Thursday, 11 June 2026

ਟਰੰਪ ਦਾ ਦਾਅਵਾ : ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ

ਵਾਸ਼ਿੰਗਟਨ/ਬਿਊਰੋ ਨਿਊਜ਼ 

ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟਰੇਡ ਡੀਲ ਦਾ ਇੰਤਜ਼ਾਰ ਸੀ, ਉਸ ਡੀਲ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਵੀ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ’ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ। ਧਿਆਨ ਰਹੇ ਕਿ ਪਿਛਲੇ ਸਾਲ ਟਰੰਪ ਨੇ ਭਾਰਤ ’ਤੇ 25 ਫੀਸਦੀ ਰੈਸੀਪ੍ਰੋਕਲ ਟੈਰਿਫ ਲਗਾਇਆ ਸੀ ਅਤੇ ਫਿਰ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ’ਤੇ 25 ਫੀਸਦੀ ਹੋਰ ਟੈਰਿਫ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ ’ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਸੀ। ਹੁਣ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ’ਤੇ ਸਿਰਫ 18 ਫੀਸਦੀ ਟੈਰਿਫ ਹੀ ਲੱਗੇਗਾ। ਅਮਰੀਕਾ, ਰੂਸੀ ਤੇਲ ਖਰੀਦਣ ਦੇ ਕਾਰਨ ਭਾਰਤ ’ਤੇ ਲੱਗਾ 25 ਫੀਸਦੀ ਟੈਰਿਫ ਬੰਦ ਕਰ ਦੇਵੇਗਾ। ਮੀਡੀਆ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਹੈ। ਇਸ ਤੋਂ ਬਾਅਦ ਟਰੰਪ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਟੁਥ ਸ਼ੋਸ਼ਲ’ ’ਤੇ ਟਰੇਡ  ਡੀਲ ਦਾ ਐਲਾਨ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਅਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ ’ਤੇ ਰਾਜ਼ੀ ਹੋ ਗਏ ਹਨ।

 

ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਘਿਰੀ ਹੋਈ ਹੈ ਸ਼ੇਖ ਹਸੀਨਾ

ਢਾਕਾ/ਬਿਊਰੋ ਨਿਊਜ਼

ਬੰਗਲਾਦੇਸ਼ ਦੀ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟ ਵੰਡ ਵਿਚ ਭਿ੍ਰਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਮਾਮਲਿਆਂ ਵਿਚ ਸ਼ੇਖ ਹਸੀਨਾ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਢਾਕਾ ਦੀ ਵਿਸ਼ੇਸ਼ ਜੱਜ ਦੀ ਅਦਾਲਤ ਦੇ ਜੱਜ ਰਬੀਉਲ ਆਲਮ ਨੇ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪੂਰਬਾਂਚਲ ਵਿਚ ਰਾਜ਼ੁਕ ਨਿਊ ਟਾਊਨ ਪ੍ਰਾਜੈਕਟ ਅਧੀਨ ਪਲਾਟਾਂ ਦੀ ਵੰਡ ਵਿਚ ਕਥਿਤ ਬੇਨਿਯਮੀਆਂ ਦੇ ਮਾਮਲਿਆਂ ਵਿਚ 78 ਸਾਲਾ ਹਸੀਨਾ, ਉਸਦੇ ਭਤੀਜੇ ਰਦਵਾਨ ਮੁਜੀਬ ਸਿੱਦੀਕ ਅਤੇ ਉਸ ਦੀਆਂ ਭਤੀਜੀਆਂ ਟਿਊਲਿਪ ਰਿਜ਼ਵਾਨਾ ਸਿੱਦੀਕ, ਅਜ਼ਮੀਨਾ ਸਿੱਦੀਕ ਅਤੇ ਹੋਰਾਂ ਨੂੰ ਸ਼ਜਾ ਸੁਣਾਈ ਹੈ। ਟਿਊਲਿਪ ਸਿੱਦੀਕ ਨੂੰ ਚਾਰ ਸਾਲ ਦੀ ਕੈਦ, ਜਦੋਂ ਕਿ ਰਦਵਾਨ ਮੁਜੀਬ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਨੂੰ ਦੋਵਾਂ ਮਾਮਲਿਆਂ ਵਿਚ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਭਾਰਤ ਅਤੇ ਯੂਰੋਪੀਅਨ ਯੂਨੀਅਨ ਵਪਾਰ ਸਮਝੌਤੇ ਦਾ ਦਿੱਤਾ ਹਵਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਯੁਕਤ ਰਾਸ਼ਟਰ (ਯੂਐਨ) ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਾਲ 2026 ਲਈ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਦਾ ਵਿਸ਼ੇਸ਼ ਹਵਾਲਾ ਦਿੱਤਾ ਅਤੇ ‘ਬਹੁ-ਧਰੁਵੀ’ ਵਿਸ਼ਵ ਵਿਵਸਥਾ ਦਾ ਸਮਰਥਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਅਮਰੀਕਾ ਅਤੇ ਚੀਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਸਮੱਸਿਆਵਾਂ ਦਾ ਹੱਲ ਕਿਸੇ ਇਕ ਸ਼ਕਤੀ ਦੇ ਹੁਕਮ ਚਲਾਉਣ ਨਾਲ ਨਹੀਂ ਨਿਕਲੇਗਾ ਅਤੇ ਨਾ ਹੀ ਦੋ ਸ਼ਕਤੀਆਂ ਵਲੋਂ ਦੁਨੀਆ ਨੂੰ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਵੰਡਣ ਨਾਲ ਹੋਵੇਗਾ। ਗੁਟੇਰੇਜ਼ ਨੇ ਕਿਹਾ ਕਿ ਜੇ ਅਸੀਂ ਇਕ ਸਥਿਤ ਦੁਨੀਆ, ਸਥਾਈ ਸ਼ਾਂਤੀ ਅਤੇ ਸਰਬਪੱਖੀ ਵਿਕਾਸ ਚਾਹੁੰਦੇ ਹਾਂ, ਤਾਂ ਸਾਨੂੰ ਵੱਖ-ਵੱਖ ਦੇਸ਼ਾਂ ਵਿਚਾਲੇ ਵਪਾਰ, ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਸੰਘਣੇ ਨੈਟਵਰਕ ਦੀ ਲੋੜ ਹੈ, ਜਿਵੇਂ ਕਿ ਹਾਲ ਹੀ ਵਿਚ ਭਾਰਤ ਅਤੇ ਯੂਰੋਪੀਅਨ ਯੂਨੀਅਨ ਸਮਝੌਤਾ ਦੇਖਣ ਨੂੰ ਮਿਲਿਆ ਹੈ। 

15 ਹਜ਼ਾਰ ਭਾਰਤੀਆਂ ’ਤੇ ਪਵੇਗਾ ਅਸਰ
ਵਾਸ਼ਿੰਗਟਨ/ਬਿਊਰੋ ਨਿਊਜ਼  
ਅਮਰੀਕਾ ਦੇ ਅਹਿਮ ਸੂਬੇ ਟੈਕਸਾਸ ਵਿਚ ਨਵੇਂ ਐਚ-1ਬੀ ਵੀਜ਼ਾ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਟੈਕਸਾਸ ਦੇ ਗਵਰਨਰ ਗਰੇਗ ਏਬਟ ਨੇ ਅਗਲੇ ਸਾਲ ਮਈ ਤੱਕ ਐਚ-1ਬੀ ਕੈਟੇਗਰੀ ਦੇ ਵੀਜ਼ਾ ਜਾਰੀ ਨਾ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪਹਿਲੇ ਫੇਜ਼ ਵਿਚ ਟੈਕਸਾਸ ਦੇ ਸਾਰੇ ਸਰਕਾਰੀ ਦਫਤਰਾਂ ਅਤੇ ਯੂਨੀਵਰਸਿਟੀਆਂ ਵਿਚ ਇਹ ਰੋਕ ਲੱਗੇਗੀ। ਇਸ ਨਿਰਦੇਸ਼ ਨਾਲ ਕਰੀਬ 15 ਹਜ਼ਾਰ ਭਾਰਤੀਆਂ ’ਤੇ ਅਸਰ ਪੈ ਸਕਦਾ ਹੈ। ਟੈਕਸਾਸ ਵਰਕ ਫੋਰਸ ਕਮਿਸ਼ਨ ਨਾਲ ਸਾਰੇ ਐਚ-1ਬੀ ਵੀਜ਼ਾ ਹੋਲਡਰਾਂ ਦੀ ਗਿਣਤੀ, ਜੌਬ ਰੋਲ, ਮੂਲ ਦੇਸ਼ ਅਤੇ ਵੀਜ਼ੇ ਦੀ ਮਿਆਦ ਪੁੱਗਣ ਬਾਰੇ 27 ਮਾਰਚ ਤੱਕ ਡੈਟਾ ਰਿਪੋਰਟ ਮੰਗੀ ਗਈ ਹੈ। ਨਵੇਂ ਨਿਰਦੇਸ਼ਾਂ ਦੇ ਅਨੁਸਾਰ ਐਚ-1ਬੀ ਵੀਜ਼ਾ ’ਤੇ ਪਾਬੰਦੀ ਇਸਦੀ ਕਥਿਤ ਦੁਰਵਰਤੋਂ ਕਾਰਨ ਲਗਾਈ ਗਈ ਹੈ। ਟੈਕਸਾਸ ਐਚ-1ਬੀ ਵੀਜ਼ੇ ਜਾਰੀ ਕਰਨ ਵਾਲਾ ਅਮਰੀਕਾ ਦਾ ਦੂਜਾ ਵੱਡਾ ਸੂਬਾ ਹੈ ਅਤੇ ਕੈਲੀਫੋਰਨੀਆ ਪਹਿਲੇ ਨੰਬਰ ’ਤੇ ਆਉਂਦਾ ਹੈ। ਅਮਰੀਕਾ ਵਿਚ ਹਰ ਸਾਲ ਭਾਰਤੀਆਂ ਨੂੰ ਮਿਲਣ ਵਾਲੇ 2 ਲੱਖ ਐਚ-1ਬੀ ਵੀਜ਼ਿਆਂ ਵਿਚੋਂ 40 ਹਜ਼ਾਰ ਦੇ ਕਰੀਬ ਟੈਕਸਾਸ ਵਿਚੋਂ ਜਾਰੀ ਹੁੰਦੇ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.