾ ਤੱਕ ਪਹੁੰਚ ਸਕਦੀਆਂ ਹਨ।

ਆਸਟਰੇਲੀਆ ਦੀ ਸਰਕਾਰ ਨੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਸੁਰੱਖਿਆ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਊਜ਼ੀਲੈਂਡ ਵਿਚ ਨਗਰ ਕੀਰਤਨ ਰੋਕਣ ਤੋਂ ਬਾਅਦ ਆਸਟਰੇਲੀਆ ਵਿਚ ਵੀ ਭਾਰਤੀਆਂ ਅਤੇ ਖਾਸਕਰ ਪੰਜਾਬੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਆਸਟਰੇਲੀਆ ਦੇ ਕੱਟੜਪੰਥੀ ਆਗੂ ਥੌਮਸ ਸੇਵੇਲ ਨੇ ਪੰਜਾਬੀਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਸੇਵੇਲ ਨੇ ਕਿਹਾ ਹੈ ਕਿ ਭਾਰਤੀਆਂ ਨੂੰ ਇਹ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਆਸਟਰੇਲੀਆ ਸਿਰਫ ਗੋਰਿਆਂ ਦਾ ਹੈ। ਉਸ ਨੇ ਭਾਰਤੀਆਂ ਨੂੰ ਨੀਚ ਦੱਸਦੇ ਹੋਏ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਆਸਟਰੇਲੀਆ ਦੀ ਸਰਕਾਰ ਨੇ ਸੇਵੇਲ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਆਸਟਰੇਲੀਆ ਵਿਚ ਰਹਿ ਰਹੇ ਦੋ ਲੱਖ ਤੋਂ ਜ਼ਿਆਦਾ ਪੰਜਾਬੀਆਂ ਅਤੇ 10 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪੱਸ਼ਟ ਕੀਤਾ ਹੈ ਕਿ ਨਫਰਤ ਫੈਲਾਉਣ ਵਾਲਿਆਂ ’ਤੇ ਨਵੇਂ ਹੇਟ ਸਪੀਚ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.