ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਲਗਾਈ ਗਈ ਅਸਥਾਈ ਪਾਬੰਦੀ ਦੀ ਮਿਆਦ ਲੰਘੇ ਕੱਲ੍ਹ 22 ਜੂਨ ਦੀ ਅੱਧੀ ਰਾਤ ਨੂੰ ਖਤਮ ਹੋਣ ਤੋਂ ਬਾਅਦ ਗੂਗਲ ਨੇ ਅੱਜ ਮੰਗਲਵਾਰ ਸਵੇਰੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਆਪਣੇ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਕਈ ਯੂਜ਼ਰਸ ਲਈ ਇਹ ਐਪ ਦੁਬਾਰਾ ਆਮ ਵਾਂਗ ਕੰਮ ਕਰਨ ਲੱਗ ਪਿਆ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਟੈਲੀਗ੍ਰਾਮ ’ਤੇ 22 ਜੂਨ ਤੱਕ ਮੁਕੰਮਲ ਪਾਬੰਦੀ ਲਗਾਈ ਸੀ ਅਤੇ ਇਸ ਨਿਰਦੇਸ਼ ਦੀ ਸਮਾਂ-ਸੀਮਾ ਨੂੰ ਅੱਗੇ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਰਕਾਰ ਨੇ ਇਹ ਸਖਤ ਕਦਮ ਟੈਲੀਗ੍ਰਾਮ ਉਤੇ ‘ਨੀਟ’ ਪ੍ਰੀਖਿਆ ਦੇ ਫਰਜ਼ੀ ਪ੍ਰਸ਼ਨ ਪੱਤਰਾਂ ਦੇ ਸਰਕੂਲੇਸ਼ਨ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਰਗੀਆਂ ਗਤੀਵਿਧੀਆਂ ਨੂੰ ਰੋਕਣ ਵਿਚ ਅਸਫਲ ਰਹਿਣ ਕਾਰਨ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ‘ਨੀਟ’ ਦੀ ਪ੍ਰੀਖਿਆ ਪੇਪਰ ਲੀਕ ਹੋਣ ਕਰਕੇ ਰੱਦ ਕਰ ਦਿੱਤੀ ਗਈ ਸੀ ਅਤੇ ਹੁਣ ਲੰਘੀ 21 ਜੂਨ ਨੂੰ ‘ਨੀਟ’ ਦੀ ਦੁਬਾਰਾ ਪ੍ਰੀਖਿਆ ਕਰਵਾਈ ਗਈ ਹੈ ਅਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਭਾਰਤ ਵਿਚ ਟੈਲੀਗ੍ਰਾਮ ਤੋਂ ਹਟੀ ਪਾਬੰਦੀ - ਗੂਗਲ ਨੇ ਪਲੇਅ ਸਟੋਰ ’ਤੇ ਬਹਾਲ ਕੀਤਾ ਐਪ
- ਦੇਸ਼-ਵਿਦੇਸ਼
- Posted On


