Thursday, 11 June 2026

ਭਿ੍ਰਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਤਿਆਰੀ ’ਚ ਜੁਟੀ ਏਜੰਸੀ

ਢਾਕਾ/ਬਿਊਰੋ ਨਿਊਜ਼ 

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਲਾਕਰ ਵਿਚੋਂ ਕਰੀਬ 9 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਇਹ ਗਹਿਣੇ ਅਗਰੀਨੀ ਬੈਂਕ ਦੇ ਦੋ ਲਾਕਰਾਂ ਵਿਚ ਰੱਖੇ ਹੋਏ ਸਨ। ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਇਨ੍ਹਾਂ ਗਹਿਣਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਅਦਾਲਤ ਦੀ ਇਜ਼ਾਜਤ ਤੋਂ ਬਾਅਦ ਮੈਜਿਸਟਰੇਟ ਦੀ ਹਾਜ਼ਰੀ ਵਿਚ ਇਨ੍ਹਾਂ ਲਾਕਰਾਂ ਨੂੰ ਖੋਲ੍ਹਿਆ ਗਿਆ ਸੀ। ਬੰਗਲਾਦੇਸ਼ ਦੇ ਮੀਡੀਆ ਮੁਤਾਬਕ ਦੇਸ਼ ਦਾ ਐਂਟੀ ਕਰੱਪਸ਼ਨ ਕਮਿਸ਼ਨ ਹੁਣ ਸ਼ੇਖ ਹਸੀਨਾ ਦੇ ਖਿਲਾਫ ਭਿ੍ਰਸ਼ਟਾਚਾਰ ਅਤੇ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪਤੀ ਦੇ ਨਵੇਂ ਮਾਮਲੇ ਦਰਜ ਕਰਨ  ਦੀ ਤਿਆਰੀ ਵਿਚ ਹੈ। ਐਂਟੀ ਕਰੱਪਸ਼ਨ ਕਮਿਸ਼ਨ ਦੀ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼  

ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ। ਇਸ ਵਿਸਫੋਟ ਨਾਲ ਉਡਣ ਵਾਲੀ ਰਾਖ ਅਤੇ ਸਲਫਰ ਡਾਈਆਕਸਾਈਡ ਕਰੀਬ 15 ਕਿਲੋਮੀਟਰ ਉਚਾਈ ਤੱਕ ਪਹੁੰਚ ਗਈ। ਇਹ ਲਾਲ ਸਾਗਰ ਪਾਰ ਕਰਦੇ ਹੋਏ ਯਮਨ ਅਤੇ ਓਮਾਨ ਤੱਕ ਫੈਲ ਗਈ। ਲੰਘੀ ਰਾਤ ਕਰੀਬ 11 ਵਜੇ ਇਹ ਰਾਖ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਆਸਮਾਨ ’ਤੇ ਵੀ ਛਾ ਗਈ ਸੀ। ਹੁਣ ਇਹ ਰਾਖ ਭਾਰਤ ’ਚੋਂ ਹਟ ਰਹੀ ਹੈ ਅਤੇ ਚੀਨ ਵੱਲ ਵਧ ਰਹੀ ਹੈ। ਇੰਡੀਆ ਮੇਟ ਸਕਾਈ ਵੈਦਰ ਅਲਰਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਕਰਕੇ ਏਅਰ ਇੰਡੀਆ ਨੇ ਆਪਣੀਆਂ 11 ਉਡਾਣਾਂ ਰੱਦ ਕਰ ਦਿੱਤੀਆਂ ਸਨ। ਏਅਰਪੋਰਟ ਦੇ ਅਧਿਕਾਰੀਆਂ ਨੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਏਅਰ ਲਾਈਨਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰਾਖ ਵਾਲੇ ਇਲਾਕਿਆਂ ਅਤੇ ਉਚਾਈਆਂ ਤੋਂ ਉਡਾਨ ਨਾ ਭਰਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਗੁਬਾਰ ਦੀ ਉਚਾਈ ਏਨੀ ਜ਼ਿਆਦਾ ਸੀ ਕਿ ਆਮ ਲੋਕਾਂ ਦੀ ਜ਼ਿੰਦਗੀ ’ਤੇ ਇਸਦਾ ਅਸਰ ਕਾਫੀ ਘੱਟ ਹੋਇਆ ਹੈ।

ਭਾਰਤ ਦੀ ਮਣਿਕਾ ਵਿਸ਼ਵਕਰਮਾ ਟੌਪ 30 ਤੱਕ ਹੀ ਪਹੁੰਚੀ

ਨਵੀਂ ਦਿੱਲੀ/ਬਿਊਰੋ ਨਿਊਜ਼     

ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਹਾਸਲ ਕਰ ਲਿਆ ਹੈ। ਫਾਤਿਮਾ ਬੋਸ਼ ਦੀ ਉਮਰ 25 ਸਾਲ ਹੈ। ਇਸਦੇ ਚੱਲਦਿਆਂ ਮਿਸ ਯੂਨੀਵਰਸ ਮੁਕਾਬਲੇ ਲਈ ਭਾਰਤ ਵਲੋਂ ਗਈ ਮਣਿਕਾ ਵਿਸ਼ਵਕਰਮਾ ਟੌਪ-30 ਤੱਕ ਤਾਂ ਪਹੁੰਚ ਗਈ, ਪਰ ਉਹ ਟੌਪ-12 ਵਿਚ ਜਗ੍ਹਾ ਨਹੀਂ ਬਣਾ ਸਕੀ। ਚਾਰ ਰਾਊਂਡ ਤੋਂ ਬਾਅਦ ਟੌਪ-5 ਵਿਚ ਥਾਈਲੈਂਡ ਦੀ ਪਰਵੀਨਰ, ਫਿਲੀਪੀਨਜ਼ ਦੀ ਆਤਿਮਾ ਮਨਾਲੋ, ਵੈਨਜੂਏਲਾ ਦੀ ਸਟੇਫਨੀ ਅਬਸਾਲੀ, ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਅਤੇ ਆਈਬਰੀ ਕੋਸਟ ਦੀ ਓਲੀਵੀਆ ਯਾਸੇ ਨੇ ਜਗ੍ਹਾ ਬਣਾਈ ਸੀ। ਇਸ ਤੋਂ ਬਾਅਦ ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਜੇਤੂ ਐਲਾਨਿਆ ਗਿਆ। ਫਾਤਿਮਾ ਬੋਸ਼ ਨੂੰ 2024 ਦੀ ਮਿਸ ਯੂਨੀਵਰਸ ਵਿਕਟੋਰੀਆ ਥੇਲਵਿਗ ਨੇ ਤਾਜ ਪਹਿਨਾਇਆ। ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ 2025 ਵਿਚ ਥਾਈਲੈਂਡ ਦੀ ਪਰਵੀਨਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

 

 

ਅਮਰੀਕੀ ਰਾਸ਼ਟਰਪਤੀ ਦਾ ਦਾਅਵਾ : ਪੀਐਮ ਮੋਦੀ ਨੇ ਕਿਹਾ ਸੀ ਅਸੀਂ ਜੰਗ ਨਹੀਂ ਕਰਾਂਗੇ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 350% ਟੈਰਿਫ ਲਗਾਉਣ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਸੀ। ਟਰੰਪ ਨੇ ਅਮਰੀਕਾ-ਸਾਊਦੀ ਇਨਵੈਸਟਮੈਂਟ ਫੋਰਮ ਦੌਰਾਨ ਬੋਲਦੇ ਹੋਏ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀ। ਫੋਨ ’ਤੇ ਉਨ੍ਹਾਂ ਸ਼ੁਕਰੀਆ ਕਿਹਾ ਅਤੇ ਦੱਸਿਆ ਕਿ ਤੁਸੀਂ ਲੱਖਾਂ ਜਾਨਾਂ ਬਚਾਈਆਂ ਹਨ। ਇਸ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ ਵੀ ਆਇਆ ਅਤੇ ਪੀਐਮ ਮੋਦੀ ਨੇ ਕਿਹਾ ਸੀ ਕਿ ਅਸੀਂ ਜੰਗ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਟਰੰਪ ਵਲੋਂ ਇਹ ਦਾਅਵਾ 60 ਵਾਰ ਤੋਂ ਜ਼ਿਆਦਾ ਵਾਰ ਦੁਹਰਾਇਆ ਜਾ ਚੁੱਕਾ ਹੈ। ਜਦੋਂ ਕਿ ਭਾਰਤ ਲਗਾਤਾਰ ਇਹ ਕਹਿ ਰਿਹਾ ਹੈ ਕਿ ਜੰਗਬੰਦੀ ਵਿਚ ਕੋਈ ਤੀਜਾ ਦੇਸ਼ ਸ਼ਾਮਲ ਨਹੀਂ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.