Thursday, 11 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਸਰਦ ਰੁੱਤ ਇਜਲਾਸ ਦੌਰਾਨ ਅੱਜ ਇੰਡੀਗੋ ਦੇ ਸੰਚਾਲਣ ਸੰਕਟ ਦਾ ਮੁੱਦਾ ਉਠਾਇਆ ਗਿਆ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਇੰਡੀਗੋ ਦੇ ਸੰਚਾਲਣ ਵਿਚ ਵਿਘਨ ਕਾਰਨ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ ਦੇ ਫਲੋਰ ਤੋਂ ਦੱਸਣਾ ਚਾਹੀਦਾ ਹੈ ਕਿ ਉਹ ਸੰਕਟ ਨੂੰ ਹੱਲ ਕਰਨ ਲਈ ਕੀ ਕਦਮ ਚੁੱਕ ਰਹੀ ਹੈ। ਪ੍ਰਸ਼ਨ ਕਾਲ ਖਤਮ ਹੋਣ ਤੋਂ ਤੁਰੰਤ ਬਾਅਦ ਇੰਡੀਗੋ ਦਾ ਮੁੱਦਾ ਉਠਾਉਂਦੇ ਹੋਏ, ਗੋਗੋਈ ਨੇ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਹਵਾਬਾਜ਼ੀ ਮੰਤਰਾਲਾ ਸੰਕਟ ਨੂੰ ਹੱਲ ਕਰਨ ਲਈ ਕੀ ਉਪਾਅ ਕਰ ਰਿਹਾ ਹੈ। ਇਸੇ ਦੌਰਾਨ ਸਪੀਕਰ ਓਮ ਬਿਰਲਾ ਨੇ ਗੋਗੋਈ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸਦਨ ਵਿਚ ਆਉਣਗੇ ਅਤੇ ਸਵਾਲ ਦਾ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਇੰਡੀਗੋ ਵਿਚ ਚੱਲ ਰਿਹਾ ਸੰਕਟ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਇਸਦੇ ਚੱਲਦਿਆਂ ਵੱਖ-ਵੱਖ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਹੋਈਆਂ ਹਨ।  

ਪੀਐਮ ਮੋਦੀ ਨੇ ਕਿਹਾ : ਭਾਰਤ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਕਰਦਾ ਹੈ ਸਮਰਥਨ

ਨਵੀਂ ਦਿੱਲੀ/ਬਿਊਰੋ ਨਿਊੁਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੌਰੇ ’ਤੇ ਪਹੁੰਚੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਇਕ ਵਾਰ ਫਿਰ ਸ਼ਾਂਤੀ ਦੀ ਜ਼ਰੂਰਤ ਹੈ ਅਤੇ ਭਾਰਤ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਦਾ ਹੈ। ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਵੀ ਸ਼ਾਂਤੀ ਦੇ ਪੱਖ ਵਿਚ ਹੈ। ਭਾਰਤ ਦੌਰੇ ’ਤੇ ਪਹੁੰਚੇ ਪੂਤਿਨ ਦਾ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਚ 21 ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। 

ਅਮਰੀਕਾ ਵਿਚ 15 ਦਸੰਬਰ ਤੋਂ ਲਾਗੂ ਹੋ ਰਿਹਾ ਹੈ ਨਵਾਂ ਨਿਯਮ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਨਿਯਮਾਂ ਵਿਚ ਸਖਤੀ ਦੇ ਨਿਰਦੇਸ਼ ਦਿੱਤੇ ਹਨ। ਹੁਣ ਐਚ-1ਬੀ  ਬਿਨੇਕਾਰਾਂ ਨੂੰ ਆਪਣਾ ਸ਼ੋਸ਼ਲ ਮੀਡੀਆ ਅਕਾਊਂਟ ਜਨਤਕ ਕਰਨਾ ਹੋਵੇਗਾ, ਤਾਂ ਕਿ ਅਮਰੀਕੀ ਅਧਿਕਾਰੀ ਬਿਨੇਕਾਰ ਦੀ ਪ੍ਰੋਫਾਈਲ, ਸ਼ੋਸ਼ਲ ਮੀਡੀਆ ਪੋਸਟ ਅਤੇ ਲਾਈਕਸ ਨੂੰ ਦੇਖ ਸਕਣ। ਜੇਕਰ ਬਿਨੇਕਾਰ ਦੀ ਕੋਈ ਵੀ ਸ਼ੋਸ਼ਲ ਮੀਡੀਆ ਐਕਟੀਵਿਟੀ ਅਮਰੀਕਾ ਦੇ ਹਿੱਤਾਂ ਦੇ ਖਿਲਾਫ ਦੇਖੀ ਗਈ ਤਾਂ ਐਚ-1ਬੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੈ, ਜਦੋਂ ਐਚ-1ਬੀ ਵੀਜ਼ਾ ਦੇ ਲਈ ਸ਼ੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਜ਼ਰੂਰੀ ਕੀਤੀ ਗਈ ਹੈ। ਨਵੇਂ ਨਿਯਮ ਆਉਂਦੀ 15 ਦਸੰਬਰ ਤੋਂ ਲਾਗੂ ਹੋਣਗੇ। ਇਸ ਸਬੰਧੀ ਟਰੰਪ ਪ੍ਰਸ਼ਾਸਨ ਨੇ ਸਾਰੇ ਦੂਤਾਵਾਸਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਮਰੀਕਾ ਵਿਚ ਇਸ ਨਵੇਂ ਨਿਯਮਾਂ ਨਾਲ ਭਾਰਤੀਆਂ ’ਤੇ ਸਭ ਤੋਂ ਜ਼ਿਆਦਾ ਅਸਰ ਪੈ ਸਕਦਾ ਹੈ।  

 

ਮਾਸਕੋ/ਬਿਊਰੋ ਨਿਊਜ਼

ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ ਭਾਰਤ ਅਤੇ ਰੂਸ ਵਿਚਾਲੇ ਹੋਏ ਇਕ ਸੈਨਿਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਇਹ ਦੋਵੇਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਦੇ ਮਿਲਟਰੀ ਬੇਸ, ਫੈਸਿਲਟੀਜ਼ ਅਤੇ ਸੰਸਥਾਨਾਂ ਦਾ ਇਸਤੇਮਾਲ ਅਤੇ ਐਕਸਚੇਂਜ ਕਰ ਸਕਣਗੀਆਂ। ਇਹ ਦੋਵੇਂ ਦੇਸ਼ ਇਕ ਦੂਜੇ ਦੀਆਂ ਲੌਜਿਸਟਿਕ ਸਹੂਲਤਾਂ ਦਾ ਵੀ ਇਸਤੇਮਾਲ ਕਰ ਸਕਣਗੇ ਅਤੇ ਇਸ ’ਤੇ ਆਉਣ ਵਾਲਾ ਖਰਚ ਬਰਾਬਰ-ਬਰਾਬਰ ਉਠਾਇਆ ਜਾਵੇਗਾ। ਇਹ ਮਨਜ਼ੂਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਭਾਰਤ ਦੌਰੇ ਤੋਂ ਪਹਿਲਾਂ ਦਿੱਤੀ ਗਈ ਹੈ। ਦੱਸਣਯੋਗ ਹੈ ਇਹ ਸਮਝੌਤਾ ਇਸੇ ਸਾਲ 18 ਫਰਵਰੀ ਨੂੰ ਭਾਰਤ ਅਤੇ ਰੂਸ ਵਿਚਾਲੇ ਹੋਇਆ ਸੀ ਅਤੇ ਪਿਛਲੇ ਹਫਤੇ ਰੂਸ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਸੰਸਦ ਵਿਚ ਮਨਜ਼ੂਰੀ ਦੇ ਲਈ ਭੇਜਿਆ ਸੀ। ਇਸੇ ਦੌਰਾਨ ਰੂਸ ਦੀ ਸੰਸਦ ਦੇ ਸਪੀਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਨ੍ਹਾਂ ਰਿਸ਼ਤਿਆਂ ਨੂੰ ਹੋਰ ਵੀ ਬਿਹਤਰ ਬਣਾਏਗਾ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.