Saturday, 18 April 2026

 

ਕਿਹਾ : ਆਰ.ਜੇ.ਡੀ. ਅਤੇ ਕਾਂਗਰਸ ਦੀ ਸਰਕਾਰ ਸਮੇਂ ਬਿਹਾਰ ਦਾ ਨਹੀਂ ਹੋਇਆ ਵਿਕਾਸ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼ ਕੀਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਵਿਰੋਧੀ ਪਾਰਟੀਆਂ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਆਰ.ਜੇ.ਡੀ. ਅਤੇ ਕਾਂਗਰਸ ਦੀ ਸਰਕਾਰ ਵੇਲੇ ਬਿਹਾਰ ਵਿਚ ਵਿਕਾਸ ਨਹੀਂ ਹੋਇਆ। ਪੀਐਮ ਨੇ ਕਿਹਾ ਕਿ ਆਰ.ਜੇ.ਡੀ. ਅਤੇ ਕਾਂਗਰਸ ਨੇ ਕਦੇ ਵੀ ਬਿਹਾਰ ਦੇ ਗਰੀਬ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਗਰੀਬ ਲੋਕ ਗਰੀਬ ਹੀ ਰਹੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਹਾਰ ਪਹੁੰਚਣ ’ਤੇ ਧੰਨਵਾਦ ਕੀਤਾ। 

 

 

ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ

ਨਵੀਂ ਦਿੱਲੀ/ਬਿਊਰੋ ਨਿਊਜ਼

ਬੈਂਕ, ਬੀਮਾ, ਡਾਕ ਅਤੇ ਪਬਲਿਕ ਟਰਾਂਸਪੋਰਟ ਜਿਹੀਆਂ ਸੇਵਾਵਾਂ ਅੱਜ ਯਾਨੀ 9 ਜੁਲਾਈ ਨੂੰ ਭਾਰਤ ’ਚ ਕਈ ਥਾਈਂ ਪ੍ਰਭਾਵਿਤ ਹੋਈਆਂ ਹਨ। ਧਿਆਨ ਰਹੇ ਕਿ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਹਨਾਂ ਦੇ ਸਹਿਯੋਗੀ ਸੰਗਠਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਸੀ। ਇਸੇ ਦੌਰਾਨ ਯੂਨੀਅਨ ਦਾ ਦਾਅਵਾ ਹੈ ਕਿ ਦੇਸ਼ ਭਰ ਵਿਚ ਅੱਜ 25 ਕਰੋੜ ਕਰਮਚਾਰੀ ਹੜਤਾਲ ’ਤੇ ਰਹੇ। ਟਰੇਡ ਯੂਨੀਅਨਾਂ ਨਿੱਜੀਕਰਨ ਅਤੇ ਚਾਰ ਨਵੇਂ ਲੇਬਰ ਕੋਡਜ਼ ਦੇ ਵਿਰੋਧ ਵਿਚ ਹਨ। ਇਹ ਯੂਨੀਅਨਾਂ ਕੇਂਦਰ ਦੀਆਂ ਉਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ, ਜਿਨ੍ਹਾਂ ਨੂੰ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਕਾਰਪੋਰੇਟ ਪੱਖੀ ਮੰਨਿਆ ਜਾਂਦਾ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਅੱਜ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ, ਜਿਸ ਕਰਕੇ ਬੱਸਾਂ ਵਿਚ  ਸਫਰ ਕਰਨ ਵਾਲੇ ਵਿਅਕਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੁਲਾਜ਼ਮਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ ਅਤੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। 

 

 

ਪੰਜਾਬ ਕਾਂਗਰਸ ਨੇ ਚੈਤੰਨਿਆ ਬਘੇਲ ਦੀ ਗਿ੍ਰਫਤਾਰੀ ਦੀ ਕੀਤੀ ਨਿੰਦਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਗਿ੍ਰਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਭੂਪੇਸ਼ ਬਘੇਲ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ। ਈਡੀ ਨੇ ਰਸਮੀ ਗਿ੍ਰਫਤਾਰੀ ਤੋਂ ਪਹਿਲਾਂ ਚੈਤੰਨਿਆ ਬਘੇਲ ਦੀ ਭਿਲਾਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਭੂਪੇਸ਼ ਬਘੇਲ ਵੀ ਇਸੇ ਰਿਹਾਇਸ਼ ’ਤੇ ਆਪਣੇ ਪੁੱਤਰ ਨਾਲ ਹੀ ਰਹਿੰਦੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸੰਘੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤੰਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ। ਭੂਪੇਸ਼ ਬਘੇਲ ਦੇ ਪੁੱਤਰ ਖਿਲਾਫ ਈਡੀ ਦੀ ਕਾਰਵਾਈ ਦੇ ਰੋਸ ਵਜੋਂ ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਕਾਂਗਰਸੀਆਂ ਵਲੋਂ ਚੈਤੰਨਿਆ ਬਘੇਲ ਦੀ ਈਡੀ ਵਲੋਂ ਕੀਤੀ ਗਿ੍ਰਫਤਾਰੀ ਦੀ ਨਿੰਦਾ ਕੀਤੀ ਜਾ ਰਹੀ ਹੈ।  

 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਰਾਜਸਥਾਨ ਦੇ ਚੁਰੂ ਵਿਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਫੌਜ ਦੇ ਸੂਤਰਾਂ ਮੁਤਾਬਕ ਇਸ ਹਾਦਸੇ ਵਿਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਜਾਨ ਚਲੇ ਗਈ ਹੈ। ਚੁਰੂ ਦੇ ਐਸ.ਪੀ.  ਜੈ ਯਾਦਵ ਨੇ ਦੱਸਿਆ ਕਿ ਰਾਜਲ ਦੇਸਰ ਥਾਣਾ ਖੇਤਰ ਵਿਚ ਪਿੰਡ ਭਾਣੂਦਾ ਵਿਚ ਇਹ ਜਹਾਜ਼ ਕਰੈਸ਼ ਹੋਇਆ ਹੈ ਅਤੇ ਦੋ ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਧਿਆਨ ਰਹੇ ਕਿ ਪਿਛਲੇ 5 ਮਹੀਨਿਆਂ ’ਚ ਦੇਸ਼ ਭਰ ’ਚ ਤਿੰਨ ਜਗੁਆਰ ਕਰੈਸ਼ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜਗੁਆਰ ਫਾਈਟਰ ਜਹਾਜ਼ ਨੇ ਸ੍ਰੀ ਗੰਗਾਨਗਰ ਦੇ ਨੇੜੇ ਸੂਰਤਗੜ੍ਹ ਏਅਰਬੇਸ ਤੋਂ ਉਡਾਨ ਭਰੀ ਸੀ। ਸਥਾਨਕ ਲੋਕਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਜਹਾਜ਼ ਦੀ ਗੜਗੜਾਹਟ ਸੁਣਾਈ ਦਿੱਤੀ ਅਤੇ ਫਿਰ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

 

ਕਿਹਾ : ਰੂਸ ਨਾਲ ਕਾਰੋਬਾਰੀ ਸਬੰਧ ਜਾਰੀ ਰਹੇ ਤਾਂ ਸਖ਼ਤ ਪਾਬੰਦੀਆਂ ਲਈ ਰਹੋ ਤਿਆਰ

ਵਾਸ਼ਿੰਗਟਨ/ਬਿਊਰੋ ਨਿਊਜ਼  

ਨਾਟੋ (ਨਾਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ) ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਚਿਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇਕਰ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕ ਰੂਟੇ ਨੇ ‘ਬਿ੍ਰਕਸ’ ਸਮੂਹ ਵਿਚ ਸ਼ਾਮਲ ਇਨ੍ਹਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਪੂਤਿਨ ਨੂੰ ਸ਼ਾਂਤੀ ਵਾਰਤਾ ਲਈ ਸੰਜੀਦਾ ਹੋਣ ਵਾਸਤੇ ਕਹਿਣ ਜਾਂ ਫਿਰ ਰੂਸ ਸਖਤ ਪਾਬੰਦੀਆਂ ਲਈ ਤਿਆਰ ਰਹੇ। ਰੂਟੇ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਵਿੱਚ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਕੀਤੀ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਅਤੇ 50 ਦਿਨਾਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਣ ’ਤੇ ਰੂਸੀ ਬਰਾਮਦਾਂ ਦੇ ਖਰੀਦਦਾਰਾਂ ’ਤੇ 100 ਫੀਸਦ ਸੈਕੰਡਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ/ਬਿਊਰੋ ਨਿਊਜ਼  

ਗੁਜਰਾਤ ਦੇ ਵਡੋਦਰਾ ਵਿਚ ਮਹੀਸਾਗਰ ਨਦੀ ’ਤੇ ਬਣਿਆ ਪੁਲ ਅੱਜ ਬੁੱਧਵਾਰ ਸਵੇਰੇ ਡਿੱਗ ਪਿਆ। ਹਾਦਸੇ ਦੇ ਸਮੇਂ ਪੁਲ ਉਤੋਂ ਗੱਡੀਆਂ ਲੰਘ ਰਹੀਆਂ ਸਨ। ਪੁਲ ਡਿੱਗਣ ਦੇ ਕਾਰਨ ਦੋ ਟਰੱਕ, ਦੋ ਕਾਰਾਂ ਅਤੇ ਇਕ ਰਿਕਸ਼ਾ ਨਦੀ ’ਚ ਡਿੱਗ ਗਿਆ। ਇਸ ਹਾਦਸੇ ਵਿਚ 9 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ 8 ਵਿਅਕਤੀਆਂ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 45 ਸਾਲ ਪੁਰਾਣਾ ਪੁਲ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਇਸ ਭਿਆਨਕ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਸਾਂਝਾ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 45 ਸਾਲ ਪੁਰਾਣੇ ਇਸ ਪੁਲ ਦੀ ਮੁਰੰਮਤ ਦੇ ਲਈ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ। ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਇਸ ਹਾਦਸੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਸੰਸਦ ਦੇ ਅਗਾਮੀ ਮਾਨਸੂਨ ਇਜਲਾਸ ਵਿਚ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਲਈ ਬਿੱਲ ਲਿਆਂਦਾ ਜਾਵੇ। ਰਾਹੁਲ ਨੇ ਪੱਤਰ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਦੋ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ। ਜਦੋਂ ਪ੍ਰਧਾਨ ਮੰਤਰੀ ਨੇ 19 ਮਈ 2024 ਨੂੰ ਭੁਵਨੇਸ਼ਵਰ ਵਿਚ ਅਤੇ 19 ਸਤੰਬਰ 2024 ਨੂੰ ਸ੍ਰੀਨਗਰ ਦੀ ਰੈਲੀ ਵਿਚ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦਿਵਾਉਣ ਦੀ ਗੱਲ ਕਹੀ ਸੀ। 

 

ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ’ਚ ਕੀਤੀ ਜਾ ਰਹੀ ਹੈ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼  

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚ 11 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿਚ ਕੀਤੀ ਗਈ ਹੈ, ਜੋ ਅਮਰੀਕਾ ਤੋਂ ਕਈ ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਤੋਂ ਬਾਅਦ ਸਾਹਮਣੇ ਆਈ ਸੀ। ਈਡੀ ਦੇ ਜਲੰਧਰ ਜ਼ੋਨਲ ਦਫਤਰ ਵਲੋਂ ਕੀਤੀ ਗਈ ਇਹ ਛਾਪੇਮਾਰੀ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਧਾਰ ’ਤੇ ਹੋਈ ਹੈ। ਈਡੀ ਵਲੋਂ ਜਿਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਅੰਮਿ੍ਰਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਇਹ ਛਾਪੇਮਾਰੀ ਪੰਜਾਬ ਅਤੇ ਹਰਿਆਣਾ ਦੀਆਂ ਪੁਲਿਸ ਅਥਾਰਿਟੀਆਂ ਵਲੋਂ ਟਰੈਵਲ ਏਜੰਟਾਂ ਵਿਰੁੱਧ ਦਰਜ ਕੀਤੀਆਂ ਗਈਆਂ ਐਫ.ਆਰ.ਆਈਜ਼ ਦੇ ਅਧਾਰ ’ਤੇ ਹੋਈ ਹੈ। ਇਨ੍ਹਾਂ ਏਜੰਟਾਂ ’ਤੇ ਅਮਰੀਕਾ ਵਿਚ ਪਰਵਾਸ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਧੋਖਾ ਦੇਣ ਦਾ ਆਰੋਪ ਹੈ।

 

ਮੋਗਾ ’ਚ ਕਿਸਾਨ ਆਗੂ ਦੇ ਘਰ ਵੀ ਈਡੀ ਦਾ ਛਾਪਾ

ਕਿਸਾਨ ਆਗੂ ਨੇ ਕੇਂਦਰ ਸਰਕਾਰ ’ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਆਰੋਪ

ਮੋਗਾ/ਬਿਊਰੋ ਨਿਊਜ਼   

ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਅਤੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਆਗੂ ਸੁੱਖ ਗਿੱਲ ਮੋਗਾ ਦੇ ਘਰ ਵੀ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਇਨੋਵਾ ਗੱਡੀਆਂ ਉੱਤੇ ਸਵਾਰ ਈਡੀ ਅਧਿਕਾਰੀ ਸਵੇਰੇ 7 ਵਜੇ ਦੇ ਕਰੀਬ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਪਿੰਡ ਤੋਤਾ ਸਿੰਘ ਵਾਲਾ ਪੁੱਜੇ ਅਤੇ ਘਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ। ਈਡੀ ਵਲੋਂ ਕਿਸੇ ਨੂੰ ਵੀ ਕਿਸਾਨ ਦੇ ਘਰ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਛਾਪਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਦੀ ਉਕਤ ਟੀਮ ਦਿੱਲੀ ਤੋਂ ਆਈ ਸੀ। ਉਨ੍ਹਾਂ ਕੋਈ ਹੋਰ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸਦੇ ਚੱਲਦਿਆਂ ਕਿਸਾਨ ਆਗੂ ਨੇ ਕੇਂਦਰ ਸਰਕਾਰ ਉਪਰ ਈਡੀ ਰਾਹੀਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ ਹੈ। ਕਿਸਾਨ ਆਗੂ ਸੁੱਖ ਗਿੱਲ ਨੇ ਕਿਹਾ ਕਿ ਉਹ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਈਡੀ ਨੂੰ ਉਨ੍ਹਾਂ ਦੇ ਘਰੋਂ ਕੁਝ ਵੀ ਮਿਲਣ ਵਾਲਾ ਨਹੀਂ ਹੈ।

 

ਜੰਮੂ/ਬਿਊਰੋ ਨਿਊਜ਼  

ਜੰਮੂ ਕਸ਼ਮੀਰ ਦੇ ਪਹਾੜੀ ਜ਼ਿਲ੍ਹੇ ਡੋਡਾ ਵਿਚ ਅੱਜ ਸਵੇਰੇ ਟੈਂਪੂ ਟਰੈਵਲਰ ਦੇ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਇਕ ਮਹਿਲਾ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 17 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਡੋਡਾ ਤੋਂ ਕੋਈ 30 ਕਿਲੋਮੀਟਰ ਦੂਰ ਡੋਡਾ-ਭਾਰਥ ਰੋਡ ’ਤੇ ਪੌਂਡਾ ਨੇੜੇ ਹੋਇਆ। ਮਿਲੀ ਜਾਣਕਾਰੀ ਅਨੁਸਾਰ ਟੈਂਪੂ ਟਰੈਵਲਰ ਵਿਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਮੌਜੂਦ ਸਨ ਤੇ ਸਵੇਰੇ 9 ਵਜੇ ਦੇ ਕਰੀਬ ਇਹ ਵਾਹਨ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਿਆ। ਅਧਿਕਾਰੀਆਂ ਨੇ ਕਿਹਾ ਕਿ 17 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜਹਾਰ ਕੀਤਾ ਹੈ।

 

 

ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬਿਹਾਰ ਦੀ ਸਰਕਾਰ ਨੇ ਮਹਿਲਾਵਾਂ ਦੇ ਲਈ ਡੋਮੀਸਾਈਲ ਪਾਲਿਸੀ ਲਾਗੂ ਕਰ ਦਿੱਤੀ ਹੈ। ਹੁਣ ਸਰਕਾਰੀ ਨੌਕਰੀਆਂ ਵਿਚ ਮਹਿਲਾਵਾਂ ਨੂੰ ਇਸਦਾ ਲਾਭ ਮਿਲੇਗਾ। ਇਸਦੇ ਚੱਲਦਿਆਂ ਬਿਹਾਰ ਦੀਆਂ ਮਹਿਲਾਵਾਂ ਨੂੰ ਜਨਰਲ ਕੈਟੇਗਰੀ ਵਿਚ ਜੋੜਿਆ ਜਾਵੇਗਾ।  ਇਸ ਤੋਂ ਪਹਿਲਾਂ ਬਿਹਾਰ ’ਚ ਦੂਜੇ ਸੂਬਿਆਂ ਦੀਆਂ ਮਹਿਲਾਵਾਂ ਨੂੰ ਵੀ 35 ਪ੍ਰਤੀਸ਼ਤ ਰਾਖਵਾਂਕਰਨ ਮਿਲਦਾ ਸੀ ਅਤੇ ਹੁਣ ਸਿਰਫ ਬਿਹਾਰ ਦੀਆਂ ਮਹਿਲਾਵਾਂ ਨੂੰ ਹੀ ਲਾਭ ਮਿਲੇਗਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਧਿਆਨ ਰਹੇ ਕਿ ਹਰਿਆਣਾ, ਮੱਧ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਸਣੇ ਕਈ ਸੂਬਿਆਂ ਵਿਚ ਪਹਿਲਾਂ ਹੀ ਡੋਮੀਸਾਈਲ ਪਾਲਿਸੀ ਲਾਗੂ ਹੈ। ਇਸ ਪਾਲਿਸੀ ਤਹਿਤ ਨੌਕਰੀਆਂ ਵਿਚ ਸਥਾਨਕ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ। 

 

 

ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ

ਜਲੰਧਰ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚ ਡੰਕੀ ਰੂਟ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਨਵੇਂ ਸਿਰੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮਾਮਲਾ ਅਮਰੀਕਾ ਵਲੋਂ ਇਸ ਸਾਲ ਦੇਸ਼ ਨਿਕਾਲਾ ਦਿੱਤੇ ਗਏ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨਾਲ ਸਬੰਧਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਨਸਾ, ਕੁਰੂਕਸ਼ੇਤਰ ਅਤੇ ਕਰਨਾਲ ਵਿਚ ਪਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਸੱਤ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਨਵੀਂ ਜਾਂਚ ਪੰਜਾਬ ਤੇ ਹਰਿਆਣਾ ’ਚ ਪਹਿਲੀ ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਭਰੋਸੇਯੋਗ ਇਨਪੁਟਸ ’ਤੇ ਅਧਾਰਿਤ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਬੁੱਧਵਾਰ ਅਤੇ ਵੀਰਵਾਰ ਨੂੰ ਈਡੀ ਨੇ 11 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸੇ ਦੌਰਾਨ ਈਡੀ ਨੇ ਏਜੰਟਾਂ ਦੇ ਘਰਾਂ ਤੋਂ 30 ਪਾਸਪੋਰਟ ਬਰਾਮਦ ਕੀਤੇ, ਜੋ ਲੋਕਾਂ ਨੂੰ ‘ਡੰਕੀ ਰੂਟਾਂ’ ਰਾਹੀਂ ਭੇਜਣ ਵਿਚ ਸ਼ਾਮਲ ਸਨ। 

 

ਟਰੇਡ ਯੂਨੀਅਨਾਂ ਦਾ ਐਲਾਨ- ਬੈਂਕ ਅਤੇ ਡਾਕਘਰਾਂ ’ਚ ਵੀ ਕੰਮ ਬੰਦ ਰਹੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬੈਂਕ, ਬੀਮਾ, ਡਾਕ, ਹਾਈਵੇ ਅਤੇ ਕਈ ਸੂਬਿਆਂ ਵਿਚ ਸਰਕਾਰੀ ਆਵਾਜਾਈ ਵਰਗੀਆਂ ਅਹਿਮ ਸੇਵਾਵਾਂ ਭਲਕੇ ਯਾਨੀ 9 ਜੁਲਾਈ ਨੂੰ ਪ੍ਰਭਾਵਿਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਦੇਸ਼ ਵਿਆਪੀ ਹੜਤਾਲ ਯਾਨੀ ਭਾਰਤ ਬੰਦ ’ਤੇ ਜਾਣ ਵਾਲੇ ਹਨ।  10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨ ਵੀ ਹੜਤਾਲ ’ਤੇ ਜਾ ਰਹੇ ਹਨ। ਇਸ ਬੰਦ ਦਾ ਮਕਸਦ ਕੇਂਦਰ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਦਾ ਵਿਰੋਧ ਕਰਨਾ ਹੈ, ਜਿਨ੍ਹਾਂ ਨੂੰ ਯੂਨੀਅਨਾਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਕਾਰਪੋਰੇਟ ਸਮਰਥਕ ਮੰਨਦੀਆਂ ਹਨ। ਟਰੇਡ ਯੂਨੀਅਨਾਂ ਦਾ ਆਰੋਪ ਹੈ ਕਿ ਸਰਕਾਰ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਪਬਲਿਕ ਸੈਕਟਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰ ਰਹੀ ਹੈ ਅਤੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.