Thursday, 11 June 2026

ਭੂਚਾਲ ਦੀ ਤੀਬਰਤਾ 6 ਮਾਪੀ ਗਈ 

ਕਾਬੁਲ/ਬਿਊਰੋ ਨਿਊਜ਼

ਪੂਰਬੀ ਅਫਗਾਨਿਸਤਾਨ ਵਿਚ ਲੰਘੀ ਦੇਰ ਰਾਤ ਆਏ ਭੂਚਾਲ ਕਾਰਨ 600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਵਿਅਕਤੀ ਜ਼ਖ਼ਮੀ ਦੱਸੇ ਗਏ ਹਨ। ਇਹ ਦਾਅਵਾ ਤਾਲਿਬਾਨ ਸਰਕਾਰ ਦੇ ਤਰਜਮਾਨ ਨੇ ਕੀਤਾ ਹੈ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਗਤੀ 6 ਮਾਪੀ ਗਈ ਹੈ। ਇਸ ਭੂਚਾਲ ਨਾਲ ਕਈ ਪਿੰਡ ਤਬਾਹ ਹੋ ਗਏ ਅਤੇ ਭਾਰੀ ਨੁਕਸਾਨ ਹੋਇਆ। ਇਹ ਭੂਚਾਲ ਐਤਵਾਰ ਦੇਰ ਰਾਤੀਂ 12 ਵਜੇ ਦੇ ਕਰੀਬ ਆਇਆ ਅਤੇ ਇਸਦਾ ਕੇਂਦਰ ਸਿਰਫ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਮੀਡੀਆ ਦੀ ਰਿਪੋਰਟ ਮੁਤਾਬਕ ਭੂਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਅਤੇ ਪੰਜਾਬ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ ਹਨ। ਇਸੇ ਦੌਰਾਨ ਭਾਰਤ ਦੇ ਗੁਰੂਗਰਾਮ ਵਿਚ ਵੀ ਭੂਚਾਲ ਦੇ ਹਲਕੇ ਜਿਹੇ ਝਟਕੇ ਮਹਿਸੂਸ ਕੀਤੇ ਗਏ ਹਨ।

ਜਪਾਨ ’ਚ ਮੋਦੀ ਨੇ ਕਿਹਾ : ਦੁਨੀਆਂ ਦੀਆਂ ਨਜ਼ਰਾਂ ਹੀ ਨਹੀਂ ਸਗੋਂ ਭਰੋਸਾ ਵੀ ਭਾਰਤ ’ਤੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਜਪਾਨ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਟੋਕੀਓ ਵਿਚ ਭਾਰਤ-ਜਪਾਨ ਦੀ ਸਾਂਝੀ ਇਕਨੌਮਿਕ ਫੋਰਮ ਦੀ ਬੈਠਕ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿਚ ਮੋਦੀ ਨੇ ਭਾਰਤ ਨੂੰ ਨਿਵੇਸ਼ ਦੇ ਲਈ ਸਭ ਤੋਂ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਹੀ ਨਹੀਂ, ਸਗੋਂ ਭਰੋਸਾ ਵੀ ਭਾਰਤ ’ਤੇ ਹੈ। ਮੋਦੀ ਨੇ ਕਿਹਾ ਕਿ ਜਪਾਨ ਟੈਕਨਾਲੋਜੀ ਵਿਚ ਪਾਵਰ ਹਾਊਸ ਹੈ ਤੇ ਭਾਰਤ ਟੇਲੈਂਟ ਦਾ ਪਾਵਰ ਹਾਊਸ ਹੈ। ਪੀ.ਐਮ. ਨੇ ਕਿਹਾ ਕਿ ਭਾਰਤ ਅਤੇ ਜਪਾਨ ਵਿਚ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ  ਇਸ਼ੀਬਾ ਨੇ ਕਿਹਾ ਕਿ ਭਾਰਤੀ ਟੇਲੈਂਟ ਅਤੇ ਜਪਾਨੀ ਤਕਨੀਕ ਇਕ ਦੂਜੇ ਦੇ ਲਈ ਹੀ ਬਣੇ ਹਨ। ਧਿਆਨ ਰਹੇ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ 8ਵੀਂ ਜਪਾਨ ਯਾਤਰਾ ਹੈ।

ਅਮਰੀਕਾ ’ਚ ਭਾਰਤੀ ਜਵੈਲਰੀ ਅਤੇ ਕੱਪੜਿਆਂ ਦੀ ਮੰਗ ’ਚ ਆ ਸਕਦੀ ਹੈ ਗਿਰਾਵਟ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਅੱਜ ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਇਸ 50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਭਾਰਤੀ ਕੱਪੜੇ, ਜਵੈਲਰੀ, ਫਰਨੀਚਰ ਅਤੇ ਸੀ-ਫੂਡ ਵਰਗੇ ਪ੍ਰੋਡਕਟਸ ਮਹਿੰਗੇ ਹੋ ਜਾਣਗੇ। ਇਸ ਨਾਲ ਇਨ੍ਹਾਂ ਵਸਤੂਆਂ ਦੀ ਮੰਗ ਵਿਚ 70 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਚੀਨ, ਵੀਅਤਨਾਮ ਅਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਸ ਸਮਾਨ ਨੂੰ ਸਸਤੇ ਭਾਅ ’ਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਕੋਲੋਂ ਤੇਲ ਖਰੀਦਣ ਕਰਕੇ ਭਾਰਤ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵਪਾਰ ਘਾਟੇ ਦਾ ਹਵਾਲਾ ਦੇ ਕੇ ਭਾਰਤ ’ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਗਾਇਆ ਸੀ। ਯਾਨੀ ਕੁੱਲ ਮਿਲਾ ਕੇ ਅਮਰੀਕਾ ਵਿਚ ਹੁਣ ਭਾਰਤੀ ਵਸਤੂਆਂ ’ਤੇ ਟੈਰਿਫ 50 ਫੀਸਦੀ ਹੋ ਗਿਆ ਹੈ। 

 

ਕਰਤਾਰਪੁਰ ਸਾਹਿਬ-ਨਾਰੋਵਾਲ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਬੰਦ

ਚੰਡੀਗੜ੍ਹ/ਬਿਊਰੋ ਨਿਊਜ਼  

ਪਹਾੜੀ ਇਲਾਕਿਆਂ ’ਚ ਜ਼ਿਆਦਾ ਮੀਂਹ ਪੈਣ ਅਤੇ ਡੈਮਾਂ ’ਚੋਂ ਛੱਡੇ ਗਏ ਪਾਣੀ ਕਾਰਨ ਰਾਵੀ ਦਰਿਆ ਵਿਚ ਆਏ ਪਾਣੀ ਦੇ ਉਛਾਲ ਕਰਕੇ ਪਾਕਿਸਤਾਨ ’ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਵਿਚ ਪਾਣੀ ਭਰ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ ਹਨ। ਹੜ੍ਹ ਨੇ ਗੁਰਦੁਆਰਾ ਸਾਹਿਬ ਦੇ ਨੇੜਲੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸ੍ਰੀ ਕਰਤਾਰਪੁਰ ਸਾਹਿਬ ਤੋਂ ਨਾਰੋਵਾਲ ਜਾਣ ਵਾਲੀ ਸੜਕ ’ਤੇ ਵੀ ਜ਼ਿਆਦਾ ਪਾਣੀ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕੋਰੀਡੋਰ ’ਤੇ ਬਣੇ ਪੁਲ ਹੇਠੋਂ ਵੀ ਧੁੱਸੀ ਬੰਨ੍ਹ ਟੁੱਟ ਗਿਆ ਤੇ ਪਾਣੀ ਕੋਰੀਡੋਰ ਚੈਕ ਪੋਸਟ ਅਤੇ ਖੇਤਾਂ ਵਿਚ ਦਾਖਲ ਹੋ ਗਿਆ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.