Thursday, 28 May 2026

ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ ਦੇ ਵਿਰੋਧ ਵਿਚ ਵਿਰੋਧੀ ਧਿਰ ਇਕਜੁੱਟ ਹੋ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਣੇ ਕਈ ਵੱਡੇ ਆਗੂ ਸ਼ਾਮਲ ਹੋਏ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਕੇਂਦਰ ਵਲੋਂ ਹਥਿਆਉਣ ਦੀਆਂ ਕੋਸ਼ਿਸ਼ਾਂ ਵਾਰ-ਵਾਰ ਹੋ ਰਹੀਆਂ ਹਨ।  ਇਨ੍ਹਾਂ ਸਾਰਿਆਂ ਨੇ ਇਕਜੁੱਟ ਹੋ ਕੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ। 

 

ਆਬੂਧਾਬੀ ਲਈ ਵੀ ਨਵਾਂ ਸ਼ਡਿਊਲ ਹੋਇਆ ਜਾਰੀ 

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੁਣ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸਦੇ ਨਾਲ ਚੌਵੀ ਘੰਟੇ ਆਵਾਜਾਈ ਦਾ ਕੰਮ ਸਮਾਪਤ ਹੋ ਗਿਆ ਹੈ। ਭਾਰਤੀ ਏਅਰਪੋਰਟ ਅਥਾਰਿਟੀ ਨੇ ਇੱਥੇ ਨਿਗਰਾਨੀ ਦੇ ਘੰਟਿਆਂ ਵਿਚ ਵੀ ਕਟੌਤੀ ਕੀਤੀ ਹੈ। ਲਾਗੂ ਹੋਏ ਸਰਦੀਆਂ ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਚੰਡੀਗੜ੍ਹ ਹਵਾਈ ਅੱਡੇ ’ਤੇ ਆਖਰੀ ਉਡਾਣ ਰਾਤ 11.25 ਤੱਕ ਪਹੁੰਚ ਜਾਵੇਗੀ। ਰਾਤ 11.25 ਤੋਂ ਬਾਅਦ ਅਤੇ ਸਵੇਰੇ 5.55 ਤੋਂ ਪਹਿਲਾਂ ਕੋਈ ਉਡਾਣ ਨਾ ਆਵੇਗੀ ਅਤੇ ਨਾ ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਦੋ ਉਡਾਣਾਂ ਚਲਦੀਆਂ ਸਨ। ਇਸ ਬਦਲਾਅ ਨਾਲ ਮੁੰਬਈ ਤੋਂ ਆਬੂ ਧਾਬੀ ਦੀਆਂ ਉਡਾਣਾਂ ਦੇ ਸਮੇਂ ’ਤੇ ਵੀ ਅਸਰ ਪਿਆ ਹੈ, ਜਿਨ੍ਹਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ। 

ਭਲਕੇ 8 ਨਵੰਬਰ ਨੂੰ ਲੁਧਿਆਣਾ ਦੀ ਸਾਈਕਲ ਵੈਲੀ ’ਚ ਹੋਵੇਗਾ ਸੂਬਾ ਪੱਧਰੀ ਸਮਾਗਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਨਵੇਂ ਚੁਣੇ ਗਏ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਭਲਕੇ 8 ਨਵੰਬਰ ਨੂੰ ਲੁਧਿਆਣਾ ਦੀ ਸਾਈਕਲ ਵੈਲੀ ਵਿਚ ਹੋਵੇਗਾ। ਇਸ ਸੂਬਾ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਚੁਣੇ ਗਏ ਸਰਪੰਚਾਂ ਨੂੰ ਸਹੁੰ ਚੁਕਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਰਹਿਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਸੂਬੇ ਭਰ ਦੇ 23 ਜ਼ਿਲ੍ਹਿਆਂ ਵਿੱਚ ਨਵੀਆਂ ਚੁਣੀਆਂ 13,147 ਪੰਚਾਇਤਾਂ ਵਿੱਚੋਂ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਅਹੁਦੇ ਦਾ ਹਲਫ਼ ਦਿਵਾਇਆ ਜਾਵੇਗਾ। ਬਾਕੀ ਚਾਰ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਗੁਰਦਾਸਪੁਰ ਦੇ ਸਰਪੰਚਾਂ ਅਤੇ 23 ਜ਼ਿਲ੍ਹਿਆਂ ਦੇ 81,808 ਨਵੇਂ ਚੁਣੇ ਪੰਚਾਂ ਨੂੰ ਜ਼ਿਮਨੀ ਚੋਣਾਂ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੀ ਸਫਲਤਾ ਲਈ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। 

 

ਬੈਂਕ ਨਾਲ ਲੈਣ-ਦੇਣ ਦੇ ਮਾਮਲੇ ਵਿਚ ਹੋਈ ਸੀ ਗਿ੍ਰਫਤਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਹਾਈਕੋਰਟ ਤੋਂ ਜਾਤੀ ਮੁਚੱਲਕੇ ’ਤੇ ਜ਼ਮਾਨਤ ਮਿਲ ਗਈ। ਉਹ ਕਰੀਬ ਇਕ ਸਾਲ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸਨ। ਪ੍ਰੋ. ਗੱਜਣਮਾਜਰਾ ਨੂੰ ਲੰਘੇ ਸਾਲ 6 ਨਵੰਬਰ ਨੂੰ ਮਲੇਰਕੋਟਲਾ ’ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦੇ ਸਮੇਂ ਈ.ਡੀ. ਨੇ ਗਿ੍ਰਫਤਾਰ ਕੀਤਾ ਸੀ। ਗੱਜਣਮਾਜਰਾ ਦੀ ਗਿ੍ਰਫਤਾਰੀ ਬੈਂਕ ਨਾਲ ਲੈਣ ਦੇਣ ਦੇ ਇਕ 10 ਸਾਲ ਪੁਰਾਣੇ ਮਾਮਲੇ ਵਿਚ ਹੋਈ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਰੀਬ ਇਕ ਸਾਲ ਜੇਲ੍ਹ ਵਿਚ ਗੁਜ਼ਾਰਨਾ ਪਿਆ। ਗੱਜਣਮਾਜਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਆਖਿਆ ਕਿ ਸਾਨੂੰ ਅਦਾਲਤ ’ਤੇ ਪੂਰਾ ਭਰੋਸਾ ਸੀ ਕਿ ਇਕ ਦਿਨ ਸੱਚ ਦੀ ਜਿੱਤ ਹੋਵੇਗੀ। 

ਹਾਈਕੋਰਟ ਨੇ 10 ਦਿਨਾਂ ਵਿਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈ ਕੇ ਹਾਈਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਹਾਈਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਸੂਬੇ ਦੇ ਚੋਣ ਕਮਿਸ਼ਨ ਨੂੰ ਮਾਣਹਾਨੀ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇਨ੍ਹਾਂ ’ਤੇ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦਾ ਆਰੋਪ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 15 ਦਿਨਾਂ ਵਿਚ ਨਗਰ ਨਿਗਮ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਅਤੇ ਸੂਬੇ ਦੇ ਚੋਣ ਕਮਿਸ਼ਨ ਨੂੰ ਦਿੱਤੇ ਸਨ। ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ ਹੈ, ਜਿਸ ਤੋਂ ਬਾਅਦ ਅਦਾਲਤ ਵਿਚ ਇਸ ਸਬੰਧੀ ਪਟੀਸ਼ਨ ਦਾਇਰ ਹੋਈ ਹੈ। ਇਸਦੇ ਚੱਲਦਿਆਂ ਅਦਾਲਤ ਨੇ ਕਿਹਾ ਕਿ ਹੁਣ 10 ਦਿਨਾਂ ਵਿਚ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ 50 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ ਅਤੇ ਮਾਣਹਾਨੀ ਦਾ ਕੇਸ ਵੀ ਚੱਲੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਫਗਵਾੜਾ, ਅੰਮਿ੍ਰਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ।  

 

 

ਹੁਣ 13 ਦੀ ਥਾਂ 20 ਨਵੰਬਰ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਉਤਰ ਪ੍ਰਦੇਸ਼ ਅਤੇ ਕੇਰਲਾ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਰਾਜਾਂ ਦੀਆਂ 14 ਵਿਧਾਨ ਸਭਾ ਸੀਟਾਂ ’ਤੇ ਹੁਣ 13 ਨਵੰਬਰ ਦੀ ਥਾਂ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 4, ਉਤਰ ਪ੍ਰਦੇਸ਼ ਦੀਆਂ 9 ਅਤੇ ਕੇਰਲਾ ਦੀ 1 ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਹੁਣ 20 ਨਵੰਬਰ ਨੂੰ ਹੋਵੇਗੀ। ਜ਼ਿਮਨੀ ਚੋਣਾਂ ਦੀਆਂ ਤਰੀਕਾਂ ਵਿਚ ਬਦਲਾਅ ਸਬੰਧਤ ਸੂਬਿਆਂ ਦੀਆਂ ਮੁੱਖ ਸਿਆਸੀ ਪਾਰਟੀਆਂ ਦੀ ਮੰਗ ’ਤੇ ਕੀਤਾ ਗਿਆ ਹੈ। ਇਨ੍ਹਾਂ ਸਿਆਸੀ ਪਾਰਟੀਆਂ ਵਿਚ ਭਾਜਪਾ, ਕਾਂਗਰਸ, ਆਰ.ਐਲ.ਡੀ. ਅਤੇ ਬਸਪਾ ਸ਼ਾਮਲ ਹਨ। ਧਿਆਨ ਰਹੇ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ ਹੋਣੀ ਹੈ।  

 

 

ਕੇਜਰੀਵਾਲ ਅਤੇ ਭਗਵੰਤ ਮਾਨ 9 ਤੇ 10 ਨਵੰਬਰ ਨੂੰ ਕਰਨਗੇ ਚੋਣ ਰੈਲੀਆਂ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ’ਚ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਚ 20 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਧਿਆਨ ਰਹੇ ਕਿ ਇਹ ਜ਼ਿਮਨੀ ਚੋਣਾਂ ਪਹਿਲਾਂ 13 ਨਵੰਬਰ ਨੂੰ ਹੋਣੀਆਂ ਸਨ, ਪਰ ਇਨ੍ਹਾਂ ਚੋਣਾਂ ਦੀ ਤਰੀਕ ਬਦਲ ਕੇ 20 ਨਵੰਬਰ ਕਰ ਦਿੱਤੀ ਗਈ ਹੈ ਅਤੇ ਨਤੀਜੇ 23 ਨਵੰਬਰ ਨੂੰ ਆਉਣੇ ਹਨ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਹੈ। ਇਸ ਦੇ ਚੱਲਦਿਆਂ 9 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਾਂਝੇ ਤੌਰ ’ਤੇ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਚੋਣ ਰੈਲੀਆਂ ਕਰਨਗੇ। ਇਸੇ ਤਰ੍ਹਾਂ ਕੇਜਰੀਵਾਲ ਅਤੇ ਭਗਵੰਤ ਮਾਨ 10 ਨਵੰਬਰ ਨੂੰ ਗਿੱਦੜਬਾਹਾ ਅਤੇ ਬਰਨਾਲਾ ਵਿਚ ਵੀ ਚੋਣ ਰੈਲੀਆਂ ਕਰਨਗੇ। ਇਨ੍ਹਾਂ ਜ਼ਿਮਨੀ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਹਨ। ਜ਼ਿਕਰਯੋਗ ਹੈ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 8 ਨਵੰਬਰ ਨੂੰ ਵੀ ਪੰਜਾਬ ਪਹੁੰਚਣਗੇ ਅਤੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿੱਚ ਹੋ ਰਹੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ।

6 ਨਵੰਬਰ ਦਿਨ ਬੁੱਧਵਾਰ ਨੂੰ ਅੰਮਿ੍ਰਤਸਰ ’ਚ ਹੋਵੇਗੀ ਮੀਟਿੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਉਂਦੀ 6 ਨਵੰਬਰ ਦਿਨ ਬੁੱਧਵਾਰ ਨੂੰ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਮੀਟਿੰਗ ਸੱਦ ਲਈ ਹੈ ਅਤੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕੁਝ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਮੀਟਿੰਗ ਅੰਮਿ੍ਰਤਸਰ ਵਿਚ 6 ਨਵੰਬਰ ਨੂੰ ਸਵੇਰੇ 10 ਵਜੇ ਹੋਣੀ ਹੈ। ਜ਼ਿਕਰਯੋਗ ਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀਆਂ ਨੇ ਵੀ ਆਪੋ-ਆਪਣੇ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪੇ ਹੋਏ ਹਨ। ਇਸ ਮਾਮਲੇ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਇਹ ਮੀਟਿੰਗ ਸੱਦੀ ਗਈ ਹੈ ਅਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।

 

ਲੁਧਿਆਣਾ ਦੀ ਸਾਈਕਲ ਵੈਲੀ ’ਚ ਹੋਵੇਗਾ ਸੂਬਾ ਪੱਧਰੀ ਸਮਾਗਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਵੇਂ ਚੁਣੇ ਸਰਪੰਚਾਂ ਨੂੰ 8 ਨਵੰਬਰ ਦਿਨ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਸਬੰਧੀ ਸਮਾਗਮ ਲੁਧਿਆਣਾ ਦੀ ਸਾਈਕਲ ਵੈਲੀ ਵਿਚ ਹੋਵੇਗਾ। ਇਸ ਸਮਾਗਮ ’ਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਹੋਣਗੇ। ਸੂਬੇ ਦੀਆਂ 13,098 ਪੰਚਾਇਤਾਂ ਦੀ ਹੋਈ ਚੋਣ ਵਿਚ 3812 ਸਰਪੰਚ ਤੇ 45,595 ਪੰਚ ਸਰਬ ਸੰਮਤੀ ਨਾਲ ਚੁਣੇ ਗਏ ਹਨ। ਸੂਬੇ ਵਿਚ ਕੁੱਲ 13,130 ਪੰਚਾਇਤਾਂ ਹਨ, ਜਿਨ੍ਹਾਂ ਵਿਚੋਂ 138 ਪੰਚਾਇਤਾਂ ਦੀਆਂ ਚੋਣਾਂ ਰੱਦ ਹੋ ਗਈਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਚਾਇਤ ਮੈਂਬਰਾਂ ਨੂੰ ਜ਼ਿਲ੍ਹਾ ਪੱਧਰ ਜਾਂ ਬਲਾਕ ਪੱਧਰ ’ਤੇ ਸਹੁੰ ਚਕਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਚੋਣ ਅਧਿਕਾਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ 13,098 ਗ੍ਰਾਮ ਪੰਚਾਇਤਾਂ ਦੀ ਚੋਣ ਪ੍ਰੀਕਿਰਿਆ ਹੋਣ ’ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

 

ਨਵਜੋਤ ਕੌਰ ਸਿੱਧੂ ਦੀ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਨੇ ਸਿਆਸੀ ਚਰਚਾ ਛੇੜੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਦੀ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਹੋਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦਾ ਪਰਿਵਾਰ ਕਿਸੇ ਵੇਲੇ ਵੀ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ। ਸਿੱਧੂ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਮੰਚ ਤੋਂ ਦੂਰ ਹੈ। ਖਾਸ ਕਰਕੇ ਡਾ. ਨਵਜੋਤ ਕੌਰ ਸਿੱਧੂ ਜੋ ਕੈਂਸਰ ਨਾਲ ਜੰਗ ਲੜਨ ਮਗਰੋਂ ਸਿਹਤਯਾਬ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਤੌਰ ’ਤੇ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਹੈ। ਧਿਆਨ ਰਹੇ ਕਿ ਉਹ ਪਹਿਲਾਂ ਵੀ ਅੰਮਿ੍ਰਤਸਰ ਪੁੱਜੇ ਸਨ ਅਤੇ ਉਨ੍ਹਾਂ ਨੇ ਆਪਣੇ ਘਰ ਪੂਰਬੀ ਵਿਧਾਨ ਸਭਾ ਹਲਕੇ ਦੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਨੇ ਭਾਜਪਾ ਵੱਲੋਂ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਸੰਸਦੀ ਚੋਣ ਲੜੀ ਸੀ, ਪਰ ਉਹ ਚੋਣ ਹਾਰ ਗਏ ਸਨ। ਡਾ. ਨਵਜੋਤ ਕੌਰ ਸਿੱਧੂ ਅਤੇ ਭਾਜਪਾ ਆਗੂ ਸੰਧੂ ਨੇ ਮੀਟਿੰਗ ਕਰਕੇ ਅੰਮਿ੍ਰਤਸਰ ਦੇ ਵਿਕਾਸ ਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਪਰਿਵਾਰ ਨੇ ਸਿਆਸਤ ਵਿੱਚ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਲਾਕਾਤ ਨੂੰ ਲੈ ਕੇ ਭਾਜਪਾ ਆਗੂਆਂ ਨੇ ਵੀ ਫਿਲਹਾਲ ਚੁੱਪ ਧਾਰੀ ਹੋਈ ਹੈ। 

ਵਿਵਾਦਾਂ ’ਚ ਘਿਰੇ ਰਹੇ ਹਨ ਸਾਬਕਾ ਡੀਜੀਪੀ ਸੁਮੇਧ ਸੈਣੀ

ਮੁਹਾਲੀ/ਬਿਊਰੋ ਨਿਊਜ਼

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ 33 ਸਾਲ ਪਹਿਲਾਂ ਮੁਹਾਲੀ ਦੇ ਵਸਨੀਕ ਅਤੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਦੀ ਹੱਤਿਆ ਦਾ ਆਰੋਪ ਹੈ। ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਅਗਵਾ ਕਰਨ ਅਤੇ ਬਾਅਦ ਵਿੱਚ ਉਸਦੀ ਲਾਸ਼ ਖ਼ੁਰਦ ਬੁਰਦ ਕਰਨ ਦੇ ਮਾਮਲੇ ’ਚ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕੇਸ ਦਰਜ ਹੋਣ ਤੋਂ 4 ਸਾਲ ਬਾਅਦ ਟਰਾਇਲ ਸ਼ੁਰੂ ਹੋ ਗਿਆ ਹੈ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸੁਮੇਧ ਸੈਣੀ ਦੇ ਵਕੀਲਾਂ ਅਤੇ ਸਾਬਕਾ ਡੀਐਸਪੀ ਕੇ.ਆਈ.ਪੀ. ਸਿੰਘ ਨੂੰ ਮੁੱਖ ਚਲਾਨ ਅਤੇ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਦੇ ਦਿੱਤੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਦਸੰਬਰ 2020 ਵਿਚ ਸੁਮੇਧ ਸੈਣੀ ਖਿਲਾਫ ਹੱਤਿਆ ਸਣੇ 7 ਧਰਾਵਾਂ ਦੇ ਤਹਿਤ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਨਵੰਬਰ ਨੂੰ ਹੋਵੇਗੀ। ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬਾਅਦ ਵਿੱਚ ਪੁਲਿਸ ਨੇ ਸਾਬਕਾ ਡੀਐੱਸਪੀ ਕੇ.ਆਈ.ਪੀ. ਸਿੰਘ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਸੀ।

ਪ੍ਰਤਾਪ ਸਿੰਘ ਬਾਜਵਾ ਨੂੰ ਕਮੇਟੀ ਦਾ ਲਗਾਇਆ ਕਨਵੀਨਰ

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਆਉਂਦੀ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਪਾਰਟੀ ਨੇ ਰਣਨੀਤੀ ਅਤੇ ਯੋਜਨਾ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ 7 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਸਰਕਲਾਂ ਲਈ ਇੰਚਾਰਜ ਅਤੇ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਕਮੇਟੀ ਨੇ ਜ਼ਿਮਨੀ ਚੋਣਾਂ ਦੀ ਜ਼ਿੰਮੇਵਾਰੀ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ, ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਅਲੋਕ ਸ਼ਰਮਾ ਅਤੇ ਰਵਿੰਦਰ ਡਾਲਵੀ ਨੂੰ ਸੌਂਪੀ ਹੈ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.