Friday, 12 June 2026

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਵਾਇਰਲ ਵੀਡੀਓ ਦਾ ਸੂ-ਮੋਟੋ ਨੋਟਿਸ ਲਿਆ ਹੈ। ਜਸਵੀਰ ਸਿੰਘ ਗੜ੍ਹੀ ਨੇ ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਵਲੋਂ ਕਮਿਸ਼ਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਜਾ ਵੜਿੰਗ ਵਲੋਂ ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੇ ਪ੍ਰਚਾਰ ਦੌਰਾਨ ਦਲਿਤ ਜਾਤੀਆਂ ਪ੍ਰਤੀ ਗਲਤ ਜਾਤੀ ਸੂਚਕ ਸ਼ਬਦ ਵਰਤੇ ਗਏ ਹਨ। ਇਸ ਗੰਭੀਰ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਐਸ.ਸੀ. ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਤੋਂ 29 ਮਈ  ਤੱਕ ਐਸ.ਪੀ. ਰਾਹੀਂ ਪੂਰੀ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ ਨਾ ਸਿਰਫ ਇਸ ਮਾਮਲੇ ’ਤੇ ਜਵਾਬ ਮੰਗਿਆ ਹੈ, ਬਲਕਿ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਵਿਸ਼ੇਸ਼ ਹਦਾਇਤ ਵੀ ਕੀਤੀ ਹੈ ਕਿ ਰਾਜਾ ਵੜਿੰਗ ਦੀ ਆਵਾਜ਼ ਦੇ ਸੈਂਪਲ ਲਏ ਜਾਣ ਅਤੇ ਇਸ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾ ਕੇ ਅਸਲ ਤੱਥਾਂ ਸਮੇਤ ਕਮਿਸ਼ਨ ਨੂੰ ਰਿਪੋਰਟ ਪੇਸ਼ ਕੀਤੀ ਜਾਵੇ।

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਗਲੋਬਲ ਸਕੂਲ ਨੇ ਬਾਲਵਾਟਿਕਾ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੁਈਨਜ਼ਲੈਂਡ ਵਾਟਰ ਪਾਰਕ ਦੇ ਇੱਕ ਵਿਦਿਅਕ ਅਤੇ ਮਨੋਰੰਜਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਇਸ ਦਿਲਚਸਪ ਅਤੇ ਤਾਜ਼ਗੀ ਭਰੀ ਸੈਰ ਦਾ ਪੂਰਾ ਆਨੰਦ ਮਾਣਿਆ।
ਇਸ ਯਾਤਰਾ ਨੇ ਗਰਮੀ ਤੋਂ ਛੁਟਕਾਰਾ ਪ੍ਰਦਾਨ ਕੀਤਾ ਕਿਉਂਕਿ ਵਿਦਿਆਰਥੀਆਂ ਨੇ ਰੋਮਾਂਚਕ ਪਾਣੀ ਦੀਆਂ ਸਵਾਰੀਆਂ ਅਤੇ ਵੱਖ-ਵੱਖ ਮਨੋਰੰਜਨ ਪਾਰਕ ਆਕਰਸ਼ਣਾਂ ਦਾ ਅਨੁਭਵ ਕੀਤਾ। ਉਨ੍ਹਾਂ ਨੇ ਜੀਵੰਤ ਡਾਂਸ ਪ੍ਰਦਰਸ਼ਨਾਂ ਅਤੇ ਦਿਲਚਸਪ ਸਮੂਹ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ ਜੋ ਸਾਥੀਆਂ ਵਿੱਚ ਟੀਮ ਵਰਕ, ਆਤਮਵਿਸ਼ਵਾਸ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਦੇ ਹਨ। ਦਿਨ ਦਾ ਸਮਾਪਨ ਪਾਰਕ ਦੇ ਰੈਸਟੋਰੈਂਟ ਵਿੱਚ ਇੱਕ ਸੁਆਦੀ ਦੁਪਹਿਰ ਦੇ ਖਾਣੇ ਨਾਲ ਹੋਇਆ।
ਪ੍ਰਿੰਸੀਪਲ ਇੰਦੂ ਸ਼ਰਮਾ ਨੇ ਇਸ ਮਨੋਰੰਜਕ ਦੌਰੇ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਡਿਊਟੀ ’ਤੇ ਮੌਜੂਦ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਸਹਿ-ਪਾਠਕ੍ਰਮ ਗਤੀਵਿਧੀਆਂ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ, ਮਾਨਸਿਕ ਅਤੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।  

ਮਹਿਲਾਵਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਕੇ ਘਿਰ ਗਏ ਯੋਗਰਾਜ
ਚੰਡੀਗੜ੍ਹ/ਬਿਊਰੋ ਨਿਊਜ਼
ਫਿਲਮ ਅਦਾਕਾਰ ਯੋਗਰਾਜ ਸਿੰਘ ਨੂੰ ਮਹਿਲਾਵਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਮਾਮਲੇ ਵਿਚ ਵੱਡਾ ਝਟਕਾ ਲੱਗਾ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਯੋਗਰਾਜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਹ ਮਾਮਲਾ ਵੈਬ ਸੀਰੀਜ਼ ਦੀ ਇਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਵਿਚ ਯੋਗਰਾਜ ਵਲੋਂ ਕਿਰਦਾਰ ਦੁਆਰਾ ਮਹਿਲਾਵਾਂ ਦੇ ਖਿਲਾਫ ਕਥਿਤ ਰੂਪ ’ਚ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਯੋਗਰਾਜ ਸਿੰਘ ਵਰਗੇ ਪ੍ਰਭਾਵਸ਼ਾਲੀ ਵਿਅਕਤੀ ਵਲੋਂ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਸਮਾਜ ਵਿਚ ਮਹਿਲਾਵਾਂ ਦੇ ਪ੍ਰਤੀ ਗਲਤ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਬੰਧ ਵਿਚ ਹੁਣ ਯੋਗਰਾਜ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਹਾਈਕੋਰਟ ਵਿਚ ਪਟੀਸ਼ਨ ਪਾਉਣ ਦੀ ਤਿਆਰੀ ਕਰ ਰਹੇ ਹਨ।    

 

 

ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸੀਸੀ ਟੀਵੀ ਕੈਮਰਿਆਂ ਰਾਹੀਂ ਵੀ ਹੋਵੇਗੀ ਨਿਗਰਾਨੀ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿਚ ਨਗਰ ਨਿਗਮ, ਨਗਰ ਪਰਿਸ਼ਦ ਅਤੇ ਨਗਰ ਪੰਚਾਇਤ ਚੋਣਾਂ ਲਈ ਭਲਕੇ 26 ਮਈ, ਦਿਨ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਪਰਿਸ਼ਦਾਂ ਅਤੇ 21 ਨਗਰ ਪੰਚਾਇਤਾਂ ਦੇ ਲਈ ਇਹ ਵੋਟਾਂ ਪੈਣਗੀਆਂ ਹਨ। ਇਨ੍ਹਾਂ ਵੋਟਾਂ ਦੇ ਨਤੀਜੇ 29 ਮਈ ਦਿਨ ਸ਼ੁੱਕਰਵਾਰ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਲਈ ਸੂਬੇ ਵਿਚ 3977 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਦੇ ਮੁਤਾਬਕ ਇਨ੍ਹਾਂ ਚੋਣਾਂ ਵਿਚ 36 ਲੱਖ, 72 ਹਜ਼ਾਰ 932 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ। ਚੋਣਾਂ ਦੌਰਾਨ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸੀਸੀ ਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਹੋਵੇਗੀ।  ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੇ ਐਲਾਨ ਤੋਂ ਬਾਅਦ 10 ਹਜ਼ਾਰ 809 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ। ਜਿਸ ਵਿਚੋਂ 2393 ਉਮੀਦਵਾਰਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ ਅਤੇ 79 ਉਮੀਦਵਾਰ ਬਿਨਾ ਕਿਸੇ ਵਿਰੋਧ ਦੇ ਚੁਣੇ ਗਏ ਸਨ। ਹੁਣ ਇਨ੍ਹਾਂ ਚੋਣਾਂ ਲਈ 7555 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਹ ਚੋਣਾਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹਨ ਕਿਉਂਕਿ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ।



ਪੰਜਾਬ ’ਚ ਨਿਗਮ ਚੋਣਾਂ ਬੈਲੇਟ ਪੇਪਰ ਨਾਲ ਕਰਾਏ ਜਾਣ ਨੂੰ ਸੁਪਰੀਮ ਕੋਰਟ ਵੱਲੋਂ
ਹਰੀ ਝੰਡੀ  
ਸੁਪਰੀਮ ਕੋਰਟ ਨੇ ਚੁਣੌਤੀ ਵਾਲੀ ਪਟੀਸ਼ਨ ਕੀਤੀ ਖਾਰਜ
ਚੰਡੀਗੜ੍ਹ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਪੰਜਾਬ ਵਿਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਬੈਲੇਟ ਪੇਪਰਾਂ ਰਾਹੀਂ ਕਰਾਉਣ ਦੇ ਸੂਬਾ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਸੁਣਾਏ ਇਸ ਫੈਸਲੇ ਨਾਲ ਨਿਗਮ ਤੇ ਕੌਂਸਲ ਚੋਣਾਂ, ਬੈਲੇਟ ਪੇਪਰਾਂ ਨਾਲ ਕਰਾਉਣ ਲਈ ਰਾਹ ਸਾਫ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਦਿਨੀਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਨਿਗਮ ਅਤੇ ਕੌਂਸਲ ਚੋਣਾਂ ਬੈਲੇਟ ਪੇਪਰਾਂ ਨਾਲ ਕਰਾਏ ਜਾਣ ਬਾਰੇ ਫੈਸਲਾ ਕੀਤਾ ਸੀ ਅਤੇ ਇਸ ਪੜਾਅ ’ਤੇ ਚੋਣ ਪ੍ਰਕਿਰਿਆ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ’ਚ ਸੁਣਵਾਈ ਅਧੀਨ ਸੀ। ਅੱਜ ਸੋਮਵਾਰ ਨੂੰ ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਰੁਚਿਤਾ ਗਰਗ ਨੂੰ ਅਦਾਲਤ ਵਿੱਚ ਦੇਰ ਨਾਲ ਪਹੁੰਚਣ ਨੂੰ ਲੈ ਕੇ ਸਵਾਲ ਕੀਤੇ। ਬੈਂਚ ਨੇ ਕਿਹਾ ਕਿ ਇਸ ਪੜਾਅ ’ਤੇ ਚੋਣ ਪ੍ਰਕਿਰਿਆ ਨੂੰ ਅਸਥਿਰ ਨਹੀਂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਲਈ ਵੋਟਾਂ ਪੈਣੀਆਂ ਜਾਰੀ ਹਨ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ ਹਨ। ਉਧਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੌਰਾਨ ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਅਨੋਖੇ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਨਾਲ ਬੈਲ ਗੱਡੀ 'ਤੇ ਸਵਾਰ ਹੋ ਕੇ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ। ਇਹ ਅਨੋਖਾ ਨਜ਼ਾਰਾ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਇਸਦੇ ਚੱਲਦਿਆਂ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਰਾਜ ਮਹਿੰਦਰ ਸਿੰਘ ਮਜੀਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਆਰ.ਟੀ.ਆਈ. ਕਮਿਸ਼ਨਰ ਹੇਮਇੰਦਰ ਸਿੰਘ ਮਜੀਠਾ ਅਤੇ ਸੁਖਦੀਪ ਸਿੰਘ ਮਜੀਠਾ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਅਗਲੇ ਸਾਲ ਯਾਨੀ 2027 ਦੇ ਸ਼ੁਰੂਆਤੀ ਮਹੀਨਿਆਂ ’ਚ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ ਹਨ। ਇਸ ਨੂੰ ਦੇਖਦਿਆਂ ਸਿਆਸੀ ਆਗੂ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ।

ਚੰਡੀਗੜ੍ਹ : ਪੰਜਾਬ ਸਰਕਾਰ ਨੇ ਫੈਕਟਰੀਆਂ ਸਮੇਤ ਪੰਜਾਬ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ ਲਈ ਨਗਰ ਨਿਗਮ ਦੀਆਂ ਆਮ ਚੋਣਾਂ 2026 ਵਿੱਚ ਆਪਣੀ ਵੋਟ ਪਾਉਣ ਲਈ ਛੋਟ ਦਾ ਐਲਾਨ ਕੀਤਾ ਹੈ। ਇਹ ਛੋਟ ਉਨ੍ਹਾਂ ਸਬੰਧਤ ਨਗਰ ਨਿਗਮਾਂ ਦੇ ਮਾਲ ਅਧਿਕਾਰ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਵੋਟਰਾਂ 'ਤੇ ਲਾਗੂ ਹੁੰਦੀ ਹੈ ਜਿੱਥੇ 26 ਮਈ, 2026 ਨੂੰ ਵੋਟਿੰਗ ਹੈ। ਕਿਰਤ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਨੱਥੀ ਹੈ।

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਈਦ-ਉਲ-ਜ਼ੁਹਾ (ਬਕਰੀਦ)  ਦੀ ਸਰਕਾਰੀ ਛੁੱਟੀ ਦੇ ਦਿਨ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਸੂਬੇ ਵਿਚ ਬਕਰੀਦ ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ 28 ਮਈ ਨੂੰ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਇਹ ਫੈਸਲਾ ਕੇਂਦਰ ਸਰਕਾਰ ਵਲੋਂ ਬਕਰੀਦ ਦੀ ਛੁੱਟੀ ਬਦਲਣ ਤੋਂ ਬਾਅਦ ਕੀਤਾ ਹੈ। ਇਹ ਨਿਰਦੇਸ਼ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਵਲੋਂ ਜਾਰੀ ਆਦੇਸ਼ ਮੁਤਾਬਕ 28 ਮਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ।

ਚੰਡੀਗੜ੍ਹ 25 ਮਈ 2026: ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਪੰਜਾਬ ਮਿਊਂਸੀਪਲ ਐਕਟ, 1911 ਦੀ ਧਾਰਾ 13-ਏ ਅਧੀਨ ਮਿਤੀ 21.05.2026 ਨੂੰ ਜਾਰੀ ਨੋਟੀਫਿਕੇਸ਼ਨ ਨੰਬਰ 03/01/Elections(S-2)/MEB/2026/78 ਦੇ ਅਨੁਸਾਰ, ਰਾਜ ਚੋਣ ਕਮਿਸ਼ਨ ਨੇ ਐਮਸੀ ਦੀਨਾਨਗਰ, ਐਮਸੀ ਗੁਰਦਾਸਪੁਰ, ਐਮਸੀ ਕਾਦੀਆਂ ਅਤੇ ਐਮਸੀ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਲਈ ਸ਼ਡਿਊਲ ਦਾ ਐਲਾਨ ਕੀਤਾ ਹੈ।

ਚੋਣ ਸ਼ਡਿਊਲ ਦੇ ਅਨੁਸਾਰ, ਨਾਮਜ਼ਦਗੀਆਂ ਦਾਖਲ ਕਰਨ ਦੀ ਮਿਆਦ 28.5.2026 (ਵੀਰਵਾਰ) (ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ) ਤੋਂ ਸ਼ੁਰੂ ਹੋਵੇਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 01.06.2026 (ਸੋਮਵਾਰ) ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗੀ। ਇਹ ਨਾਮਜ਼ਦਗੀਆਂ ਇਸ ਉਦੇਸ਼ ਲਈ ਮਨੋਨੀਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਭਰੀਆਂ ਜਾਣਗੀਆਂ। ਨਾਮਜ਼ਦਗੀਆਂ ਦੀ ਜਾਂਚ 02.06.2026 (ਮੰਗਲਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 03.06.2026 (ਬੁੱਧਵਾਰ) ਦੁਪਹਿਰ 03:00 ਵਜੇ ਤੱਕ ਹੋਵੇਗੀ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 10.06.2026 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਕਰਵਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਵੇਗੀ।

ਕਮਿਸ਼ਨ ਵੱਲੋਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।

ਚੋਣ ਸ਼ਡਿਊਲ ਦੇ ਐਲਾਨ ਦੇ ਨਾਲ, ਉਨ੍ਹਾਂ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਹ ਜ਼ਾਬਤਾ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

ਕਿਹਾ : ਪ੍ਰਧਾਨ ਮੰਤਰੀ ‘ਟੌਫੀਆਂ’ ਵੰਡਣੀਆਂ ਬੰਦ ਕਰਕੇ ਦੇਸ਼ ਦੀ ਆਰਥਿਕਤਾ ਵੱਲ ਧਿਆਨ ਦੇਣ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਭਾਰਤ ਵਿਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਚੱਲਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਹੈ। ਪੰਜਾਬ ਸਰਕਾਰ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਬਹੁਤ ਹੋਈ ਮਹਿੰਗਾਈ ਦੀ ਮਾਰ, ਹੁਣ ਤਾਂ ਬੱਸ ਕਰੋ ਮੋਦੀ ਸਾਹਬ’’। ਉਨ੍ਹਾਂ ਨੇ ਭਾਜਪਾ ਨੂੰ ਕਿਸਾਨਾਂ, ਆਮ ਲੋਕਾਂ, ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਵਿਰੋਧੀ ਪਾਰਟੀ ਗਰਦਾਨਦਿਆਂ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਜਨਤਾ ਨੂੰ ਹੋ ਰਹੀਆਂ ਮੁਸ਼ਕਲਾਂ ਪ੍ਰਤੀ ਪੂਰੀ ਤਰ੍ਹਾਂ ਬੇਫਿਕਰ ਹਨ।  ਚੀਮਾ ਨੇ ਕਿਹਾ ਕਿ ਦੋ ਹਫਤਿਆਂ ਵਿਚ ਚੌਥੀ ਵਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਜੋ ਆਮ ਜਨਤਾ ਲਈ ਫਿਕਰ ਵਾਲੀ ਗੱਲ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ‘ਟੌਫੀਆਂ’ ਵੰਡਣੀਆਂ ਬੰਦ ਕਰਕੇ ਦੇਸ਼ ਦੇ ਅੰਦਰੂਨੀ ਮੁੱਦਿਆਂ ਅਤੇ ਪਟੜੀ ਤੋਂ ਉਤਰ ਰਹੀ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵੱਲ ਧਿਆਨ ਦੇਣ।

ਸੀ.ਈ.ਓ. ਵੱਲੋਂ ਪੰਜਾਬ ਰਾਜ ਦੇ ਵੋਟਰਾਂ ਨੂੰ ਬੀ.ਐਲ.ਓਜ਼. ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ

ਚੰਡੀਗੜ੍ਹ: 25 ਮਈ: 
ਪੰਜਾਬ ਰਾਜ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਕਤ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਪੰਜਾਬ ਰਾਜ ਵਿੱਚ ਪ੍ਰੀ ਮੈਪਿੰਗ ਦੌਰਾਨ 84 ਫ਼ੀਸਦ ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾ ਪੂਰਵਕ ਨੇਪਰੇ ਚੜ੍ਹ ਚੁੱਕੀ ਹੈ। ਪ੍ਰੀ ਮੈਪਿੰਗ ਦੌਰਾਨ ਪੰਜਾਬ ਰਾਜ ਵਿੱਚ ਸਾਲ 2003 ਵਿੱਚ ਹੋਈ ਐਸ.ਆਈ.ਆਰ. ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰਾਂ ਦੀ ਪ੍ਰੀ ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ ਬੀ.ਐਲ.ਓ. ਵਲੋਂ ਦਿੱਤੇ ਗਏ ਗਣਨਾ ਫ਼ਾਰਮ ਨੂੰ ਭਰ ਕੇ ਮੁੜ ਬੀ.ਐਲ. ਓ. ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਜਿਸ ਉਪਰੰਤ ਸਬੰਧਤ ਵੋਟਰ ਦਾ ਨਾਮ ਡ੍ਰਾਫਟ ਰੋਲ ਵਿਚ ਜੋੜ ਦਿੱਤਾ ਜਾਵੇਗਾ।

ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ. ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਬੀ.ਐਲ.ਓ. ਨਾਲ ਵੱਧ ਤੋਂ ਵੱਧ ਸਹਿਯੋਗ ਕਰਨ।

ਚੰਡੀਗੜ : ਸੂਬੇ ਭਰ ਵਿੱਚ ਅਤਿ ਦੀ ਗਰਮੀ ਕਾਰਨ ਵਧ ਰਹੀਆਂ ਮੁਸ਼ਕਿਲ ਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਅਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਅਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਹਨ। ਮੰਤਰੀ ਨੇ ਕਿਹਾ ਕਿ ਅਤਿ ਦੀ ਗਰਮੀ ਕਾਰਨ ਹੀਟ ਸਟ੍ਰੈਸ, ਹੀਟ  ਇਗਜ਼ੌਸ਼ਨ ਅਤੇ ਹੀਟ ਸਟ੍ਰੋਕ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ ਅਤੇ ਦਿਲ ਅਤੇ ਸਾਹ ਸਬੰਧੀ ਦਿੱਕਤਾਂ ਵਿੱਚ ਵੀ ਵਾਧਾ ਹੁੰਦਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸਮਰਪਿਤ ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟਾਂ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।'' ਉਨ•ਾਂ ਕਿਹਾ ਕਿ ਇਹ ਵਾਰਡ ਸਰਗਰਮ ਕੂਲਿੰਗ ਉਪਾਵਾਂ ਨਾਲ ਲੈਸ ਹਨ, ਜਿਸ ਵਿੱਚ ਆਈਸ ਪੈਕ ਅਤੇ ਕੋਲਡ ਆਈ.ਵੀ. ਫਲੂਇਡਜ਼ ਸ਼ਾਮਲ ਹਨ। ਹਰੇਕ ਹਸਪਤਾਲ ਵਿੱਚ ਜ਼ਰੂਰੀ ਡਾਕਟਰੀ ਸਪਲਾਈ, ਜਿਵੇਂ ਕਿ ਓ.ਆਰ.ਐਸ. ਅਤੇ ਐਮਰਜੈਂਸੀ ਦਵਾਈਆਂ ਦਾ ਲੋੜੀਂਦਾ ਸਟਾਕ ਯਕੀਨੀ ਬਣਾਇਆ ਗਿਆ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਲਿਆਉਂਦੇ ਸਮੇਂ ਰਾਸਤੇ ਵਿੱਚ ਕੂਲਿੰਗ ਪ੍ਰਦਾਨ ਕਰਨ ਲਈ ਐਂਬੂਲੈਂਸਾਂ ਵਿੱਚ ਲੋੜੀਂਦੀ ਸਹੂਲਤ ਦਿੱਤੀ ਗਈ ਹੈ। ਸੂਬੇ ਵੱਲੋਂ ਗਰਮੀ ਸਬੰਧੀ ਬਿਮਾਰੀ (ਐਚ.ਆਰ.ਆਈ.) ਦੇ ਮਾਮਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਆਈਐਚਆਈਪੀ ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੀਟ ਐਕਸ਼ਨ ਪਲਾਨ ਸਬੰਧੀ ਜ਼ਿਲ•ਾ ਟਾਸਕ ਫੋਰਸ ਵੱਲੋਂ ਸਿੱਖਿਆ, ਕਿਰਤ ਅਤੇ ਟਰਾਂਸਪੋਰਟ ਵਿਭਾਗ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਡਾ. ਬਲਬੀਰ ਸਿੰਘ ਨੇ ਕਿਹਾ, “''ਸਾਡੀਆਂ ਮੈਡੀਕਲ ਟੀਮਾਂ ਪੂਰੀ ਤਰ•ਾਂ ਸਿਖਲਾਈ ਪ੍ਰਾਪਤ ਅਤੇ ਤਿਆਰ ਹਨ, ਫਿਰ ਵੀ ਮੈਂ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਚੌਕਸ ਰਹਿਣ ਅਤੇ ਵਿਭਾਗ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।''”

*ਡੱਬੀ: ਹੀਟਵੇਵ ਸੇਫਟੀ ਐਡਵਾਈਜ਼ਰੀ*

*ਗਰਮੀ ਤੋਂ ਬਚਣ ਲਈ ਕੀ ਕਰੀਏ*

ਵੱਧ ਤੋਂ ਵੱਧ ਪਾਣੀ ਪਿਓ:
ਹਰ 20-30 ਮਿੰਟਾਂ ਬਾਅਦ ਪਾਣੀ ਪੀਓ, ਭਾਵੇਂ ਪਿਆਸ ਨਾ ਵੀ ਹੋਵੇ। ਓ.ਆਰ.ਐਸ., ਲੱਸੀ ਅਤੇ ਨਿੰਬੂ ਪਾਣੀ ਦੀ ਵਰਤੋਂ ਕਰੋ।

ਢੁਕਵੇਂ ਕੱਪੜੇ ਪਾਓ:
ਹਲਕੇ ਰੰਗ ਦੇ, ਢਿੱਲੇ ਸੂਤੀ ਕੱਪੜੇ ਪਾਓ। ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ ਜਾਂ ਤੌਲੀਏ ਦੀ ਵਰਤੋਂ ਕਰੋ।

ਆਪਣੇ ਦਿਨ ਦੀ ਢੁਕਵੀਂ ਯੋਜਨਾਬੰਦੀ ਕਰੋ:
ਸਵੇਰੇ ਜਾਂ ਸ਼ਾਮ ਨੂੰ ਠੰਢੇ ਸਮੇਂ ਦੌਰਾਨ ਹੀ ਬਾਹਰੀ ਕੰਮ ਕਰੋ ।

ਸਮਝਦਾਰੀ ਨਾਲ ਖਾਓ:

ਪਾਣੀ ਨਾਲ ਭਰਪੂਰ ਫਲ ਜਿਵੇਂ ਕਿ ਤਰਬੂਜ, ਸੰਤਰੇ ਅਤੇ ਖੀਰੇ ਖਾਓ। ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਖਾਣਾ ਖਾਓ।

ਘਰ ਨੂੰ ਅੰਦਰੋਂ ਠੰਡਾ ਰੱਖੋ:
ਪਰਦੇ, ਪੱਖਿਆਂ ਦੀ ਵਰਤੋ ਕਰੋ ਅਤੇ ਸੁਚੱਜੀ ਹਵਾਦਾਰੀ ਯਕੀਨੀ ਬਣਾਓ।

ਕਾਮਿਆਂ ਦੀ ਸੁਰੱਖਿਆ:
ਮਾਲਕਾਂ ਨੂੰ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਛਾਂਦਾਰ ਆਰਾਮ ਖੇਤਰ ਅਤੇ ਪੀਣ ਵਾਲਾ ਸੁਰੱਖਿਅਤ ਪਾਣੀ ਪ੍ਰਦਾਨ ਕਰਨਾ ਚਾਹੀਦਾ ਹੈ।

*ਕੀ ਨਾ ਕਰੀਏ*

ਸਿਖਰ ਦੁਪਹਿਰੇ ਵੇਲੇ ਧੁੱਪ ਤੋਂ ਬਚੋ:
ਦੁਪਹਿਰ 12:00 ਵਜੇ ਤੋਂ 3:00 ਵਜੇ ਦੇ ਵਿਚਕਾਰ ਉਦੋਂ ਤੱਕ ਬਾਹਰ ਨਾ ਜਾਓ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ।

ਡੀਹਾਈਡ੍ਰੇਟਿੰਗ ਡਰਿੰਕਸ ਤੋਂ ਗੁਰੇਜ਼ ਕਰੋ:
ਚਾਹ, ਕੌਫੀ, ਅਲਕੋਹਲ ਅਤੇ ਕਾਰਬੋਨੇਟਿਡ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰੋ।

ਭਾਰੀ ਭੋਜਨ ਤੋਂ ਗੁਰੇਜ਼ ਕਰੋ:
ਤਲੇ ਹੋਏ, ਮਸਾਲੇਦਾਰ ਜਾਂ ਬਾਸੀ ਭੋਜਨ ਨਾ ਖਾਓ ਜੋ ਪਾਚਨ ਕਿਰਿਆ ਨੂੰ ਹੌਲੀ ਕਰ ਸਕਦੇ ਹਨ।

ਕੋਈ ਸਖ਼ਤ ਕੰਮ ਨਾ ਕਰੋ:
ਗਰਮੀਆਂ ਦੇ ਸਿਖਰ ਦੇ ਸਮੇਂ ਦੌਰਾਨ ਭਾਰੀ ਕੰਮਾਂ ਤੋਂ ਪਰਹੇਜ਼ ਕਰੋ।

ਵਾਹਨ ਸੁਰੱਖਿਆ: ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਪਾਰਕ ਕੀਤੇ ਵਾਹਨਾਂ ਅੰਦਰ ਨਾ ਛੱਡੋ।

ਲੱਛਣ ਜਿਨਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ

ਜੇਕਰ ਤੁਹਾਨੂੰ ਨਿਮਨਲਿਖਤ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ:

- ਸਰੀਰ ਦਾ ਉੱਚ ਤਾਪਮਾਨ (40 ਡਿਗਬਹ ਸੈਲਸੀਅਸ ਜਾਂ ਵੱਧ ਹੋਵੇ)
- ਮਾਨਸਿਕ ਸੰਤੁਲਨ ਵਿੱਚ ਬਦਲਾਅ, ਬੇਚੈਨੀ ਜਾਂ ਦੌਰੇ - ਗਰਮ, ਲਾਲ ਅਤੇ ਖੁਸ਼ਕ ਚਮੜੀ
- ਗੰਭੀਰ ਸਿਰ ਦਰਦ, ਮਤਲੀ ਜਾਂ ਤੇਜ਼ ਦਿਲ ਦੀ ਧੜਕਣ

*ਐਮਰਜੈਂਸੀ ਹੈਲਪਲਾਈਨ: 104, 108, ਜਾਂ 112*

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.