Saturday, 18 April 2026

ਕਿਹਾ ਸੀ ਪਹਿਲਗਾਮ ਦੇ ਅੱਤਵਾਦੀਆਂ ਨੂੰ ਕਲਪਨਾ ਤੋਂ ਵੱਡੀ ਸਜ਼ਾ ਮਿਲੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ’ਚ ਸਾਸਾਰਾਮ ਦੇ ਦੁਰਗਾਡੀਹ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਰੀਬ 33 ਮਿੰਟ ਦੇ ਆਪਣੇ ਭਾਸ਼ਣ ਵਿਚ ਅੱਤਵਾਦ ਨੂੰ ਲੈ ਕੇ ਵੱਡਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਦੇ ਇਕ ਦਿਨ ਬਾਅਦ ਮੈਂ ਬਿਹਾਰ ਆਇਆ ਸੀ। ਮੋਦੀ ਨੇ ਕਿਹਾ ਕਿ ਮੈਂ ਬਿਹਾਰ ਦੀ ਧਰਤੀ ਤੋਂ ਵਾਅਦਾ ਕੀਤਾ ਸੀ ਕਿ ਅੱਤਵਾਦ ਦੇ ਮਾਲਕਾਂ ਦੇ ਟਿਕਾਣਿਆਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਲਪਨਾ ਤੋਂ ਵੀ ਵੱਧ ਸਜ਼ਾ ਦਿੱਤੀ ਜਾਵੇਗੀ। ਅੱਜ ਜਦੋਂ ਮੈਂ ਬਿਹਾਰ ਆਇਆ ਹਾਂ, ਤਾਂ ਮੈਂ ਆਪਣਾ ਵਾਅਦਾ ਪੂਰਾ ਕਰਕੇ ਆਇਆ ਹਾਂ। ਸਾਡੀ ਫੌਜ ਨੇ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਖੰਡਰ ਬਣਾ ਦਿੱਤਾ ਹੈ, ਜਿਨ੍ਹਾਂ ਨੇ ਪਾਕਿਸਤਾਨ ਵਿਚ ਬੈਠ ਕੇ ਸਾਡੀਆਂ ਭੈਣਾਂ ਦੇ ਸੰਧੂਰ ਨੂੰ ਤਬਾਹ ਕਰ ਦਿੱਤਾ ਸੀ। ਸਾਡੀ ਫੌਜ ਨੇ ਥੋੜ੍ਹੇ ਸਮੇਂ ਵਿਚ ਵੀ ਉਨ੍ਹਾਂ ਨੂੰ ਗੋਡਿਆਂ ਭਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਬਹੁਤ ਸਾਰੇ ਟਿਕਾਣੇ ਤਬਾਹ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਅਤੇ ਇਹ ਨਵੇਂ ਭਾਰਤ ਦੀ ਤਾਕਤ ਹੈ।  

ਅਪਰੇਸ਼ਨ ਸੰਦੂਰ ਬਾਰੇ ਵੀ ਪੀਐਮ ਨੇ ਕੀਤੀ ਗੱਲਬਾਤ

ਗਾਂਧੀਨਗਰ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਸਵੇਰੇ ਗੁਜਰਾਤ ਦੇ ਗਾਂਧੀਨਗਰ ਵਿਚ ਮੈਗਾ ਰੋਡ ਸ਼ੋਅ ਕੱਢਿਆ। ਪ੍ਰਧਾਨ ਮੰਤਰੀ ਦੇ ਦੋ ਦਿਨਾਂ ਗੁਜਰਾਤ ਦੌਰੇ ਦੌਰਾਨ ਇਹ ਚੌਥਾ ਰੋਡ ਸ਼ੋਅ ਸੀ। ਜੰਮੂ ਕਸ਼ਮੀਰ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਦੀ ਅਪਰੇਸ਼ਨ ਸੰਦੂਰ ਤਹਿਤ ਫੌਜੀ ਕਾਰਵਾਈ ਮਗਰੋਂ ਪੀਐਮ ਮੋਦੀ ਦਾ ਆਪਣੇ ਪਿੱਤਰੀ ਸੂਬੇ ’ਚ ਇਹ ਪਹਿਲਾ ਰੋਡ ਸ਼ੋਅ ਸੀ। ਇਹ ਰੋਡ ਸ਼ੋਅ ਗਾਂਧੀ ਨਗਰ ਦੇ ਰਾਜ ਭਵਨ ਤੋਂ ਸ਼ੁਰੂ ਹੋਇਆ ਅਤੇ ਮਹਾਤਮਾ ਮੰਦਰ ਵਿਖੇ ਸਮਾਪਤ ਹੋਇਆ। ਇਸ ਮੌਕੇ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਲੋਕ ਇਕੱਠੇ ਹੋਏ ਅਤੇ ਤਿਰੰਗਾ ਲਹਿਰਾਉਂਦੇ ਦੇਖੇ ਗਏ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਵਡੋਦਰਾ, ਭੁਜ ਅਤੇ ਅਹਿਮਦਾਬਾਦ ਵਿਚ ਵੀ ਰੋਡ ਸ਼ੋਅ ਕੀਤੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ’ਚ ਕੀਤੇ ਗਏ ਅਪਰੇਸ਼ਨ ਸੰਦੂਰ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਦਹਿਸ਼ਤਵਾਦ ਦੇ 9 ਟਿਕਾਣੇ ਤਹਿ ਕਰਕੇ 22 ਮਿੰਟ ਵਿਚ ਉਨ੍ਹਾਂ ਤਬਾਹ ਕੀਤਾ ਹੈ।   

 

ਸ਼ਨਿਚਰਵਾਰ ਸ਼ਾਮ 6 ਵਜੇ ਵੱਜਣਗੇ ਸਾਇਰਨ; ਹੋਵੇਗਾ ਬਲੈਕਆਊਟ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ-ਪਾਕਿਸਤਾਨ ਵਿਚਕਾਰ ਗੋਲੀਬੰਦੀ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਹਵਾਈ ਹਮਲੇ ਨਾਲ ਨਜਿੱਠਣ ਲਈ ਸਰਹੱਦੀ ਸੂਬਿਆਂ ਵਿੱਚ ਭਲਕੇ 31 ਮਈ ਸ਼ਨੀਵਾਰ ਨੂੰ ‘ਅਪਰੇਸ਼ਨ ਸ਼ੀਲਡ’ ਤਹਿਤ ਦੂਜੀ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਹ ਡਰਿੱਲ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ ਸੂਬਿਆਂ ਨੂੰ ਪੱਤਰ ਲਿਖ ਕੇ ਮੌਕ ਡਰਿੱਲ ਕਰਵਾਉਣ ਬਾਰੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਸਰਹੱਦੀ ਸੂਬਿਆਂ ਵਿੱਚ ਹਵਾਈ ਹਮਲੇ ਤੋਂ ਬਚਾਅ ਲਈ ਸਿਵਲ ਡਿਫੈਂਸ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਣਗੇ ਤੇ ਬਲੈਕਆਊਟ ਵੀ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਵਿੱਚ ਵੀ ‘ਅਪਰੇਸ਼ਨ ਸ਼ੀਲਡ’ ਤਹਿਤ 31 ਮਈ ਨੂੰ ਸ਼ਾਮ 6 ਵਜੇ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 7 ਮਈ ਨੂੰ ਵੀ ਮੌਕ ਡਰਿੱਲ ਕੀਤੀ ਗਈ ਸੀ।

 

ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 5 ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1 ਹਜ਼ਾਰ ਤੋਂ ਉਪਰ ਹੋ ਗਈ ਹੈ। ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ 430 ਐਕਟਿਵ ਮਾਮਲੇ ਕੇਰਲ ਵਿਚ ਹਨ। ਇਸੇ ਤਰ੍ਹਾਂ ਮਹਾਰਾਸ਼ਟਰ ਵਿਚ 208, ਦਿੱਲੀ ਵਿਚ 104 ਅਤੇ ਗੁਜਰਾਤ ਵਿਚ 83 ਮਾਮਲੇ ਹਨ। ਕਰਨਾਟਕ ਦੇ 80 ਮਾਮਲਿਆਂ ਵਿਚੋਂ 73 ਕੇਸ ਬੈਂਗਲੁਰੂ ਵਿਚ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਚ ਕਰੋਨਾ ਤੋਂ ਪੀੜਤ 11 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਕਰੋਨਾ ਨਾਲ ਸਭ ਤੋਂ ਜ਼ਿਆਦਾ 5 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਪਿਛਲੇ ਇਕ ਹਫਤੇ ਵਿਚ ਕਰੋਨਾ ਦੇ 787 ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਡਾ. ਰਾਜੀਵ ਬਹਲ ਨੇ ਦੱਸਿਆ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ 4 ਵੈਰੀਐਂਟ ਮਿਲੇ ਹਨ।

 

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ

ਵਾਸ਼ਿੰਗਟਨ/ਬਿਊਰੋ ਨਿਊਜ਼ 

ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ। ਇਹ ਗਰਮੀ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ ਜਾਵੇਗੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂਕੇ ਮੌਸਮ ਵਿਗਿਆਨ ਦਫਤਰ ਵੱਲੋਂ ਇਸ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਪੰਜ ਸਾਲਾਂ ਦੀ ਭਵਿੱਖਬਾਣੀ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦੇ ਇੱਕ ਹੋਰ ਸਾਲਾਨਾ ਤਾਪਮਾਨ ਦਾ ਰਿਕਾਰਡ ਟੁੱਟਣ ਦੀ 80 ਫੀਸਦੀ ਸੰਭਾਵਨਾ ਹੈ। 

ਮੁੱਢਲੀ ਜਾਂਚ ਵਿਚ ਪੁਲਿਸ ਨੇ ਪਰਿਵਾਰ ਵੱਲੋਂ ਖੁਦਕੁਸ਼ੀ ਦਾ ਖ਼ਦਸ਼ਾ ਜਤਾਇਆ

ਪੰਚਕੂਲਾ/ਬਿਊਰੋ ਨਿਊਜ਼ 

ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਸੈਕਟਰ 27 ਵਿਚ 26-27 ਮਈ ਦੀ ਦਰਮਿਆਨ ਰਾਤ ਨੂੰ ਘਰ ਦੇ ਬਾਹਰ ਪਾਰਕ ਕੀਤੀ ਕਾਰ ਵਿਚੋਂ ਦੇਹਰਾਦੂਨ ਨਾਲ ਸਬੰਧਤ ਪਰਿਵਾਰ ਦੇ 7 ਜੀਅ ਮਿ੍ਰਤਕ ਮਿਲੇ ਹਨ। ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦ ਆਪਣੀ ਜਾਨ ਗੁਆਈ ਹੈ। ਮਿ੍ਰਤਕਾਂ ਵਿਚ 42 ਸਾਲਾ ਪ੍ਰਵੀਨ ਮਿੱਤਲ, ਉਸਦੇ ਮਾਤਾ ਪਿਤਾ, ਪਤਨੀ, ਦੋ ਧੀਆਂ ਤੇ ਇਕ ਪੁੱਤ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਪਰਿਵਾਰ ਵੱਡੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਸੀ, ਜਿਸ ਕਰਕੇ ਉਨ੍ਹਾਂ ਇਹ ਕਦਮ ਚੁੱਕਿਆ। ਕਾਰ ਵਿਚੋਂ ਇਕ ਨੋਟ ਵੀ ਮਿਲਿਆ ਹੈ। ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਕਾਰ ਅੰਦਰੋਂ ਬੰਦ ਸੀ ਅਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਸੱਤ ਲਾਸ਼ਾਂ ਇਕੱਠੀਆਂ ਮਿਲੀਆਂ। ਪੁਲਿਸ ਦਾ ਕਹਿਣਾ ਹੈ ਕਿ ਮੌਤਾਂ ਦੇ ਪਿੱਛੇ ਸਹੀ ਕਾਰਨ ਅਤੇ ਹਾਲਾਤ ਦੀ ਪੁਸ਼ਟੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

ਕਿਸਾਨ ਕਰੈਡਿਟ ਕਾਰਡ ’ਤੇ ਘੱਟ ਵਿਆਜ਼ ’ਤੇ ਮਿਲੇਗਾ ਕਰਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਸਰਕਾਰ ਨੇ ਝੋਨਾ, ਕਪਾਹ, ਸੋਇਆਬੀਨ ਅਤੇ ਅਰਹਰ ਸਣੇ ਸਾਉਣੀ ਦੀਆਂ 14 ਫਸਲਾਂ ’ਤੇ ਐਮ.ਐਸ.ਪੀ. ਵਧਾ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਅੱਜ ਬੁੱਧਵਾਰ ਨੂੰ ਇਸ ਸਬੰਧੀ ਫੈਸਲਾ ਲਿਆ ਹੈ। ਕੇਂਦਰੀ ਸੂਚਨਾ ਐਂਡ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ ਨਵੀਂ ਐਮ.ਐਸ.ਪੀ. 2369 ਰੁਪਏ ਤੈਅ ਕੀਤੀ ਗਈ ਹੈ, ਜੋ ਕਿ ਪਿਛਲੀ ਐਮ.ਐਸ.ਪੀ. ਤੋਂ 69 ਰੁਪਏ ਜ਼ਿਆਦਾ ਹੈ। ਇਸੇ ਤਰ੍ਹਾਂ ਕਪਾਹ ਦੀ ਨਵੀਂ ਐਮ.ਐਸ.ਪੀ. 7710 ਰੁਪਏ ਤੈਅ ਕੀਤੀ ਗਈ ਹੈ। ਇਸਦੀ ਇਕ ਦੂੁਜੀ ਕਿਸਮ ਦੀ ਨਵੀਂ ਐਮ.ਐਸ.ਪੀ. 8110 ਰੁਪਏ ਕਰ ਦਿੱਤੀ ਗਈ ਹੈ, ਜੋ ਪਹਿਲਾਂ ਨਾਲੋਂ 589 ਰੁਪਏ ਜ਼ਿਆਦਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਐਮ.ਐਸ.ਪੀ. ਫਸਲ ਦੀ ਲਾਗਤ ਨਾਲੋਂ ਘੱਟ ਤੋਂ ਘੱਟ 50 ਫੀਸਦੀ ਜ਼ਿਆਦਾ ਹੋਵੇ, ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ। 

ਚਮੋਲੀ/ਕੁਲਬੀਰ ਸਿੰਘ ਕਲਸੀ

ਆਸਥਾ ਅਤੇ ਸ਼ਰਧਾ ਦਾ ਪ੍ਰਤੀਕ: ਹੇਮਕੁੰਟ ਸਾਹਿਬ ਯਾਤਰਾ ਸ਼ੁਰੂ

ਸਿੱਖ ਧਰਮ ਦੇ ਮੁੱਖ ਆਸਥਾ ਕੇਂਦਰ ਅਤੇ ਪਵਿੱਤਰ ਤੀਰਥ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਪੂਰੀਆਂ ਰਸਮਾਂ ਨਾਲ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦਾ ਰਸਮੀ ਉਦਘਾਟਨ ਹੋ ਗਿਆ ਹੈ। ਗੇਟ ਖੋਲ੍ਹਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, 'ਪੰਚ ਪਿਆਰਿਆਂ' ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼ਨੀਵਾਰ ਨੂੰ ਭਾਰੀ ਪੁਲਿਸ ਸੁਰੱਖਿਆ, ਬੈਂਡਾਂ ਦੀ ਧੁਨ ਅਤੇ ਪਵਿੱਤਰ ਨਿਸ਼ਾਨ ਸਾਹਿਬ ਦੇ ਵਿਚਕਾਰ ਗੋਵਿੰਦਘਾਟ ਗੁਰਦੁਆਰੇ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ। ਇਸ ਜਥੇ ਨੇ ਘੰਗਰੀਆ ਗੁਰਦੁਆਰੇ ਵਿਖੇ ਰਾਤ ਦਾ ਆਰਾਮ ਕੀਤਾ। ਇਹ ਜਥਾ ਜੈਕਾਰਿਆਂ ਨਾਲ ਹੇਮਕੁੰਟ ਸਾਹਿਬ ਵੱਲ ਵਧਿਆ ਅਤੇ ਸਵੇਰ ਦੇ ਸ਼ੁਭ ਸਮੇਂ ਵਿੱਚ, ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ। ਸਿੱਖ ਧਰਮ ਦੇ ਇਸ ਪ੍ਰਮੁੱਖ ਸਥਾਨ ਦੇ ਨਾਲ, ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਲੋਕਪਾਲ ਮੰਦਰ (ਲਕਸ਼ਮਣ ਮੰਦਰ) ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਪੂਰੀਆਂ ਰਸਮਾਂ ਨਾਲ ਖੋਲ੍ਹ ਦਿੱਤੇ ਗਏ ਹਨ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਲਈ, ਚਮੋਲੀ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹੇਮਕੁੰਟ ਸਾਹਿਬ ਯਾਤਰਾ ਰੂਟ ਦੇ ਮੁੱਖ ਸਟਾਪਾਂ 'ਤੇ SDRF ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਚਮੋਲੀ ਪੁਲਿਸ ਨੇ ਹੇਮਕੁੰਟ ਸਾਹਿਬ ਅਤੇ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਸੈਲਾਨੀਆਂ ਦਾ ਦਿਲੋਂ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦੀ ਸਫਲ, ਸੁਹਾਵਣੀ ਅਤੇ ਸੁਰੱਖਿਅਤ ਯਾਤਰਾ ਪ੍ਰਤੀ ਆਪਣੀ ਤਿਆਰੀ ਅਤੇ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸ ਮੌਕੇ 'ਤੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ, ਸ਼੍ਰੀ ਨਰਿੰਦਰਜੀਤ ਸਿੰਘ ਬਿੰਦਰਾ ਜੀ ਨੇ ਯਾਤਰਾ ਪ੍ਰਬੰਧਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ।

22 ਦਿਨ ਪਹਿਲਾਂ ਵੀ ਦੇਸ਼ ਭਰ ’ਚ ਹੋਈ ਸੀ ਮੌਕ ਡਰਿੱਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪਾਕਿਸਤਾਨ ਨਾਲ ਲੱਗਦੇ ਭਾਰਤੀ ਸੂਬਿਆਂ ਵਿਚ ਭਲਕੇ ਵੀਰਵਾਰ ਦੀ ਸ਼ਾਮ ਨੂੰ ਮੌਕ ਡਰਿੱਲ ਹੋਵੇਗੀ। ਜਿਨ੍ਹਾਂ ਸੂਬਿਆਂ ਵਿਚ ਮੌਕ ਡਰਿੱਲ ਹੋਣੀ ਹੈ, ਉਨ੍ਹਾਂ ਵਿਚ ਜੰਮੂ ਕਸ਼ਮੀਰ, ਗੁਜਰਾਤ, ਪੰਜਾਬ ਅਤੇ ਰਾਜਸਥਾਨ ਸ਼ਾਮਲ ਹਨ। ਇਸਦੇ ਚੱਲਦਿਆਂ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਲੰਘੀ 7 ਮਈ ਨੂੰ ਭਾਰਤ ਦੇ 244 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਹੋਈ ਸੀ। ਇਸ ਵਿਚ ਨਾਗਰਿਕਾਂ ਨੂੰ ਹਮਲੇ ਦੇ ਦੌਰਾਨ ਖੁਦ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਇਹ ਇਸ ਲਈ ਕੀਤਾ ਗਿਆ ਤਾਂ ਕਿ ਜੰਗ ਦੀ ਸਥਿਤੀ ਵਿਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਭਾਰਤ ਵਿਚ ਅਜਿਹੀ ਮੌਕ ਡਰਿੱਲ 1971 ਵਿਚ ਹੋਈ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਦਰਅਸਲ 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ 7 ਮਈ ਨੂੰ ਭਾਰਤ ਨੇ ਪਾਕਿਸਤਾਨ ’ਚ 9 ਦਹਿਸ਼ਤੀ ਟਿਕਾਣਿਆਂ ’ਤੇ ਏਅਰ ਸਟਰਾਈਕ ਕੀਤੀ ਸੀ, ਜਿਸ ਨੂੰ ਅਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ ਸੀ।  

ਕਿਹਾ : ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਵਾਲਿਆਂ ਦਾ ਅੰਤ ਨੇੜੇ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਨਿਸ਼ਾਨਾ ਭਾਰਤ ਨਾਲ ਨਫਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ ਤਰੀਕੇ ਸੋਚਣਾ ਹੈ। ਮੋਦੀ ਨੇ ਕਿਹਾ ਕਿ ਸਾਡੇ ਮੁਲਕ ਨੇ ਗਰੀਬੀ ਖਤਮ ਕਰਨ ਤੇ ਆਰਥਿਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ। ਗੁਜਰਾਤ ਦੇ ਦਾਹੋਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਪਰੇਸ਼ਨ ਸਿੰਧੂਰ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵੀ ਅੰਤ ਨੇੜੇ ਹੈ। ਪੀਐਮ ਮੋਦੀ ਨੇ ਲੋਕਾਂ ਨੂੰੂ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਅਤੇ ਗਣੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। 

ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਚੱਲ ਰਹੀ ਕ੍ਰਿਕਟ ਖੇਡ ਦੀ ‘ਇੰਡੀਅਨ ਪ੍ਰੀਮੀਅਰ ਲੀਗ 2025’ ਦੀ ਕਲੋਜਿੰਗ ਸੈਰੇਮਨੀ ਦੌਰਾਨ ਅਪਰੇਸ਼ਨ ਸਿੰਦੂਰ ਵਿਚ ਫੌਜ ਦੀ ਬਹਾਦਰੀ ਨੂੰ ਸਲਾਮੀ ਦਿੱਤੀ ਜਾਵੇਗੀ। ਬੀ.ਸੀ.ਸੀ.ਆਈ. ਨੇ 3 ਜੂਨ ਨੂੰ ਅਹਿਮਦਾਬਾਦ ਵਿਚ ਹੋਣ ਵਾਲੇ ਫਾਈਨਲ ਮੈਚ ਵਿਚ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ। ਬੋਰਡ ਦੇ ਸੈਕਟਰੀ ਦੇਵਜੀਤ ਸੈਕਿਆ ਨੇ ਦੱਸਿਆ ਕਿ ਅਸੀਂ ਅਪਰੇਸ਼ਨ ਸਿੰਦੂਰ ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਲਈ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ, ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤਿ੍ਰਪਾਠੀ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਸਣੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਅਹਿਮਦਾਬਾਦ ਵਿਚ ਆਈ.ਪੀ.ਐਲ. ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਦਹਿਸ਼ਤੀ ਹਮਲੇ ਦੇ ਜਵਾਬ ਵਿਚ ਭਾਰਤੀ ਫੌਜ ਨੇ 6-7 ਮਈ ਦੀ ਰਾਤ ਨੂੰ ਅਪਰੇਸ਼ਨ ਸਿੰਦੂਰ ਚਲਾ ਕੇ ਪਾਕਿਸਤਾਨ ਵਿਚ 9 ਦਹਿਸ਼ਤੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ।     

 

ਪੰਜਾਬ ਦਾ ਕਹਿਣਾ : ਬੀਬੀਐਮਬੀ ਅਤੇ ਕੇਂਦਰ ਨੇ ਕੀਤਾ ਗੁੰਮਰਾਹ
ਚੰਡੀਗੜ੍ਹ/ਬਿਊਰੋ ਨਿਊਜ਼
ਭਾਖੜਾ ਜਲ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਚੱਲ ਰਹੇ ਵਿਵਾਦ ’ਤੇ ਅੱਜ ਸੁਪਰੀਮ ਕੋਰਟ ਵਿਚ ਤੀਜੇ ਦਿਨ ਵੀ ਸੁਣਵਾਈ ਹੋਈ ਹੈ। ਇਸਦੇ ਚੱਲਦਿਆਂ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਕੇਂਦਰ ਅਤੇ ਹਰਿਆਣਾ ਨੇ ਬਹਿਸ ਦੇ ਦੌਰਾਨ ਅਦਾਲਤ ’ਚ ਕਿਹਾ ਕਿ ਪੰਜਾਬ ਵਲੋਂ ਪਟੀਸ਼ਨ ’ਚ ਉਠਾਏ ਗਏ ਮੁੱਦੇ ਅੱਜ ਤੱਕ ਉਨ੍ਹਾਂ ਵਲੋਂ ਕਦੀ ਨਹੀਂ ਉਠਾਏ ਗਏ। ਇਸ ਦੌਰਾਨ ਪੰਜਾਬ ਨੇ ਕੁਝ ਕਾਨੂੰਨੀ ਮੁੱਦੇ ਵੀ ਚੁੱਕੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਪੁਨਰ ਵਿਚਾਰ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਹੈ। ਇਸ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿਚ ਹੋਈ ਸੀ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ’ਤੇ ਤੱਥ ਲੁਕਾਉਣ ਦਾ ਆਰੋਪ ਲਗਾਇਆ ਗਿਆ। ਦੱਸਣਯੋਗ ਹੈ ਕਿ ਭਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਤਕਰਾਰ ਚੱਲ ਰਿਹਾ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.