Friday, 17 April 2026

ਬੀਕਾਨੇਰ ਨਹਿਰ ਦੇ ਜਸ਼ਨ ਸਮਾਗਮਾਂ ਕਾਰਨ ਪੰਜਾਬ ਵਾਸੀਆਂ ’ਚ ਸੀ ਰੋਸ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਾਸੀਆਂ ਦੇ ਰੋਹ ਤੋਂ ਡਰੀ ਭਾਰਤ ਸਰਕਾਰ ਨੇ ਹੁਸੈਨੀਵਾਲਾ ਵਿਚ ਬੀਕਾਨੇਰ ਕੈਨਾਲ ਦੇ ਅੱਜ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਰੱਦ ਕਰ ਦਿੱਤਾ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਜੋ ਕਿ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਪੁੱਜ ਗਏ ਸਨ, ਪਰ ਉਨ੍ਹਾਂ ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ। ਦੱਸਣਯੋਗ ਹੈ ਕਿ ਰਾਜਸਥਾਨ ਦੀ ਬੀਕਾਨੇਰ ਨਹਿਰ ਦੇ ਜਸ਼ਨ ਪੰਜਾਬ ਦੀ ਧਰਤੀ ’ਤੇ ਮਨਾਏ ਜਾਣੇ ਸਨ, ਜਿਸ ਤੋਂ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਸੀ। ਪੰਜਾਬ ਭਾਜਪਾ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਅੱਜ ਬੀਕਾਨੇਰ ਨਹਿਰ ਦਾ ਸ਼ਤਾਬਦੀ ਸਮਾਰੋਹ ਰੱਖਿਆ ਗਿਆ ਸੀ। ਇਹ ਸ਼ਤਾਬਦੀ ਸਮਾਰੋਹ ਭਾਜਪਾ ਦੀ ਕੌਮੀ ਕੌਂਸਲ ਦੇ ਵਿਸ਼ੇਸ ਇਨਵਾਇਟੀ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰ ਰਹੇ ਸਨ। ਯਾਦ ਰਹੇ ਕਿ ਕੇਂਦਰ ਸਰਕਾਰ ਪੰਜਾਬ ਸਬੰਧੀ ਵਿਵਾਦਤ ਫੈਸਲੇ ਲੈਂਦੀ ਹੈ ਤਾਂ ਉਸਦਾ ਪੰਜਾਬ ਵਿਚ ਵਿਰੋਧ ਵੀ ਹੁੰਦਾ ਹੈ ਤੇ ਫਿਰ ਸਰਕਾਰ ਇਹ ਫੈਸਲੇ ਵਾਪਸ ਲੈ ਲੈਂਦੀ ਹੈ। ਇਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾ ਛਿੜੀ ਹੋਈ ਹੈ।

ਦੇਸ਼ ਭਰ ਦੇ ‘ਰਾਜ ਭਵਨ’ ਹੁਣ ‘ਲੋਕ ਭਵਨ’ ਕਹਾਉਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਵੱਡਾ ਤੇ ਅਹਿਮ ਫੈਸਲਾ ਲੈਂਦੇ ਹੋਏ ਦੇਸ਼ ਦੇ ਸਿਆਸੀ ਤੇ ਪ੍ਰਸ਼ਾਸ਼ਨਿਕ ਢਾਂਚੇ ਵਿਚ ਨਾਮਕਰਨ ਦਾ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ। ਇਸਦੇ ਚੱਲਦਿਆਂ ਹੁਣ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਦਾ ਨਾਮ ਬਦਲ ਕੇ ‘ਸੇਵਾ ਤੀਰਥ’ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੇਸ਼ ਭਰ ਦੇ ਰਾਜ ਭਵਨਾਂ ਨੂੰ ਹੁਣ ‘ਲੋਕ ਭਵਨ’ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਵਲੋਂ ਇਸ ਬਦਲਾਅ ਬਾਰੇ ਦੱਸਿਆ ਗਿਆ ਹੈ ਕਿ ਇਹ ਕਦਮ ‘ਸੱਤਾ ਤੋਂ ਸੇਵਾ ਵੱਲ ਵਧਣ’ ਨੂੰ ਦਰਸਾਉਂਦਾ ਹੈ। ਪੀਐਮਓ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਦਲਾਅ ਪ੍ਰਸ਼ਾਸਨਿਕ ਨਹੀਂ ਹੈ, ਸਗੋਂ ਇਹ ਇਕ ਸਭਿਆਚਾਰਕ ਬਦਲਾਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਸਬੰਧੀ ਕਹਿਣਾ ਹੈ ਕਿ ਅਸੀਂ ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪ੍ਰਸ਼ਾਸਨ ਵਿਚ ਸੇਵਾ ਭਾਵਨਾ ਨੂੰ ਮੁੱਖ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਅਤੇ ਹਰਿਆਣਾ ਦੇ ਕਈ ਨੌਜਵਾਨ ਰੂਸ ਵਿਚ ਗਾਇਬ ਹਨ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਰੂਸ ਦੀ ਫੌਜ ਵਿਚ ਜਬਰੀ ਭਰਤੀ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂੁਤਿਨ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾਵੇ, ਤਾਂ ਕਿ ਉਨ੍ਹਾਂ ਦੇ ਬੱਚੇ ਆਪਣੇ ਘਰਾਂ ਨੂੰ ਪਰਤ ਸਕਣ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਵੀ ਪੀਐਮ ਮੋਦੀ ਕੋਲੋਂ ਮੰਗ ਕੀਤੀ ਹੈ ਕਿ ਜਿਹੜੇ ਨੌਜਵਾਨ ਰੂਸ ਵਿਚ ਗਾਇਬ ਹਨ, ਉਨ੍ਹਾਂ ਬਾਰੇ ਰੂਸ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਰੂੁਸ ਦੇ ਰਾਸ਼ਟਰਪਤੀ ਪੂਤਿਨ ਆਪਣੇ ਭਾਰਤ ਦੌਰੇ ’ਤੇ ਪਹੁੰਚੇ ਹਨ।  

ਨਵੀਂ ਦਿੱਲੀ/ਬਿਊਰੋ ਨਿਊਜ਼ 

ਲੋਕ ਸਭਾ ਵਿਚ ਐਸ.ਆਈ.ਆਰ. (ਸਪੈਸ਼ਲ ਇਨਟੈਨਸ਼ਿਵ ਰਿਵੀਜ਼ਨ) ਦੇ ਮੁੁੱਦੇ ’ਤੇ ਅੱਜ ਵੀ ਵਿਰੋਧੀ ਧਿਰਾਂ ਵਲੋਂ ਹੰਗਾਮਾ ਜਾਰੀ ਰਿਹਾ। ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਸੰਸਦ ਮੈਂਬਰ ਵੇਲ ਤੱਕ ਵੀ ਪਹੁੰਚ ਗਏ। ਇਸਦੇ ਚੱਲਦਿਆਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਨੂੰ ਜਾਰੀ ਰੱਖਿਆ, ਪਰ ਵਿਰੋਧੀ ਸੰਸਦ ਮੈਂਬਰ ਲਗਾਤਾਰ ‘ਵੋਟ ਚੋਰ-ਗੱਦੀ ਛੋੜ’ ਦੇ ਨਾਅਰੇ ਲਗਾਉਂਦੇ ਰਹੇ। ਉਧਰ ਦੂਜੇ ਪਾਸੇ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਦੇ ਲਈ ਵਿਰੋਧ ਪ੍ਰਦਰਸ਼ਨ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਸਵੇਰੇ 10:30 ਵਜੇ ਸੰਸਦ ਦੇ ਕੰਪਲੈਕਸ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਐਸ.ਆਈ.ਆਰ. ਦੇ ਮੁੱਦੇ ’ਤੇ ਤੁਰੰਤ ਚਰਚਾ ਕਰੇ। 

ਕਿਹਾ : ਮੇਰੇ ਵਰਗੇ ਬਜ਼ੁਰਗਾਂ ਨੂੰ ਹੋ ਰਹੀ ਪ੍ਰੇਸ਼ਾਨੀ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ-ਐਨ.ਸੀ.ਆਰ. ਵਿਚ ਲਗਾਤਾਰ ਵਿਗੜਦੀ ਹਵਾ ਅਤੇ ਜ਼ਹਿਰੀਲੇ ਪ੍ਰਦੂਸ਼ਣ ਦੇ ਮੁੱਦੇ ’ਤੇ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਸਰਕਾਰ ਨੂੰ ਸਖਤ ਸਵਾਲ ਪੁੱਛੇ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਜ਼ਹਿਰੀਲੀ ਹਵਾ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਦਮ ਘੁੱਟ ਰਿਹਾ ਹੈ ਅਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਮੇਰੇ ਵਰਗੇ ਬਜ਼ੁਰਗਾਂ ਲਈ ਵੀ ਇਸ ਹਵਾ ਵਿਚ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਪ੍ਰਦੂਸ਼ਣ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਹੈ ਅਤੇ ਸਿਰਫ ਬਿਆਨ ਦੇ ਕੇ ਕੰਮ ਨਹੀਂ ਸਰਨਾ। ਇਸੇ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਕੰਪਲੈਕਸ ਵਿਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਹੈ। 

ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਮੰਗ ਕੀਤੀ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼   

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਲਾਹ ਦਿੱਤੀ ਹੈ ਕਿ ਇਸ ਮਾਮਲੇ ਵਿਚ ਹੁਣ ਚੰਡੀਗੜ੍ਹ ਪ੍ਰਸ਼ਾਸਨ ਨਾਲ ਕਿਸੇ ਵੀ ਤਰ੍ਹਾਂ ਦੀ ਅੱਗੇ ਦੀ ਕਾਰਵਾਈ ਨਾ ਕੀਤੀ ਜਾਵੇ। ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸੁਤੰਤਰ ਯੂੁਨੀਅਨ ਟੈਰੇਟਰੀ ਦਾ ਐਲਾਨ ਕਰਨ ਦੇ ਲਈ 131ਵੇਂ ਸੋਧ ਬਿੱਲ ਨੂੰ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਲਈ ਇਹ ਦੂਜਾ ਵੱਡਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਜੁਲਾਈ 2022 ਵਿਚ ਜੈਪੁਰ ਵਿਚ ਹੋਈ ਉਤਰੀ ਜ਼ੋਨਲ ਕਾਊਂਸਲ ਦੀ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਜ਼ਮੀਨ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਸੀ। 

ਸ੍ਰੀਨਗਰ/ਬਿਊਰੋ ਨਿਊਜ਼ 

ਕਸ਼ਮੀਰ ਵਾਦੀ ਵਿਚ ਠੰਡ ਦਾ ਕਹਿਰ ਜਾਰੀ ਹੈ ਅਤੇ ਪੁਲਵਾਮਾ ਇਲਾਕਾ ਸਭ ਤੋਂ ਠੰਡਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਕਸ਼ਮੀਰ ਵਿਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਪਹੁੰਚ ਗਿਆ, ਜਦੋਂ ਕਿ ਵਾਦੀ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ।

ਵਿਰੋਧੀ ਧਿਰ ਵਲੋਂ ਨਾਅਰੇਬਾਜ਼ੀ - ਇਜਲਾਸ ਭਲਕੇ 11 ਵਜੇ ਤੱਕ ਮੁਲਤਵੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿਚ ਸੰਬੋਧਨ ਕਰ ਰਹੇ ਸਨ ਅਤੇ ਉਧਰ ਦੂਜੇ ਪਾਸੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਇਜਲਾਸ ਹਾਰ ਦੀ ਨਿਰਾਸ਼ਾ ਜਾਂ ਜਿੱਤ ਦੇ ਹੰਕਾਰ ਦਾ ਅਧਾਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਨਵੀਂ ਪੀੜ੍ਹੀ ਨੂੰ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਆਪਣੀ ਚੋਣ ਹਾਰ ਨੂੰ ਹਜ਼ਮ ਕਰਨ ਵਿਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਇਹ ਇਜਲਾਸ ਹਾਰ ’ਤੇ ਘਬਰਾਹਟ ਦਾ ਅਧਾਰ ਨਹੀਂ ਬਣਨਾ ਚਾਹੀਦਾ। ਜ਼ਿਕਰਯੋਗ ਹੈ ਕਿ ਇਹ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ। 

 

 

ਸੰਸਦ ਕੰਪਲੈਕਸ ’ਚ ਕੁੱਤਾ ਲੈ ਕੇ ਪਹੰੁਚੀ ਕਾਂਗਰਸੀ ਸੰਸਦ ਮੈਂਬਰ ਰੇਣੂਕਾ ਚੌਧਰੀ

ਕਿਹਾ : ਇਹ ਵੱਢਦਾ ਨਹੀਂ, ਵੱਢਣ ਵਾਲੇ ਤਾਂ ਹਨ ਸੰਸਦ ਵਿਚ

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਜ ਪਹਿਲੇ ਦਿਨ ਸੋਮਵਾਰ ਨੂੰ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਰੇਣੂਕਾ ਚੌਧਰੀ ਇਕ ਕੁੱਤਾ ਲੈ ਕੇ ਸੰਸਦ ਦੇ ਕੰਪਲੈਕਸ ਵਿਚ ਪਹੁੰਚ ਗਈ। ਇਸ ਘਟਨਾ ’ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਖਤ ਵਿਰੋਧ ਕੀਤਾ। ਇਸਦੇ ਚੱਲਦਿਆਂ ਜਦੋਂ ਰੇਣੂਕਾ ਚੌਧਰੀ ਨੂੰ ਪੁੱਛਿਆ ਗਿਆ ਕਿ ਕੁੱਤੇ ਨੂੰ ਸੰਸਦ ਵਿਚ ਕਿਉਂ ਲਿਆਈ ਹੈ ਤਾਂ ਰੇਣੂਕਾ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਇਸ ਵਿਚ ਕੀ ਨੁਕਸਾਨ ਹੈ? ਰੇਣੂਕਾ ਨੇ ਕਿਹਾ ਕਿ ਇਹ ਇਕ ਛੋਟਾ, ਨੁਕਸਾਨ ਰਹਿਤ ਜਾਨਵਰ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਟਣ ਵਾਲੇ ਤੇ ਡੱਸਣ ਵਾਲੇ ਸੰਸਦ ਵਿਚ ਹਨ, ਕੁੱਤੇ ਨਹੀਂ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਰੇਣੂਕਾ ਚੌਧਰੀ ਵਲੋਂ ਸੰਸਦ ਵਿਚ ਕੁੱਤੇ ਨੂੰ ਲਿਆਉਣਾ ਗਲਤ ਹੈ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

ਵਿਰੋਧੀ ਧਿਰਾਂ ਨੇ ਕਿਹਾ ਸੀ, ਇਸ ਨਾਲ ਹੋ ਸਕਦੀ ਹੈ ਜਾਸੂਸੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਸਰਕਾਰ ਨੇ ਮੋਬਾਇਲ ਫੋਨ ਉਤੇ ‘ਸੰਚਾਰ ਸਾਥੀ’ ਐਪ ਦੀ ਪ੍ਰੀ-ਇੰਸਟਾਲੇਸ਼ਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਇਸ ਨਾਲ ਜਾਸੂਸੀ ਹੋ ਸਕਦੀ ਹੈ। ਇਸਦੇ ਚੱਲਦਿਆਂ ਟੈਲੀਕਾਮ ਵਿਭਾਗ ਨੇ ਕਿਹਾ ਹੈ ਕਿ ਸਰਕਾਰ ਨੇ ਮੋਬਾਇਲ ਬਣਾਉਣ ਵਾਲੀ ਕੰਪਨੀ ਦੇ ਲਈ ਪ੍ਰੀ-ਇੰਸਟਾਲੇਸ਼ਨ ਦੀ ਸ਼ਰਤ ਹੁਣ ਖਤਮ ਕਰ ਦਿੱਤੀ ਹੈ। ਟੈਲੀਕਾਮ ਵਿਭਾਗ ਨੇ ਦੱਸਿਆ ਕਿ ਅੱਜ ਬੁੱਧਵਾਰ ਦੁਪਹਿਰੇ 12 ਵਜੇ ਤੱਕ 1 ਕਰੋੜ 40 ਲੱਖ ਡਾਊਨਲੋਡ ਹੋ ਚੁੱਕੇ ਸਨ ਅਤੇ ਦੋ ਦਿਨਾਂ ਵਿਚ ਆਪਣੀ ਮਰਜ਼ੀ ਨਾਲ ਐਪ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ ਵਿਚ 10 ਗੁਣਾ ਵਾਧਾ ਹੋਇਆ ਹੈ। ਉਧਰ ਦੂਜੇ ਪਾਸੇ ਕੇਂਦਰੀ ਸੰਚਾਰ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸੰਚਾਰ ਸਾਥੀ ਐਪ ਨਾਲ ਜਾਸੂਸੀ ਕਰਨਾ ਨਾ ਤਾਂ ਸੰਭਵ ਹੈ, ਨਾ ਹੀ ਜਾਸੂਸੀ ਹੋਵੇਗੀ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਇਕ ਵਾਰ ਫਿਰ ਵਧ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ ਹਵਾ ਦੀ ਗਣਵੱਤਾ ਸੂਚਾਂਕ 400 ਤੋਂ ਵੀ ਵੱਧ ਦਰਜ ਕੀਤਾ ਗਿਆ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੌਮੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੰਸਦ ਵਿਚ ਵਿਸਥਾਰਤ ਚਰਚਾ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਿਹਤ ਐਮਰਜੈਂਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਕਾਂਗਰਸੀ ਆਗੂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਜ ਯੋਜਨਾ ਦੀ ਮੰਗ ਕੀਤੀ ਅਤੇ ਪੁੱਛਿਆ ਕਿ ਮੋਦੀ ਸਰਕਾਰ ਇਸ ਮੁੱਦੇ ’ਤੇ ਕੋਈ ਜਲਦਬਾਜ਼ੀ ਕਿਉਂ ਨਹੀਂ ਦਿਖਾ ਰਹੀ। ਰਾਹੁਲ ਨੇ ਪੀਐਮ ਮੋਦੀ ਨੂੰ ਸਵਾਲ ਕੀਤਾ ਕਿ ਮੋਦੀ ਜੀ ਭਾਰਤ ਦੇ ਬੱਚਿਆਂ ਦਾ ਸਾਡੇ ਸਾਹਮਣੇ ਦਮ ਘੁੱਟ ਰਿਹਾ ਹੈ ਅਤੇ ਤੁਸੀਂ ਚੁੱਪ ਕਿਵੇਂ ਰਹਿ ਸਕਦੇ ਹੋ। ਜ਼ਿਕਰਯੋਗ ਹੈ ਕਿ ਦਿੱਲੀ ਪਿਛਲੇ 15 ਦਿਨਾਂ ਤੋਂ ਬਹੁਤ ਖਰਾਬ ਹਵਾ ਗੁਣਵੱਤਾ ਨਾਲ ਜੂਝ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਹਵਾ ਅੰਦਰੂਨੀ ਬਿਮਾਰੀਆਂ ਨੂੰ ਵਧਾਉਂਦੀ ਹੈ ਅਤੇ ਇਸਦਾ ਜਲਦੀ ਹੱਲ ਕੱਢਿਆ ਜਾਣਾ ਬਹੁਤ ਜ਼ਰੂਰੀ ਹੈ।   

 

 

 

  

ਭਾਜਪਾ ਨੇ ਕਾਂਗਰਸ ਦੀ ਸ਼ਰਾਰਤ ਨੂੰ ਦੱਸਿਆ ਸ਼ਰਮਨਾਕ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਨੇ ਅੱਜ ਬੁੱਧਵਾਰ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਾਹ ਵੇਚਦੇ ਹੋਇਆਂ ਦਾ ਇਕ ਏ.ਆਈ. ਜਨਰੇਟਿਡ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਪੀਐਮ ਮੋਦੀ ਨੂੰ ਚਾਹ ਵੇਚਦੇ ਹੋਏ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਇਕ ਹੱਥ ਵਿਚ ਚਾਹ ਦੀ ਕੇਤਲੀ ਅਤੇ ਦੂਜੇ ਹੱਥ ਵਿਚ ਗਲਾਸ ਹਨ। ਇਸ ਏ.ਆਈ. ਵੀਡੀਓ ਵਿਚ ਪੀਐਮ ਲਾਲ ਕਾਰਪੈਟ ’ਤੇ ਤੁਰ ਰਹੇ ਹਨ ਅਤੇ ਭਾਰਤ ਸਣੇ ਕਈ ਦੇਸ਼ਾਂ ਦੇ ਝੰਡੇ ਵੀ ਦਿਖਾਏ ਗਏ ਹਨ।  ਇਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਵੀ ਝੰਡਾ ਹੈ। ਇਸ ਵੀਡੀਓ ਨੂੰ ਕਾਂਗਰਸ ਦੇ ਬੁਲਾਰੇ ਡਾ. ਰਾਗਿਨੀ ਨਾਇਕ ਵਲੋਂ ਪੋਸਟ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਾਂਗਰਸ ਵਲੋਂ ਪੀਐਮ ਦਾ ਏ.ਆਈ. ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੰਘੀ 12 ਸਤੰਬਰ ਨੂੰ ਬਿਹਾਰ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਇਕ ਏ.ਆਈ. ਜਨਰੇਟਿਡ ਵੀਡੀਓ ਵੀ ਪੋਸਟ ਕੀਤਾ ਸੀ।  

ਰਿਸ਼ਤਿਆਂ ’ਤੇ ਵੀ ਖੜ੍ਹੇ ਹੋਣ ਲੱਗੇ ਵੱਡੇ ਸਵਾਲ

ਮੁੰਬਈ/ਬਿਊਰੋ ਨਿਊਜ਼ 

ਮੁੰਬਈ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਅਤੇ ਇਸ ਖਬਰ ਨੇ ਨੇੜਲੇ ਰਿਸ਼ਤਿਆਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਪੁਲਿਸ ਨੇ ਇਕ 5 ਸਾਲ ਦੀ ਬੱਚੀ ਨੂੰ ਬਚਾਇਆ ਹੈ, ਜਿਸ ਨੂੰ ਸੰਤਾਕਰੂਜ ਦੇ ਵਕੋਲਾ ਖੇਤਰ ਵਿਚੋਂ ਅਗਵਾ ਕਰਕੇ ਉਸਦੇ ਆਪਣੇ ਰਿਸ਼ਤੇਦਾਰਾਂ ਵਲੋਂ ਵੇਚ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਬੱਚੀ ਦੇ ਮਾਮੇ ਅਤੇ ਮਾਸੀ ਨੇ ਉਸ ਨੂੰ ਅੱਧੀ ਰਾਤ ਦੇ ਕਰੀਬ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ 90 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਇਸ ਤੋਂ ਬਾਅਦ ਖਰੀਦਦਾਰ ਨੇ ਇਸ ਬੱਚੀ ਨੂੰ 1 ਲੱਖ 8 ਹਜ਼ਾਰ ਰੁਪਏ ਵਿਚ ਅੱਗੇ ਹੋਰ ਕਿਸੇ ਕੋਲ ਵੇਚ ਦਿੱਤਾ। ਬੱਚੀ ਦੀ ਮਾਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵਕੋਲਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਬੱਚੀ ਨੂੰ ਬਚਾਇਆ ਅਤੇ ਉਸਦੇ ਮਾਪਿਆਂ ਕੋਲ ਪਹੁੰਚਾਇਆ। ਮੁੰਬਈ ਪੁਲਿਸ ਵਲੋਂ ਦੱਸਿਆ ਕਿ ਇਸ ਮਾਮਲੇ ਵਿਚ 5 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.