Friday, 17 April 2026

 

ਕਿਹਾ : ਭਾਰਤ ਨਾਲ ਮਿਲ ਕੇ ਦੁਨੀਆ ਦੀ ਸ਼ਾਂਤੀ ਲਈ ਕਰਾਂਗੇ ਕੰਮ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ’ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਅਤੇ ਮੋਦੀ ਵਿਚਾਲੇ ਫੋਨ ’ਤੇ ਗੱਲਬਾਤ ਵੀ ਹੋਈ ਹੈ। ਇਸਦੇ ਚੱਲਦਿਆਂ ਡੋਨਾਲਡ ਟਰੰਪ ਨੇ ਭਾਰਤ ਨੂੰ ਆਪਣਾ ਸੱਚਾ ਦੋਸਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਸ਼ਾਂਤੀ ਲਈ ਉਹ ਭਾਰਤ ਨਾਲ ਮਿਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਆਗੂ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿਚ ਦੋ ਵਾਰ ਮਹਿਲਾ ਉਮੀਦਵਾਰ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਟਰੰਪ 2016 ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ।  

 

ਕਿਹਾ : ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਕਾਰਨ

ਲਾਹੌਰ/ਬਿਊਰੋ ਨਿਊਜ਼ 

ਪਾਕਿਸਤਾਨੀ ਪੰਜਾਬ ਦੀ ਮਹਿਲਾ ਮੰਤਰੀ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਹਵਾ ਪ੍ਰਦੂਸ਼ਣ ਹੋਰ ਵੀ ਵਧਣ ਦੀ ਸੰਭਾਵਨਾ ਹੈ। ਮਰੀਅਮ ਔਰੰਗਜੇਬ ਨੇ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਹਵਾ ਪ੍ਰਦੂਸ਼ਣ ਆਉਣ ਕਾਰਣ ਲਾਹੌਰ ਵਿਚ ਏਅਰ ਕਵਾਲਟੀ ਇੰਡੈਕਸ 1173 ਹੋ ਗਿਆ ਹੈ।     ਉਹਨਾਂ ਦੱਸਿਆ ਕਿ ਜਲਦੀ ਹੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਪੱਤਰ ਲਿਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਲਾਹੌਰ ਦੇ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਇਕ ਹਫਤੇ ਤੱਕ ਬੱਚਿਆਂ ਦੀ ਔਨਲਾਈਨ ਕਲਾਸ ਲੱਗੇਗੀ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 50 ਫੀਸਦੀ ਕੰਮ ਘਰਾਂ ਤੋਂ ਹੀ ਕਰਨ ਲਈ ਕਿਹਾ ਗਿਆ ਹੈ। 

 

21 ਸਾਲ ਪਹਿਲਾਂ ਜਾਰਜ ਬੁਸ਼ ਨੇ ਕੀਤੀ ਸੀ ਸ਼ੁਰੂਆਤ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਰਾਤ ਨੂੰ ਵਾਈਟ ਹਾਊਸ ਵਿਚ ਦੀਵਾਲੀ ਮਨਾਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮਾਗਮ ਵਿਚ 600 ਤੋਂ ਜ਼ਿਆਦਾ ਭਾਰਤੀ-ਅਮਰੀਕੀ ਸ਼ਾਮਲ ਹੋਏ। ਬਾਈਡਨ ਨੇ ਇਸ ਮੌਕੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ, ਅਧਿਕਾਰੀਆਂ ਅਤੇ ਬਿਜਨਸ ਨਾਲ ਜੁੜੀਆਂ ਹਸਤੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਸਮਾਗਮ ਦੀ ਮੇਜ਼ਬਾਨੀ ਕਰਨਾ ਉਨ੍ਹਾਂ ਦੇ ਲਈ ਮਾਣ ਵਾਲੀ ਗੱਲ ਹੈ। ਜੋਅ ਬਾਈਡਨ ਨੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸੀਨੇਟਰ ਰਹਿਣ ਦੇ ਦੌਰਾਨ ਉਨ੍ਹਾਂ ਨੇ ਕਈ ਭਾਰਤੀ-ਅਮਰੀਕੀ ਵਿਅਕਤੀਆਂ ਦੇ ਨਾਲ ਕੰਮ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਹੁਣ ਵਾਈਟ ਹਾਊਸ ਵਿਚ ਦੀਵਾਲੀ ਬੜੇ ਮਾਣ ਨਾਲ ਮਨਾਈ ਜਾਂਦੀ ਹੈ। ਇਸੇ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਫਸਟ ਲੇਡੀ ਜਿਲ ਬਾਈਡਨ ਇਸ ਦੀਵਾਲੀ ਨਾਲ ਸਬੰਧਤ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹ ਚੋਣਾਂ ਦੀ ਕੰਪੇਨ ਵਿਚ ਰੁੱਝੇ ਹੋਏ ਹਨ। ਜ਼ਿਕਰਯੋਗ ਹੈ ਕਿ ਵਾਈਟ ਹਾਊਸ ਵਿਚ ਦੀਵਾਲੀ ਮਨਾਉਣ ਦੀ ਸ਼ੁਰੂਆਤ 21 ਸਾਲ ਪਹਿਲਾਂ ਉਸ ਸਮੇਂ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਕੀਤੀ ਸੀ।

ਪੀਐਮ ਮੋਦੀ ਭਲਕੇ ਬੁੱਧਵਾਰ ਨੂੰ ਬਿ੍ਰਕਸ ਸੰਮੇਲਨ ’ਚ ਲੈਣਗੇ ਹਿੱਸਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿ੍ਰਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਰੂਸ ਦੇ ਕਜ਼ਾਨ ਸ਼ਹਿਰ ਪਹੁੰਚ ਗਏ ਹਨ। ਪੀਐਮ ਮੋਦੀ ਦਾ ਇਹ ਦੋ ਦਿਨਾਂ ਦਾ ਦੌਰਾ ਹੈ ਅਤੇ ਉਹ ਚਾਰ ਮਹੀਨਿਆਂ ਵਿਚ ਦੂਜੀ ਵਾਰ ਰੂਸ ਦੇ ਦੌਰੇ ’ਤੇ ਗਏ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਜੁਲਾਈ ਮਹੀਨੇ ਵਿਚ ਭਾਰਤ-ਰੂਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਬਿ੍ਰਕਸ ਦੀ ਮੀਟਿੰਗ ਵਿਚ ਹਿੱਸਾ ਲੈਣਗੇ ਅਤੇ ਇਹ ਮੀਟਿੰਗ ਦੋ ਸੈਸ਼ਨਾਂ ਵਿਚ ਹੋਵੇਗੀ। ਪ੍ਰਧਾਨ ਮੰਤਰੀ ਵਲੋਂ ਬਿ੍ਰਕਸ ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ।  ਬਿ੍ਰਕਸ ਸੰਮੇਲਨ ਦੀ ਸਾਈਡ ਲਾਈਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਗੱਲਬਾਤ ਹੋਣ ਦੀ ਸੰਭਾਵਨਾ ਵੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਵਿਚ ਪੈਟਰੋਲਿੰਗ ਨੂੰ ਲੈ ਕੇ ਸਮਝੌਤੇ ’ਤੇ ਸਹਿਮਤੀ ਬਣ ਗਈ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.