Thursday, 11 June 2026

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ, ਭਾਰਤ ਨੂੰ ਐਸ.ਯੂ-57 ਲੜਾਕੂ ਜਹਾਜ਼ ਦੇਣ ਲਈ ਤਿਆਰ ਹੋ ਗਿਆ ਹੈ। ਦੁਬਈ ਏਅਰ ਸ਼ੋਅ ਵਿਚ ਰੂਸੀ ਕੰਪਨੀ ਰੋਸਟੇਕ ਦੇ ਸੀ.ਈ.ਓ. ਸਰਗੇਈ ਕੇਮੇਜੋਵ ਨੇ ਕਿਹਾ ਹੈ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਤਕਨੀਕ ਵੀ ਬਿਨਾ ਸ਼ਰਤ ਟਰਾਂਸਫਰ ਕਰਾਂਗੇ। ਰੂਸੀ ਐਸ.ਯੂ.-57 ਜਹਾਜ਼ਾਂ ਨੂੰ ਅਮਰੀਕਾ ਦੇ ਐਫ-35 ਦਾ ਤੋੜ ਮੰਨਿਆ ਜਾਂਦਾ ਹੈ। ਐਸ.ਯੂ.-57 ਦੀ ਤਰ੍ਹਾਂ ਐਫ-35 ਵੀ ਪੰਜਵੀਂ ਜਨਰੇਸ਼ਨ ਦਾ ਲੜਾਕੂ ਜਹਾਜ਼ ਹੈ। ਦੱਸਿਆ ਗਿਆ ਕਿ ਅਮਰੀਕਾ ਲੰਬੇ ਸਮੇਂ ਤੋਂ ਭਾਰਤ ਨੂੰ ਐਫ-35 ਵੇਚਣਾ ਚਾਹੁੰਦਾ ਸੀ। ਰੂਸ ਵਲੋਂ ਇਹ ਭਰੋਸਾ ਉਸ ਸਮੇਂ ਆਇਆ ਹੈ, ਜਦੋਂ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਹਾਲ ਹੀ ਦੌਰਾਨ ਮਾਸਕੋ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਧਿਆਨ ਰਹੇ ਕਿ ਪੂਤਿਨ ਅਗਲੇ ਮਹੀਨੇ ਭਾਰਤ ਪਹੁੰਚਣਗੇ। ਸੀ.ਈ.ਓ. ਸਰਗੇਈ ਕੇਮੇਜੋਵ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਰੂਸ ਕਈ ਦਹਾਕਿਆਂ ਤੋਂ ਭਰੋਸੇਮੰਦ ਡਿਫੈਂਸ ਸਾਂਝੇਦਾਰ ਰਹੇ ਹਨ। 

ਰੂਸੀ ਤੇਲ ਖਰੀਦਣ ਵਾਲਿਆਂ ’ਤੇ 500 ਫੀਸਦੀ ਲੱਗ ਸਕਦਾ ਹੈ ਟੈਰਿਫ 

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਸਖਤ ਪਾਬੰਦੀਆਂ ਲਗਾਈਆਂ ਜਾਣਗੀਆਂ। ਮੀਡੀਆ ਵਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਅਤੇ ਰਿਪਬਲਿਕ ਪਾਰਟੀ ਦੇ ਆਗੂ ਅਜਿਹੇ ਕਾਨੂੰਨ ਬਣਾ ਰਹੇ ਹਨ, ਜਿਸਦਾ ਮਕਸਦ ਰੂਸ ’ਤੇ ਦਬਾਅ ਵਧਾਉਣਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਰੂੁਸ ਹੀ ਨਹੀਂ, ਈਰਾਨ ਦੇ ਨਾਲ ਵੀ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਰੂਸ ਕੋਲੋਂ ਤੇਲ ਖਰੀਦਣ ਵਾਲੇ ਅਤੇ ਫਿਰ ਵੇਚਣ ਵਾਲੇ ਦੇਸ਼ਾਂ ’ਤੇ 500 ਫੀਸਦੀ ਟੈਰਿਫ ਲਗਾਇਆ ਜਾਵੇ। ਧਿਆਨ ਰਹੇ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ ਪਹਿਲਾਂ ਹੀ 50 ਫੀਸਦੀ ਟੈਰਿਫ ਲਗਾਇਆ ਹੋਇਆ ਹੈ। ਇਸ ਵਿਚ 25 ਫੀਸਦੀ ਵਾਧੂ ਟੈਰਿਫ ਸਿਰਫ ਇਸ ਲਈ ਲਗਾਇਆ ਗਿਆ ਹੈ ਕਿ ਭਾਰਤ, ਰੂਸ ਕੋਲੋਂ ਤੇਲ ਅਤੇ ਗੈਸ ਖਰੀਦਦਾ ਹੈ। 

ਢਾਕਾ/ਬਿਊਰੋ ਨਿਊਜ਼ 

ਬੰਗਲਾਦੇਸ਼ੀ ਟਿ੍ਰਬਿਊਨਲ ਨੇ ਮੁਲਕ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਸਾਬਕਾ ਗ੍ਰਹਿ ਮੰਤਰੀ ਅਸਦ ਉਜ਼ ਜ਼ਮਾਨ ਖ਼ਾਨ ਕਾਮਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਸੀਨਾ ਉੱਤੇ ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਮਨੁੱਖਤਾ ਖਿਲਾਫ ਕਥਿਤ ਅਪਰਾਧਾਂ ਦੇ ਮਾਮਲੇ ’ਚ ਮੁਕੱਦਮਾ ਚਲਾਇਆ ਗਿਆ ਸੀ। ਵਿਦਿਆਰਥੀ ਅੰਦੋਲਨ ਕਰਕੇ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਤੇ ਉਸ ਨੂੰ ਮੁਲਕ ਛੱਡ ਕੇ ਭੱਜਣਾ ਪਿਆ ਸੀ। ਇਸ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੇ ਕਿਹਾ ਕਿ ਇਹ ਫੈਸਲਾ ਇੱਕ ਗੈਰ-ਚੁਣੀ ਹੋਈ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਟਿ੍ਰਬਿਊਲ ਵਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਸਦੀ ਪ੍ਰਧਾਨਗੀ ਇੱਕ ਅਜਿਹੇ ਟਿ੍ਰਬਿਊਨਲ ਨੂੰ ਦਿੱਤੀ ਗਈ ਹੈ, ਜਿਸ ਨੂੰ ਲੋਕਤੰਤਰੀ ਅਧਿਕਾਰ ਨਹੀਂ ਹੈ। ਇਸ ਦੇ ਚੱਲਦਿਆਂ ਫੈਸਲੇ ਤੋਂ ਪਹਿਲਾਂ ਪੂਰੇ ਬੰਗਲਾਦੇਸ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ। ਪੁਲਿਸ ਨੂੰ ਕੌਮੀ ਰਾਜਧਾਨੀ ਢਾਕਾ ਵਿੱਚ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। 

ਮਰਨ ਵਾਲਿਆਂ ਵਿਚ ਜ਼ਿਆਦਾਤਰ ਭਾਰਤੀ ਵਿਅਕਤੀ

ਨਵੀਂ ਦਿੱਲੀ/ਬਿਊਰੋ ਨਿਊਜ਼

ਸਾਊਦੀ ਅਰਬ ਵਿਚ ਮੱਕਾ ਤੋਂ ਮਦੀਨਾ ਜਾ ਰਹੀ ਇਕ ਬੱਸ ਦੀ ਡੀਜ਼ਲ ਵਾਲੇ ਟੈਂਕਰ ਨਾਲ ਭਿਆਨਕ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿਚ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਵਿਅਕਤੀ ਹੈਦਰਾਬਾਦ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਲੰਘੀ ਰਾਤ ਨੂੰ ਹੋਇਆ ਹੈ। ਇਸ ਬੱਸ ਵਿਚ ਕੁੱਲ 43 ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿਚੋਂ ਸਿਰਫ ਇਕ ਹੀ ਵਿਅਕਤੀ ਬਚਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੜਕ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸੇ ਤਰ੍ਹਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟਾਇਆ। ਇਸ ਘਟਨਾ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਸਕੱਤਰੇਤ ਵਿਖੇ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ ਤਾਂ ਜੋ ਪਰਿਵਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.