Saturday, 18 April 2026

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਥਾਪਨਾ ਦਿਵਸ ਦੇ ਸਮਾਗਮ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਰ.ਐਸ.ਐਸ. ਦੇ 100 ਸਾਲ ਪੂਰੇ ਹੋਣ ਦੀ ਯਾਦ ਵਿਚ ਇਕ ਵਿਸ਼ੇਸ਼ ਡਾਕ ਟਿਕਟ ਅਤੇ ਇਕ ਸਿੱਕਾ ਵੀ ਜਾਰੀ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਮੌਕੇ ਆਰ.ਐਸ.ਐਸ. ਨੇ ਸਿੱਖ ਪਰਿਵਾਰਾਂ ਦੀ ਬਹੁਤ ਮੱਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਸ਼ਰਨ ਦਿੱਤੀ ਸੀ। ਪੀਐਮ ਨੇ ਕਿਹਾ ਕਿ ਇਹ ਸਵੈਮ ਸੇਵਕਾਂ ਦਾ ਸੁਭਾਅ ਹੈ। ਮੋਦੀ ਨੇ ਕਿਹਾ ਕਿ ਦੁਨੀਆ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਆਰ.ਐਸ.ਐਸ. ਦੀ ਹਿੰਮਤ ਅਤੇ ਸੇਵਾ ਦੇਖੀ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼  
ਦੁਬਈ ਵਿਚ ਐਤਵਾਰ ਨੂੰ ਦੇਰ ਰਾਤ ਤੱਕ ਖੇਡੇ ਗਏ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ ਕ੍ਰਿਕਟ ਏਸ਼ੀਆ ਕੱਪ 9ਵੀਂ ਵਾਰ ਜਿੱਤਿਆ ਹੈ। ਭਾਰਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਪਰੇਸ਼ਨ ਸੰਧੂਰ ਖੇਡ ਦੇ ਮੈਦਾਨ ’ਤੇ ਵੀ ਜਾਰੀ। ਧਿਆਨ ਰਹੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਜੇਤੂ ਟੀਮ ਨੂੰ ਐਵਾਰਡ ਦੇਣ ਪਹੁੰਚੇ ਤਾਂ ਭਾਰਤੀ ਟੀਮ ਨੇ ਉਸ ਕੋਲੋਂ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਨਕਵੀ ਕੋਲ ਏਸ਼ੀਅਨ ਕ੍ਰਿਕਟ ਕਾਊਂਸਿਲ ਦਾ ਅਹੁਦਾ ਹੈ। ਇਸਦੇ ਚੱਲਦਿਆਂ ਮੰਚ ’ਤੇ ਮੌਜੂਦ ਦੁਬਈ ਸਪੋਰਟ ਸਿਟੀ ਦੇ ਖਾਲਿਦ ਅਲ ਜ਼ਰੂਨੀ ਕੋਲੋਂ ਟਰਾਫੀ ਲੈਣ ਦੀ ਗੱਲ ਹੋਈ, ਪਰ ਨਕਵੀ ਨੇ ਮੰਚ ਨਾ ਛੱਡਿਆ। ਇਸ ਤੋਂ ਬਾਅਦ ਸਮਾਗਮ ਸਮਾਪਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ। ਭਾਰਤੀ ਟੀਮ ਨੇ ਟਰਾਫੀ ਤੋਂ ਬਗੈਰ ਜਿੱਤ ਦਾ ਜਸ਼ਨ ਮਨਾਇਆ।

ਕਈ ਹਵਾਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਰਾਜਧਾਨੀ ਦਿੱਲੀ ਵਿਚ ਅੱਜ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪਿਆ। ਇਸਦੇ ਚੱਲਦਿਆਂ ਅੰਡਰਪਾਸ ਵੀ ਪਾਣੀ ਨਾਲ ਭਰ ਗਏ ਅਤੇ ਹਜ਼ਾਰਾਂ ਯਾਤਰੀ ਦਿੱਲੀ ਦੇ ਮੁੱਖ ਰਸਤਿਆਂ ’ਚ ਘਿਰ ਗਏ। ਇਸ ਤੋਂ ਇਲਾਵਾ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਵਾਲੀਆਂ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਤਬਦੀਲ ਕੀਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਆਉਣ ਵਾਲੀਆਂ ਪੰਜ ਉਡਾਣਾਂ ਨੂੰ ਜੈਪੁਰ ਤੇ ਨਾਲ ਲੱਗਦੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਮੌਸਮ ਵਿਭਾਗ ਨੇ ਦਿੱਲੀ ਲਈ ਓਰੈਂਜ ਅਲਰਟ ਵੀ ਜਾਰੀ ਕੀਤਾ ਹੈ।

ਮਿੱਗ-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤੀ ਹਵਾਈ ਫੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈਟ ਮਿੱਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ। ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਜੈਟ ਵਿਚ ਉਡਾਣ ਭਰੀ ਅਤੇ ਇਹ ਐਮ-21 ਦੀ ਆਖਰੀ ਉਡਾਨ ਸੀ। ਹੁਣ ਇਹ ਜੈਟ ਅਸਮਾਨ ਦੀ ਬਜਾਏ ਮਿਊਜ਼ੀਅਮ ਵਿਚ ਨਜ਼ਰ ਆਵੇਗਾ। ਰੂਸੀ ਮੂਲ ਦਾ ਇਹ ਫਾਈਟਰ ਜੈਟ ਪਲੇਨ ਸਾਲ 1963 ਵਿਚ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ’ਤੇ ਲੈਂਡ ਹੋਇਆ ਸੀ। ਇਸੇ ਕਰਕੇ ਹੀ ਇਸਦੀ ਵਿਦਾਈ ਲਈ ਇਸੇ ਜਗ੍ਹਾ ਨੂੰ ਹੀ ਚੁਣਿਆ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਾਰਤੀ ਹਵਾਈ ਫੌਜ ਦੇ ਬਹਾਦਰ ਫੌਜੀਆਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮਿਗ-21 ਨੇ ਤੁਹਾਡੀ ਬਹਾਦਰੀ ਦੇ ਇਸ ਸਫਰ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਦੱਸਿਆ ਗਿਆ ਕਿ ਮਿੱਗ-21 ਨੇ ਆਪਣੀ 62 ਸਾਲ ਦੀ ਸੇਵਾ ਦੌਰਾਨ 1965 ਦੀ ਭਾਰਤ-ਪਾਕਿ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ, 1999 ਦੀ ਕਾਰਗਿਲ ਜੰਗ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ ਹੈ।

ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਗਾਏ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਆਗੂਆਂ ਨੇ ਆਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸ਼ਾਸ਼ਤ ਪ੍ਰਦੇਸ਼ ਲੱਦਾਖ ਵਿਚ ਪੁਲਿਸ ਫਾਇਰਿੰਗ ਦੌਰਾਨ 4 ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਸਬੰਧੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਲੱਦਾਖ ਦਾ ਦੁੱਖ ਪੂਰੇ ਦੇਸ਼ ਦਾ ਦੁੱਖ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਹੋਏ ਹਿੰਸਕ ਪ੍ਰਦਰਸ਼ਨ ਦੌਰਾਨ 4 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸਦੇ ਚੱਲਦਿਆਂ ਲੇਹ ਜ਼ਿਲ੍ਹੇ ਵਿਚ ਆਉਂਦੀ 3 ਅਕਤੂਬਰ ਤੱਕ ਮੋਬਾਇਲ ਇੰਟਰਨੈਟ ਅਤੇ ਜਨਤਕ ਵਾਈ-ਫਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਸੀ। ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਅਤੇ ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁੱਕ ਸਣੇ ਹੋਰ ਗਿ੍ਰਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਤੇਜ਼ ਹੋ ਗਈ ਹੈ। 

ਕਿਹਾ : ਲੱਦਾਖ ਦੀ ਲੜਾਈ ਬਣ ਸਕਦੀ ਹੈ ਰਾਸ਼ਟਰੀ ਲੜਾਈ

ਨਵੀਂ ਦਿੱਲੀ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ਵੱਡੇ ਆਰੋਪ ਲਗਾਏ ਹਨ। ਕੇਜਰੀਵਾਲ ਨੇ ਭਾਜਪਾ ’ਤੇ ਸੰਵਿਧਾਨਕ ਅਧਿਕਾਰ ਖੋਹਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਅੱਜ ਲੱਦਾਖ ਦੀ ਲੜਾਈ ਕੱਲ੍ਹ ਨੂੰ ਰਾਸ਼ਟਰੀ ਲੜਾਈ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਅੱਜ ਲੱਦਾਖ ਵਿਚ ਹੋ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ ਅਤੇ ਹਰ ਸੱਚੇ ਦੇਸ਼ ਭਗਤ ਨੂੰ ਲੱਦਾਖ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੱਤਾ ਦੇ ਨਸ਼ੇ ਵਿਚ ਇਕ ਤੋਂ ਬਾਅਦ ਇਕ ਸੂਬਿਆਂ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਰਹੀ ਹੈ ਅਤੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਖੋਹ ਰਹੀ ਹੈ। ਕੇਜਰੀਵਾਲ ਨੇ ਭਾਜਪਾ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦੇ ਵੀ ਆਰੋਪ ਲਗਾਏ।

ਬਿਹਾਰ ਵਿਚ ਚੋਣ ਗਤੀਵਿਧੀਆਂ ਹੋਣਗੀਆਂ ਤੇਜ਼

ਨਵੀਂ ਦਿੱਲੀ/ਬਿਊਰੋ ਨਿਊਜ਼ 

ਚੋਣ ਕਮਿਸ਼ਨ ਨੇ ਬਿਹਾਰ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ (ਐਸ.ਆਈ.ਆਰ.) ਦੀ ਅੰਤਿਮ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕਰੀਬ 7.3 ਕਰੋੜ ਵੋਟਰ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਚੋਣ ਕਮਿਸ਼ਨ ਅਨੁਸਾਰ ਐਸ.ਆਈ.ਆਰ. ਦੀ ਪ੍ਰਕਿਰਿਆ ਇਸ ਸਾਲ 25 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਿਚ 7.89 ਕਰੋੜ ਰਜਿਸਟਰਡ ਵੋਟਰਾਂ ਤੋਂ ਮੁੜ ਫਾਰਮ ਭਰਵਾਏ ਗਏ ਸਨ। ਇਸ ਤੋਂ ਬਾਅਦ ਪਹਿਲੀ ਅਗਸਤ ਨੂੰ ਸੂਚੀ ਜਾਰੀ ਕੀਤੀ ਗਈ ਸੀ, ਜਿਸ ਵਿਚ 65 ਲੱਖ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਸਨ। ਇਸਦੇ ਚੱਲਦਿਆਂ ਚੋਣ ਕਮਿਸ਼ਨ ਵਲੋਂ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਚੋਣ ਗਤੀਵਿਧੀਆਂ ਤੇਜ਼ ਹੋ ਜਾਣਗੀਆਂ।

ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ 

ਲੇਹ/ਬਿਊਰੋ ਨਿਊਜ਼ 

ਲੱਦਾਖ ਦੇ ਲੇਹ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸਦੇ ਚੱਲਦਿਆਂ ਕਾਰਗਿਲ ਸਣੇ ਹੋਰ ਵੱਡੇ ਕਸਬਿਆਂ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਰਫਿਊ ਲਗਾਉਣ ਤੋਂ ਬਾਅਦ 50 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ  ਕੇਂਦਰ ਸ਼ਾਸ਼ਤ ਪ੍ਰਦੇਸ਼ ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿਚ ਹਿੰਸਕ ਪ੍ਰਦਰਸ਼ਨ ਹੋ ਗਿਆ ਸੀ ਅਤੇ ਇਸ ਦੌਰਾਨ 4 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਦਫਤਰ ਅਤੇ ਕਈ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। 

ਇਕ ਦਹਾਕੇ ’ਚ 5 ਹਜ਼ਾਰ ਪਾਇਲਟ ਤਿਆਰ ਕਰਨ ਲਈ ਏਅਰਬੱਸ ਨਾਲ ਸਹਿਯੋਗ

ਨਵੀਂ ਦਿੱਲੀ/ਬਿਊਰੋ ਨਿਊਜ਼ 

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਹਰਿਆਣਾ ਦੇ ਗੁਰੂਗਰਾਮ ਵਿਚ ਏਅਰ ਇੰਡੀਆ ਏਵੀਏਸ਼ਨ ਟ੍ਰੇਨਿੰਗ ਅਕੈਡਮੀ ਵਿਚ ਪਾਇਲਟ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ ਕੇਂਦਰ ਏਅਰ ਇੰਡੀਆ ਅਤੇ ਏਅਰਬੱਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਤੇ ਏਅਰਬੱਸ ਨੇ ਸਾਂਝੇ ਤੌਰ ’ਤੇ ਅਗਲੇ 10 ਸਾਲਾਂ ਵਿਚ 5 ਹਜ਼ਾਰ ਤੋਂ ਵੱਧ ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਹੈ, ਤਾਂ ਜੋ ਭਾਰਤ ਵਿਚ ਪਾਇਲਟਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਹ ਨਵਾਂ ਟੇ੍ਰਨਿੰਗ ਸੈਂਟਰ ਗੁਰੂਗਰਾਮ ਸਥਿਤ ਏਅਰ ਇੰਡੀਆ ਕੰਪਲੈਕਸ ਵਿਚ ਬਣਾਇਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। 

ਕਿਹਾ : ਫਲਸਤੀਨ ਮੁੱਦਾ ਹੱਲ ਕਰਨ ਲਈ ਅੱਗੇ ਵਧੇ ਭਾਰਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇਜ਼ਰਾਈਲ-ਫਲਸਤੀਨ ਜੰਗ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫਲਸਤੀਨ ਮੁੱਦੇ ਨੂੰ ਹੱਲ ਕਰਾਉਣ ਲਈ ਭਾਰਤ ਨੂੰ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ-ਫਲਸਤੀਨ ਸੰਘਰਸ਼ ’ਤੇ ਭਾਰਤ ਦਾ ਰੁਖ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। ਇਸ ਮਾਮਲੇ ’ਤੇ ਸਰਕਾਰ ਦੀ ਚੁੱਪ ਮਾਨਵਤਾ ਅਤੇ ਨੈਤਿਕਤਾ ਦੇ ਨਾਲ ਵਿਸ਼ਵਾਸਘਾਤ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਪੁਰਾਣੀ ਵਿਦੇਸ਼ ਨੀਤੀ ਤੋਂ ਵੀ ਵੱਖਰੀ ਹੈ। ਸੋਨੀਆ ਗਾਂਧੀ ਨੇ ਆਰੋਪ ਲਗਾਇਆ ਕਿ ਇਸ ਮੁੱਦੇ ’ਤੇ ਭਾਰਤ ਦਾ ਰੁਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜਰਾਈਲ ਦੇ ਪੀ.ਐਮ. ਬੈਂਜਾਮਿਨ ਨੇਤਨਯਾਹੂ ਦੀ ਨਿੱਜੀ ਦੋਸਤੀ ਨਾਲ ਪ੍ਰਭਾਵਿਤ ਦਿਖਾਈ ਦਿੰਦਾ ਹੈ। ਸੋਨੀਆ ਗਾਂਧੀ ਨੇ ਦੱਸਿਆ ਕਿ ਫਰਾਂਸ, ਬਿ੍ਰਟੇਨ, ਕੈਨੇਡਾ, ਪੁਰਤਗਾਲ ਅਤੇ ਆਸਟਰੇਲੀਆ ਸਣੇ ਦੁਨੀਆ ਦੇ 193 ਦੇਸ਼ਾਂ ਵਿਚੋਂ 150 ਤੋਂ ਜ਼ਿਆਦਾ ਦੇਸ਼ ਫਲਸਤੀਨ ਨੂੰ ਇਕ ਸੁਤੰਤਰ ਸੂਬੇ ਦੇ ਰੂਪ ਵਿਚ ਮਾਨਤਾ ਦੇ ਰਹੇ ਹਨ। 

ਤਾਮਿਲ ਅਧਾਰਤ ਸਿੱਖ ਵਕੀਲ ਦੇ ਭੇਸ ’ਤੇ ਟਿੱਪਣੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ  
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੇ ਸਟਾਫ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ ਕਰੜੀ ਆਲੋਚਨਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਜੀਵਨ ਸਿੰਘ ਨਾਲ ਜੋ ਘਟਨਾ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਵਾਪਰੀ ਹੈ, ਉਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਦੱਸਿਆ ਜਾਵੇ ਕਿ ਦੋਸ਼ੀ ਸਟਾਫ ਮੈਂਬਰਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਧਿਆਨ ਰਹੇ ਕਿ ਪੀੜਿਤ ਸਿੱਖ ਨੂੰ 24 ਸਤੰਬਰ ਨੂੰ ਸਿੰਘਾਪੁਰ ਜਾਣ ਵੇਲੇ ਦਿੱਲੀ ਦੇ ਹਵਾਈ ਅੱਡੇ ਤੇ ਅਮਲੇ ਵੱਲੋਂ ਰੋਕਿਆ ਗਿਆ ਸੀ, ਜਿੱਥੇ ਹਵਾਈ ਕੰਪਨੀ ਦੇ ਅਮਲੇ ਵੱਲੋਂ ਉਨ੍ਹਾਂ ਦੀ ਪਹਿਚਾਣ, ਰੰਗ ਅਤੇ ਜਾਤ ਅਧਾਰਤ ਟਿੱਪਣੀ ਕੀਤੀ ਗਈ ਸੀ।

23 ਤੋਂ 60 ਸਾਲ ਦੀਆਂ ਮਹਿਲਾਵਾਂ ਨੂੰ ਮਿਲਣਗੇ ਪ੍ਰਤੀ ਮਹੀਨਾ 2100 ਰੁਪਏ

ਪੰਚਕੂਲਾ/ਬਿਊਰੋ ਨਿਊਜ਼

ਹਰਿਆਣਾ ਸਰਕਾਰ ਦੀ ‘ਦੀਨ ਦਿਆਲ ਲਾਡੋ ਲਕਸ਼ਮੀ’ ਸਕੀਮ ਐਪ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਲਾਂਚ ਕੀਤੀ ਗਈ। ਇਸ ਸਕੀਮ ਦੇ ਤਹਿਤ 23 ਤੋਂ 60 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਦਿੱਤੇ ਜਾਣਗੇ ਅਤੇ ਇਹ ਰਕਮ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਜਾਵੇਗੀ। ਇਸ ਮੌਕੇ ਸਿਹਤ ਮੰਤਰੀ ਆਰਤੀ ਰਾਓ, ਸਪੀਕਰ ਹਰਵਿੰਦਰ ਕਲਿਆਣ ਅਤੇ ਹੋਰ ਮੰਤਰੀ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹਾਜ਼ਰ ਰਹੇ। ਮੁੱਖ ਮੰਤਰੀ ਨੇ ਰਿਮੋਟ ਕੰਟਰੋਲ ਰਾਹੀਂ ਇਕ ਨੀਂਹ ਪੱਥਰ ਵੀ ਰੱਖਿਆ ਅਤੇ ਨਵੀਆਂ ਸਿਹਤ ਸੇਵਾਵਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ੇਸਤਾ ਵਾਲੀ ਇਕ ਛੋਟੀ ਫਿਲਮ ਵੀ ਦਿਖਾਈ ਗਈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਐਪ ਲਾਂਚ ਦੇ ਸਮਰਥਨ ਲਈ ਸੂਬੇ ਭਰ ਵਿਚ 200 ਥਾਵਾਂ ’ਤੇ ਸਮਾਗਮ ਆਯੋਜਿਤ ਕੀਤੇ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.