ਬਹੁਤ ਦੇਰ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਸੀਐਮ ਨਾਇਬ ਸਿੰਘ ਸੈਣੀ ਨੇ
ਚੰਡੀਗੜ੍ਹ : ਇਹ ਖ਼ਬਰ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਵਿੱਚ ਬਹੁਤ ਉਤਸ਼ਾਹ ਨਾਲ ਪੜ੍ਹੀ ਜਾਵੇਗੀ ਕਿ ਹਰਿਆਣਾ ਨੇ ਮੌਜੂਦਾ ਅਕਾਦਮਿਕ ਸੈਸ਼ਨ ਤੋਂ, ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵੀ ਸ਼ਾਮਿਲ ਕਰ ਲਿਆ ਹੈ। ਇਹ ਫ਼ੈਸਲਾ ਪਿਛਲੇ ਸਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਸਮੇਂ, ਸਮਾਗਮਾਂ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਨਾਇਬ ਸਿੰਘ ਸੈਣੀ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਜਿੱਥੇ ਪੰਜਾਬ ਵਿੱਚ ਪੰਜਾਬੀ ਨੂੰ ਹੀ ਸਹੀ ਸਨਮਾਨ ਨਾ ਦੇ ਕੇ ਕੇਂਦਰ ਸਰਕਾਰ ਨੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਉਥੇ ਗਵਾਂਢੀ ਸੂਬੇ ਨੇ ਨਾ ਸਿਰਫ ਗੁਰੂ ਸਾਹਿਬਾਨ ਬਲਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵੀ 8ਵੀਂ ਸ਼੍ਰੇਣੀ ਦੀ ਇਤਿਹਾਸ ਦੀ ਪੁਸਤਕ ਵਿੱਚ ਮਾਕੂਲ ਥਾਂ ਦਿਤੀ ਹੈ। ਇਹ ਵੀ ਦੱਸ ਦਈਏ ਕਿ ਪੰਜਾਬ ਰਾਜ ਦੇ ਕੇਂਦਰੀ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਤੇ ਹੁਣ ਸੰਸਕਿ੍ਰਤ ਪੜ੍ਹਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਐਨਾ ਹੀ ਨਹੀਂ ਪੰਜਾਬ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਬਹੁਤ ਜ਼ਿਆਦਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ’ਤੇ ਰੋਕ ਲਗਾਉਣ ਦੇ ਲਈ ਸਮਾਜਸੇਵੀ ਸਰਦਾਰ ਬਲਦੇਵ ਸਿੰਘ ਸਿਰਸਾ ਪਿਛਲੇ ਕਰੀਬ ਪੰਜ ਸਾਲ ਤੋਂ ਵਾਰ ਵਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਭਰੋਸਾ ਦਿੱਤਾ ਸੀ ਕਿ ਸਿੱਖ ਇਤਿਹਾਸ, ਸਿੱਖਿਆਵਾਂ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਰਸਮੀ ਤੌਰ ’ਤੇ ਸਕੂਲ ਸਿੱਖਿਆ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ। ਉਹਨਾਂ ਕਿਹਾ ਸੀ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਨੌਜਵਾਨ ਪੀੜ੍ਹੀਆਂ ਸਿੱਖ ਧਰਮ ਦੀ ਅਮੀਰ ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਨ। ਐਲਾਨ ਤੋਂ ਤੁਰੰਤ ਬਾਅਦ, ਹਰਿਆਣਾ ਸਕੂਲ ਸਿੱਖਿਆ ਬੋਰਡ ਹਰਕਤ ਵਿੱਚ ਆਇਆ ਅਤੇ ਫੈਸਲੇ ਨੂੰ ਲਾਗੂ ਕਰਨ ਲਈ ਕਦਮ ਚੁੱਕੇ।
ਇਸ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਪਾਠ ਸਮੱਗਰੀ ਨੂੰ ਅੰਤਿਮ ਰੂਪ ਦੇਣ ਲਈ ਇੱਕ ਮਾਹਰ ਖੋਜ ਕਮੇਟੀ ਬਣਾਈ ਗਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਪਾਠਕ੍ਰਮ ਹੁਣ ਵਿਆਪਕ ਅਕਾਦਮਿਕ ਸਲਾਹ-ਮਸ਼ਵਰੇ ਤੋਂ ਬਾਅਦ ਲਾਗੂ ਕੀਤਾ ਗਿਆ ਹੈ। ਬੋਰਡ ਦੇ ਚੇਅਰਮੈਨ ਸ਼ੰਕਰ ਲਾਲ ਧੋਪਰਾ ਨੇ ਕਿਹਾ ਕਿ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸਮਰਪਿਤ ਲਗਭਗ 16 ਪੰਨੇ ਹਨ, ਜੋ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਮੁੱਖ ਪੜਾਵਾਂ ਨੂੰ ਕਵਰ ਕਰਦੇ ਹਨ। ਉਹਨਾਂ ਕਿਹਾ, ‘‘ਸਿੱਖ ਇਤਿਹਾਸ ਨੂੰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਸੇਵਾ, ਸਮਾਜਿਕ ਸਦਭਾਵਨਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਮੁੱਲਾਂ ਨੂੰ ਗ੍ਰਹਿਣ ਕਰਨ ਵਿੱਚ ਮਦਦ ਮਿਲੇਗੀ।’’
ਸਰਕਾਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਿਲੇਬਸ ਵਿੱਚ ‘‘ਸਿੱਖ ਧਰਮ ਦੀ ਨੀਂਹ’’ ਭਾਗ ਅਧੀਨ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾਵਾਂ ਤੋਂ ਸ਼ੁਰੂ ਹੋ ਕੇ ਸਿੱਖ ਧਰਮ ਦੇ ਵਿਕਾਸ ਦਾ ਜ਼ਿਕਰ ਹੈ, ਜਿਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਧਰਮ ਦਾ ਵਿਕਾਸ ਹੁੰਦਾ ਹੈ। ਸੰਗਤ ਅਤੇ ਪੰਗਤ ਵਰਗੇ ਮੁੱਖ ਸਿੱਖ ਸਿਧਾਂਤਾਂ, ਗੁਰਮੁਖੀ ਲਿਪੀ ਦਾ ਵਿਕਾਸ ਅਤੇ ਲੰਗਰ ਦੀ ਸੰਸਥਾ, ਜੋ ਸਮਾਨਤਾ ਅਤੇ ਭਾਈਚਾਰਕ ਸੇਵਾ ਦਾ ਪ੍ਰਤੀਕ ਹੈ, ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਕਦਮ ਨੂੰ ਸਕੂਲ ਸਿੱਖਿਆ ਵਿੱਚ ਸਮਾਵੇਸ਼ੀ ਇਤਿਹਾਸਕ ਪ੍ਰਤੀਨਿਧਤਾ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜੋ ਸਮਾਜਿਕ ਨਿਆਂ, ਸਮਾਨਤਾ ਅਤੇ ਫਿਰਕੂ ਸਦਭਾਵਨਾ ਦੇ ਮੁੱਲਾਂ ਨੂੰ ਮਜ਼ਬੂਤ ਕਰਦਾ ਹੈ, ਜਦੋਂ ਕਿ ਭਾਰਤ ਦੀ ਸੱਭਿਆਚਾਰਕ ਅਤੇ ਰਾਸ਼ਟਰੀ ਵਿਰਾਸਤ ਵਿੱਚ ਸਿੱਖ ਧਰਮ ਦੇ ਡੂੰਘੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ।
ਜਦੋਂ ਇਸ ਬਾਰੇ ਸਰਦਾਰ ਬਲਦੇਵ ਸਿੰਘ ਸਿਰਸਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ, ‘‘ਦੇਰ ਆਯਦ ਦੁਰੁਸਤ ਆਯਦ, ਨਾਇਬ ਸਿੰਘ ਸੈਣੀ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਹਰਿਆਣੇ ਦੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਅਜਿਹੇ ਐਲਾਨ ਆਮ ਹੁੰਦੇ ਹਨ ਪਰ ਮੈਂ ਉਮੀਦ ਕਰਾਂਗਾ ਕਿ ਉਹ ਆਪਣੇ ਵਾਅਦੇ ਨੂੰ ਨੇਪਰੇ ਚਾੜ੍ਹਣਗੇ, ਮੇਰੀ ਇੱਕੋ ਗ਼ੁਜ਼ਾਰਿਸ਼ ਹੈ ਕਿ ਇਤਿਹਾਸ ਸਿਰਫ਼ ਉਹਨਾਂ ਇਤਿਹਾਸਕਾਰਾਂ ਤੋਂ ਹੀ ਲਿਖਵਾਇਆ ਜਾਵੇ ਜੋ ਸਿੱਖੀ ਅਤੇ ਸਿੱਖ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਹੋਣ, ਉਸ ਤਰ੍ਹਾਂ ਨਾ ਹੋਵੇ ਜਿਵੇਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ।”
- ਅਮਰਜੀਤ ਸਿੰਘ


