Thursday, 28 May 2026

ਸਪੀਕਰ ਨੇ ਬਾਜਵਾ ਨੂੰ ਸੁਲਤਾਨਪੁਰ ਲੋਧੀ ਜਾ ਕੇ ਆਉਣ ਦੀ ਦਿੱਤੀ ਸਲਾਹ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ‘ਸੀਚੇਵਾਲ ਮਾਡਲ’ ਨੂੰ ਲੈ ਕੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪ੍ਰਤੀ ਵਰਤੀ ਗਈ ਸ਼ਬਦਾਵਲੀ ਲਈ ਪ੍ਰਤਾਪ ਸਿੰਘ ਬਾਜਵਾ ਮੁਆਫੀ ਮੰਗਣ। ‘ਆਪ’ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਿਰਫ ਆਪਣੀ ਗੱਲ ਕਹਿਣ ਲਈ ਕੁਝ ਸਮੇਂ ਲਈ ਹੀ ਸਦਨ ਵਿਚ ਆਏ ਅਤੇ ਬਿਨਾਂ ਕਿਸੇ ਦੀ ਗੱਲ ਸੁਣੇ ਚਲੇ ਗਏ।  ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਵਲੋਂ ਸਦਨ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਕਾਂਗਰਸੀ ਵਿਧਾਇਕਾਂ ਨੇ ਸਦਨ ’ਚੋਂ ਵਾਕ ਆਊਟ ਕਰ ਦਿੱਤਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਤਾਪ ਬਾਜਵਾ ਨੂੰ ਸਲਾਹ ਵੀ ਦਿੱਤੀ ਕਿ ਉਹ ਇਕ ਵਾਰ ਸੁਲਤਾਨਪੁਰ ਲੋਧੀ ਜਾ ਕੇ ਆਉਣ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਕੰਮਾਂ ਨੂੰ ਸਮਝ ਕੇ ਆਉਣ। ਸੰਧਵਾਂ ਨੇ ਇਹ ਵੀ ਕਿਹਾ ਕਿ ਮੈਨੂੰ ਸੀਚੇਵਾਲ ਹੋਰਾਂ ਦੀ ਯੋਗਤਾ ਵਿਚ ਪੂਰਾ ਭਰੋਸਾ ਹੈ।

 

ਆਰਮੀ ਅਤੇ ਪੰਜਾਬ ਪੁਲਿਸ ਦੀ ਚੰਡੀਗੜ੍ਹ ’ਚ ਹੋਈ ਸਾਂਝੀ ਪ੍ਰੈਸ ਕਾਨਫਰੰਸ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ’ਚ ਹੋਈ ਦੇਰੀ ਕਾਰਨ ਪੰਜਾਬ ਸਰਕਾਰ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਹੈ। ਮਾਨਯੋਗ ਜਸਟਿਸ ਸੰਦੀਪ ਮੌਦਗਿੱਲ ਦੀ ਬੈਂਚ ਨੇ ਇਸ ਮਾਮਲੇ ਵਿਚ ਸੀਬੀਆਈ ਅਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਕਿ ਇਕ ਪੁਲਿਸ ਅਧਿਕਾਰੀ ਵਲੋਂ ਦਾਇਰ ਸ਼ਿਕਾਇਤ ’ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਸ ਵਿਚ ਉਸ ਨੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਸੀ। ਧਿਆਨ ਰਹੇ ਕਿ ਪਿਛਲੇ ਦਿਨੀਂ ਪਟਿਆਲਾ ਵਿਚ ਪੰਜਾਬ ਪੁਲਿਸ ਵਲੋਂ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਮਾਰਕੁੱਟ ਕੀਤੀ ਗਈ ਸੀ। ਇਸ ਮਾਮਲੇ ਵਿਚ ਅੱਜ ਚੰਡੀਗੜ੍ਹ ਵਿਚ ਆਰਮੀ ਤੇ ਪੰਜਾਬ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ਵੀ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਰਨਲ ਬਾਠ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ ਮਿਲੇਗਾ।

ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਬਜਟ ਦੀ ਭਗਵੰਤ ਮਾਨ ਸਰਕਾਰ ਨੇ ਤਾਰੀਫ ਕੀਤੀ ਹੈ, ਪਰ ਵਿਰੋਧੀਆਂ ਨੇ ਇਸ ਬਜਟ ਨੂੰ ਭੰਡਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ  ਬਜਟ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਹਰ ਵਰਗ ਨੂੰ ਅਣਗੌਲਿਆ ਕਰ ਦਿੱਤਾ ਹੈ। ਇਸ ਬਜਟ ਵਿੱਚ ਕਿਸਾਨ, ਮਹਿਲਾਵਾਂ, ਵਪਾਰ ਅਤੇ ਹੋਰ ਸਾਰੇ ਹੀ ਖੇਤਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਸੀਚੇਵਾਲ ਮਾਡਲ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਚਕਾਰ ਬਹਿਸ ਵੀ ਹੋਈ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੇ ਬਜਟ ਵਿੱਚ ਅੰਕੜਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆਗੂ ਤੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਜਟ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਬਜਟ ਨੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਪਿੱਠ ਥਾਪੜੀ ਹੈ।

 

ਕਿਹਾ : ਮੋਗਾ ਜ਼ਿਲ੍ਹੇ ਨਾਲ ਹੋ ਰਿਹਾ ਮਤਰੇਈ ਮਾਂ ਵਾਲਾ ਸਲੂਕ

ਚੰਡੀਗੜ੍ਹ/ਬਿਊਰੋ ਨਿਊਜ਼ 

ਮੋਗਾ ਜ਼ਿਲ੍ਹੇ ਵਿਚ ਪੈਂਦੇ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਹੀ ਪਾਰਟੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਬਹੁਤ ਪਛੜਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਨੇ ਇਕ ਵੀ ਸਿਹਤ ਸਹੂਲਤਾਂ ਨਾਲ ਜੁੜਿਆ ਪ੍ਰੋਜੈਕਟ ਧਰਮਕੋਟ ’ਚ ਨਹੀਂ ਦਿੱਤਾ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਜ਼ਿਲ੍ਹਾ ਮੋਗਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਵਿਧਾਇਕ ਢੋਸ ਨੇ ਕਿਹਾ ਕਿ ਛੋਟੇ ਜਿਹੇ ਜ਼ਿਲ੍ਹੇ ਮਾਲੇਰਕੋਟਲਾ ਨੂੰ 28 ਐਮ.ਬੀ.ਬੀ.ਐਸ. ਡਾਕਟਰ ਦਿੱਤੇ ਗਏ ਹਨ, ਜਦੋਂ ਕਿ ਜ਼ਿਲ੍ਹਾ ਮੋਗਾ ਨੂੰ ਸਿਰਫ 4 ਡਾਕਟਰ ਮਿਲੇ ਹਨ। ਲਾਡੀ ਢੋਸ ਨੇ ਕਿਹਾ ਕਿ ਇਹ ਵਿਤਕਰਾ ਮੋਗਾ ਜ਼ਿਲ੍ਹੇ ਨਾਲ ਕਿਉਂ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਡਾਕਟਰਾਂ ਦੀ ਨਵੀਂ ਭਰਤੀ ਸ਼ੁਰੂ ਕਰ ਰਹੇ ਹਾਂ ਅਤੇ ਇਨ੍ਹਾਂ ਵਿਚੋਂ ਜ਼ਿਲ੍ਹਾ ਮੋਗਾ ਨੂੰ ਵੀ ਡਾਕਟਰ ਦਿੱਤੇ ਜਾਣਗੇ। 

 

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ

ਮਹਿਲਾਵਾਂ ਲਈ 1100 ਰੁਪਏ ਦਾ ਫੈਸਲਾ ਟਲਿਆ 

ਚੰਡੀਗੜ੍ਹ/ਬਿਊਰੋ ਨਿਊਜ਼     

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਵਿਚ ਵਿੱਤੀ ਸਾਲ 2025-26 ਲਈ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਇਸ ਬਜਟ ਵਿਚ ਪੰਜਾਬ ’ਚ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਝਲਕਾਰਾ ਦੇਖਣ ਨੂੰ ਮਿਲਿਆ ਹੈ। ਪੰਜਾਬ ਸਰਕਾਰ ਨੇ 2,30,080 ਕਰੋੜ ਰੁਪਏ ਦੇ ਅਨੁਮਾਨਾਂ ਵਾਲਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ ਹੋਵੇਗਾ ਤੇ ਹਰੇਕ ਪਰਿਵਾਰ ਨੂੰ ਸਕੀਮ ਦਾ ਲਾਭ ਮਿਲੇਗਾ। ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ। ਸਿੱਖਿਆ ਲਈ 12 ਫੀਸਦ ਦੇ ਵਾਧੇ ਨਾਲ 17,975 ਕਰੋੜ ਦਾ ਬਜਟ ਰੱਖਿਆ ਗਿਆ ਹੈ। ਖੇਤੀ ਸੈਕਟਰ ਲਈ 14,524 ਕਰੋੜ ਰੁਪਏ ਤੇ 300 ਯੂਨਿਟ ਮੁਫਤ ਬਿਜਲੀ ਲਈ 7614 ਕਰੋੜ ਰੱਖੇ ਗਏ ਹਨ। ਦੱਸਣਯੋਗ ਹੈ ਕਿ ਮਹਿਲਾਵਾਂ ਲਈ 1100 ਰੁਪਏ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਨੂੰ 1100 ਰੁਪਏ ਹਰ ਮਹੀਨੇ ਦੇਣ ਦੀ ਗਾਰੰਟੀ ਜਲਦੀ ਪੂਰੀ ਕਰੇਗੀ।

‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣੇ ਹਨ ਸਿਸੋਦੀਆ

ਚੰਡੀਗੜ੍ਹ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਦੋਵਾਂ ਨੇ ਸੂਬੇ ਵਿੱਚ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸਿਸੋਦੀਆ ਲੰਘੇ ਕੱਲ੍ਹ ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੇ ਸਨ ਅਤੇ ਪਾਰਟੀ ਆਗੂਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿਚ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸਿਸੋਦੀਆ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ, ਵਿਕਾਸ ਨੂੰ ਤੇਜ਼ ਕਰਨ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਸਿਸੋਦੀਆ ਨੇ ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਉਣ ਲਈ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ।

ਚੰਡੀਗੜ੍ਹ : ਪੰਜਾਬ ਲਲਿਤ ਕਲਾ ਅਕਾਦਮੀ ਅਤੇ ਵਰਲਡ ਯੂਨੀਵਰਸਿਟੀ ਆਫ਼ ਡਿਜ਼ਾਈਨ (WUD) ਵੱਲੋਂ 26-31 ਮਾਰਚ 2025 ਤੱਕ ਸੋਭਾ ਸਿੰਘ ਆਰਟ ਗੈਲਰੀ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿੱਚ "IKSHANA – ਇੱਕ ਵਿਲੱਖਣ ਚਿੱਤਰਮਈ ਪ੍ਰਦਰਸ਼ਨੀ" ਆਯੋਜਿਤ ਕੀਤੀ ਗਈ। ਇਸ ਵਿੱਚ WUD ਦੇ 18 ਉਭਰਦੇ ਫ਼ੋਟੋਗ੍ਰਾਫ਼ਰਾਂ ਦੀਆਂ 40 ਤਸਵੀਰਾਂ ਸ਼ਾਮਲ ਸਨ।

25 ਮਾਰਚ ਨੂੰ ਉਦਘਾਟਨ ਸਮਾਗਮ ਦੌਰਾਨ M.S. ਰੰਧਾਵਾ ਅਤੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ। ਮੁੱਖ ਅਤੀਥੀ ਡਾ. ਸੰਜੇ ਗੁਪਤਾ (Vice Chancellor, WUD) ਸਨ। ਵਿਸ਼ੇਸ਼ ਅਤੀਥੀ ਭੁਪਿੰਦਰ ਬਰਾੜ (Professor Emeritus, Punjab University) ਅਤੇ ਸਲੋਨੀ ਬੰਸਲ (Pro Chancellor, RIMT University) ਸਨ।

ਡਾ. ਗੁਪਤਾ ਨੇ ਕਿਹਾ, "IKSHANA ਸਿਰਫ਼ ਪ੍ਰਦਰਸ਼ਨੀ ਨਹੀਂ, ਇਹ ਨੌਜਵਾਨ ਫ਼ੋਟੋਗ੍ਰਾਫ਼ਰਾਂ ਦੀ ਦੂਰਦਰਸ਼ੀਤਾ ਅਤੇ ਸ੍ਰਜਨਾਤਮਕਤਾ ਦਾ ਪਰਿਚਾਇਕ ਹੈ।" ਇਸ ਪ੍ਰਦਰਸ਼ਨੀ ਨੂੰ ਭਾਰੀ ਪ੍ਰਸ਼ੰਸਾ ਮਿਲੀ ਅਤੇ ਇਹ ਨੌਜਵਾਨ ਕਲਾਕਾਰਾਂ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਈ।

 

ਐਡਵੋਕੇਟ ਧਾਮੀ ਨੇ ਕਿਹਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਬਾਰੇ ਵੀ ਬਣਨਗੇ ਨਿਯਮ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਬਣੇ ਹਾਲਾਤ ਦੇ ਮੱਦੇਨਜ਼ਰ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ ਸਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ ਰਾਏ ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਜਲਦ ਹੀ ਨਿਯਮ ਤਹਿ ਕੀਤੇ ਜਾਣਗੇ ਅਤੇ ਇਸ ਕਾਰਜ ਵਾਸਤੇ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ। ਇਸ ਸਬੰਧੀ ਆਉਂਦੇ ਬਜਟ ਇਜਲਾਸ ਵਿਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਨ੍ਹਾਂ ਸਤਿਕਾਰਤ ਪਦਵੀਆਂ ’ਤੇ ਇੱਕ ਵਿਅਕਤੀ ਇੱਕ ਅਹੁਦਾ ਦੀ ਨੀਤੀ ਲਾਗੂ ਕੀਤੀ ਜਾਵੇ। ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਹੀ ਨਿਯੁਕਤੀ ਕਰ ਦਿੱਤੀ ਜਾਵੇਗੀ। 

 

ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਬੀਐਸਐਫ ਦੇ ਜਵਾਨਾਂ ਦੇ ਨਾਲ ਪੰਜਾਬ ਹੋਮਗਾਰਡ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਦੱਸਿਆ ਗਿਆ ਕਿ ਸਰਹੱਦ ’ਤੇ ਤਾਇਨਾਤ ਕੀਤੇ ਜਾਣ ਵਾਲੇ ਹੋਮਗਾਰਡ ਕਰਮਚਾਰੀ ਦੂਜੀ ਰੱਖਿਆ ਲਾਈਨ ਵਜੋਂ ਕੰਮ ਕਰਨਗੇ। ਹਰਪਾਲ ਚੀਮਾ ਨੇ ਕਿਹਾ ਕਿ ਇਸ ਲਈ 5 ਹਜ਼ਾਰ ਹੋਮਗਾਰਡ ਜਵਾਨ ਸਰਹੱਦ ’ਤੇ ਤਾਇਨਾਤ ਕੀਤੇ ਜਾਣਗੇ। ਇਸ ਲਈ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਚੁਣਿਆ ਜਾਵੇਗਾ, ਜਿਨ੍ਹਾਂ ਵਿੱਚ ਪੰਜਾਬ ਦੀ ਰੱਖਿਆ ਕਰਨ ਦਾ ਜਨੂੰਨ ਹੋਵੇ ਅਤੇ ਉਹ ਦੁਸ਼ਮਣਾਂ ’ਤੇ ਤਿੱਖੀ ਨਜ਼ਰ ਰੱਖ ਸਕਦੇ ਹੋਣ। 

 

ਸੂਬੇ ’ਚ ਵੱਖ-ਵੱਖ ਥਾਣਿਆਂ ਦੇ 191 ਮੁਨਸ਼ੀ ਬਦਲੇ

ਚੰਡੀਗੜ੍ਹ/ਬਿਊਰੋ ਨਿਊਜ਼ 

ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਵੱਖ-ਵੱਖ ਥਾਣਿਆਂ ’ਚ 2 ਸਾਲ ਤੋਂ ਤਾਇਨਾਤ 191 ਮੁਨਸ਼ੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਲੰਬੇ ਸਮੇਂ ਤਕ ਥਾਣਿਆਂ ’ਚ ਰਹਿਣ ਕਾਰਨ ਮੁਲਾਜ਼ਮ ਭਿ੍ਰਸ਼ਟਾਚਾਰ ’ਚ ਲਿਪਤ ਹੋ ਸਕਦੇ ਹਨ। ਇਸ ਮਿਥ ਨੂੰ ਤੋੜਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਕਿਸੇ ਵੀ ਥਾਣੇ ’ਚ ਕਿਸੇ ਮੁਨਸ਼ੀ ਨੂੰ 2 ਸਾਲ ਤੋਂ ਵੱਧ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ’ਤੇ ਅਮਲ ਕਰਦਿਆਂ ਅੱਜ 191 ਮੁਨਸ਼ੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ, ਜਿਸਦੀ ਨਿਗਰਾਨੀ ਲਈ ਇਕ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਦੇ ਪ੍ਰਧਾਨ ਹਨ। 

 

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ’ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਨ੍ਹਾਂ ਵੱਲੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਬਾਜਵਾ ਨੇ ਚੰਡੀਗੜ੍ਹ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਬਾਜਵਾ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਸਮਝਦਾਰ ਤੇ ਕਾਬਲ ਕੌਮ ਹੈ, ਜੋ ਕਿ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਸ਼ਾਸਨ ਪੂਰੀ ਤਰ੍ਹਾਂ ਬਾਹਰ ਦੇ ਲੋਕਾਂ ਦੇ ਹੱਥ ਵਿੱਚ ਫੜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ ਕਠਪੁਤਲੀ ਬਣ ਕੇ ਰਹਿ ਗਏ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਸਲਾਹਕਾਰ ਵੈਭਵ ਕੁਮਾਰ ਪੰਜਾਬ ਤੋਂ ਬਾਹਰ ਦੇ ਹਨ, ਹੁਣ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਵੀ ਪੰਜਾਬ ਵਿੱਚ ਆ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦਾ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਡੀਜੀਪੀ ਵੀ ਪੰਜਾਬ ਤੋਂ ਬਾਹਰ ਦੇ ਲਗਾਏ ਹੋਏ ਹਨ। ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਨ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ। 

 

ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਦੇ ਰਵੱਈਏ ਦੀ ਕੀਤੀ ਨਿਖੇਧੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਅੱਜ ਦੂਜਾ ਦਿਨ ਵੀ ਹੰਗਾਮਿਆਂ ਭਰਪੂਰ ਰਿਹਾ ਹੈ। ਇਸ ਹੰਗਾਮੇ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ। ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਪੀਕਰ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨਾਲ ਵੀ ਬਦਸਲੂਕੀ ਕੀਤੀ ਸੀ ਤੇ ਅੱਜ ਸਾਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਾਕ ਆਊਟ ਵਿਚ ਹਿੱਸਾ ਨਹੀਂ ਲਿਆ ਅਤੇ ਉਹ ਸਦਨ ਵਿਚ ਹੀ ਬੈਠੇ ਰਹੇ। ਬਾਜਵਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਨੌਕਰੀਆਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਉਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਉਨ੍ਹਾਂ ਵਿਚ ਕਿੰਨੇ ਪੰਜਾਬੀ ਹਨ ਅਤੇ ਕਿੰਨੇ ਗੈਰਪੰਜਾਬੀ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.