Monday, 15 June 2026

ਅਮਰੀਕਾ ਤੇ ਇਰਾਨ ਜੰਗ ਖਤਮ ਕਰਨ ਲਈ ਰਾਜ਼ੀ - 19 ਜੂਨ ਨੂੰ ਸਮਝੌਤੇ ’ਤੇ ਹੋਣਗੇ ਦਸਤਖਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼  
ਅਮਰੀਕਾ ਅਤੇ ਇਰਾਨ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਇਰਾਨ ਦੇ ਨਾਲ ਸਮਝੌਤਾ ਹੋ ਗਿਆ ਹੈ। ਇਰਾਨ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਕਈ ਮਹੀਨਿਆਂ ਦੀ ਲੰਬੀ ਲੜਾਈ ਅਤੇ ਮੁਸ਼ਕਿਲ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਵਿਚ ਸ਼ਾਂਤੀ ਸਮਝੌਤੇ ਦੇ ਮਸੌਦੇ ’ਤੇ ਸਹਿਮਤੀ ਬਣ ਗਈ ਹੈ ਅਤੇ ਸਮਝੌਤੇ ਨੂੰ ਅੰਤਿਮ ਰੂੁਪ ਦੇ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਹੋਰਮੁਜ਼ ਸਟਰੇਟ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ। ਉਨ੍ਹਾਂ ਵਲੋਂ ਇਰਾਨੀ ਬੰਦਰਗਾਹਾਂ ’ਤੇ ਅਮਰੀਕੀ ਫੌਜ ਦੀ ਨਾਕੇਬੰਦੀ ਤੁਰੰਤ ਹਟਾਉਣ ਦੀ ਮਨਜੂਰੀ ਦੇ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਦੋਵੇਂ ਦੇਸ਼ 19 ਜੂਨ ਨੂੰ ਸਵਿੱਟਜ਼ਰਲੈਂਡ ਦੇ ਜੈਨੇਵਾ ਵਿਚ ਪੀਸ ਡੀਲ ’ਤੇ ਦਸਤਖਤ ਕਰਨਗੇ। ਜੇਕਰ ਅਜਿਹਾ ਹੁੰਦਾ ਹੈ ਤਾਂ 47 ਸਾਲਾਂ ਵਿਚ ਤਹਿਰਾਨ ਅਤੇ ਵਾਸ਼ਿੰਗਟਨ ਦੇ ਵਿਚਾਲੇ ਪਹਿਲੀ ਹਾਈ ਲੈਵਲ ਮੀਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲੀ ਲੰਬੀ ਜੰਗ ਕਾਰਨ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ, ਇਨ੍ਹਾਂ ਦੇਸ਼ਾਂ ਵਿਚ ਦੁਬਈ, ਇਰਾਕ, ਕੁਵੈਤ, ਬਹਿਰੀਨ ਅਤੇ ਲਿਬਨਾਨ ਵੀ ਸ਼ਾਮਲ ਹਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਹਿਮਤੀ ਨਾਲ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਵਿਚ ਮੱਦਦ ਮਿਲੇਗੀ ਅਤੇ ਵਪਾਰ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾ ਸਕੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.