Thursday, 11 June 2026

 

ਐਸ.ਸੀ.ਓ. ਸਮਿਟ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸ.ਸੀ.ਓ. ਸਮਿਟ ਵਿਚ ਸ਼ਾਮਲ ਹੋਣ ਲਈ ਚੀਨ ਜਾ ਰਹੇ ਹਨ। ਪੀਐਮ ਮੋਦੀ ਦਾ ਇਹ ਦੌਰਾ 31 ਅਗਸਤ ਅਤੇ 1 ਸਤੰਬਰ ਨੂੰ ਹੋਵੇਗਾ। ਦੱਸਣਯੋਗ ਹੈ ਕਿ 2020 ਵਿਚ ਗਲਵਾਨ ਘਾਟੀ ਵਿਚ ਭਾਰਤ-ਚੀਨ ਦੇ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ। ਮੋਦੀ ਇਸ ਤੋਂ ਪਹਿਲਾਂ 2018 ਵਿਚ ਚੀਨ ਗਏ ਸਨ। ਪ੍ਰਧਾਨ ਮੰਤਰੀ ਦੇ ਤੌਰ ’ਤੇ ਮੋਦੀ ਦਾ ਇਹ ਛੇਵਾਂ ਚੀਨ ਦੌਰਾ ਹੋਵੇਗਾ, ਜੋ 70 ਸਾਲਾਂ ਵਿਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਸਭ ਤੋਂ ਜ਼ਿਆਦਾ ਚੀਨ ਯਾਤਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਜਾਣ ਤੋਂ ਪਹਿਲਾਂ ਮੋਦੀ 30 ਅਗਸਤ ਨੂੰ ਜਪਾਨ ਦੇ ਦੌਰੇ ’ਤੇ ਜਾਣਗੇ ਅਤੇ ਉਥੇ ਉਹ ਭਾਰਤ-ਜਪਾਨ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ ਹੋਰ ਜ਼ਿਆਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਅਮਰੀਕਾ ਦਾ ਨਾਮ ਲੈ ਕੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਭਾਰਤ ਨੂੰ ਪਰਵਾਹ ਨਹੀਂ ਹੈ ਕਿ ਰੂਸ ਦੇ ਹਮਲੇ ਵਿਚ ਕਿੰਨੇ ਵਿਅਕਤੀਆਂ ਦੀ ਜਾਨ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਇਸ ਲਈ ਮੈਂ ਭਾਰਤ ’ਤੇ ਟੈਰਿਫ ਨੂੰ ਵਧਾਉਣ ਜਾ ਰਿਹਾ ਹਾਂ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਦੁਨੀਆ ਦੀ ਵਿਵਸਥਾ ਵਿਚ ਹੁਣ ਕਿਸੇ ਇਕ ਦਾ ਦਬਦਬਾ ਨਹੀਂ ਚਲੇਗਾ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਲਈ ਹਰ ਜ਼ਰੂਰੀ ਕਦਮ ਉਠਾਵਾਂਗੇ। ਧਿਆਨ ਰਹੇ ਕਿ ਟਰੰਪ ਨੇ ਪਿਛਲੇ ਹਫਤੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਇਆ ਸੀ, ਜੋ 7 ਅਗਸਤ ਤੋਂ ਲਾਗੂ ਹੋਵੇਗਾ। 

 

ਨਵੀਂ ਦਿੱਲੀ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸੀ ਅਤੇ ਈਰਾਨੀ ਤੇਲ ਖਰੀਦਣਾ ਬੰਦ ਕਰਨ ਦੀ ਚਿਤਾਵਨੀ ਹੁਣ ਬੇਅਸਰ ਜਾਪਦੀ ਹੈ। ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀਆਂ ਊਰਜਾ ਜ਼ਰੂਰਤਾਂ ਦੇ ਮਾਮਲੇ ਵਿਚ ਕਿਸੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕਰੇਗਾ। ਸਟਾਕਹੋਮ ਵਿਚ ਵਪਾਰਕ ਗੱਲਬਾਤ ਤੋਂ ਬਾਅਦ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਸਭ ਤੋਂ ਉਪਰ ਹਨ ਅਤੇ ਰੂਸ-ਈਰਾਨ ਤੋਂ ਤੇਲ ਦੀ ਦਰਾਮਦ ਜਾਰੀ ਰਹੇਗੀ। ਟਰੰਪ ਦੀ 100 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦੇ ਬਾਵਜੂਦ ਚੀਨ ਨੇ ਸਪੱਸ਼ਟ ਜਵਾਬ ਦਿੱਤਾ ਹੈ ਕਿ ਦਬਾਅ ਅਤੇ ਧਮਕੀਆਂ ਕਾਰਨ ਉਸਦੀ ਨੀਤੀ ਨਹੀਂ ਬਦਲੇਗੀ। ਅਮਰੀਕੀ ਦਬਾਅ ਦੇ ਬਾਵਜੂਦ, ਚੀਨ ਨੇ ਰੂਸ ਅਤੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। 

 

ਟਰੰਪ ਵਲੋਂ 90 ਦੇਸ਼ਾਂ ਨੂੰ ਦਿੱਤੀ ਗਈ ਰਾਹਤ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 25 ਪ੍ਰਤੀਸ਼ਤ ਟੈਰਿਫ ਨੂੰ 7 ਦਿਨਾਂ ਲਈ ਟਾਲ ਦਿੱਤਾ ਹੈ। ਇਹ ਟੈਰਿਫ ਅੱਜ 1 ਅਗਸਤ ਤੋਂ ਲਾਗੂ ਹੋਣਾ ਸੀ, ਜੋ ਹੁਣ 7 ਅਗਸਤ ਤੋਂ ਲਾਗੂ ਹੋਵੇਗਾ। ਟਰੰਪ ਨੇ 92 ਦੇਸ਼ਾਂ ’ਤੇ ਨਵੇਂ ਟੈਰਿਫ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਭਾਰਤ ’ਤੇ 25 ਪ੍ਰਤੀਸ਼ਤ ਅਤੇ ਪਾਕਿਸਤਾਨ ’ਤੇ 19 ਪ੍ਰਤੀਸ਼ਤ ਟੈਰਿਫ ਲਗਾਇਆ ਗਿਆ ਹੈ। ਹਾਲਾਂਕਿ ਕੈਨੇਡਾ ’ਤੇ ਅੱਜ ਤੋਂ ਹੀ 35 ਪ੍ਰਤੀਸ਼ਤ ਟੈਰਿਫ ਲਾਗੂ ਹੋ ਗਿਆ ਹੈ। ਸਾਊਥ ਏਸ਼ੀਆ ਵਿਚ ਸਭ ਤੋਂ ਘੱਟ ਟੈਰਿਫ ਪਾਕਿਸਤਾਨ ’ਤੇ ਲਗਾਇਆ ਗਿਆ। ਅਮਰੀਕਾ ਨੇ ਪਹਿਲਾਂ ਪਾਕਿਸਤਾਨ ’ਤੇ 29 ਪ੍ਰਤੀਸ਼ਤ ਟੈਰਿਫ ਲਗਾਇਆ ਹੋਇਆ ਸੀ। ਇਸੇ ਦੌਰਾਨ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ 41 ਪ੍ਰਤੀਸ਼ਤ ਟੈਰਿਫ ਸੀਰੀਆ ’ਤੇ ਲਗਾਇਆ ਗਿਆ ਹੈ। ਇਸ ਲਿਸਟ ਵਿਚ ਚੀਨ ਦਾ ਨਾਮ ਸ਼ਾਮਲ ਨਹੀਂ ਹੈ। ਧਿਆਨ ਰਹੇ ਕਿ ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ਾਂ ’ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਪਰ 7 ਦਿਨਾਂ ਬਾਅਦ ਹੀ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ ਗਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਟਰੰਪ ਨੇ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.