Friday, 17 April 2026

30 ਲੱਖ ਘਰਾਂ ਅਤੇ ਦਫਤਰਾਂ ਵਿਚ ਬਿਜਲੀ ਹੋਈ ਗੁੱਲ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਫਲੋਰੀਡਾ ਅਤੇ ਨੇੜਲੇ ਖੇਤਰਾਂ ਵਿਚ ਮਿਲਟਨ ਨਾਮ ਦੇ ਆਏ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਤੂਫਾਨ ਅਤੇ ਹੜ੍ਹਾਂ ਕਾਰਨ ਫਲੋਰੀਡਾ ਵਿਚ 16 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਘਰ ਵੀ ਤਬਾਹ ਹੋ ਗਏ ਹਨ। ਇਸੇ ਦੌਰਾਨ 30 ਲੱਖ ਘਰਾਂ ਅਤੇ ਦਫਤਰਾਂ ਵਿਚ ਬਿਜਲੀ ਵੀ ਗੁੱਲ ਹੋ ਗਈ। ਸੈਂਟਰਲ ਫਲੋਰੀਡਾ ਵਿਚ ਇਸ ਤੂਫਾਨ ਕਰਕੇ 10 ਤੋਂ 15 ਇੰਚ ਤੱਕ ਮੀਂਹ ਪਿਆ, ਜਿਸ ਕਾਰਨ ਹੜ੍ਹ ਆਇਆ। ਮਿਲਟਨ ਨਾਮ ਦਾ ਤੂਫਾਨ ਫਲੋਰੀਡਾ ਦੇ ਤੱਟ ਨਾਲ ਟਕਰਾਉਣ ਵਾਲਾ ਇਸ ਸਾਲ ਦਾ ਤੀਜਾ ਤੂਫਾਨ ਹੈ। ਫਲੋਰੀਡਾ ਦੇ ਗਵਰਨਰ ਡੀਸੈਂਟਿਸ ਨੇ ਕਿਹਾ ਹੈ ਕਿ 3 ਮਿਲੀਅਨ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹੋ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਤਾਕੀਦ ਕੀਤੀ ਹੈ। ਇਸ ਤੂਫਾਨ ਕਾਰਨ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। 

 

ਬੱਸ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ ਹਾਦਸਾ 

ਨਵੀਂ ਦਿੱਲੀ/ਬਿਊਰੋ ਨਿਊਜ਼

ਥਾਈਲੈਂਡ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬੱਸ ਵਿਚ 44 ਵਿਅਕਤੀ ਸਵਾਰ ਸਨ ਅਤੇ ਜ਼ਖ਼ਮੀ ਹੋਏ 16 ਵਿਅਕਤੀਆਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦਾ ਟਾਇਰ ਫਟਣ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ ਸੀ। ਇਹ ਹਾਦਸਾ ਬੈਂਕਾਕ ਦੇ ਖੂ ਗੋਟ ਇਲਾਕੇ ਵਿਚ ਦੁਪਹਿਰ ਸਮੇਂ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੰਦਭਾਗੀ ਬੱਸ ਸਕੂਲ ਟਰਿੱਪ ਤੋਂ ਵਾਪਸ ਪਰਤ ਰਹੀ ਸੀ।

ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਏਂਜਲਸ ਵਿਚ ਫੰਡ ਜੁਟਾਉਣ ਲਈ ਰੱਖੇ ਪ੍ਰੋਗਰਾਮ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਡੋਨਾਲਡ ਟਰੰਪ ਦੀ ਜਮ ਕੇ ਆਲੋਚਨਾ ਕੀਤੀ। ਹੈਰਿਸ ਨੇ ਪ੍ਰੋਗਰਾਮ ਵਿਚ ਮੌਜੂਦ ਵਿਅਕਤੀਆਂ ਨੂੰ ਕਿਹਾ ਕਿ ਉਸ ਦੀਆਂ ਚੋਣ ਰੈਲੀਆਂ ਵਿਚ ਜਿੱਥੇ ‘ਵੱਡੀ ਗਿਣਤੀ ’ਚ ਲੋਕ ਪੁੱਜ ਰਹੇ ਹਨ, ਉਥੇ ਟਰੰਪ ਦੀਆਂ ਚੋਣ ਰੈਲੀਆਂ ਤੋਂ ਲੋਕ ਉਸ ਦੀਆਂ ਬੇਤੁਕੀਆਂ ਤਕਰੀਰਾਂ ਕਰਕੇ ਕੰਨੀ ਕਤਰਾਉਣ ਲੱਗੇ ਹਨ। ਟਰੰਪ ਵੱਲੋੋਂ ਰੈਲੀਆਂ ਦੌਰਾਨ ਪਰਵਾਸ ਦੇ ਮੁੱਦੇ ’ਤੇ ਹੈਰਿਸ ਨੂੰ ਘੇਰੇ ਜਾਣ ਕਰਕੇ ਉਪ ਰਾਸ਼ਟਰਪਤੀ ਨੇ ਪਿਛਲੇ ਦਿਨੀਂ ਐਰੀਜ਼ੋਨਾ ਦੇ ਸਰਹੱਦੀ ਕਸਬੇ ਡਗਲਸ ਦਾ ਦੌਰਾ ਕੀਤਾ ਸੀ। ਜੋਅ ਬਾਇਡਨ ਤੋਂ ਰਾਸ਼ਟਰਪਤੀ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋੋਂ ਹੈਰਿਸ ਦੀ ਅਮਰੀਕਾ-ਮੈਕਸਿਕੋ ਬਾਰਡਰ ਦੀ ਇਹ ਪਹਿਲੀ ਫੇਰੀ ਸੀ। ਇਸੇ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਲਦੀ ਹੀ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰਨਗੇ। ਜ਼ਿਕਰਯੋਗ ਹੈ ਕਿ 5 ਨਵੰਬਰ 2024 ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। 

ਸਰਵੇਖਣ ਵਿੱਚ ਦਾਅਵਾ; ਕਮਲਾ ਹੈਰਿਸ, ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ

ਵਾਸ਼ਿੰਗਟਨ/ਬਿਊਰੋ ਨਿਊਜ਼ 

ਏਸ਼ੀਆਈ ਅਮਰੀਕੀ ਵੋਟਰਾਂ ਨੇ ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ’ਤੇ ਵੱਧ ਭਰੋਸਾ ਦਿਖਾਇਆ ਹੈ। ਇਹ ਦਾਅਵਾ ਇਕ ਨਵੇਂ ਸਰਵੇਖਣ ਵਿੱਚ ਕੀਤਾ ਗਿਆ ਹੈ। ਐੱਨ.ਓ.ਆਰ.ਸੀ. ਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਇਹ ਸਰਵੇਖਣ ਕਰਵਾਇਆ ਹੈ ਜਿਸਦੇ ਨਤੀਜੇ ਵੀ ਜਾਰੀ ਕੀਤੇ ਗਏ ਹਨ। ਇਸ ਸਰਵੇਖਣ ਮੁਤਾਬਕ ਕਮਲਾ ਹੈਰਿਸ ਆਪਣੇ ਵਿਰੋਧੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਹਨ। ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣ ਵਿੱਚ 66 ਫੀਸਦੀ ਏਸ਼ੀਆਈ ਅਮਰੀਕੀ ਵੋਟਰ ਕਮਲਾ ਹੈਰਿਸ ਦੇ ਪੱਖ ਵਿੱਚ, ਜਦਕਿ 28 ਫੀਸਦੀ ਟਰੰਪ ਦੇ ਸਮਰਥਨ ’ਚ ਦੱਸੇ ਜਾ ਰਹੇ ਹਨ। ਛੇ ਫੀਸਦੀ ਵੋਟਰ ਅਜਿਹੇ ਵੀ ਹਨ ਜਿਨ੍ਹਾਂ ਨੇ ਹਾਲੇ ਕੋਈ ਫੈਸਲਾ ਨਹੀਂ ਲਿਆ। ਉਧਰ ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਰੋਧੀ ਅਤੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਨਾਲੋਂ ਵੱਧ ‘ਬੌਧਿਕ ਸਮੱਸਿਆਵਾਂ’ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.