Thursday, 11 June 2026

ਭਲਕੇ 27 ਅਗਸਤ ਤੋਂ ਅਮਲ ’ਚ ਆਉਣੀਆਂ ਨਵਾਂ ਦਰਾਂ

ਨਵੀਂ ਦਿੱਲੀ/ਬਿਊਰੋ ਨਿਊਜ਼  

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਭਾਰਤ ਤੋਂ ਹੋਣ ਵਾਲੇ ਆਯਾਤ ’ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਵਾਲਾ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜੁਰਮਾਨੇ ਦੇ ਤੌਰ ’ਤੇ ਲਗਾਇਆ ਗਿਆ ਇਹ ਟੈਰਿਫ ਭਲਕੇ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੀ 6 ਅਗਸਤ ਨੂੰ ਰੂਸ ਕੋਲੋਂ ਤੇਲ ਖਰੀਦਣ ਕਰਕੇ ਭਾਰਤ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵਪਾਰ ਘਾਟੇ ਦਾ ਹਵਾਲਾ ਦੇ ਕੇ ਭਾਰਤ ’ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਗਾਇਆ ਸੀ। ਯਾਨੀ ਕੁੱਲ ਮਿਲਾ ਕੇ ਅਮਰੀਕਾ ’ਚ ਹੁਣ ਭਾਰਤੀ ਵਸਤੂਆਂ ’ਤੇ ਟੈਰਿਫ 50 ਫੀਸਦੀ ਤੱਕ ਲੱਗੇਗਾ। 

 

ਨਵੀਂ ਦਿੱਲੀ/ਬਿਊੁਰੋ ਨਿਊਜ਼

ਰੂਸ ਵਿਚ ਭਾਰਤ ਦੇ ਰਾਜਦੂਤ ਵਿਨੇ ਕੁਮਾਰ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਤੇਲ ਉਥੋਂ ਖਰੀਦਣਗੀਆਂ, ਜਿਥੋਂ ਸਭ ਤੋਂ ਵਧੀਆ ਸੌਦਾ ਮਿਲੇਗਾ। ਉਨ੍ਹਾਂ ਨੇ ਭਾਰਤ ’ਤੇ ਅਮਰੀਕਾ ਦੇ 50 ਫੀਸਦੀ ਟੈਰਿਫ ਨੂੰ ਬੇਬੁਨਿਆਦ ਦੱਸਿਆ। ਧਿਆਨ ਰਹੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਖਰੀਦਣ ਕਰਕੇ ਭਾਰਤ ’ਤੇ 25 ਫੀਸਦੀ ਵਾਧੂ ਟੈਰਿਫ ਲਗਾਇਆ ਹੈ, ਜੋ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਜੁਲਾਈ ਮਹੀਨੇ ’ਚ ਭਾਰਤ ’ਤੇ 25 ਫੀਸਦੀ ਟੈਰਿਫ ਲਗਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਭਾਰਤੀ ਸਮਾਨ ਦੇ ਆਯਾਤ ’ਤੇ ਅਮਰੀਕਾ ’ਚ 50 ਫੀਸਦੀ ਟੈਰਿਫ ਦੇਣਾ ਹੋਵੇਗਾ।

ਭਾਰਤੀ ਟਰੱਕ ਡਰਾਈਵਰ ਦੀ ਗਲਤੀ ਮਗਰੋਂ ਲਿਆ ਵੱਡਾ ਫੈਸਲਾ

ਵਾਸ਼ਿੰਗਟਨ/ਬਿਊਰੋ ਨਿਊਜ਼   

ਅਮਰੀਕਾ ਦੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਡਰਾਈਵਰਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ਵਿਚ ਬੈਠੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਇਕ ਪੰਜਾਬੀ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟਰੱਕ ਗਲਤ ਦਿਸ਼ਾ ਵੱਲ ਮੋੜ ਦਿੱਤਾ ਸੀ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਇਹ ਐਲਾਨ ਕੀਤਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ।

ਸਰਕਾਰ ਨੇ ਕਿਹਾ : ਮਲਟੀਨੈਸ਼ਨਲ ਟੂਰਨਾਮੈਂਟ ’ਚ ਖੇਡਣ ’ਤੇ ਰੋਕ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼

ਕ੍ਰਿਕਟ ਦੇ ਏਸ਼ੀਆ ਕੱਪ ਵਿਚ ਭਾਰਤ ਤੇ ਪਾਕਿਸਤਾਨ ਦੇ ਖੇਡ ਮੁਕਾਬਲੇ ਦਾ ਰਸਤਾ ਸਾਫ ਹੋ ਗਿਆ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਕਿਹਾ ਹੈ ਕਿ ਮਲਟੀਨੈਸ਼ਨਲ ਟੂਰਨਾਮੈਂਟ ਵਿਚ ਪਾਕਿਸਤਾਨ ਨਾਲ ਖੇਡਣ ’ਤੇ ਰੋਕ ਨਹੀਂ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਦੁਵੱਲੀ ਲੜੀ ਵਿਚ ਭਾਰਤ ਦਾ ਸਟੈਂਡ ਬਰਕਰਾਰ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਕ੍ਰਿਕਟ ਏਸ਼ੀਆ ਕੱਪ ਦਾ ਮੇਜ਼ਬਾਨ ਹੈ। ਪਾਕਿਸਤਾਨ ਨੇ ਭਾਰਤ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਇਹ ਟੂਰਨਾਮੈਂਟ ਯੂ.ਏ.ਈ. ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 10 ਸਤੰਬਰ ਨੂੰ ਯੂ.ਏ.ਈ. ਨਾਲ ਹੋਵੇਗਾ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.