Saturday, 18 April 2026

ਕੇਜਰੀਵਾਲ ਦਾ ਕਹਿਣਾ : ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਪਿੱਛੇ ਪਈ

ਨਵੀਂ ਦਿੱਲੀ/ਬਿਊਰੋ ਨਿਊਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੌਰਵ ਭਾਰਦਵਾਜ ਦੇ ਘਰ ਸਣੇ 13 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਭਾਰਦਵਾਜ ’ਤੇ ਹਸਤਪਾਲ ਨਿਰਮਾਣ ਵਿਚ ਭਿ੍ਰਸ਼ਟਾਚਾਰ ਦਾ ਆਰੋਪ ਹੈ। ਜਾਂਚ ਏਜੰਸੀ ਨੇ ਸਾਬਕਾ ਸਿਹਤ ਮੰਤਰੀਆਂ ਸੌਰਵ ਭਾਰਦਵਾਜ ਅਤੇ ਸਤੇਂਦਰ ਜੈਨ ਦੇ ਖਿਲਾਫ ਕੇਸ ਦਰਜ ਕੀਤਾ ਸੀ। ਦਿੱਲੀ ਪੁਲਿਸ ਦੀ ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ ਅਤੇ ਬਾਅਦ ਵਿਚ ਇਹ ਮਾਮਲਾ ਈ.ਡੀ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਛਾਪਿਆਂ ਦੀ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਭਾਜਪਾ ਕੋਲੋਂ ਡਰਦੇ ਨਹੀਂ ਅਤੇ ਦੇਸ਼ ਦੇ ਹਿੱਤਾਂ ਨਾਲ ਖੜ੍ਹੇ ਹਾਂ। 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਸੰਸਦ ਨੇ ਅੱਜ ਰਾਜ ਸਭਾ ਦੀ ਕਾਰਵਾਈ ਦੌਰਾਨ ਆਨਲਾਈਨ ਗੇਮਿੰਗ ਨੂੰ ਨਿਯਮਤ ਕਰਨ ਅਤੇ ਵਿੱਦਿਅਕ ਤੇ ਸਮਾਜਿਕ ਆਨਲਾਈਨ ਗੇਮਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਬਿੱਲ ਨੂੰ ਬਿਨਾ ਕਿਸੇ ਬਹਿਸ ਦੇ ਮਨਜੂਰੀ ਦੇ ਦਿੱਤੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਮਾਜ ਵਿਚ ਇਕ ਵੱਡੀ ਬੁਰਾਈ ਫੈਲ ਰਹੀ ਹੈ ਅਤੇ ਇਸ ਤੋਂ ਬਚਣ ਲਈ ਇਹ ਬਿੱਲ ਲਿਆਂਦਾ ਗਿਆ ਹੈ। ਰਾਜ ਸਭਾ ਵਿਚ ‘ਆਨਲਾਈਨ ਸਪੋਰਟਸ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ-2025’ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਲੋਕ ਸਭਾ ਨੇ ਇਸ ਬਿੱਲ ਨੂੰ ਲੰਘੇ ਕੱਲ੍ਹ ਬੁੱਧਵਾਰ ਨੂੰ ਪਾਸ ਕਰ ਦਿੱਤਾ ਸੀ। ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਆਨਲਾਈਨ ਗੇਮਿੰਗ ਕਾਰਨ ਬਹੁਤ ਸਾਰੇ ਪਰਿਵਾਰ ਬਰਬਾਦ ਹੋ ਗਏ ਅਤੇ ਕਈ ਖੁਦਕੁਸ਼ੀਆਂ ਹੋਈਆਂ ਹਨ। ਉਨ੍ਹਾਂ ਇਸ ਸਬੰਧੀ ਕਈ ਰਿਪੋਰਟਾਂ ਦਾ ਹਵਾਲਾ ਵੀ ਦਿੱਤਾ। ਧਿਆਨ ਰਹੇ ਕਿ ਅੱਜ ਲੋਕ ਸਭਾ ਤੇ ਰਾਜ ਸਭਾ ਦਾ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਪੰਜਾਬ ਵਿਚ ਤਬਾਹੀ ਮਚਾ ਦਿੱਤੀ ਹੈ। ਪਹਾੜੀ ਇਲਾਕਿਆਂ ਵਿਚ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ’ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮਿ੍ਰਤਸਰ, ਫਾਜ਼ਿਲਕਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਹੜ੍ਹਾਂ ਦੇ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਇਸੇ ਦੌਰਾਨ ਰਾਵੀ ਦਰਿਆ ’ਤੇ ਬਣਿਆ ਆਰਜ਼ੀ ਬੰਨ੍ਹ ਵੀ ਟੁੱਟ ਗਿਆ। ਬਿਆਸ ਅਤੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸੇ ਦੌਰਾਨ ਪੌਂਗ, ਭਾਖੜਾ ਅਤੇ ਰਣਜੀਤ ਸਾਗਰ ਡੈਮ ਵਿਚੋਂ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲ ਅੱਜ ਬੰਦ ਰਹੇ ਅਤੇ ਭਲਕੇ ਬੁੱਧਵਾਰ ਨੂੰ ਵੀ ਬੰਦ ਰਹਿਣਗੇ। ਇਸ ਦੇ ਚੱਲਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਦੌਰਾਨ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ 4 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ ਕਈ ਘਰ ਵੀ ਪਾਣੀ ਵਿਚ ਰੁੜ ਗਏ ਹਨ। ਇਸੇ ਦੌਰਾਨ ਵੈਸ਼ਨੋ ਦੇਵੀ ਵਿਚ ਵੀ ਲੈਂਡ ਸਲਾਈਡ ਕਾਰਨ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਕਾਂਗਰਸ ਪ੍ਰਧਾਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਸਣੇ ਕਈ ਆਗੂ ਰਹੇ ਹਾਜ਼ਰ

ਨਵੀਂ ਦਿੱਲੀ/ਬਿਊਰੋ ਨਿਊਜ਼

ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ‘ਇੰਡੀਆ’ ਗਠਜੋੜ ਦੇ ਉਮੀਦਵਾਰ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਨੇ ਅੱਜ ਆਪਣਾ ਨਾਮਜ਼ਦਗੀ ਪਰਚਾ ਦਾਖਲ ਕਰ ਦਿੱਤਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਈ ਹੋਰ ਆਗੂ ਹਾਜ਼ਰ ਰਹੇ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸੁਦਰਸ਼ਨ ਰੈਡੀ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਹਰ ਕੋਈ ਮੇਰਾ ਸਮਰਥਨ ਕਰੇਗਾ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕਿ੍ਰਸ਼ਨਨ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ  ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਲੰਘੇ ਕੱਲ੍ਹ ਨਾਮਜ਼ਦਗੀ ਪਰਚਾ ਭਰ ਦਿੱਤਾ ਸੀ। ਧਿਆਨ ਰਹੇ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਉਸੇ ਦਿਨ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ। 

ਦਿੱਲੀ ਪੁਲਿਸ ਹੀ ਰੇਖਾ ਗੁਪਤਾ ਨੂੰ ਦੇਵੇਗੀ ਸੁਰੱਖਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਤੀ ਗਈ ਜੈਡ ਸਕਿਉਰਿਟੀ ਅੱਜ ਸੋਮਵਾਰ ਨੂੰ ਹਟਾ ਲਈ ਗਈ ਹੈ। ਧਿਆਨ ਰਹੇ ਕਿ 4 ਦਿਨ ਪਹਿਲਾਂ ਸੀਐਮ ਰੇਖਾ ਗੁਪਤਾ ਨੂੰ ਉਨ੍ਹਾਂ ’ਤੇ ਹੋਏ ਹਮਲੇ ਤੋਂ ਬਾਅਦ ਇਹ ਸਕਿਉਰਿਟੀ ਦਿੱਤੀ ਗਈ ਸੀ। ਇਹ ਫੈਸਲਾ ਵਾਪਸ ਕਿਉਂ ਲਿਆ ਗਿਆ, ਇਸਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਹੁਣ ਫਿਰ ਸੀਐਮ ਗੁਪਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਨੂੰੂ ਹੀ ਸੌਂਪੀ ਗਈ ਹੈ। ਉਧਰ ਦੂਜੇ ਪਾਸੇ ਸੀਐਮ ਰੇਖਾ ਗੁਪਤਾ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਦੂਜੀ ਗਿ੍ਰਫਤਾਰੀ ਵੀ ਹੋਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸੀਐਮ ਨਿਵਾਸ ’ਚ ਲੰਘੀ 20 ਅਗਸਤ ਨੂੰ ਸਵੇਰੇ ਜਨਤਕ ਸੁਣਵਾਈ ਦੌਰਾਨ ਰੇਖਾ ਗੁਪਤਾ ’ਤੇ ਹਮਲਾ ਹੋ ਗਿਆ ਸੀ। ਸ਼ਿਕਾਇਤਕਰਤਾ ਬਣ ਕੇ ਪਹੁੰਚੇ ਰਾਜੇਸ਼ ਨਾਮ ਦੇ ਵਿਅਕਤੀ ਨੇ ਸੀ.ਐਮ. ਨੂੰ ਕਾਗਜ਼ ਦਿੰਦੇ ਸਮੇਂ ਉਨ੍ਹਾਂ ਦਾ ਹੱਥ ਖਿੱਚ ਦਿੱਤਾ ਸੀ ਅਤੇ ਇਸ ਹਮਲੇ ਵਿਚ ਰੇਖਾ ਗੁਪਤਾ ਦੇ ਸਿਰ ’ਤੇ ਸੱਟ ਲੱਗ ਗਈ ਸੀ। ਇਸਦੇ ਚੱਲਦਿਆਂ ਆਰੋਪੀ ਵਿਅਕਤੀ ਨੂੰ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ ਸੀ। 

ਲੰਘੇ ਕੱਲ੍ਹ ਜਨਤਕ ਸੁਣਵਾਈ ਦੌਰਾਨ ਰੇਖਾ ਗੁਪਤਾ ’ਤੇ ਹੋ ਗਿਆ ਸੀ ਹਮਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਨੇ ਸੀ.ਆਰ.ਪੀ.ਐਫ. ਜਵਾਨਾਂ ਵਾਲੀ ਜੈਡ ਸਕਿਉਰਿਟੀ ਦੀ ਵੀ.ਆਈ.ਪੀ. ਸੁਰੱਖਿਆ ਦੇ ਦਿੱਤੀ ਹੈ। ਸੀ.ਐਮ. ਸਕਿਉਰਿਟੀ ਵਿਚ 22 ਤੋਂ 25 ਹਥਿਆਰਬੰਦ ਜਵਾਨ 24 ਘੰਟੇ ਤੈਨਾਤ ਰਹਿਣਗੇ। ਧਿਆਨ ਰਹੇ ਕਿ ਰੇਖਾ ਗੁਪਤਾ ’ਤੇ ਲੰਘੇ ਕੱਲ੍ਹ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਜਨਤਕ ਸੁਣਵਾਈ ਦੌਰਾਨ ਗੁਜਰਾਤ ਦੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਉਹ ਵਿਅਕਤੀ ਸ਼ਿਕਾਇਤਕਰਤਾ ਵਜੋਂ ਪੇਸ਼ ਹੋ ਕੇ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਇਆ ਸੀ। ਦਿੱਲੀ ਪੁਲਿਸ ਨੇ ਉਸ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦੇ ਆਰੋਪ ਲਗਾਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਇਕ ਦਿਨ ਪਹਿਲਾਂ ਸੀ.ਐਮ. ਰੇਖਾ ਗੁਪਤਾ ਦੀ ਸ਼ਾਲੀਮਾਰ ਬਾਗ ਸਥਿਤ ਰਿਹਾਇਸ਼ ਦੀ ਰੇਕੀ ਵੀ ਕੀਤੀ ਸੀ। ਆਰੋਪੀ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਸੀ। 

ਕਿਹਾ : ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਸਿਰਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ। ਡੱਲੇਵਾਲ ਨੇ ਨਵੀਂ ਦਿੱਲੀ ਵਿਖੇ ਜੰਤਰ-ਮੰਤਰ ਉੱਤੇ ਆਯੋਜਿਤ ‘ਕਿਸਾਨ ਮਹਾਂਪੰਚਾਇਤ’ ਨੂੰ ਸੰਬੋਧਨ ਕੀਤਾ। ਡੱਲੇਵਾਲ ਨੇ ਕਿਹਾ ਕਿ ਇਸ ਮਹਾਪੰਚਾਇਤ ਵਿੱਚ, ਅਸੀਂ ਕੋਸ਼ਿਸ਼ ਕੀਤੀ ਕਿ ਦੇਸ਼ ਭਰ ਤੋਂ ਕਿਸਾਨ ਆਪਣੀਆਂ ਮੰਗਾਂ ਰੱਖਣ ਲਈ ਇੱਥੇ ਪਹੁੰਚਣ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਐੱਮਐੱਸਪੀ ਦੀ ਮੰਗ ਸਿਰਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਵੀ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਇਹ ਇਕੱਠ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੇ ਕਰੀਬ ਚਾਰ ਸਾਲ ਬਾਅਦ ਹੋਇਆ ਹੈ। ਪਿਛਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ ਸੀ।

ਲੋਕ ਸਭਾ ’ਚ ਬਿੱਲ ਹੋਇਆ ਪੇਸ਼ 

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕੋਈ ਵੀ ਮੰਤਰੀ ਗੰਭੀਰ ਅਪਰਾਧਾਂ ਦੇ ਮਾਮਲੇ ’ਚ ਗਿ੍ਰਫਤਾਰ ਹੁੰਦਾ ਹੈ ਜਾਂ 30 ਦਿਨਾਂ ਦੀ ਹਿਰਾਸਤ ਵਿਚ ਰਹਿੰਦਾ ਹੈ, ਤਾਂ ਉਸ ਨੂੰ ਅਹੁਦਾ ਛੱਡਣਾ ਪਏਗਾ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਇਸ ਨਾਲ ਸਬੰਧਿਤ ਤਿੰਨ ਬਿੱਲ ਪੇਸ਼ ਕੀਤੇ ਹਨ। ਇਨ੍ਹਾਂ ਤਿੰਨਾਂ ਬਿੱਲਾਂ ਦੇ ਖਿਲਾਫ ਵਿਰੋਧੀ ਧਿਰ ਨੇ ਲੋਕ ਸਭਾ ਵਿਚ ਜੰਮ ਕੇ ਹੰਗਾਮਾ ਵੀ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਬਿੱਲ ਦੀਆਂ ਕਾਪੀਆਂ ਵੀ ਪਾੜ ਦਿੱਤੀਆਂ। ਇਸਦੇ ਚੱਲਦਿਆਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ’ਤੇ ਕਾਗਜ਼ ਵੀ ਸੁੱਟੇ। ਇਸਦੇ ਚੱਲਦਿਆਂ ਅਮਿਤ ਸ਼ਾਹ ਨੇ ਇਨ੍ਹਾਂ ਬਿੱਲਾਂ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਣ ਦੀ ਗੱਲ ਕਹੀ ਹੈ। ਦੱਸਿਆ ਗਿਆ ਕਿ ਇਹ ਤਿੰਨੋਂ ਬਿੱਲ ਵੱਖ-ਵੱਖ ਇਸ ਲਈ ਲਿਆਂਦੇ ਗਏ ਹਨ ਕਿਉਂਕਿ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੀਡਰਾਂ ਦੇ ਲਈ ਵੱਖ-ਵੱਖ ਪ੍ਰਬੰਧ ਹਨ। 

ਰਾਸ਼ਨ ਕਾਰਡ ਸੂਚੀਆਂ ’ਚੋਂ ਨਾਮ ਕੱਟਣ ਬਾਰੇ ਭਗਵੰਤ ਮਾਨ ਦੇ ਦਾਅਵੇ ਨੂੰ ਦੱਸਿਆ ਝੂਠਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਆਰੋਪ ਨੂੰ ਖਾਰਜ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਸੂਬੇ ਦੀਆਂ ਰਾਸ਼ਨ ਸੂਚੀਆਂ ਵਿਚੋਂ 55 ਲੱਖ ਨਾਮ ਹਟਾ ਰਹੀ ਹੈ। ਉਨ੍ਹਾਂ ਇਸ ਦਾਅਵੇ ਨੂੰ ਝੂਠ ਤੇ ਗੁੰਮਰਾਹਕੁੰਨ ਦੱਸਿਆ। ਜੋਸ਼ੀ ਨੇ ਐਕਸ ’ਤੇ ਸਾਂਝੇ ਕੀਤੇ ਇਕ ਵੀਡੀਓ ਸੰਦੇਸ਼ ਵਿਚ ਸਪੱਸ਼ਟ ਕੀਤਾ ਕਿ ਰਾਸ਼ਨ ਲਾਭਪਾਤਰੀਆਂ ਲਈ ਲਾਜ਼ਮੀ ਈ-ਕੇ.ਵਾਈ.ਸੀ. ਪ੍ਰਕਿਰਿਆ ਕੇਂਦਰ ਸਰਕਾਰ ਵਲੋਂ ਸ਼ੁਰੂ ਨਹੀਂ ਕੀਤੀ ਗਈ ਸੀ, ਬਲਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ ਸੀ। ਮੰਤਰੀ ਜੋਸ਼ੀ ਨੇ ਪੰਜਾਬ ’ਚ ਭਗਵੰਤ ਮਾਨ ਸਰਕਾਰ ’ਤੇ ਭਿ੍ਰਸ਼ਟਾਚਾਰ ਦੇ ਆਰੋਪ ਲਗਾਏ ਅਤੇ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੇ ਯੋਗ ਪਰਿਵਾਰਾਂ ਕੋਲ ਅਜੇ ਵੀ ਰਾਸ਼ਨ ਕਾਰਡ ਨਹੀਂ ਹਨ। ਜਦੋਂ ਕਿ ਗਰੀਬਾਂ ਲਈ ਅਨਾਜ ਗੈਰ ਕਾਨੂੰਨੀ ਢੰਗ ਨਾਲ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਰਹੇ ਹਾਜ਼ਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਉਪ ਰਾਸ਼ਟਰਪਤੀ ਅਹੁਦੇ ਲਈ ਐਨ.ਡੀ.ਏ. ਦੇ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਜੇਪੀ ਨੱਢਾ ਸਣੇ ਕਈ ਭਾਜਪਾ ਆਗੂ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਲੰਘੀ 17 ਅਗਸਤ ਨੂੰ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ ਦੌਰਾਨ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੀ.ਪੀ. ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪ੍ਰੈਸ ਕਾਨਫਰੰਸ ਕਰਕੇ ਰਾਧਾਕ੍ਰਿਸ਼ਨਨ ਦੇ ਨਾਮ ਦਾ ਐਲਾਨ ਕੀਤਾ ਸੀ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਾਧਾਕ੍ਰਿਸ਼ਨਨ ਦਾ ਚੋਣ ਮੁਕਾਬਲਾ ਇੰਡੀਆ ਗਠਜੋੜ ਦੇ ਉਮੀਦਵਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਨਾਲ ਹੋਵੇਗਾ। ਧਿਆਨ ਰਹੇ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਵੋਟਿੰਗ ਹੋਣੀ ਹੈ। 

ਕਿਹਾ : ਟੀਕਾਕਰਨ ਅਤੇ ਨਸਬੰਦੀ ਤੋਂ ਬਾਅਦ ਛੱਡੇ ਜਾਣਗੇ ਲਾਵਾਰਸ ਕੁੱਤੇ

ਨਵੀਂ ਦਿੱਲੀ/ਬਿਊਰੋ ਨਿਊਜ਼   

ਸੁਪਰੀਮ ਕੋਰਟ ਨੇ ਅੱਜ ਅਵਾਰਾ ਕੁੱਤਿਆਂ ਦੇ ਮੁੱਦੇ ’ਤੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਫੜੇ ਗਏ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਹੀ ਛੱਡਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜੇ ਕੁੱਤੇ ਰੇਬੀਜ਼ ਤੋਂ ਪੀੜਤ ਹਨ ਜਾਂ ਖੂੰਖਾਰ ਹਨ, ਉਨ੍ਹਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਵਲੋਂ ਆਪਣੇ ਫੈਸਲੇ ਸਬੰਧੀ ਸਾਰੇ ਰਾਜਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਭਾਰਤ ਭਰ ਵਿਚ ਅਵਾਰਾ ਕੁੱਤਿਆਂ ਨਾਲ ਸਬੰਧਤ ਵਧ ਰਹੇ ਵਿਵਾਦ ਅਤੇ ਘਟਨਾਵਾਂ ’ਤੇ ਸੁਪਰੀਮ ਕੋਰਟ ਨੇ ਅਹਿਮ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਹੁਣ ਸੜਕਾਂ ’ਤੇ ਕੁੱਤਿਆਂ ਨੂੰ ਖੁਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਦੇਖਿਆ ਜਾਂਦਾ ਹੈ ਤਾਂ ਉਸ ਵਿਰੁੱਧ ਸਬੰਧਤ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ। 

ਹਮਲਾ ਕਰਨ ਵਾਲੇ ਦੀ ਪਛਾਣ ਗੁਜਰਾਤ ਦੇ ਰਾਜਕੋਟ ਵਾਸੀ ਵਜੋਂ ਹੋਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਬੁੱਧਵਾਰ ਸਵੇਰੇ ਸੀਐਮ ਹਾਊਸ ’ਚ ਜਨਤਕ ਸੁਣਵਾਈ ਦੌਰਾਨ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਹਮਲੇ ਦੀ ਪੁਸ਼ਟੀ ਕਰਦੇ ਹੋਏ ਦਿੱਲੀ ਸੀਐਮ ਦਫਤਰ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਕਿ ਅੱਜ ਜਨਤਕ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕੀਤਾ ਅਤੇ ਦਿੱਲੀ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਵਿਅਕਤੀ ਨੇ ਆਪਣਾ ਨਾਮ ਰਾਜੇਸ਼ ਭਾਈ ਖਿਮਜੀ ਦੱਸਿਆ ਹੈ ਅਤੇ ਇਹ ਵਿਅਕਤੀ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਦੋਸ਼ੀ ਵਿਅਕਤੀ ਨੇ ਮੁੱਖ ਮੰਤਰੀ ਦਾ ਹੱਥ ਫੜ ਕੇ ਖਿੱਚਿਆ। ਇਸ ਦੌਰਾਨ ਮੁੱਖ ਮੰਤਰੀ ਦਾ ਸਿਰ ਇਕ ਮੇਜ਼ ਵਿਚ ਲੱਗ ਗਿਆ, ਜਿਸ ਕਰਕੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਅਕਤੀ ਦਾ ਇਕ ਰਿਸ਼ਤੇਦਾਰ ਜੇਲ੍ਹ ਵਿਚ ਹੈ, ਜਿਸਦੀ ਰਿਹਾਈ ਲਈ ਉਹ ਦਿੱਲੀ ਦੀ ਮੁੱਖ ਮੰਤਰੀ ਕੋਲ ਪਟੀਸ਼ਨ ਲੈ ਕੇ ਪਹੁੰਚਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਦੋਸ਼ੀ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਥੱਪੜ ਵੀ ਮਾਰਿਆ ਹੈ, ਪਰ ਭਾਜਪਾ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.