Thursday, 28 May 2026

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 48 ਘੰਟਿਆਂ ’ਚ ਮੰਗੀ ਰਿਪੋਰਟ

ਜਲੰਧਰ/ਬਿਊਰੋ ਨਿਊਜ਼

ਜਲੰਧਰ ਦੇ ਸਿਵਲ ਹਸਪਤਾਲ ਦੇ ਟਰੋਮਾ ਵਾਰਡ ਵਿਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਤਿੰਨੋਂ ਮਰੀਜ਼ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ। ਡਿਊਟੀ ’ਤੇ ਮੌਜੂੁਦ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਤਕਨੀਕੀ ਨੁਕਸ ਕਾਰਨ ਹੋਇਆ ਹੈ ਤੇ ਇਸ ਨੁਕਸ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਇਨ੍ਹਾਂ ਮਰੀਜ਼ਾਂ ਦੀ ਹਾਲਤ ਪਹਿਲਾਂ ਹੀ ਗੰਭੀਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਅਲਾਰਮ ਵੱਜਦਾ ਹੈ, ਪਰ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਧਿਆਨ ਨਹੀਂ ਦਿੱਤਾ। ਇਸਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸਿਹਤ ਮੰਤਰੀ ਨੇ ਇਸ ਘਟਨਾ ਨੂੰ ਲੈ ਕੇ 48 ਘੰਟਿਆਂ ’ਚ ਜਾਂਚ ਰਿਪੋਰਟ ਮੰਗ ਲਈ ਹੈ ਅਤੇ ਕਿਹਾ ਕਿ ਜੇਕਰ ਹਸਪਤਾਲ ਦੇ ਸਟਾਫ ਦੀ ਕੋਈ ਗਲਤੀ ਜਾਂ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।  

 

ਬੈਰਕ ਬਦਲੀ ਮਾਮਲੇ ਦੀ ਸੁਣਵਾਈ ਵੀ ਹੁਣ 2 ਅਗਸਤ ਨੂੰ ਹੋਵੇਗੀ

ਮੁਹਾਲੀ/ਬਿਊਰੋ ਨਿਊਜ਼  

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਹਾਲੀ ਦੀ ਅਦਾਲਤ ਨੇ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਧਿਆਨ ਰਹੇ ਕਿ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਘਿਰੇ ਹੋਏ ਹਨ ਅਤੇ ਉਹ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸੇ ਦੌਰਾਨ ਮਜੀਠੀਆ ਦੀ ਬੈਰਕ ਬਦਲੀ ਦੀ ਅਰਜ਼ੀ ਸਬੰਧੀ ਏ.ਡੀ.ਜੀ.ਪੀ. ਜੇਲ੍ਹਾਂ ਵਲੋਂ ਇਕ ਸੀਲਬੰਦ ਰਿਪੋਰਟ ਅਦਾਲਤ ਵਿਚ ਦਾਇਰ ਕੀਤੀ ਗਈ ਹੈ, ਪਰ ਇਸ ਰਿਪੋਰਟ ਦੀ ਕਾਪੀ ਨੂੰ ਅਜੇ ਸਪਲਾਈ ਨਹੀਂ ਕੀਤਾ ਗਿਆ। ਇਸਦੇ ਚੱਲਦਿਆਂ ਬੈਰਕ ਬਦਲੀ ਮਾਮਲੇ ’ਤੇ ਅਦਾਲਤ ਨੇ 2 ਅਗਸਤ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੀਆਂ ਤਰੀਕਾਂ ਨੂੰ ਮਜੀਠੀਆ ਦੇ ਦੋਵਾਂ ਮਾਮਲਿਆਂ ਵਿਚ ਫੈਸਲਾ ਹੋ ਸਕਦਾ ਹੈ। 

 

 

ਬੰਦੀ ਸਿੰਘਾਂ ਦੀ ਰਿਹਾਈ ਅਤੇ ਸਜ਼ਾ ਤਬਦੀਲੀ ਸਬੰਧੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ  

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੰਮਿ੍ਰਤਸਰ ’ਚ ਹੋਈ ਹੈ। ਐਸਜੀਪੀਸੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਗਈ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ 2019 ਵਿਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੀ ਗਈ। ਧਾਮੀ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕੱਤਰਤਾ ਦੌਰਾਨ ਪਿਛਲੇ ਦਿਨੀਂ ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਕਰਨ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਘਟਨਾ ਸਬੰਧੀ ਸਖਤ ਕਾਰਵਾਈ ਕਰਨ।

 

 

ਚੰਡੀਗੜ੍ਹ/ਬਿਊਰੋ ਨਿਊਜ਼  

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਕੈਬਨਿਟ ਮੀਟਿੰਗ ਦੌਰਾਨ ਗਰੁੱਪ ਡੀ ਵਿਚ ਭਰਤੀ ਹੋਣ ਨੂੰੂ ਲੈ ਕੇ ਅਹਿਮ ਫੈਸਲਾ ਲੈਂਦਿਆਂ ਭਰਤੀ ਲਈ ਉਮਰ ਹੱਦ 2 ਸਾਲ ਵਧਾ ਦਿੱਤੀ ਗਈ ਹੈ। ਭਰਤੀ ਦੀ ਉਮਰ ਹੁਣ 35 ਸਾਲ ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ, ਜਿਸ ਨਾਲ ਵੱਧ ਉਮਰ ਦੇ ਉਮੀਦਵਾਰਾਂ ਨੂੰ ਵੀ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸਦੇ ਨਾਲ ਹੀ ਸੀਡ 1966 ਐਕਟ ਵਿਚ ਵੀ ਸੋਧ ਕੀਤੀ ਗਈ ਹੈ ਅਤੇ ਹੁਣ ਨਕਲੀ ਬੀਜ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਵਿਚ 2 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਦਿੱਤੀ ਗਈ ਹੈ।

ਨਵਾਂਸ਼ਹਿਰ/ਬਿਊਰੋ ਨਿਊਜ਼  

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਚ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਹ ਵਿਰਾਸਤੀ ਕੰਪਲੈਕਸ 52 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਮੌਕੇ ਸੀਐਮ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਪਲੈਕਸ ਨਾ ਸਿਰਫ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦਗਾਰ ਬਣਾਏਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਚੇਤੇ ਦੀ ਰਾਹ ਵਿਖਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਤਿਹਾਸਕ ਥਾਵਾਂ ਦੀ ਸੰਭਾਲ ਲਈ ਵਚਨਬੱਧਤਾ ਨਿਭਾਈ ਜਾ ਰਹੀ ਹੈ। ਸੀਐਮ ਨੇ ਕਿਹਾ ਕਿ ਅਜੇ ਤੱਕ ਆਮ ਲੋਕਾਂ ਤੱਕ ਆਜ਼ਾਦੀ ਨਹੀਂ ਪਹੁੰਚੀ ਅਤੇ ਅਸੀਂ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚਾ ਰਹੇ ਹਾਂ। ਇਸ ਮੌਕੇ ’ਤੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁਖੀ ਅਤੇ ਆਮ ਆਦਮੀ ਪਾਰਟੀ ਦੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ। 

 

ਪੀਸੀਏ ਵਲੋਂ ਹੁਣ 15 ਦਿਨਾਂ ਅੰਦਰ ਨਵੇਂ ਸਕੱਤਰ ਦੀ ਚੋਣ ਕੀਤੇ ਜਾਣ ਦੀ ਉਮੀਦ

ਮੁਹਾਲੀ/ਬਿਊਰੋ ਨਿਊਜ਼

ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕਿ੍ਰਕਟ ਐਸੋਸੀਏਸ਼ਨ (ਪੀਸੀਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਧਾਇਕ ਨੇ ਅਸਤੀਫੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।  ਵਿਧਾਇਕ ਕੁਲਵੰਤ ਸਿੰਘ ਦੇ ਅਚਾਨਕ ਅਸਤੀਫੇ ਨੇ ਕਿ੍ਰਕਟ ਅਤੇ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪੀਸੀਏ ਵੱਲੋਂ ਹੁਣ 15 ਦਿਨਾਂ ਅੰਦਰ ਨਵੇਂ ਸਕੱਤਰ ਦੀ ਚੋਣ ਕੀਤੇ ਜਾਣ ਦੀ ਉਮੀਦ ਹੈ। ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪੀਸੀਏ ਦੇ ਸਿਖਰਲੇ ਤਿੰਨ ਅਹੁਦਿਆਂ ਲਈ ਨਿਰਵਿਰੋਧ ਚੁਣੇ ਗਏ ਸਨ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਜੋ ਸਿਆਸੀ ਹਲਕਿਆਂ ਵਿੱਚ ਜਾਣਿਆ-ਪਛਾਣਿਆ ਨਾਮ ਹੈ ਅਤੇ ਉਹ 251 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕ ਹਨ।  ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸੀ ਤੌਰ ’ਤੇ ਕੰਮ ਵੀ ਕੀਤਾ ਸੀ। 

 

ਸੁਖਬੀਰ ਬਾਦਲ ਨੇ ਕਿਹਾ : ਪੰਜਾਬ ਦੀ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦਿਆਂਗੇ

ਮੁਹਾਲੀ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੋਮਵਾਰ ਨੂੰ ਮੁਹਾਲੀ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਉਨ੍ਹਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਐਕਵਾਇਰ ਨਹੀਂ ਹੋਣ ਦਿਆਂਗੇ ਅਤੇ ਇਸ ਲਈ ਲੰਬੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਕੁਝ ਨਹੀਂ ਕਰ ਰਹੇ। ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਪੁਲਿਸ ਅਫਸਰ ਅੱਜ ਦਿੱਲੀ ਵਾਲਿਆਂ ਨੂੰ ਸਲੂਟ ਮਾਰਦੇ ਹਨ ਉਹ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਾਰਨਗੇ।  

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਨਿੰਦਾ

ਅੰਮਿ੍ਰਤਸਰ/ਬਿਊਰੋ ਨਿਊਜ਼  

ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੌਰਾਨ ਨੱਚ-ਗਾ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਵਿਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਈਆਂ, ਉਸ ਨਾਲ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਸੱਟ ਵੱਜੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸਰਵਉੱਚ ਤੇ ਲਾਸਾਨੀ ਹੈ। ਇਸ ਲਈ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਜਾਣ ਵਾਲੇ ਹਰ ਸਮਾਗਮ ਦੀ ਰੂਪਰੇਖਾ ਸਿੱਖ ਮਰਿਆਦਾ, ਸ਼ਰਧਾ, ਸੰਜਮ ਅਤੇ ਗੁਰਬਾਣੀ ਦੇ ਸਤਿਕਾਰ ਦੀ ਭਾਵਨਾ ਦੇ ਅਨੁਕੂਲ ਹੋਣੀ ਲਾਜ਼ਮੀ ਹੈ। ਇਸੇ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਆਪਣੀ ਗਲਤੀ ਲਈ ਮਾਫੀ ਵੀ ਮੰਗ ਲਈ ਹੈ। 

 

ਫਿਰ ਕੁਝ ਹੀ ਘੰਟਿਆਂ ਬਾਅਦ ਐਕਸ ਤੋਂ ਟਵੀਟ ਕਰ ਦਿੱਤੀ ਡਿਲੀਟ

ਚੰਡੀਗੜ੍ਹ/ਬਿਊਰੋ ਨਿਊਜ਼ 

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਬਾਰੇ ਆਪਣੇ ਇਤਰਾਜ਼ ਜ਼ਾਹਰ ਕੀਤੇ ਸਨ। ਇਸ ਤੋਂ ਬਾਅਦ ਸੰਸਦ ਮੈਂਬਰ ਕੰਗ ਨੇ ਕੁਝ ਹੀ ਘੰਟਿਆਂ ਬਾਅਦ ਆਪਣੀ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ। ਕੰਗ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖਾਤਿਬ ਹੋ ਕੇ ਕਿਹਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਉਤੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿਚ ਲੈ ਕੇ ਹੀ ਅੱਗੇ ਵਧਿਆ ਜਾਵੇ। ਉਨ੍ਹਾਂ ਨੇ ਅਸਿੱਧੇ ਤਰੀਕੇ ਨਾਲ ਲੈਂਡ ਪੂਲਿੰਗ ਨੀਤੀ ’ਤੇ ਉਂਗਲ ਉਠਾਈ ਸੀ। ਇਸਦੇ ਚੱਲਦਿਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਕਈ ਆਗੂਆਂ ਨੇ ਸੰਸਦ ਮੈਂਬਰ ਕੰਗ ਦੇ ਟਵੀਟ ਨੂੰ ਰੀ-ਟਵੀਟ ਵੀ ਕੀਤਾ। ਇਸ ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। 

 

ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੀ ਰਾਏ ਵੱਖਰੀ-ਵੱਖਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਿਚ ਮੱਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਿੱਥੇ ਭਾਜਪਾ ਅਤੇ ਅਕਾਲੀ ਦਲ ’ਚ ਗਠਜੋੜ ਦੀ ਵਕਾਲਤ ਕਰ ਰਹੇ ਹਨ, ਉਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਗੱਲ ਨਾਲ ਸਹਿਮਤ ਨਹੀਂ ਹਨ। ਇਸੇ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਸਾਰੇ ਵਰਕਰ ਪੰਜਾਬ ਵਿਚ ਕਮਲ ਖਿੜਾਉਣ ਲਈ ਮਿਹਨਤ ਕਰ ਰਹੇ ਹਨ। ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਮੂਲੀਅਤ ਕੀਤੀ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਦਿੱਤਾ ਸੀ ਅਤੇ ਇਸਦੇ ਨਾਲ ਹੀ ਹੁਣ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। 

 

ਹਿਸਾਰ ਨੇੜੇ ਵੀ ਸੜਕ ਹਾਦਸੇ ’ਚ 4 ਨੌਜਵਾਨਾਂ ਦੀ ਗਈ ਜਾਨ

ਮੰਡੀ ਅਹਿਮਦਗੜ੍ਹ/ਬਿਊਰੋ ਨਿਊਜ਼ 

ਮੰਡੀ ਅਹਿਮਦਗੜ੍ਹ ਦੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਨਾਲ ਮਾਣਕਵਾਲ ਪਿੰਡ ਦੇ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਨੂੰ ਲੈ ਕੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ’ਚ ਸੋਗ ਦੀ ਲਹਿਰ ਹੈ। ਮਿ੍ਰਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ ਅਤੇ 5 ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਕਿ ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਇਕ ਟੈਂਪੂ ਰਾਹੀਂ ਧਾਰਮਿਕ ਸਥਾਨ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ। ਉਧਰ ਦੂਜੇ ਪਾਸੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ, ਜਿੱਥੇ ਇੱਕ ਕਰੇਟਾ ਕਾਰ ਅਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਨਵੀਂ ਭਰਤੀ ਸਣੇ ਕਈ ਮੁੱਦਿਆਂ ’ਤੇ ਹੋਵੇਗਾ ਵਿਚਾਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਭਲਕੇ ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਦੁਪਹਿਰੇ 12 ਵਜੇ ਹੋਵੇਗੀ। ਇਸ ਮੀਟਿੰਗ ’ਚ ਨਵੀਂ ਭਰਤੀ ਸਣੇ ਕਈ ਮੁੱਦਿਆਂ ’ਤੇ ਵਿਚਾਰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕੁਝ ਵਿਭਾਗਾਂ ਵਿਚ ਨਵੀਂ ਭਰਤੀ ਅਤੇ ਵਿਕਾਸ ਦੇ ਏਜੰਡਿਆਂ ’ਤੇ ਮੋਹਰ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਲੈਂਡ ਪੂਲਿੰਗ ਮੁੱਦੇ ’ਤੇ ਚਰਚਾ ਵੀ ਹੋਈ ਸੀ। ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਜ਼ਿਮਨੀ ਚੋਣ ਵੀ ਹੋਣੀ ਹੈ ਅਤੇ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਇਸ ਹਲਕੇ ਵਿਚ ਵਿਕਾਸ ਕਾਰਜ ਕਰਵਾਏ ਜਾਣ।  

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.