Friday, 17 April 2026

 

ਏਅਰਪੋਰਟ ’ਤੇ ਵੀ ਪੀਐਮ ਨੂੰ ਦਿੱਤਾ ਗਿਆ ਗਾਰਡ ਆਫ ਆਨਰ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਿਚ ਜੀ-20 ਸੰਮੇਲਨ ਦੀ ਬੈਠਕ ਤੋਂ ਬਾਅਦ ਕੈਰੇਬਿਆਈ ਦੇਸ਼ ਗੁਆਨਾ ਪਹੁੰਚ ਗਏ। ਰਾਜਧਾਨੀ ਜਾਰਜਟਾਊਨ ਵਿਚ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਤੇ ਪ੍ਰਧਾਨ ਮੰਤਰੀ ਐਂਟਨੀ ਫਿਲਿਪਸ ਪ੍ਰੋਟੋਕਾਲ ਤੋੜ ਕੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ। ਉਨ੍ਹਾਂ ਦੇ ਨਾਲ ਇਕ ਦਰਜਨ ਦੇ ਕਰੀਬ ਕੈਬਨਿਟ ਮੰਤਰੀਆਂ ਨੇ ਵੀ ਮੋਦੀ ਦਾ ਸਵਾਗਤ ਕੀਤਾ। ਏਅਰਪੋਰਟ ’ਤੇ ਪੀਐਮ ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ ਜਾਰਜਟਾਊਨ ਦੇ ਇਕ ਹੋਟਲ ਵਿਚ ਪੀਐਮ ਮੋਦੀ ਦਾ ਸਵਾਗਤ ਵੀ ਕੀਤਾ।

 

ਜੀ-20 ਦੌਰਾਨ ਮਾਨਸਰੋਵਰ ਯਾਤਰਾ ਫਿਰ ਸ਼ੁਰੂ ਕਰਨ ’ਤੇ ਵੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰਿਓ ਵਿਚ ਦੋ ਦਿਨ ਤੱਕ ਚੱਲਿਆ ਜੀ-20 ਸਮਿਟ ਸਮਾਪਤ ਹੋੋ ਗਿਆ ਹੈ। ਇਸ ਦੌਰਾਨ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਵੀ ਹੋਈ। ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ’ਤੇ 5 ਸਾਲ ਬਾਅਦ ਵਿਸ਼ੇਸ਼ ਪ੍ਰਤੀਨਿਧੀਆਂ ਦੀ ਬੈਠਕ ਬੁਲਾਉਣ ’ਤੇ ਸਹਿਮਤੀ ਬਣੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਵੇਂ ਦੇਸ਼ਾਂ ਵਿਚਾਲੇ ਸਿੱਧੀ ਹਵਾਈ ਉਡਾਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਕਰਨ ’ਤੇ ਵੀ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਉਡਾਨਾਂ ਅਤੇ ਯਾਤਰਾ ’ਤੇ ਰੋਕ ਲਗਾ ਦਿੱਤੀ ਗਈ ਸੀ।

ਰੂਸ ਨੇ ਘਟ ਰਹੀ ਆਬਾਦੀ ਦੇ ਚੱਲਦਿਆਂ ਲਿਆ ਫੈਸਲਾ

ਮਾਸਕੋ/ਬਿਊਰੋ ਨਿਊਜ਼

ਰੂਸ ਦੀ ਸਰਕਾਰ ਇਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਦੇ ਤਹਿਤ ਦੇਸ਼ ਵਿਚ ਬੱਚਾ ਨਾ ਪੈਦਾ ਕਰਨ ਦੇ ਲਈ ਜਾਣਕਾਰੀ ਦੇਣ ’ਤੇ ਪਾਬੰਦੀ ਹੋਵੇਗੀ। ਇਸਦੇ ਚੱਲਦਿਆਂ ਕਿਸੇ ਵੀ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਅਜਿਹਾ ਕੋਈ ਵੀ ਕੰਟੈਂਟ ਨਹੀਂ ਚਲਾਇਆ ਜਾ ਸਕੇਗਾ, ਜੋ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕਦਾ ਹੋਵੇ। ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ 12 ਨਵੰਬਰ ਨੂੰ ਇਸ ਨਾਲ ਜੁੜੇ ਮਤੇ ਨੂੰ ਪਾਸ ਵੀ ਕਰ ਦਿੱਤਾ ਹੈ। ਹੁਣ ਇਸ ਮਤੇ ਨੂੰ 20 ਨਵੰਬਰ ਨੂੰ ਉਪਰਲੇ ਸਦਨ ਵਿਚ ਪੇਸ਼ ਕੀਤਾ ਜਾਵੇਗਾ। ਉਪਰਲੇ ਸਦਨ ਵਿਚੋਂ ਪਾਸ ਹੋਣ ਤੋਂ ਬਾਅਦ ਇਸ ਮਤੇ ਨੂੰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮਨਜੂਰੀ ਲਈ ਭੇਜਿਆ ਜਾਵੇਗਾ ਅਤੇ ਪੂਤਿਨ ਦੀ ਮਨਜੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਅਮਲ ਵਿਚ ਆ ਜਾਵੇਗਾ। ਧਿਆਨ ਰਹੇ ਕਿ ਰੂਸ ਆਪਣੀ ਲਗਾਤਾਰ ਘਟ ਰਹੀ ਆਬਾਦੀ ਤੋਂ ਪ੍ਰੇਸ਼ਾਨ ਹੈ ਅਤੇ ਇਸ ਨੂੰ ਦੇਖਦਿਆਂ ਹੀ ਅਜਿਹਾ ਫੈਸਲਾ ਲਿਆ ਜਾ ਰਿਹਾ ਹੈ।

 

ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ

ਮੈਲਬਰਨ/ਬਿਊਰੋ ਨਿਊਜ਼ 

ਆਸਟਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਖਤ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਹੈ ਕਿ ਇਸ ਸਬੰਧੀ ਬਿੱਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦੀਆਂ ਡਿਜੀਟਲ ਯੁੱਗ ’ਚ ਵਧ ਰਹੀਆਂ ਚਿੰਤਾਵਾਂ ਜਾਇਜ਼ ਹਨ ਅਤੇ ਸਰਕਾਰ ਬੱਚਿਆਂ ਨੂੰ ਇਨ੍ਹਾਂ ਆਨਲਾਈਨ ਖਤਰਿਆਂ ਤੋਂ ਬਚਾਉਣ ਲਈ ਵਚਨਬੱਧ ਹੈ। ਇਸ ਬਿੱਲ ਬਾਰੇ ਵਿਸਥਾਰ ’ਚ ਰਿਪੋਰਟ ਹਾਲੇ ਆਉਣੀ ਬਾਕੀ ਹੈ ਪਰ ਆਸਟਰੇਲੀਆ ਦੁਨੀਆ ’ਚ ਅਜਿਹਾ ਪਹਿਲਾ ਮੁਲਕ ਹੋਵੇਗਾ ਜਿੱਥੇ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ’ਤੇ ਪਾਬੰਦੀ ਹੋਵੇਗੀ। ਇਸਦੇ ਨਾਲ ਹੀ ਮਾਪਿਆਂ ਦੀ ਇਜ਼ਾਜਤ ਤੋਂ ਬਾਅਦ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ੋਸਲ ਮੀਡੀਆ ’ਤੇ ਆ ਸਕਣਗੇ। ਧਿਆਨ ਰਹੇ ਕਿ ਆਸਟਰੇਲੀਆ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਬੱਚਿਆਂ ਦਾ ਆਨਲਾਈਨ ਖਤਰਿਆਂ ਤੋਂ ਬਚਾਅ ਕਰਨਾ ਲਾਜ਼ਮੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਪਲੈਟਫਾਰਮ ਬੱਚਿਆਂ ਦੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਵਿਗਾੜ ਰਹੇ ਹਨ। 

  

 

 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.