Monday, 20 April 2026

ਮੰਡੀ ਗੋਬਿੰਦਗੜ੍ਹ, 3 ਮਾਰਚ: ਮਹਿਲਾ ਸ਼ਿਕਾਇਤ ਨਿਵਾਰਣ ਸੈੱਲ/ਅੰਦਰੂਨੀ ਸ਼ਿਕਾਇਤ ਕਮੇਟੀ (ਆਈ.ਸੀ.ਸੀ.) ਨੇ ਹਰਾ ਪੰਜਾਬ ਖਰਾ ਸਮਾਜ, ਐਨ.ਐਸ.ਐਸ. ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੇ ਸਹਿਯੋਗ ਨਾਲ ਮਾਤਾ ਗੁਜਰੀ ਗਰਲਜ਼ ਹੋਸਟਲ ਵਿਖੇ ਇੱਕ ਜੋਸ਼ੀਲਾ ਹੋਲੀ ਸਨੇਹ ਮਿਲਨ ਸਮਾਰੋਹ ਕਰਵਾਇਆ ਗਿਆ, ਜਿਸ ਨੇ ਕੈਂਪਸ ਨੂੰ ਏਕਤਾ, ਖੁਸ਼ੀ ਅਤੇ ਸੱਭਿਆਚਾਰਕ ਸਦਭਾਵਨਾ ਦੇ ਰੰਗਾਂ ਨਾਲ ਭਰ ਦਿੱਤਾ।
ਇਸ ਜਸ਼ਨ ਦੌਰਾਨ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਖੁਸ਼ੀ ਭਰੀ ਅਤੇ ਸਦਭਾਵਨਾਪੂਰਨ ਹੋਲੀ ਲਈ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਮਾਣਯੋਗ ਚਾਂਸਲਰ ਡਾ. ਜ਼ੋਰਾ ਸਿੰਘ ਨੇ ਯੂਨੀਵਰਸਿਟੀ ਨੂੰ ‘ਮਿੰਨੀ ਭਾਰਤ’ ਦਾ ਸੱਚਾ ਪ੍ਰਤੀਕ ਦੱਸਿਆ, ਜਿੱਥੇ ਜੰਮੂ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਵਿਦਿਆਰਥੀ ਏਕਤਾ ਅਤੇ ਭਾਈਚਾਰੇ ਵਿੱਚ ਇਕੱਠੇ ਰਹਿੰਦੇ ਹਨ, ਪੜ੍ਹਦੇ ਹਨ ਅਤੇ ਵਧਦੇ-ਫੁੱਲਦੇ ਹਨ।  
ਮਹਿਲਾ ਸ਼ਿਕਾਇਤ ਨਿਵਾਰਣ ਸੈੱਲ/ਆਈਸੀਸੀ ਦੀ ਚੇਅਰਪਰਸਨ ਡਾ. ਪ੍ਰੀਸ਼ੀਅਸ ਸ਼ੇਰੋਨ ਨੇ ਸਮਾਜ ਵਿੱਚ ਔਰਤਾਂ ਦੀ ਸ਼ਕਤੀਸ਼ਾਲੀ ਪਛਾਣ ਅਤੇ ਰਾਸ਼ਟਰ ਨਿਰਮਾਣ, ਲੀਡਰਸ਼ਿਪ ਅਤੇ ਸਮਾਜਿਕ ਪਰਿਵਰਤਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ।
ਇਹ ਪ੍ਰੋਗਰਾਮ ਡਾ. ਆਰਤੀ, ਮੈਂਬਰ ਸਕੱਤਰ, ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਅਤੇ ਫੈਕਲਟੀ ਇੰਚਾਰਜ ਦੇ ਮਾਰਗਦਰਸ਼ਨ ਅਤੇ ਸਮਰਪਿਤ ਯਤਨਾਂ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਦੇ ਟੀਮ ਵਰਕ ਨੇ ਇੱਕ ਯਾਦਗਾਰੀ ਅਤੇ ਸੁਚੱਜੇ ਢੰਗ ਨਾਲ ਤਾਲਮੇਲ ਵਾਲੇ ਪ੍ਰੋਗਰਾਮ ਨੂੰ ਯਕੀਨੀ ਬਣਾਇਆ।
ਇਸ ਮੌਕੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਜਸ਼ਨ ਵਿੱਚ ਉਤਸ਼ਾਹ ਅਤੇ ਤਿਉਹਾਰ ਦੀ ਭਾਵਨਾ ਨੂੰ ਹੋਰ ਵਧਾਇਆ। 

ਚੰਡੀਗੜ੍ਹ : ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਅੱਜ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ ਦੇ ਆਯੋਜਨ ਸਬੰਧੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ।

ਡਿਪਟੀ ਸਪੀਕਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਰੰਗਲੇ ਪੰਜਾਬ ਦੀ ਪੁਨਰਸਥਾਪਨਾ ਲਈ ਸੂਬਾ ਪੱਧਰ ‘ਤੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ 22 ਮਾਰਚ, 2026 ਨੂੰ ਫੁਟਬਾਲ ਦੀ ਨਰਸਰੀ ਕਹੇ ਜਾਣ ਵਾਲੇ ਮਾਹਿਲਪੁਰ (ਗੜ੍ਹਸ਼ੰਕਰ), ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ ਰਾਜ ਪੱਧਰੀ ਸਮਾਗਮ ਵਜੋਂ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ 23 ਮਾਰਚ, 2026  ਨੂੰ ਸ਼ਹੀਦ-ਏ-ਆਜ਼ਮ ਸ੍ਰੀ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਰਾਜ ਪੱਧਰੀ ਸਮਾਗਮ ਖਟਕੜ ਕਲਾਂ ਵਿਖੇ ਮਨਾਇਆ ਜਾਵੇਗਾ। ਇਸ ਲਈ ਇਕ ਦਿਨ ਪਹਿਲਾਂ 22 ਮਾਰਚ ਨੂੰ ਇਹ ਮੈਰਾਥਨ ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਕਰਕੇ ਕਰਵਾਈ ਜਾਵੇਗੀ।

ਡਿਪਟੀ ਸਪੀਕਰ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਇਕ ਸਿਹਤਮੰਦ ਅਤੇ ਜਾਗਰੂਕ ਰਾਸ਼ਟਰ ਦਾ ਸੁਪਨਾ ਦੇਖਿਆ ਸੀ। ਨਸ਼ਿਆਂ ਦਾ ਖਾਤਮਾ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਾਡਾ ਫਰਜ ਹੈ। ਇਹ ਮੈਰਾਥਨ ਨੌਜਵਾਨਾਂ ਵਿੱਚ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰੇਗੀ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ।

ਮੈਰਾਥਨ ਵਿੱਚ 5 ਕਿ.ਮੀ., 10 ਕਿ.ਮੀ., 21 ਕਿ.ਮੀ. ਅਤੇ 42 ਕਿ.ਮੀ. ਦੀਆਂ ਵੱਖ-ਵੱਖ ਸ਼੍ਰੇਣੀਆਂ ਹੋਣਗੀਆਂ, ਜਿਨ੍ਹਾਂ ਵਿੱਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਡਿਸਏਬਲਡ ਵਿਅਕਤੀ ਭਾਗ ਲੈ ਸਕਣਗੇ। ਜੇਤੂਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਵਿਆਪਕ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ ਅਤੇ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਹਸਤੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਪ੍ਰੋਗਰਾਮ ਦੀ ਸਫਲਤਾ ਲਈ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਸੈਰ ਸਪਾਟਾ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਸਕੂਲ ਸਿੱਖਿਆ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਹੋਰ ਸੰਬੰਧਤ ਵਿਭਾਗਾਂ ਦਾ ਸਹਿਯੋਗ ਲਿਆ ਜਾਵੇਗਾ। ਐਸ.ਆਰ.ਐਸ.ਐਫ. ਐਨਜੀਓ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਮੀਟਿੰਗ ਵਿੱਚ ਸ੍ਰੀ ਪਰਮਿੰਦਰ ਸਿੰਘ ਗੋਲਡੀ (ਚੇਅਰਮੈਨ, ਪੰਜਾਬ ਯੂਥ ਡਿਵੈਲਪਮੈਂਟ ਬੋਰਡ), ਡਾ. ਐਸ.ਪੀ. ਅਨੰਦ ਕੁਮਾਰ (ਆਈ.ਏ.ਐਸ), ਸ. ਹਰਪ੍ਰੀਤ ਸਿੰਘ ਸੂਦਨ (ਡਾਇਰੈਕਟਰ ਖੇਡਾਂ), ਸ਼੍ਰੀ ਦਮਪ੍ਰੀਤ ਵਾਲੀਆ (ਆਈ.ਏ.ਐਸ), ਸ਼੍ਰੀਮਤੀ ਆਸ਼ਿਕਾ ਜੈਨ (ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ), ਸ਼੍ਰੀਮਤੀ ਚਰੂ ਮੀਤਾ, ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸ਼੍ਰੀ ਤੇਜਦੀਪ ਸਿੰਘ ਸੈਣੀ, ਸ੍ਰੀ ਮੇਜਰ ਸਿੰਘ (ਐਸ.ਪੀ. ਹੁਸ਼ਿਆਰਪੁਰ), ਸ੍ਰੀ ਗੌਤਮ ਕਪੂਰ (ਲੋਕ ਸੰਪਰਕ ਅਫਸਰ), ਸ਼੍ਰੀ ਰਾਜੇਸ਼ ਬਖ਼ਸ਼ੀ, ਸ਼੍ਰੀ ਕੁਲਵੰਤ ਸਿੰਘ ਸੰਘਾ, ਸ਼੍ਰੀ ਅਰਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਸਾਜਨ ਸ਼ਰਮਾ, ਸ੍ਰੀ ਲਕਸ਼ੈ ਭਾਰਤੀ, ਸ੍ਰੀ ਰਾਮ ਲੋਕ ਖਟਾਣਾ ਅਤੇ ਸ੍ਰੀ ਮੋਹਿਤ ਅੱਤਰੀ, ਲੋਕ ਸੰਪਰਕ ਅਫਸਰ/ਡਿਪਟੀ ਸਪੀਕਰ,ਪੰਜਾਬ ਵਿਧਾਨ ਸਭਾ, ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ।

ਡਿਪਟੀ ਸਪੀਕਰ ਨੇ ਅੰਤ ਵਿੱਚ ਕਿਹਾ ਕਿ “ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਪੰਜਾਬ ਲਈ ਦੌੜੀਏ ਅਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰੀਏ।”

8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਨੇ ਪੇਸ਼ ਕਰਨਾ ਹੈ ਬਜਟ
ਚੰਡੀਗੜ੍ਹ/ਬਿਊਰੋ ਨਿਊਜ਼
ਆਉਂਦੀ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 8 ਮਾਰਚ ਨੂੰ ਪੇਸ਼ ਕੀਤਾ ਜਾਣ ਵਾਲਾ ਬਜਟ ਇਤਿਹਾਸਕ ਹੋਵੇਗਾ। ਚੀਮਾ ਨੇ ਕਿਹਾ ਕਿ ਅਸੀਂ ਪਿਛਲੇ ਚਾਰ ਸਾਲਾਂ ਵਿਚ ਮਹੱਤਵਪੂਰਨ ਲਾਭ ਪ੍ਰਾਪਤ ਕੀਤੇ ਹਨ, ਚਾਹੇ ਉਹ ਆਬਕਾਰੀ ਹੋਵੇ ਜਾਂ ਜੀਐਸਟੀ। ਉਨ੍ਹਾਂ ਦੱਸਿਆ ਕਿ ਜਦੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਇਸਦੇ ਖਜ਼ਾਨੇ ਨੂੰ ਆਬਕਾਰੀ ਮਾਲੀਏ ਵਿਚ 27,395 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਹੁਣ ਤੱਕ 37,975 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ। ਚੀਮਾ ਨੇ ਜੀਐਸਟੀ ਸਬੰਧੀ ਵੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਰਾਜ ਸਮੇਂ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੱਧ ਮਾਲੀਆ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ, 2 ਮਾਰਚ 2026:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੱਧ ਪੂਰਬ ਦੇ ਕੁਝ ਹਿੱਸਿਆਂ ਵਿੱਚ ਵਧ ਰਹੇ ਤਣਾਅ ਕਾਰਨ ਉੱਥੇ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਦਿਨ-ਰਾਤ ਕਾਰਜਸ਼ੀਲ ਹੈਲਪਲਾਈਨ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਤੁਰੰਤ ਸਹਾਇਤਾ ਲਈ 0172 2260042, 0172 2260043 'ਤੇ ਕਾਲ ਕਰ ਸਕਦੇ ਹਨ ਜਾਂ ਵਟਸਅੱਪ ਨੰ. +91 94787 79112 'ਤੇ ਮੈਸੇਜ ਭੇਜ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਮੱਧ ਪੂਰਬ ਵਿੱਚ ਜੰਗ ਕਾਰਨ ਫਸੇ ਪੰਜਾਬੀਆਂ ਦੇ ਪੀੜਤ ਪਰਿਵਾਰਾਂ ਨੂੰ ਪੂਰਨ ਸਹਾਇਤਾ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੂਬਾ ਸਰਕਾਰ ਫਸੇ ਹੋਏ ਲੋਕਾਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ। ਅਰਬ ਦੇਸ਼ਾਂ ਵਿੱਚ ਤਣਾਅ ਕਾਰਨ ਇੱਥੇ ਬਹੁਤ ਸਾਰੇ ਪੰਜਾਬੀ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਜਾਂ ਉਸ ਦਾ ਪਰਿਵਾਰ ਇਨ੍ਹਾਂ ਦੇਸ਼ਾਂ ਵਿੱਚ ਫਸਿਆ ਹੋਇਆ ਹੈ ਤਾਂ ਉਹ ਇਨ੍ਹਾਂ ਨੰਬਰਾਂ 'ਤੇ ਕਾਲ ਕਰ ਸਕਦੇ ਹਨ।"

ਉਨ੍ਹਾਂ ਨੇ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਪੂਰੀ ਮਦਦ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਇੱਕ ਸਮਰਪਿਤ ਹੈਲਪਲਾਈਨ ਅਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਦਿਨ-ਰਾਤ ਕਾਰਜਸ਼ੀਲ ਰਹੇਗਾ। ਉਨ੍ਹਾਂ ਅੱਗੇ ਕਿਹਾ, "ਜੇਕਰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਲੋਕ 0172 2260042 ਅਤੇ 0172 2260043 'ਤੇ ਕਾਲ ਕਰ ਸਕਦੇ ਹਨ ਜਾਂ +91 94787 79112 'ਤੇ ਵਟਸਅੱਪ ਰਾਹੀਂ ਮੈਸੇਜ ਭੇਜ ਸਕਦੇ ਹਨ।"

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਫਸੇ ਲੋਕਾਂ ਨੂੰ ਜਲਦ ਤੋਂ ਜਲਦ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।” ਖਾੜੀ ਦੇਸ਼ਾਂ ਵਿੱਚ ਫਸੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, “ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।”

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਤਰੁੰਤ ਦਖਲ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਜੰਗ ਪ੍ਰਭਾਵਿਤ ਖਾੜੀ ਦੇਸ਼ਾਂ ਵਿੱਚ ਫਸੇ ਸਾਰੇ ਲੋਕਾਂ ਦੀ ਮਦਦ ਲਈ ਤੁਰੰਤ ਲੋੜੀਂਦੇ ਕਦਮ ਚੁੱਕੇਗੀ।

ਸ਼ੋ੍ਰਮਣੀ ਅਕਾਲੀ ਦਲ ਬਾਦਲ ’ਤੇ ਸਾਧੇ ਤਿੱਖੇ ਨਿਸ਼ਾਨੇ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼  
ਸ਼ੋ੍ਰਮਣੀ ਅਕਾਲੀ ਦਲ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ‘ਅਕਾਲੀ ਦਲ ਪੁਨਰ ਸੁਰਜੀਤ’ ਦੀ ਸਟੇਜ ਤੋਂ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਬਾਦਲ ਵਿਰੁੱਧ ਜ਼ੋਰਦਾਰ ਹੱਲਾ ਬੋਲਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਸਿਆਸੀ ਇਕੱਠ ਨੂੰ ਸੰਬੋਧਨ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਿਵਾਰ ਦੀਆਂ ਨੀਤੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗੀ ਗਈ ਮੁਆਫੀ ’ਤੇ ਸਵਾਲ ਖੜ੍ਹੇ ਕੀਤੇ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕਰਨ ਦਾ ਜੋ ਨਾਟਕ ਕੀਤਾ, ਉਸ ਦੀ ਸੱਚਾਈ ਬਾਹਰ ਆ ਕੇ ਬਦਲ ਗਈ। ਗਿਆਨੀ ਰਘਬੀਰ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਬਾਦਲਾਂ ਦੀ ਇਹ ਮੁਆਫੀ ਦਿਲੋਂ ਨਹੀਂ, ਸਿਰਫ ਸਿਆਸੀ ਮਜਬੂਰੀ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਥਕ ਰਵਾਇਤਾਂ ਨੂੰ ਪਿੱਠ ਦਿਖਾ ਕੇ ਸਿਰਫ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ। ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਸਿਧਾਂਤਾਂ ਦੀ ਬਹਾਲੀ ਲਈ ਅਕਾਲੀ ਦਲ ਪੁਨਰ ਸੁਰਜੀਤ ਦੇ ਕਾਫਲੇ ਦਾ ਹਿੱਸਾ ਬਣਨ। ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਕਮੇਟੀ ਨੇ ਪਿਛਲੇ ਦਿਨੀਂ ਗਿਆਨੀ ਰਘਬੀਰ ਸਿੰਘ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ।  

ਚੰਡੀਗੜ੍ਹ 2 ਮਾਰਚ 2026:

ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸ ਦੇ ਚਲਦਿਆਂ ਗੰਗਾ ਐਕਰੋਵੂਲਜ਼ ਲਿਮਟਿਡ, ਜੋ ਕਿ ਊਨੀ ਅਤੇ ਫੈਂਸੀ ਧਾਗੇ ਦੀ ਮੋਹਰੀ ਨਿਰਮਾਤਾ ਹੈ, ਨੇ ਪੰਜਾਬ ਵਿੱਚ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਗੰਗਾ ਐਕਰੋਵੂਲਜ਼ ਲਿਮਟਿਡ 60 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਬਰਾਮਦ ਕਰਦੀ ਹੈ ਅਤੇ ਮੌਜੂਦਾ ਸਮੇਂ ਕੰਪਨੀ ਵਿੱਚ 5600 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਸਾਲਾਨਾ ਟਰਨਓਵਰ 850 ਕਰੋੜ ਰੁਪਏ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਕੰਪਨੀ ਨੇ ਪਿਛਲੇ 4 ਤੋਂ 5 ਸਾਲਾਂ ਵਿੱਚ 3000 ਤੋਂ ਵੱਧ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ ਅਤੇ 1998 ਤੋਂ ਹਰ ਉਦਯੋਗਿਕ ਨੀਤੀ ਤਹਿਤ ਪੰਜਾਬ ‘ਚ ਨਿਰੰਤਰ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀ ਆਪਣੇ ਤਾਜ਼ਾ ਨਿਵੇਸ਼ ਰਾਹੀਂ ਰੋਜ਼ਗਾਰ ਦੇ 1500 ਤੋਂ ਵੱਧ ਨਵੇਂ ਮੌਕੇ ਵੀ ਪੈਦਾ ਕਰੇਗੀ।

ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀ ਹੁਣ ਪੰਜਾਬ ਵਿੱਚ 690 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ਵਿੱਚੋਂ 53 ਕਰੋੜ ਰੁਪਏ ਪਰਾਲੀ ਆਧਾਰਿਤ ਬਾਇਲਰ ਅਤੇ ਟਰਬਾਈਨ ਲਈ ਨਿਵੇਸ਼ ਕੀਤੇ ਜਾ ਰਹੇ ਹਨ। ਇਸ ਨਾਲ ਪ੍ਰਤੀ ਸਾਲ ਲਗਭਗ 120000 ਟਨ ਪਰਾਲੀ (10000 ਟਨ ਪ੍ਰਤੀ ਮਹੀਨਾ) ਦੀ ਖਪਤ ਹੋਵੇਗੀ, ਜੋ ਲਗਭਗ 20/25 ਕਿਲੋਮੀਟਰ ਦਾਇਰੇ ਅੰਦਰ ਪੈਂਦੇ ਖੇਤਾਂ ‘ਚ ਪਰਾਲੀ ਸਾੜਨ ਤੋਂ ਮੁਕਤ ਕਰਨ ਵਿੱਚ ਸਹਾਈ ਹੋਵੇਗਾ।

ਗੰਗਾ ਐਕਰੋਵੂਲਜ਼ ਲਿਮਟਿਡ ਦੇ ਪ੍ਰਧਾਨ ਅਮਿਤ ਥਾਪਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੰਗਾ ਐਕਰੋਵੂਲਜ਼ ਲਿਮਟਿਡ ਨੇ ਪਿਛਲੇ ਨਿਵੇਸ਼ਕ ਸੰਮੇਲਨ ਵਿੱਚ 301 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਾਜ਼ਗਾਰ ਉਦਯੋਗਿਕ ਮਾਹੌਲ, ਕਾਰੋਬਾਰ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ‘ਚ ਬਦਲਾਅ ਅਤੇ ਕਾਰੋਬਾਰ ਕਰਨ ਲਈ ਲਾਗਤ ਖ਼ਰਚਿਆਂ ‘ਚ ਕਟੌਤੀ ਦੇ ਚਲਦਿਆਂ ਅਸੀਂ ਆਪਣੀ ਨਿਵੇਸ਼ ਰਾਸ਼ੀ ਨੂੰ ਸੋਧ ਕੇ 690 ਕਰੋੜ ਰੁਪਏ ਕਰ ਦਿੱਤਾ ਸੀ ਅਤੇ ਹੁਣ ਅਸੀਂ ਇਸਨੂੰ ਵਧਾ ਕੇ ਲਗਭਗ 750 ਕਰੋੜ ਕਰਨ ਜਾ ਰਹੇ ਹਾਂ। ਇਸ ਵਿੱਚੋਂ 400 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਬਾਕੀ ਨਿਵੇਸ਼ ਅਗਲੇ 24 ਮਹੀਨਿਆਂ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦੇ ਵਿਸਥਾਰ ਨਾਲ ਹੁਣ ਬੁਣਾਈ, , ਕਾਰਪੇਟ ਅਤੇ ਤਕਨੀਕੀ ਟੈਕਸਟਾਈਲ ਦੇ ਵੱਖ-ਵੱਖ ਹਿੱਸਿਆਂ (ਸੈਗਮੈਂਟਸ) ਲਈ ਧਾਗੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਸਥਾਰ ਉੱਚ-ਮੁੱਲ ਵਾਲੇ ਟੈਕਸਟਾਈਲ ਨਿਰਮਾਣ ਅਤੇ ਨਿਰਯਾਤ ਵਿੱਚ ਪੰਜਾਬ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।

ਇਸ ਨਾਲ ਵਾਧੂ ਰੋਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਸਥਾਨਕ ਮੁੱਲ ਲੜੀ, ਐਮ.ਐਸ.ਐਮ.ਈ. ਅਤੇ ਸਹਾਇਕ ਇਕਾਈਆਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਖੇਤਰ ‘ਚ ਆਰਥਿਕਤਾ ਨੂੰ ਬਲ ਮਿਲੇਗਾ। ਇਹ ਵਿਸਥਾਰ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ ਅਤੇ ਇਸਦੇ ਨਿਵੇਸ਼ਕ-ਅਨੁਕੂਲ ਮਾਹੌਲ ਦੇ ਮਜ਼ਬੂਤ ਸਮਰਥਨ ਨੂੰ ਦਰਸਾਉਂਦਾ ਹੈ, ਜੋ ਘਰੇਲੂ ਅਤੇ ਵਿਸ਼ਵਵਿਆਪੀ ਨਿਰਮਾਤਾਵਾਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ।

ਚੰਡੀਗੜ੍ਹ/ਬਿਊਰੋ ਨਿਊਜ਼
ਘਰ-ਘਰ ਤੋਂ ਕੂੜਾ ਇਕੱਠਾ ਕਰਨ, ਕੂੜੇ ਨੂੰ ਵੱਖ ਕਰਨਾ ਅਤੇ ਡੰਪ ਵਾਲੀਆਂ ਥਾਵਾਂ ਨੂੰ ਸਾਫ ਕਰਨ ਦੀ ਕਰੀਬ ਹਾਰੀ ਹੋਈ ਜੰਗ ਲੜ ਰਹੇ ਪੰਜਾਬ ਨੂੰ ਅਗਲੇ ਮਹੀਨੇ ਤੋਂ ਇਕ ਹੋਰ ਮੁਸ਼ਕਲ ਕੰਮ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਚੱਲਦਿਆਂ ਆਉਂਦੀ 1 ਅਪ੍ਰੈਲ ਤੋਂ ਨਵੇਂ ਅਤੇ ਸਖਤ ਮਿਊਂਸਪਲ ਸਾਲਿਡ ਵੇਸਟ ਨਿਯਮ ਲਾਗੂ ਹੋ ਰਹੇ ਹਨ। ਧਿਆਨ ਰਹੇ ਕਿ 2016 ਦੇ ਮਿਊਂਸਪਲ ਸਾਲਿਡ ਵੇਸਟ ਨਿਯਮ ਇਕ ਦਹਾਕੇ ਤੋਂ ਲਾਗੂ ਹੋਣ ਦੇ ਬਾਵਜੂਦ, ਪੰਜਾਬ ਦੀ ਸ਼ਹਿਰੀ ਤਸਵੀਰ ਇਸ ਪ੍ਰਣਾਲੀ ਦੀ ਅਸਫਲਤਾ ਦਾ ਸਬੂਤ ਬਣਿਆ ਹੋਇਆ ਹੈ। ਇਨ੍ਹਾਂ ਨਿਯਮਾਂ ਨਾਲ ਕੂੜੇ ਦੇ ਸਾਰੇ ਪੁਰਾਣੇ ਡੰਪਾਂ ਦੀ ਮੈਪਿੰਗ ਅਤੇ ਮੁਲਾਂਕਣ ਲਾਜ਼ਮੀ ਹੋਵੇਗਾ। ਇਸਦੇ ਚੱਲਦਿਆਂ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 2016 ਦੇ ਨਿਯਮਾਂ ਦੀ ਥਾਂ ਲੈਂਦਿਆਂ ਸਾਲਿਡ ਵੇਸਟ ਮੈਨੇਜਮੈਂਟ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ, ਜੋ 1 ਅਪ੍ਰੈਲ 2026 ਤੋਂ ਪੂਰੀ ਤਰ੍ਹਾਂ ਲਾਗੂ ਹੋਣਗੇ।

ਮੰਡੀ ਗੋਬਿੰਦਗੜ੍ਹ, 2 ਮਾਰਚ: ਦੇਸ਼ ਭਗਤ ਯੂਨੀਵਰਸਿਟੀ ਵਿਖੇ ਬੈਂਕ ਆਫ਼ ਇੰਡੀਆ ਵੱਲੋਂ ‘ਬੈਂਕਿੰਗ ਉਦਯੋਗ ਵਿੱਚ ਡਿਜੀਟਲ ਧੋਖਾਧੜੀ ਬਾਰੇ ਜਾਗਰੂਕਤਾ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦੇ ਨਿੱਘੇ ਸਵਾਗਤ ਨਾਲ ਹੋਈ।
ਇਸ ਮੌਕੇ ਮੁੱਖ ਮਹਿਮਾਨ ਬੈਂਕ ਆਫ਼ ਇੰਡੀਆ ਦੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਮੈਨੇਜਰ ਰਾਜੇਸ਼ ਰੰਜਨ ਸਨ, ਜਿਨ੍ਹਾਂ ਨੇ ਜਾਗਰੂਕਤਾ ਸੈਸ਼ਨ ਦਾ ਸੰਚਾਲਨ ਕੀਤਾ।  
ਇਸ ਮੌਕੇ ਤੇ ਮਹਿਮਾਨਾਂ ਵਿੱਚ ਕੁਮਾਰ ਪ੍ਰਮੋਦ ਸਿੰਘ, ਸਹਾਇਕ ਜਨਰਲ ਮੈਨੇਜਰ, ਅਮਨਦੀਪ ਸਿੰਘ, ਮੈਨੇਜਰ ਅਤੇ ,ਅਮਨ ਗੁਲੇਰੀਆ, ਸਹਾਇਕ ਮੈਨੇਜਰ, ਬੈਂਕ ਆਫ਼ ਇੰਡੀਆ ਸ਼ਾਮਲ ਸਨ। ਯੂਨੀਵਰਸਿਟੀ ਦੇ ਪਤਵੰਤੇ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਸੀਐਫਓ ਅਮਰ ਸ਼ਰਮਾ ਵੀ ਮੌਜੂਦ ਸਨ।
ਸੈਮੀਨਾਰ ਦੌਰਾਨ, ਮੁੱਖ ਮਹਿਮਾਨ ਨੇ ਡਿਜੀਟਲ ਧੋਖਾਧੜੀ ਦੀਆਂ ਵਧਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਅਤੇ ਬੈਂਕਿੰਗ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੇ ਡਿਜੀਟਲ ਬੈਂਕਿੰਗ ਧੋਖਾਧੜੀ ਬਾਰੇ ਦੱਸਿਆ ਅਤੇ ਰੋਕਥਾਮ ਸੁਰੱਖਿਆ ਉਪਾਅ ਸਾਂਝੇ ਕੀਤੇ। ਵਿਦਿਆਰਥੀਆਂ ਵਿੱਚ ਸਮਝ ਵਧਾਉਣ ਲਈ ਜਾਗਰੂਕਤਾ ਵੀਡੀਓ ਵੀ ਦਿਖਾਏ ਗਏ।
ਇਸ ਮੌਕੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਰਸਮੀ ਸਵਾਗਤ ਭਾਸ਼ਣ ਦਿੱਤਾ, ਜਿਸ ਵਿੱਚ ਡਿਜੀਟਲ ਵਿੱਤੀ ਧੋਖਾਧੜੀ ਵਿਰੁੱਧ ਚੌਕਸੀ ਅਤੇ ਰੋਕਥਾਮ ਰਣਨੀਤੀਆਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ।
ਸੈਮੀਨਾਰ ਦੀ ਸਮਾਪਤੀ ਇੱਕ ਇੰਟਰੈਕਟਿਵ ਸਵਾਲ-ਜਵਾਬ ਸੈਸ਼ਨ ਨਾਲ ਹੋਈ, ਜਿਸ ਨਾਲ ਇਹ ਪ੍ਰੋਗਰਾਮ ਸਾਰੇ ਹਾਜ਼ਰੀਨ ਲਈ ਬਹੁਤ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਬਣਿਆ।  

ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਹੁਣ ਸਰਕਾਰੀ ਪੀਆਰਟੀਸੀ ਬੱਸਾਂ ਨੂੰ ਆਪਣੀ ਪਾਰਟੀ ਦੇ ਰੰਗ ਵਿਚ ਰੰਗਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਸਪਤਾਲਾਂ ਅਤੇ ਸਕੂਲਾਂ ਨੂੰ ਵੀ ਭਗਵੰਤ ਮਾਨ ਸਰਕਾਰ ਨੇ ਆਪਣੀ ਪਾਰਟੀ ਦੇ ਰੰਗ ਵਿਚ ਰੰਗਿਆ ਸੀ ਅਤੇ ਹੁਣ ਪੀਆਰਟੀਸੀ ਬੱਸਾਂ ਨੂੰ ਵੀ ਪੀਲੇ ਤੇ ਨੀਲੇ ਰੰਗ ਵਿਚ ਰੰਗਿਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਸਾਈਕਲਾਂ, ਬੱਸਾਂ ਅਤੇ ਰਾਸ਼ਨ ਦੇ ਬੈਗਾਂ ਆਦਿ ’ਤੇ ਤਸਵੀਰਾਂ ਲਗਵਾਉਣ ਲਈ ਬਾਦਲਾਂ ਦਾ ਮਜ਼ਾਕ ਉਡਾਉਂਦੇ ਸੀ, ਪਰ ਹੁਣ ਭਗਵੰਤ ਮਾਨ ਖੁਦ ਹੀ ਪੂਰੇ ਸੂਬੇ ਨੂੰ ਆਪਣੀ ਪਾਰਟੀ ਦੇ ਰੰਗ ਵਿਚ ਰੰਗ ਰਹੇ  ਹਨ। ਸੁਖਪਾਲ ਖਹਿਰਾ ਨੇ ਇਸ ਸਬੰਧੀ ਇਕ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਇਕ ਵਰਕਸ਼ਾਪ ਵਿਚ ਨੀਲੇ ਅਤੇ ਪੀਲੇ ਰੰਗ ਵਿਚ ਰੰਗੀਆਂ ਗਈਆਂ ਪੀਆਰਟੀਸੀ ਦੀਆਂ ਬੱਸਾਂ ਨਜ਼ਰ ਆ ਰਹੀਆਂ ਹਨ।

ਚੰਡੀਗੜ੍ਹ, 2 ਮਾਰਚ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਸਬੰਧੀ ਸਮਾਗਮਾਂ ਮੌਕੇ ਜੁੜਨ ਵਾਲੀ ਵੱਡੀ ਗਿਣਤੀ ਸੰਗਤ ਲਈ ਬਣਾਈ ਗਈ ਸਥਾਈ ਟੈਂਟ ਸਿਟੀ ਸਮੇਤ ਨਿਰਵਿਘਨ ਧਾਰਮਿਕ ਦਰਸ਼ਨਾਂ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਵਾਤਾਵਰਣਪੱਖੀ ਕਾਰਜਾਂ ਨੂੰ ਉਤਸ਼ਾਹਿਤ ਕਰਨ ਕੀਤੇ ਵਿਆਪਕ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਸਥਾਈ (ਪਰਮਾਨੈਂਟ) ਏਅਰ-ਕੰਡੀਸ਼ਨਡ ਟੈਂਟ ਸਿਟੀ ਅਤੇ ਗ੍ਰੀਨ ਹੋਲਾ ਮਹੱਲਾ ਸਮੇਤ ਕਈ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, "ਪਿਛਲੇ ਸਾਲ ਇੱਕ ਅਸਥਾਈ ਢਾਂਚੇ ਦੀ ਸਫਲਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੀਖਣ ਤੋਂ ਬਾਅਦ ਇੱਕ ਸਥਾਈ ਟੈਂਟ ਸਿਟੀ ਬਣਾਉਣ ਬਾਰੇ ਵਿਚਾਰ ਰੱਖਿਆ ਗਿਆ ਸੀ ਅਤੇ ਹੁਣ ਪਵਿੱਤਰ ਨਗਰੀ ਵਿਖੇ ਸਥਾਈ ਟੈਂਟ ਸਿਟੀ ਸਥਾਪਤ ਕੀਤੀ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ, "ਇਹ ਪੰਜਾਬ ਦੇ ਧਾਰਮਿਕ ਸੈਰ-ਸਪਾਟੇ ਲਈ ਇੱਕ ਇਤਿਹਾਸਕ ਪਲ ਹੈ। ਅਸੀਂ ਅੱਜ ਇੱਕ ਸਥਾਈ, ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਟੈਂਟ ਸਿਟੀ ਸੰਗਤ ਨੂੰ ਸਮਰਪਿਤ ਕਰ ਰਹੇ ਹਾਂ। ਇਹ ਸਹੂਲਤ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਜੋ ਸਾਲ ਭਰ ਸੰਗਤ ਨੂੰ ਸੁਖਦ ਰਿਹਾਇਸ਼ ਦੇਵੇਗੀ। ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤ ਨੂੰ ਸਹੂਲਤ ਹੋਵੇਗੀ ਬਲਕਿ ਸ੍ਰੀ ਅਨੰਦਪੁਰ ਸਾਹਿਬ ਦੀ ਸੈਰ-ਸਪਾਟਾ ਸੰਭਾਵਨਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਇੱਥੇ ਆਉਣ ਵਾਲੀ ਸੰਗਤ ਨੂੰ ਬਿਹਤਰ ਅਨੁਭਵ ਮਿਲੇਗਾ।"

ਵਾਤਾਵਰਣ ਸੰਭਾਲ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਸਾਲ ਗਰੀਨ ਹੋਲਾ ਮਹੱਲਾ ਮਨਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਸਿੰਗਲ-ਯੂਜ਼ ਪਲਾਸਟਿਕ 'ਤੇ ਵਿਆਪਕ ਪਾਬੰਦੀ ਲਾਗੂ ਕੀਤੀ ਗਈ ਹੈ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਰੇ ਲੰਗਰ ਸਥਾਨਾਂ 'ਤੇ ਬਾਇਓਡੀਗ੍ਰੇਡੇਬਲ ਬਦਲ ਪ੍ਰਦਾਨ ਕਰਨ ਦਾ ਸਾਰਾ ਖਰਚ ਕੀਤਾ ਜਾਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਲੱਖਾਂ ਦੀ ਗਿਣਤੀ ਵਿੱਚ ਸੰਗਤ ਦੀ ਸੇਵਾ ਲਈ ਵੱਡੇ ਪੱਧਰ ‘ਤੇ ਲੰਗਰ ਲਗਾਏ ਜਾ ਰਹੇ ਹਨ, ਇਸ ਲਈ ਅਸੀਂ ਵਾਤਾਵਰਣ ਸਬੰਧੀ ਚਿੰਤਾਵਾਂ ਨੂੰ ਤਰਜੀਹ ਦਿੱਤੀ ਹੈ। ਵਰਤੀ ਜਾਣ ਵਾਲੀ ਹਰ ਪਲੇਟ, ਕੱਪ ਅਤੇ ਭਾਂਡੇ ਬਾਇਓਡੀਗ੍ਰੇਡੇਬਲ, ਗੈਰ-ਪਲਾਸਟਿਕ ਸਮੱਗਰੀ ਤੋਂ ਬਣੇ ਹੋਣਗੇ।"

ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂਘਰ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੰਦਿਆਂ, ਸ. ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਤੋਂ ਬਾਅਦ, ਸੂਬਾ ਸਰਕਾਰ ਵੱਲੋਂ ਹੁਣ ਨਵੇਂ ਜੋਸ਼ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਾਰੀ ਸੰਗਤ ਨੂੰ ਆਪਣੇ ਪਰਿਵਾਰਾਂ ਸਮੇਤ ਹੋਲੇ ਮਹੱਲੇ ਵਿੱਚ ਸ਼ਾਮਲ ਹੋਣ ਅਤੇ ਇਸ ਇਤਿਹਾਸਕ ਜਸ਼ਨ ਦੀ ਅਧਿਆਤਮਿਕ ਸ਼ਾਨ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ।

ਉਨ੍ਹਾਂ ਦੱਸਿਆ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਲਾਈਟਾਂ ਨਾਲ ਵੱਡੇ ਪੱਧਰ ‘ਤੇ ਸਜਾਇਆ ਗਿਆ ਹੈ ਜੋ ਰਾਤ ਸਮੇਂ ਇਕ ਰੂਹਾਨੀ ਅਨੁਭਵ ਪ੍ਰਦਾਨ ਕਰਦਾ ਹੈ। ਪੰਜ ਪਿਆਰਿਆਂ ਦੇ ਪਾਰਕ ਨੂੰ ਹੁਣ ਪੂਰੀ ਤਰ੍ਹਾਂ ਨਵਾਂ ਰੂਪ ਦਿੱਤਾ ਗਿਆ ਹੈ ਜੋ ਵਿਰਾਸਤੀ ਸ਼ਾਨ ਬਹਾਲੀ ਵੱਲ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਾ ਹੈ। ਭਾਈ ਜੈਤਾ ਜੀ ਅਜਾਇਬ ਘਰ ਅਤੇ ਹੋਰ ਸਥਾਨ ਆਪਣੇ ਅਮੀਰ ਇਤਿਹਾਸਕ ਪ੍ਰਦਰਸ਼ਨੀਆਂ ਨਾਲ ਸੰਗਤਾਂ ਨੂੰ ਆਕਰਸ਼ਿਤ ਕਰਦੇ ਰਹਿੰਦੇ ਹਨ।

ਪੰਜਾਬ ਦੇ ਹਰ ਕੋਨੇ ਕੋਨੇ ਤੋਂ ਟਰੈਕਟਰਾਂ ਅਤੇ ਟਰਾਲੀਆਂ 'ਤੇ ਆਉਣ ਵਾਲੀ ਸੰਗਤ ਦੇ ਪ੍ਰਬੰਧਨ ਲਈ, ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ 28 ਸਮਰਪਿਤ ਪਾਰਕਿੰਗ ਜ਼ੋਨ ਅਤੇ ਦੋ ਵਿਸ਼ੇਸ਼ 'ਟਰਾਲੀ ਸਿਟੀ' ਅਤੇ ਟਰਾਲੀ ਸਟ੍ਰੀਟ ਸਥਾਪਤ ਕੀਤੀਆਂ ਹਨ। ਬਾਥਰੂਮ, ਸੀਸੀਟੀਵੀ ਨਿਗਰਾਨੀ ਅਤੇ ਜਾਣਕਾਰੀ ਦੇਣ ਵਾਲੀਆਂ ਐਲਈਡੀ ਸਕ੍ਰੀਨਾਂ ਨਾਲ ਲੈਸ ਇਹ ਸਹੂਲਤਾਂ ਵੱਖ-ਵੱਖ ਖੇਤਰਾਂ ਵਿੱਚ ਸੇਵਾ ਲਈ ਰਣਨੀਤਕ ਤੌਰ 'ਤੇ ਸਥਿਤ ਹਨ। ਮਾਝਾ ਅਤੇ ਦੋਆਬਾ ਵਾਲੀ ਸੰਗਤ ਨੂੰ ਚਰਨ ਗੰਗਾ ਦੇ ਨੇੜੇ ਟਰਾਲੀ ਸਿਟੀ ਵੱਲ ਭੇਜਿਆ ਜਾਵੇਗਾ, ਜਦੋਂ ਕਿ ਮਾਲਵਾ ਅਤੇ ਚੰਡੀਗੜ੍ਹ ਵਾਲੇ ਪਾਸੇ ਤੋਂ ਆਉਣ ਵਾਲੀ ਸੰਗਤ ਨੂੰ ਪਿੰਡ ਝਿੰਜੜੀ ਵਿੱਚ ਸਥਿਤ ਸਹੂਲਤ 'ਤੇ ਠਹਿਰਾਇਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਅੱਗੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ 'ਤੇ ਸੰਗਤਾਂ ਨੂੰ ਲਿਜਾਣ ਲਈ 100 ਈ-ਰਿਕਸ਼ਾ ਸ਼ਟਲ ਸੇਵਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਹੋਲਾ ਮਹੱਲਾ ਦੌਰਾਨ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 2 ਅਤੇ 3 ਮਾਰਚ ਨੂੰ ਵਿਰਾਸਤ-ਏ-ਖਾਲਸਾ ਵਿਖੇ ਸ਼ਾਮ ਵੇਲੇ ਅਸਮਾਨ ਵਿੱਚ ਆਤਿਸ਼ਬਾਜ਼ੀ ਦੀ ਸ਼ਾਨਦਾਰ ਪੇਸ਼ਾਕਾਰੀ ਦਿਖਾਈ ਜਾਵੇਗੀ, ਜਿਸ ਨਾਲ ਹੋਲਾ ਮਹੱਲਾ ਦੇ ਜਸ਼ਨਾਂ ਦਾ ਰੰਗ ਹੋਰ ਵੀ ਗੂੜ੍ਹਾ ਹੋ ਜਾਵੇਗਾ।

ਸਿਹਤ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਚਰਨ ਗੰਗਾ ਸਟੇਡੀਅਮ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦੋਂ ਕਿ ਹਰ ਪਾਰਕਿੰਗ ਅਤੇ ਮੁੱਖ ਸੰਗਤ ਸਥਾਨ 'ਤੇ ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ। ਉਨ੍ਹਾਂ ਅੱਗੇ ਕਿਹਾ, "ਸੰਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਰਨ ਗੰਗਾ ਸਟੇਡੀਅਮ ਨੇੜੇ ਮੁੱਖ ਇਕੱਠ ਦੇ ਰਸਤੇ 'ਤੇ ਤਿੰਨ-ਪਰਤੀ ਬੈਰੀਕੇਡਿੰਗ ਪ੍ਰਣਾਲੀ ਦੇ ਨਾਲ ਮਜ਼ਬੂਤ ਸੁਰੱਖਿਆ ਉਪਾਅ ਕੀਤੇ ਗਏ ਹਨ ਅਤੇ ਨਿਹੰਗ ਸਿੰਘਾਂ ਨੂੰ ਆਪਣੇ ਰਵਾਇਤੀ ਯੁੱਧ ਪ੍ਰਦਰਸ਼ਨਾਂ ਲਈ ਲੋੜੀਂਦੀ ਜਗ੍ਹਾ ਪ੍ਰਦਾਨ ਕੀਤੀ ਗਈ ਹੈ।"

ਮੁੱਖ ਇਕੱਠ ਦੀ ਅਸਲ-ਸਮੇਂ ਦੀ ਜਾਣਕਾਰੀ ਅਤੇ ਲਾਈਵ ਪ੍ਰਸਾਰਣ ਪ੍ਰਦਾਨ ਕਰਨ ਲਈ ਮੁੱਖ ਸਥਾਨਾਂ 'ਤੇ 20 ਵੱਡੀਆਂ ਐਲਈਡੀ ਸਕ੍ਰੀਨਾਂ ਦਾ ਇੱਕ ਨੈੱਟਵਰਕ ਲਗਾਇਆ ਗਿਆ ਹੈ। ਇਹ ਪਹਿਲਕਦਮੀ ਪਾਰਕਿੰਗ ਖੇਤਰਾਂ ਵਿੱਚ ਸ਼ਰਧਾਲੂਆਂ ਨੂੰ ਵਿਰਾਸਤੀ ਖੇਡਾਂ ਅਤੇ ਕਰਾਫਟ ਮੇਲੇ ਸਮੇਤ ਚੱਲ ਰਹੇ ਸਮਾਗਮਾਂ ਨਾਲ ਜੋੜੀ ਰੱਖੇਗੀ। ਸ. ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਜਸ਼ਨ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਮਹੀਨਿਆਂ ਦੀ ਤਿਆਰੀ ਅਤੇ ਸਖ਼ਤ ਮਿਹਨਤ ਲਈ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਚੰਡੀਗੜ੍ਹ : ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਮੱਧ ਏਸ਼ੀਆਈ ਦੇਸ਼ਾਂ ਅਤੇ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਸਮਰਪਿਤ 24x7 ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ, ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਮੁੱਚੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਤਾਲਮੇਲ ਜਾਰੀ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਤੁਰੰਤ ਵਾਪਸੀ ਲਈ ਕੇਂਦਰ ਨੂੰ ਸੂਬੇ ਦੇ ਸਹਿਯੋਗ ਲਈ ਅਪੀਲ ਕੀਤੀ ਗਈ ਹੈ।

ਅੱਜ ਪੰਜਾਬ ਭਵਨ ਵਿਖੇ ਇਹ ਐਲਾਨ ਕਰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ, ਡਾ. ਰਵਜੋਤ ਸਿੰਘ ਨੇ ਕਿਹਾ, "ਸੂਬਾ ਸਰਕਾਰ ਸਮੁੱਚੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਪ੍ਰਭਾਵਿਤ ਖੇਤਰਾਂ ਆ ਰਹੀਆਂ ਕਾਲਾਂ ਸਬੰਧੀ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।"

ਡਾ. ਰਵਜੋਤ ਸਿੰਘ ਨੇ ਭਰੋਸਾ ਦਿੱਤਾ, “ਸਾਨੂੰ ਮੱਧ ਏਸ਼ੀਆ ਤੋਂ ਫੋਨ ਕਾਲ ਆ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸੈਲਾਨੀ ਹਨ। ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਫਸੇ ਹਰ ਪੰਜਾਬੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਅਸੀਂ ਉਨ੍ਹਾਂ ਦੀ ਸੁਰੱਖਿਅਤ ਨਿਕਾਸੀ ਅਤੇ ਘਰ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ।”

ਸਹਾਇਤਾ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ, "ਤੁਰੰਤ ਸਹਾਇਤਾ ਅਤੇ ਤਾਲਮੇਲ ਸਹਾਇਤਾ ਪ੍ਰਦਾਨ ਕਰਨ ਲਈ 0172-2260042, 0172-2260043 (ਵਿਦੇਸ਼ੀ ਨਾਗਰਿਕਾਂ ਲਈ) ਅਤੇ 1100 (ਭਾਰਤ ਦੇ ਨਿਵਾਸੀਆਂ ਲਈ) ਆਦਿ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੈਲਪਲਾਈਨ ਸੇਵਾ ਮਾਰਗਦਰਸ਼ਨ ਪ੍ਰਦਾਨ ਕਰਨ, ਜਾਣਕਾਰੀ ਇਕੱਠੀ ਕਰਨ ਅਤੇ ਨਿਕਾਸੀ ਅਤੇ ਸਹਾਇਤਾ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ 24 ਘੰਟੇ ਕੰਮ ਕਰੇਗੀ।

ਮੰਤਰੀ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਏਡੀਜੀਪੀ ਐਨਆਰਆਈ ਵਿੰਗ ਆਰ.ਕੇ. ਜੈਸਵਾਲ ਦੀ ਅਗਵਾਈ ਹੇਠ ਇੱਕ ਕਮੇਟੀ ਵੀ ਬਣਾਈ ਗਈ ਹੈ।

ਕੇਂਦਰ ਅਤੇ ਸੂਬਿਆਂ ਦਰਮਿਆਨ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਫਸੇ ਵਿਅਕਤੀਆਂ ਦੀ ਸੁਰੱਖਿਅਤ ਨਿਕਾਸੀ ਲਈ ਤਾਲਮੇਲ ਅਤੇ ਸੁਹਿਰਦ ਯਤਨਾਂ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨਾਲ ਜਲਦੀ ਮੀਟਿੰਗ ਕਰਨ ਲਈ ਵੀ ਉਤਸੁਕ ਹੈ। ਸਾਡਾ ਮੰਨਣਾ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਵਿਚਕਾਰ ਆਪਸੀ ਸਹਿਯੋਗ ਰਾਹੀਂ, ਅਸੀਂ ਰਾਹਤ ਉਪਾਵਾਂ ਨੂੰ ਤੇਜ਼ ਕਰ ਸਕਦੇ ਹਾਂ ਅਤੇ ਮੁਸਿਬਤ ਵਿੱਚ ਫਸੇ ਆਪਣੇ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰ ਸਕਦੇ ਹਾਂ।"

ਪ੍ਰਬੰਧਕੀ ਤਿਆਰੀ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਐਨ.ਆਰ.ਆਈ. ਮਾਮਲੇ ਵਿਭਾਗ, ਗ੍ਰਹਿ ਵਿਭਾਗ ਅਤੇ ਹੋਰ ਸਬੰਧਤ ਏਜੰਸੀਆਂ ਨਾਲ ਤਾਲਮੇਲ ਕਰਕੇ, ਪ੍ਰਭਾਵਿਤ ਵਿਅਕਤੀਆਂ ਦਾ ਡਾਟਾ ਸਰਗਰਮੀ ਨਾਲ ਇਕੱਠਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸੁਰੱਖਿਅਤ ਰਸਤੇ ਨੂੰ ਆਸਾਨ ਬਣਾਉਣ ਲਈ ਐਮਰਜੈਂਸੀ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ।

ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ, "ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਹਰੇਕ ਪੰਜਾਬੀ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।” ਉਨ੍ਹਾਂ ਵਿਦੇਸ਼ਾਂ 'ਚ ਫਸੇ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤ ਰਹਿਣ ਅਤੇ ਨਿਰਧਾਰਤ ਹੈਲਪਲਾਈਨ ਨੰਬਰਾਂ ਰਾਹੀਂ ਸੰਪਰਕ ਵਿੱਚ ਰਹਿਣ। ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਸਾਡੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”  

ਇਸ ਮੌਕੇ ਏ.ਡੀ.ਜੀ.ਪੀ. ਐਨ.ਆਰ.ਆਈ. ਵਿੰਗ ਪੰਜਾਬ ਸ੍ਰੀ ਆਰ.ਕੇ. ਜੈਸਵਾਲ, ਵਿਸ਼ੇਸ਼ ਸਕੱਤਰ ਐਨ.ਆਰ.ਆਈ.ਮਾਮਲੇ ਸ੍ਰੀਮਤੀ ਦਲਜੀਤ ਕੌਰ, ਵਧੀਕ ਸਕੱਤਰ ਸ੍ਰੀ ਆਰ.ਜੇ.ਐਸ. ਬਰਾੜ, ਡਿਪਟੀ ਸਕੱਤਰ ਗ੍ਰਹਿ ਸ੍ਰੀਮਤੀ ਮਨਪ੍ਰੀਤ ਕੌਰ, ਏ.ਆਈ.ਜੀ, ਐਨ.ਆਰ.ਆਈ ਵਿੰਗ, ਸ੍ਰੀ ਅਜਿੰਦਰ ਸਿੰਘ, ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਸ੍ਰੀ ਕਮਲ ਗਰਗ ਆਦਿ ਹਾਜ਼ਰ ਸਨ।

ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਇਕ ਵਾਰ ਫਿਰ ਬੰਬ ਦੀ ਧਮਕੀ ਨਾਲ ਹਿੱਲ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ ਸੋਮਵਾਰ ਸਵੇਰੇ ਇਕ ਈਮੇਲ ਵਿਚ ਸ਼ਹਿਰ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ’ਤੇ ਰੱਖਿਆ ਗਿਆ। ਧਮਕੀ ਦਾ ਨਿਸ਼ਾਨਾ ਚੰਡੀਗੜ੍ਹ ਸੈਕਟਰ 17 ਦਾ ਬੱਸ ਸਟੈਂਡ, ਸੈਕਟਰ 34 ਵਿਚ ਪਾਸਪੋਰਟ ਸੇਵਾ ਕੇਂਦਰ ਅਤੇ ਉਦਯੋਗਿਕ ਖੇਤਰ ਵਿਚ ਮੁੱਖ ਪਾਸਪੋਰਟ ਦਫਤਰ ਸੀ। ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਪੂਰੇ ਖੇਤਰ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੁਲਿਸ ਵਲੋਂ ਈਮੇਲ ਦਾ ਸਰੋਤ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਦਾਲਤੀ ਕੰਪਲੈਕਸ ਅਤੇ ਕਈ ਸਕੂਲਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.