Thursday, 11 June 2026

ਬੀ.ਐਨ.ਪੀ. ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦੇਸ਼ ਵਿਚ ਨਵੀਂ ਸਰਕਾਰ ਦਾ ਗਠਨ

ਢਾਕਾ/ਬਿਊਰੋ ਨਿਊਜ਼ 

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਚੇਅਰਮੈਨ ਤਾਰਿਕ ਰਹਿਮਾਨ ਨੇ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਢਾਕਾ ਵਿੱਚ ਸੰਸਦ ਭਵਨ ਦੇ ਸਾਊਥ ਪਲਾਜ਼ਾ ਵਿਚ ਇੱਕ ਸਮਾਗਮ ਵਿੱਚ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਤਾਰਿਕ ਰਹਿਮਾਨ ਪਿਛਲੇ 36 ਸਾਲਾਂ ਵਿੱਚ ਬੰਗਲਾਦੇਸ਼ ਦੇ ਪਹਿਲੇ ਪੁਰਸ਼ ਪ੍ਰਧਾਨ ਮੰਤਰੀ ਬਣੇ ਹਨ। ਇਹ ਬਦਲਾਅ 12 ਫਰਵਰੀ ਨੂੰ ਹੋਈਆਂ 13ਵੀਆਂ ਸੰਸਦੀ ਚੋਣਾਂ ਵਿੱਚ ਬੀ.ਐਨ.ਪੀ. ਦੀ ਜਿੱਤ ਤੋਂ ਬਾਅਦ ਆਇਆ ਹੈ, ਜਿੱਥੇ ਉਨ੍ਹਾਂ ਦੀ ਪਾਰਟੀ ਨੇ 297 ਵਿੱਚੋਂ 209 ਸੀਟਾਂ ’ਤੇ ਕਬਜ਼ਾ ਕੀਤਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ। ਇਸ ਮੌਕੇ ਭਾਰਤ ਦੀ ਨੁਮਾਇੰਦਗੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕੀਤੀ।  

ਨਵੇਂ ਸੰਘੀ ਨਿਯਮਾਂ ਦਾ ਕੀਤਾ ਗਿਆ ਖੁਲਾਸਾ 

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਯੋਗਤਾ ਨੂੰ ਖਾਸ ਤੌਰ ’ਤੇ ਸੀਮਤ ਕਰਦੇ ਹਨ। ਇਹ ਕਦਮ ਹਾਲ ਹੀ ਦੇ ਸਾਲਾਂ ਵਿਚ ਇਸ ਪ੍ਰੋਗਰਾਮ ਦੇ ਸਭ ਤੋਂ ਸਖਤ ਸੁਧਾਰਾਂ ਵਿਚੋਂ ਇਕ ਹੈ। ਸੋਧੇ ਹੋਏ ਢਾਂਚੇ ਤਹਿਤ ਸਿਰਫ ਆਰਜ਼ੀ ਖੇਤੀਬਾੜੀ ਕਾਮੇ, ਆਰਜ਼ੀ ਗੈਰ-ਖੇਤੀਬਾੜੀ ਕਾਮੇ ਅਤੇ ਗੈਰ-ਪਰਵਾਸੀ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਨਵੇਂ ਨਿਯਮ ਰੁਜ਼ਗਾਰ ਅਧਿਕਾਰ ਦਸਤਾਵੇਜ਼ ਵਾਲੇ ਗੈਰ-ਨਾਗਰਿਕਾਂ ਨੂੰ ਵਪਾਰਕ ਡਰਾਈਵਿੰਗ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਦੀ ਇਜ਼ਾਜਤ ਦੇਣ ਦੀ ਪ੍ਰਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਦੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੀਜ਼ਾ ਸ਼ੇ੍ਰਣੀਆਂ ਵਾਲੇ ਵਿਅਕਤੀ ਹੀ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਭਾਰੀ ਵਪਾਰਕ ਵਾਹਨ ਚਲਾ ਸਕਣ।

‘ਓਏ’ ਕਹਿ ਕੇ ਬੁਲਾਉਣ ’ਤੇ ਲਗਾਈ ਪਾਬੰਦੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚਲੇ ਪੰਜਾਬ (ਲਹਿੰਦਾ ਪੰਜਾਬ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੂਬੇ ਦੇ ਪੁਲਿਸ ਮੁਲਾਜ਼ਮਾਂ ਨੂੰ ਜਨਤਾ ਨਾਲ ਸਤਿਕਾਰਯੋਗ ਅਤੇ ਨਿਮਰ ਭਾਸ਼ਾ ਵਿਚ ਗੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਜਨਤਕ ਥਾਵਾਂ ’ਤੇ ਨਾਗਰਿਕਾਂ ਨੂੰ ‘ਓਏ’ ਕਹਿ ਕੇ ਸੰਬੋਧਨ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਾਹੌਰ ਵਿਚ ਪੁਲਿਸ ਸੁਧਾਰਾਂ ਨੂੰ ਲੈ ਕੇ ਹੋਈ ਬੈਠਕ ਵਿਚ ਮਰੀਅਮ ਨਵਾਜ਼ ਨੇ ਕਿਹਾ ਕਿ ਪੁਲਿਸ ਨੂੰ ਜਨਤਾ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੁਕਸਾਨਦੇਹ ਸੋਚ ਅਤੇ ਵਿਵਹਾਰ ਨੂੰ ਬਦਲਣ ਦੀ ਲੋੜ ਹੈ ਅਤੇ ਇਸ ਨੂੰ ਲੈ ਕੇ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਸੀਐਮ ਮਰੀਅਮ ਨਵਾਜ਼ ਨੇ ਨਿਰਦੇਸ਼ ਦਿੱਤੇ ਹਨ ਕਿ ਪੁਲਿਸ ਥਾਣਿਆਂ, ਦਫਤਰਾਂ ਅਤੇ ਚੈਕਪੋਸਟ ’ਤੇ ਨਾਗਰਿਕਾਂ ਨੂੰ ‘ਸਰ ਜਾਂ ਮੈਡਮ’ ਕਹਿ ਕੇ ਸੰਬੋਧਨ ਕੀਤਾ ਜਾਵੇਗਾ। ਜੇਕਰ ਕੋਈ ਵੀ ਪੁਲਿਸ ਕਰਮੀ ਅਜਿਹਾ ਕਰਨ ਤੋਂ ਇਨਕਾਰ ਕਰੇਗਾ ਤਾਂ ਉਸ ਨੂੰ ਜਨਤਾ ਨਾਲ ਸਿੱਧੇ ਸੰਪਰਕ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਖਿਲਾਫ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।  

ਸਿਓਲ/ਬਿਊਰੋ ਨਿਊਜ਼

ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਾਨੂੰਨਸਾਜਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਲੜ੍ਹ ਉਮਰ ਦੀ ਧੀ ਦੇਸ਼ ਦੀ ਅਗਲੀ ਆਗੂ ਬਣਨ ਦੇ ਬਿਲਕੁਲ ਨੇੜੇ ਹੈ, ਕਿਉਂਕਿ ਉਹ ਆਪਣੇ ਖਾਨਦਾਨ ਦਾ ਸ਼ਾਸਨ ਚੌਥੀ ਪੀੜ੍ਹੀ ਤੱਕ ਵਧਾਉਣ ਲਈ ਕਦਮ ਚੁੱਕ ਸਕਦੇ ਹਨ। ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਇਹ ਖੁਲਾਸਾ ਅਜਿਹੇ ਸਮੇਂ ਕੀਤਾ ਜਦੋਂ ਉੱਤਰੀ ਕੋਰੀਆ ਇਸ ਮਹੀਨੇ ਦੇ ਆਖੀਰ ’ਚ ਆਪਣੀ ਸਭ ਤੋਂ ਵੱਡੀ ਸਿਆਸੀ ਕਾਨਫਰੰਸ ਕਰਨ ਦੀ ਤਿਆਰੀ ਕਰ ਰਿਹਾ ਹੈ। ਕਾਨਫਰੰਸ ’ਚ ਕਿਮ ਵੱਲੋਂ ਆਪਣੀ ਅਗਲੇ ਪੰਜ ਸਾਲਾਂ ਲਈ ਨੀਤੀਆਂ ਅਤੇ ਟੀਚੇ ਦੱਸਣ ਸਣੇ ਤਾਨਾਸ਼ਾਹੀ ਪਕੜ ਹੋਰ ਵਧਾਉਣ ਲਈ ਕਦਮ ਚੁੱਕਣ ਦੀ ਉਮੀਦ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.