Thursday, 28 May 2026

ਕੇਂਦਰ ਦੀ ਮੰਡੀਕਰਨ ਨੀਤੀ ਬਾਰੇ ਵੀ ਹੋਏਗੀ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ਼

ਜਲੰਧਰ/ਬਿਊਰੋ ਨਿਊਜ਼ 

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਭਲਕੇ 18 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ, ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜਿਸ ਕਰਕੇ ਸਾਰੀਆਂ ਕਿਸਾਨ ਜਥੇਬੰਦੀਆਂ, ਜੋ ਇਸ ਅੰਦੋਲਨ ਤੋਂ ਬਾਹਰ ਸਨ, ਉਨ੍ਹਾਂ ਜਥੇਬੰਦੀਆਂ ਨੇ ਹੁਣ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜੇਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਫਸਲ ਮੰਡੀਕਰਨ ਨੀਤੀ ਦੇ ਖਰੜੇ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸੇ ਮਾਮਲੇ ਸਬੰਧੀ 19 ਦਸੰਬਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਏ ਜਾਣਨਗੇ।

ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਅਤੇ ਚੋਣਾਂ 21 ਦਸੰਬਰ ਨੂੰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮ ਅਤੇ 44 ਨਗਰ ਕੌਂਸਲ ਚੋਣਾਂ ਦੇ ਲਈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਇਸ ਨੂੰ ਲੈ ਕੇ ਸੂਬੇ ਦੇ ਚੋਣ ਕਮਿਸ਼ਨ ਵਲੋਂ 22 ਆਈ.ਏ.ਐਸ. ਅਧਿਕਾਰੀਆਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 5 ਅਫਸਰਾਂ ਨੂੰ ਨਗਰ ਨਿਗਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਬਾਕੀ ਅਫਸਰਾਂ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਆਬਜ਼ਰਵਰ ਦੇ ਤੌਰ ’ਤੇ ਤੈਨਾਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਵੀ ਸੰਭਾਲ ਲਈ ਹੈ। ਸੂਬੇ ਦੇ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਅਧਿਕਾਰੀ ਕਾਨੂੰਨ ਵਿਵਸਥਾ ਅਤੇ ਚੋਣਾਂ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਚ ਨਿਗਮ ਚੋਣਾਂ ਹੋਣੀਆਂ ਹਨ ਅਤੇ ਸੂਬੇ ’ਚ 44 ਨਗਰ ਕੌਂਸਲਾਂ ਲਈ ਵੀ ਚੋਣ ਹੋਣੀ ਹੈ।

 

 

 

  

ਅਰਬ ਦੇਸ਼ਾਂ ਵਿੱਚੋਂ ਪਰਤੀਆਂ ਲੜਕੀਆਂ ਨੇ ਕੀਤੇ ਕਈ ਖੁਲਾਸੇ

ਜਲੰਧਰ/ਬਿਊਰੋ ਨਿਊਜ਼ 

ਅਰਬ ਦੇਸ਼ਾਂ ਵਿੱਚੋਂ ਪਰਤੀਆਂ ਸੱਤ ਲੜਕੀਆਂ ਵਿੱਚੋਂ ਦੋ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ। ਇਨ੍ਹਾਂ ਲੜਕੀਆਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ। ਟਰੈਵਲ ਏਜੰਟ ਹੁਣ ਦਿੱਲੀ ਦੀ ਥਾਂ ਮੁੰਬਈ ਰਾਹੀਂ ਅਰਬ ਦੇਸ਼ਾਂ ਨੂੰ ਲੜਕੀਆਂ ਭੇਜਦੇ ਹਨ। ਸੰਤ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚੋਂ ਆਈਆਂ ਇਨ੍ਹਾਂ ਲੜਕੀਆਂ ਦੀਆਂ ਤਕਲੀਫਾਂ ਸੁਣਨ ਮਗਰੋਂ ਮੋਗਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਲੜਕੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨ। ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਮਨੁੱਖੀ ਤਸਕਰੀ ਨੂੰ ਠੱਲ੍ਹ ਨਹੀਂ ਪੈ ਸਕਦੀ ਹੈ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਘਰ ਪਰਤ ਸਕੀਆਂ ਹਨ।

ਐਡਮਿਸ਼ਨ ਸਮੇਂ ਬੱਚਿਆਂ ਦੇ ਮਾਪਿਆਂ ਦੀ ਨਹੀਂ ਹੋਵੇਗੀ ਇੰਟਰਵਿਊ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਪਲੇਅ ਵੇਅ ਸਕੂਲਾਂ ਲਈ ਗਾਈਡ ਲਾਈਨ ਤੈਅ ਕੀਤੀਆਂ ਗਈਆਂ ਹਨ। ਇਸਦੇ ਤਹਿਤ ਹੁਣ ਬੱਚਿਆਂ ਦਾ ਕੋਈ ਵੀ ਸਕਰੀਨਿੰਗ ਟੈਸਟ ਜਾਂ ਬੱਚਿਆਂ ਦੇ ਮਾਪਿਆਂ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਪਲੇਅ ਵੇਅ ਸਕੂਲਾਂ ਵਿਚ ਜੰਕ ਫੂਡ ਪੂਰੀ ਤਰ੍ਹਾਂ ਨਾਲ ਬੰਦ ਹੋਵੇਗਾ। ਇਸਦੇ ਚੱਲਦਿਆਂ ਨਾ ਤਾਂ ਘਰ ਤੋਂ ਡੱਬੇ ਵਿਚ ਜੰਕ ਫੂਡ ਆਵੇਗਾ ਅਤੇ ਨਾ ਹੀ ਸਕੂਲ ਜਾਂ ਉਸਦੇ ਨੇੜੇ ਤੇੜੇ ਜੰਕ ਫੂਡ ਵਿਕੇਗਾ। ਇਹ ਜਾਣਕਾਰੀ ਪੰਜਾਬ ਦੀ ਮੰਤਰੀ ਡਾ. ਬਲਜੀਤ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਡਾ. ਬਲਜੀਤ ਕੌਰ ਵਲੋਂ ਪਲੇਅ ਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਖੇਡਣ ਲਈ ਥਾਂ ਹੋਣਾ ਲਾਜ਼ਮੀ ਹੈ ਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੀ ਬਾਉਂਡਰੀ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਤੇ ਸਕੂਲ ਵਿਚ ਕੁੜੀਆਂ ਤੇ ਮੁੰਡਿਆਂ ਲਈ ਵੱਖਰੇ ਵੱਖਰੇ ਵਾਸ਼ਰੂਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਕੇ ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।  

ਧਾਮੀ ਨੇ ਬੀਬੀ ਜਗੀਰ ਕੌਰ ਪ੍ਰਤੀ ਹਲਕੀ ਸ਼ਬਦਾਵਲੀ ਦੀ ਕੀਤੀ ਸੀ ਵਰਤੋਂ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਮਹਿਲਾ ਕਮਿਸ਼ਨ ਦੇ ਸੰਮਣ ਮਿਲਣ ਤੋਂ ਬਾਅਦ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਚੰਡੀਗੜ੍ਹ ਪਹੁੰਚੇ। ਧਿਆਨ ਰਹੇ ਕਿ ਲੰਘੇ ਸ਼ਨੀਵਾਰ ਨੂੰ ਧਾਮੀ ਵਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਹਲਕੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ’ਤੇ ਕਾਰਵਾਈ ਕਰਦੇ ਹੋਏ ਐਡਵੋਕੇਟ ਧਾਮੀ ਨੂੰ ਜਵਾਬ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸੇ ਦੌਰਾਨ ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪਿਆ ਅਤੇ ਦੱਸਿਆ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ ਅਤੇ ਇਸਦੇ ਲਈ ਉਹ ਮਾਫੀ ਮੰਗਦੇ ਹਨ। ਉਧਰ ਦੂਜੇ ਪਾਸੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਇਹ ਮਾਮਲਾ ਸਿਰਫ ਮਾਫੀ ਮੰਗਣ ਨਾਲ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ਵਿਚ ਉਹ ਗੱਲ ਬਾਹਰ ਆਉਂਦੀ ਹੈ ਜੋ ਦਿਲ ਵਿਚ ਹੁੰਦੀ ਹੈ। ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਬੀਬੀ ਜਗੀਰ ਕੌਰ ਦਾ ਵੀ ਪੱਖ ਸੁਣਨਗੇ ਅਤੇ ਇਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧਾਈ ਜਾਵੇਗੀ। 

ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ : ਫੌਜਾ ਸਿੰਘ

ਜਲੰਧਰ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਪਹੁੰਚੇ। ਇਸ ਮੁਹਿੰਮ ਦੇ ਤਹਿਤ ਜਲੰਧਰ ਦੇ ਬਿਆਸ ਪਿੰਡ ਵਿਚ ਪੈਦਲ ਮਾਰਚ ਵੀ ਕੱਢਿਆ ਗਿਆ। ਇਹ ਮਾਰਚ ਬਿਆਸ ਪਿੰਡ ਤੋਂ ਕਰਤਾਰਪੁਰ ਤੱਕ ਚੱਲੇਗਾ। ਮਾਰਚ ਵਿਚ ਸ਼ਾਮਲ ਸਾਰੇ ਵਿਅਕਤੀ ਪੈਦਲ ਹੀ ਕਰਤਾਰਪੁਰ ਜਾਣਗੇ। ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿਚ ਕਈ ਬਜ਼ੁਰਗ ਵਿਅਕਤੀਆਂ ਨੇ ਵੀ ਹਿੱਸਾ ਲਿਆ ਹੈ। ਅੱਜ 10 ਦਸੰਬਰ ਨੂੰ ਇਹ ਯਾਤਰਾ ਮਹਾਨ ਅਥਲੀਟ ਫੌਜਾ ਸਿੰਘ ਦੇ ਬਿਆਸ ਪਿੰਡ ਵਿਚਲੇ ਘਰ ਤੋਂ ਸ਼ੁਰੂ ਕੀਤੀ ਗਈ। ਇਹ ਯਾਤਰਾ ਭਲਕੇ 11 ਦਸੰਬਰ ਨੂੰ ਕਰਤਾਰਪੁਰ ਵਿਚ ਜੰਗ ਏ ਆਜ਼ਾਦੀ ਸਮਾਰਕ ’ਤੇ ਪਹੁੰਚ ਕੇ ਸੰਪੰਨ ਹੋਵੇਗੀ। ਇਸ ਮੌਕੇ ਫੌਜਾ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ। 

ਸਰਵਣ ਸਿੰਘ ਪੰਧੇਰ ਨੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਏਕਤਾ ਨੂੰ ਬੇਹੱਦ ਜ਼ਰੂਰੀ ਕਰਾਰ ਦਿੱਤਾ

ਪਟਿਆਲਾ/ਬਿਊਰੋ ਨਿਊਜ਼

ਬੀਤੇ ਦਸ ਮਹੀਨਿਆਂ ਤੋਂ ਢਾਬੀ ਗੁਜਰਾਂ ਤੇ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਵੱਡਾ ਫੈਸਲਾ ਕਰਦਿਆਂ ਅੱਜ ਇਕ ਪੱਤਰ ਲਿਖ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਸ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਲਈ ਏਕਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਕਿਸਾਨੀ ਮੰਗਾਂ ਮਨਵਾਉਣ ਲਈ ਇਕਮੁੱਠਤਾ ਤੇ ਇਕਜੁੱਟਤਾ ਬੇਹੱਦ ਜ਼ਰੂਰੀ ਹੈ।

ਅੱਜ ਐਤਵਾਰ ਨੂੰ ਸ਼ੰਭੂ ਬਾਰਡਰ ’ਤੇ  ਇਕ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੇ ਗਏ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਤਾਂ 10 ਮਹੀਨੇ ਪਹਿਲਾਂ ਇਹ ਕਿਸਾਨ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਮੂਹ ਜਥੇਬੰਦੀਆਂ ਦਰਮਿਆਨ ਏਕਤਾ ਦੇ ਜਤਨ ਜੁਟਾਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਯਤਨ ਨੇਪਰੇ ਨਹੀਂ ਚੜ੍ਹੇ ਸਨ ਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ 12 ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਇਸ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸਮੁੱਚੀ ਏਕਤਾ ਸਬੰਧੀ ਯਤਨ ਜਾਰੀ ਰੱਖਦਿਆਂ ਉਹ ਮੁੜ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੂੰ ਏਕਤਾ ਦਾ ਸੱਦਾ ਦਿੰਦੇ ਹਨ।

ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਚੱਲ ਰਿਹਾ ਹੈ ਰੋਸ ਧਰਨਾ

ਨਵੀਂ ਦਿੱਲੀ/ਬਿਊਰੋ ਨਿਊਜ਼

ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਬੰਦ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਲਈ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਅਦਾਲਤ ਵਿਚ ਚੱਲ ਰਹੇ ਹਨ, ਫਿਰ ਵਾਰ-ਵਾਰ ਇਸ ਤਰ੍ਹਾਂ ਦੀ ਪਟੀਸ਼ਨ ਦਾਖਲ ਕਿਉਂ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਪਟੀਸ਼ਨ ਦਾਖਲ ਕਰਨ ਨਾਲ ਇਹ ਧਾਰਨਾ ਬਣ ਰਹੀ ਹੈ ਕਿ ਇੱਥੇ ਕੋਈ ਵੀ ਵਿਅਕਤੀ ਕੇਵਲ ਲੋਕਾਂ ਨੂੰ ਦਿਖਾਉਣ ਦੇ ਲਈ ਮੁਕੱਦਮਾ ਕਰਨ ਲਈ ਆਇਆ ਹੈ। ਅਦਾਲਤ ਨੇ ਪਟੀਸ਼ਨ ਕਰਤਾ ਨੂੰ ਕਿਹਾ ਕਿ ਜੇਕਰ ਤੁਸੀਂ ਪਹਿਲਾਂ ਤੋਂ ਚੱਲ ਰਹੀ ਪਟੀਸ਼ਨ ਵਿਚ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਇਹ ਪਟੀਸ਼ਨ ਜਲੰਧਰ ਦੇ ਇਕ ਵਿਅਕਤੀ ਵਲੋਂ ਲਗਾਈ ਗਈ ਸੀ। ਉਸ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਦੇ ਨਾਲ ਹਰਿਆਣਾ ਅਤੇ ਪੰਜਾਬ ਦੀ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸ਼ੰਭੂ ਬਾਰਡਰ ਸਮੇਤ ਉਨ੍ਹਾਂ ਸਾਰੇ ਸਟੇਟ-ਨੈਸ਼ਨਲ ਹਾਈਵੇ ਨੂੰ ਟਰੈਫਿਕ ਲਈ ਖੋਲ੍ਹਿਆ ਜਾਵੇ, ਜੋ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਬੰਦ ਕੀਤੇ ਗਏ ਹਨ।

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤਹਿਤ ਜ਼ਮੀਨ ਦੀ ਖਰੀਦ ਰਜਿਸਟਰੀ ਦੇ ਪੈਸੇ ਦਿੱਤੇ, ਨਕਸ਼ੇ ਪਾਸ ਹੋਏ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਮਿਲੇ, ਵੋਟਰ ਅਤੇ ਆਧਾਰ ਕਾਰਡ ਬਣੇ, ਬੈਂਕਾਂ ਵਿੱਚ ਖਾਤੇ ਖੁੱਲ੍ਹੇ, ਮਕਾਨ ਬਣਾਉਣ ਲਈ ਕਰਜ਼ਾ ਲਿਆ, ਦੁਕਾਨਾਂ ਦੇ ਜੀਐਸਟੀ ਨੰਬਰ ਲਏ, ਹੋਟਲ ਖੋਲ੍ਹੇ, ਧਾਰਮਿਕ ਸਥਾਨ ਬਣਾਏ ਅਤੇ ਹੁਣ ਪੰਜਾਬ ਸਰਕਾਰ ਦਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਤਿੰਨ ਕਿਲੋਮੀਟਰ ਤੱਕ ਸੁਖਨਾ ਈਕੋ ਸੈਂਸਟਿਵ ਜ਼ੋਨ (ਈ.ਐਸ.ਜੈਡ) ਦੇ ਕਾਲੇ ਕਾਨੂੰਨ ਦਾ ਮਤਾ ਰੱਖ ਕੇ, ਇਨ੍ਹਾਂ ਸਭ  ਨੂੰ ਤੋੜਨ ਦੀ ਤਲਵਾਰ ਲਟਕਾ ਰਿਹਾ ਹੈ। ਇਹ ਕਹਿਣਾ ਹੈ ਨਵਾਂ ਗਾਓਂ ਘਰ ਬਚਾਓ ਮੰਚ ਦੇ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ, ਜੋ ਨਵਾਂ ਗਾਓਂ ਦੇ ਅੰਦਰ ਜਨ ਜਾਗਰਣ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਜੋਸ਼ੀ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ ਨਾ ਕਿ ਉਨ੍ਹਾਂ ਨੂੰ ਬਰਬਾਦ ਕਰਨ ਲਈ। ਜੋਸ਼ੀ ਨੇ ਹਾਜ਼ਰ ਲੋਕਾਂ ਦੇ ਇਕੱਠ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸਾਰੇ ਸਹਿਯੋਗ ਦੇਣ ਤਾਂ ਤਿੰਨ ਕਿਲੋਮੀਟਰ ਤਾਂ ਦੂਰ ਦੀ ਗੱਲ ਉਹ ਤਾਂ 100 ਮੀਟਰ ਨੂੰ ਸੁਖਨਾ ਈ.ਐਸ.ਜੈਡ ਵੀ ਬਣਾ ਦੇਣਗੇ।

ਜੋਸ਼ੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਖਨਾ ਈ.ਐਸ.ਜ਼ੈਡ. ਨੂੰ 100 ਮੀਟਰ ਰੱਖਣ ਦੇ ਆਪਣੇ ਹੀ 10 ਸਾਲ ਤੋਂ ਜ਼ਿਆਦਾ ਪੁਰਾਣੇ ਸਟੈਂਡ ਦੇ ਉਲਟ, ਹੁਣ 3 ਕਿਲੋਮੀਟਰ ਤੱਕ ਰੱਖਣ ਦਾ ਮਤਾ ਦਿੱਤਾ ਹੈ। 

ਜੋਸ਼ੀ ਨੇ ਪੁੱਛਿਆ ਕਿ, ਭਾਰਤੀ ਵਣਜ ਸੰਸਥਾਨ, ਦੇਹਰਾਦੂਨ, ਜਿਸਦੀ ਰਿਪੋਰਟ ਨੂੰ ਸੁਪਰੀਮ ਕੋਰਟ ਵੀ ਮਾਨਤਾ ਦਿੰਦੀ ਹੈ, ਨੇ ਜਦੋਂ ਪ੍ਰਮਾਣਿਤ ਕਰ ਦਿੱਤਾ ਕਿ ਸੁਖਨਾ ਵਾਈਲਡ ਲਾਈਫ ਸੈਕਚੁਰੀ ਸ਼ੇ੍ਰਣੀ ਡੀ ਦੇ ਅਧੀਨ ਆਉਂਦੀ ਹੈ ਤਾਂ ਇਸਦੇ ਲਈ ਜ਼ਿਆਦਾ ਤੋਂ ਜ਼ਿਆਦਾ 100 ਮੀਟਰ ਤੱਕ ਦਾ ਈ.ਐਸ.ਜੈਡ ਕਾਫੀ ਹੈ ਤਾਂ ਕੀ ਪੰਜਾਬ ਸਰਕਾਰ ਦਾ ਵਣ ਵਿਭਾਗ ਇਸ ਤੋਂ ਵੀ ਉਪਰ ਹੋ ਗਿਆ।

ਜੋਸ਼ੀ ਨੇ ਅਪੀਲ ਕੀਤੀ ਕਿ ਸੁਖਨਾ ਈ.ਐਸ.ਜ਼ੈਡ. ਦੇ ਕਾਲੇ ਕਾਨੂੰਨ ਦੇ ਖਿਲਾਫ ਨਵਾਂ ਗਾਓਂ ਵਾਸੀ ਪੰਜਾਬ ਸਰਕਾਰ ਨੂੰ ਆਪਣੇ ਇਤਰਾਜ਼ ਭੇਜਣ ਅਤੇ ਨਵਾਂ ਗਾਓਂ ਘਰ ਬਚਾਓ ਮੰਚ ਇਸ ਸਬੰਧੀ ਅਭਿਆਨ ਚਲਾਏਗਾ। 

ਜੋਸ਼ੀ ਨੇ ਅਖੀਰ ਵਿੱਚ ਕਿਹਾ ਕਿ ਨਵਾਂਗਾਓਂ ਵਿੱਚ ਮਿਉਂਸਪਲ ਕਮੇਟੀ ਦੇ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਅਤੇ ਹੋਰ ਸਰਕਾਰੀ ਹੁਕਮਾਂ ਦੇ ਨਾਂ ’ਤੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਦੇਣੇ ਬੰਦ ਕਰ ਦਿੱਤੇ ਹਨ ਅਤੇ ਨਕਸ਼ੇ ਪਾਸ ਨਹੀਂ ਕੀਤੇ ਜਾ ਰਹੇ ਹਨ, ਇਹ ਸਰਾਸਰ ਗਲਤ ਹੈ, ਕੋਈ ਅਦਾਲਤ ਦਾ ਅਜਿਹਾ ਨਿਰਦੇਸ਼ ਨਹੀਂ ਹੈ ਜੋ ਰੋਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਸਬੂਤਾਂ ਦੇ ਨਾਲ ਮਿਉਂਸਿਪਲ ਕਮੇਟੀ ਦੇ ਅਧਿਕਾਰੀਆਂ ਦੇ ਝੂਠ ਦਾ ਪਰਦਾਫਾਸ਼ ਕਰਾਂਗੇ। 

ਜਨ ਜਾਗਰਣ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਨਵਾਂ ਗਾਓਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਭਾਜਪਾ ਆਗੂ ਗੁਰਧਿਆਨ ਸਿੰਘ, ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਪੱਪੀ, ਅਕਾਲੀ ਦਲ ਦੇ ਕੌਂਸਲਰ ਗੁਰਬਚਨ ਸਿੰਘ, ਭਾਜਪਾ ਦੇ ਕੌਂਸਲਰ ਸੁਰਿੰਦਰ ਬੱਬਲ ਅਤੇ ਪ੍ਰਮੋਦ ਕੁਮਾਰ, ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਦੀਪ ਢਿੱਲੋਂ ਸ਼ਾਮਲ ਸਨ। ਭਾਜਪਾ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਭੁਪਿੰਦਰ ਭੂਪੀ, ਭਾਜਪਾ ਮੰਡਲ ਪ੍ਰਧਾਨ ਜੋਗਿੰਦਰ ਪਾਲ ਗੁੱਜਰ ਅਤੇ ਮੰਡਲ ਦੇ ਜਨਰਲ ਸਕੱਤਰ ਨਰੇਸ਼ ਅਤੇ ਸੰਜੇ ਗੁਪਤਾ, ਸਦਾ ਸ਼ਿਵ ਮੰਦਰ ਕਮੇਟੀ ਨਵਾਂ ਗਾਓਂ ਦੇ ਪ੍ਰਧਾਨ ਰਾਜ ਕੁਮਾਰ ਫੌਜੀ, ਨਵਾਂ ਗਾਓਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗੁਲਿਆਨੀ, ਮਿਥਲਾਂਚਲ ਛਠ ਪੂਜਾ ਕਮੇਟੀ ਨਿਆ ਗਾਓਂ ਦੇ ਪ੍ਰਧਾਨ ਗਿਆਨ ਚੰਦ ਭੰਡਾਰੀ ਅਤੇ ਜਨਰਲ ਸਕੱਤਰ ਕਾਮੇਸ਼ਵਰ ਸਾਹ, ਮਿਥਲਾਂਚਲ ਵਿਕਾਸ ਸਭਾ ਟਰਾਈਸਿਟੀ ਦੇ ਫੂਲ ਚੰਦ ਮੰਡਲ, ਆਟੋ ਯੂਨੀਅਨ ਸਿੰਘਾ ਦੇਵੀ ਤੋਂ ਪ੍ਰਭੂ ਮੁਖੀਆ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਗਊ ਸੇਵਾ ਪ੍ਰਧਾਨ ਨਵਾਂ ਗਾਓਂ ਸੁਸ਼ੀਲ ਰੋਹੀਲਾ ਆਦਿ ਸ਼ਾਮਲ ਸਨ।  

 

 

 

  

ਮਨੀਸ਼ ਤਿਵਾੜੀ ਬੋਲੇ : ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਲੈ ਕੇ ਵਧੀ ਚਿੰਤਾ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਕਰਵਾਉਣ ਵਿੱਚ ਦੇਰੀ ਦਾ ਮੁੱਦਾ ਸੰਸਦ ਵਿਚ ਵੀ ਪਹੁੰਚ ਗਿਆ ਹੈ। ਚੰਡੀਗੜ੍ਹ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਣ ਦੀ ਇਜਾਜ਼ਤ ਦੇਣ ਲਈ ਸਪੀਕਰ ਨੂੰ ਨੋਟਿਸ ਦਿੱਤਾ। ਤਿਵਾੜੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਐਕਟ, 1947 ਦੇ ਤਹਿਤ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਲਾਜ਼ਮੀ ਹਨ, ਪਰ ਪਿਛਲੀ ਸੈਨੇਟ ਦਾ ਕਾਰਜਕਾਲ 31 ਅਕਤੂਬਰ, 2024 ਨੂੰ ਖਤਮ ਹੋਣ ਦੇ ਬਾਵਜੂਦ ਵੀ ਇਹ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦਾ ਕੰਮਕਾਜ ਪ੍ਰਭਾਵਿਤ ਹੋ ਗਿਆ ਹੈ ਅਤੇ ਸੰਸਥਾ ਦੀ ਖੁਦਮੁਖਤਿਆਰੀ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਤਿਵਾੜੀ ਨੇ ਕਿਹਾ ਕਿ ਚਾਂਸਲਰ ਨੂੰ ਕਈ ਬੇਨਤੀਆਂ ਕਰਨ ਦੇ ਬਾਵਜੂਦ ਚੋਣ ਪ੍ਰੋਗਰਾਮ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।  

 

ਚੰਡੀਗੜ੍ਹ : ਸਮਾਜ ਸੇਵੀ ਸੰਸਥਾ ਸੰਕਲਪ-ਆਈਏਐਸ, ਸੈਕਟਰ 29, ਚੰਡੀਗੜ੍ਹ ਹਰ ਸਾਲ  ਉਮੀਦਵਾਰਾਂ ਲਈ ਮੌਕ ਇੰਟਰਵਿਊ ਦਾ ਆਯੋਜਨ ਕਰਦੀ ਹੈ। ਇਸ ਸਾਲ ਮੌਕ ਇੰਟਰਵਿਊ ਪ੍ਰੋਗਰਾਮ 23 ਦਸੰਬਰ ਤੋਂ ਸ਼ੁਰੂ ਹੋਵੇਗਾ। ਉਮੀਦਵਾਰ ਇਸ ਪ੍ਰੋਗਰਾਮ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਫੋਨ ਨੰਬਰ- 9815837500 ’ਤੇ ਸੰਪਰਕ ਕਰ ਸਕਦੇ ਹਨ। ਇਹ ਇੰਟਰਵਿਊ ਬਿਨਾਂ ਕਿਸੇ ਫੀਸ ਦੇ ਹੋਵੇਗੀ। ਵਰਣਨਯੋਗ ਹੈ ਕਿ ‘ਸੰਕਲਪ’ ਪਿਛਲੇ 17 ਸਾਲਾਂ ਤੋਂ ਸੇਵਾ ਭਾਰਤੀ ਸੈਕਟਰ 29, ਚੰਡੀਗੜ੍ਹ ਵਿਖੇ ਸਿਵਲ ਸੇਵਾਵਾਂ ਦੇ ਚਾਹਵਾਨਾਂ ਨੂੰ ਨੋ ਪ੍ਰੋਫਿਟ ਨੋ ਲੌਸ ਦੇ ਆਧਾਰ ’ਤੇ ਕੋਚਿੰਗ ਪ੍ਰਦਾਨ ਕਰ ਰਿਹਾ ਹੈ। ਸੰਕਲਪ ਦੇ ਚੇਅਰਮੈਨ ਅਤੇ ਸੇਵਾਮੁਕਤ ਚੀਫ ਇੰਜੀਨੀਅਰ ਸੀ.ਜੇ. ਰਾਏ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਵਿੱਚ ਇਸ ਸੇਵਾ ਵਿੱਚ ਲੱਗੀ ਹੋਈ ਹੈ। ਇਸ ਸੰਸਥਾ ਰਾਹੀਂ ਸੈਂਕੜੇ ਉਮੀਦਵਾਰ ਸਿਖਲਾਈ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸੰਕਲਪ ਸਿਖਲਾਈ ਕੇਂਦਰ ਵਿਖੇ ਸਿਖਲਾਈ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਮਾਹਰ ਮਾਰਗਦਰਸ਼ਨ ਉਪਲਬਧ ਹਨ। 

ਇਸ ਮੌਕ ਇੰਟਰਵਿਊ ਲਈ ਵਿਸ਼ੇਸ਼ ਪੈਨਲਿਸਟ ਲੈਫਟੀਨੈਂਟ ਜਨਰਲ ਬੀ.ਐਸ. ਜਸਵਾਲ, ਲੈਫਟੀਨੈਂਟ ਜਨਰਲ ਕੇ.ਜੇ. ਸਿੰਘ, ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸ੍ਰੀ ਸਰਵੇਸ਼ ਕੌਸ਼ਲ, ਆਈ.ਏ.ਐਸ. ਸੇਵਾਮੁਕਤ, ਸੀ.ਐਸ. ਤਲਵਾੜ, ਆਈ.ਏ.ਐਸ., ਸੇਵਾਮੁਕਤ ਪ੍ਰੋ. ਸੰਦੀਪਨ ਵਰਮਾ, ਪ੍ਰੋ. ਮੋਹਿਤ ਵਰਮਾ, ਸ਼੍ਰੀ ਚਰਨਜੀਤ ਰਾਏ ਅਤੇ ਹੋਰ ਪਤਵੰਤੇ ਸਿੱਖਿਆ ਸ਼ਾਸਤਰੀ ਹਨ। 

 

 

 

  

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ

ਚੰਡੀਗੜ੍ਹ/ਬਿਊਰੋ ਨਿਊਜ਼ 

ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦੀ ਪੁਆਇੰਟ ਤੋਂ ਪੁਲਿਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਮਾਮਲਾ ਵਧਦਾ ਨਜ਼ਰ ਆ ਰਿਹਾ ਹੈ। ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਇਹ ਨਜ਼ਰਬੰਦੀ ਭਗਵੰਤ ਮਾਨ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹੈ। ਬਿੱਟੂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦੀ ਨਜ਼ਰਬੰਦੀ ਭਗਵੰਤ ਮਾਨ ਸਰਕਾਰ ਦੁਆਰਾ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕੇਂਦਰੀ ਏਜੰਸੀ ਕਿਸਾਨ ਆਗੂ ਦੀ ਗਿ੍ਰਫਤਾਰੀ ਵਿੱਚ ਸ਼ਾਮਲ ਨਹੀਂ ਹੈ। ਜ਼ਿਕਰਯੋਗ ਹੈ ਕਿ ਡੱਲੇਵਾਲ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਲਈ ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.